የYouVersion አርማ
የፍለጋ አዶ

ਮਰਕੁਸ 10

10
ਤਲਾਕ ਸੰਬੰਧੀ ਸਿੱਖਿਆ
1ਯਿਸੂ ਉੱਥੋਂ ਚੱਲ ਕੇ ਯਰਦਨ ਦੇ ਪਾਰ ਯਹੂਦੀਯਾ ਦੇ ਇਲਾਕੇ ਵਿੱਚ ਗਏ । ਫਿਰ ਉਹਨਾਂ ਦੇ ਕੋਲ ਇੱਕ ਬਹੁਤ ਵੱਡੀ ਭੀੜ ਇਕੱਠੀ ਹੋ ਗਈ ਅਤੇ ਉਹ ਉਸ ਭੀੜ ਨੂੰ ਆਪਣੀ ਰੀਤ ਅਨੁਸਾਰ ਸਿੱਖਿਆ ਦੇਣ ਲੱਗੇ ।
2ਕੁਝ ਫ਼ਰੀਸੀ ਉਹਨਾਂ ਦੇ ਕੋਲ ਆਏ ਅਤੇ ਉਹਨਾਂ ਨੂੰ ਪਰਖਣ ਦੇ ਲਈ ਪੁੱਛਣ ਲੱਗੇ, “ਕੀ ਕਿਸੇ ਆਦਮੀ ਨੂੰ ਆਪਣੀ ਪਤਨੀ ਨੂੰ ਤਲਾਕ ਦੇਣ ਦਾ ਹੱਕ ਹੈ ?” 3ਪਰ ਯਿਸੂ ਨੇ ਉਹਨਾਂ ਤੋਂ ਪੁੱਛਿਆ, “ਮੂਸਾ ਨੇ ਤੁਹਾਨੂੰ ਇਸ ਬਾਰੇ ਕੀ ਹੁਕਮ ਦਿੱਤਾ ਹੈ ?” 4#ਵਿਵ 24:1-4, ਮੱਤੀ 5:31ਉਹਨਾਂ ਨੇ ਉੱਤਰ ਦਿੱਤਾ, “ਮੂਸਾ ਨੇ ਤਲਾਕ ਲਿਖ ਕੇ ਛੱਡ ਦੇਣ ਦੀ ਆਗਿਆ ਦਿੱਤੀ ਹੈ ।” 5ਯਿਸੂ ਨੇ ਉੱਤਰ ਦਿੱਤਾ, “ਉਸ ਨੇ ਤੁਹਾਡੇ ਦਿਲਾਂ ਦੀ ਕਠੋਰਤਾ ਦੇ ਕਾਰਨ ਇਹ ਆਗਿਆ ਦਿੱਤੀ ਸੀ 6#ਉਤ 1:27, 5:2ਕਿਉਂਕਿ ਸ੍ਰਿਸ਼ਟੀ ਦੇ ਸ਼ੁਰੂ ਤੋਂ ਹੀ ਪਰਮੇਸ਼ਰ ਨੇ ਉਹਨਾਂ ਨੂੰ ਨਰ ਅਤੇ ਨਾਰੀ ਬਣਾਇਆ । 7#ਉਤ 2:24ਇਸੇ ਕਾਰਨ ਆਦਮੀ ਆਪਣੇ ਮਾਤਾ-ਪਿਤਾ ਨੂੰ ਛੱਡੇਗਾ ਅਤੇ ਆਪਣੀ ਪਤਨੀ ਨਾਲ ਰਹੇਗਾ 8ਅਤੇ ਉਹ ਦੋਵੇਂ ਇੱਕ ਸਰੀਰ ਹੋਣਗੇ । ਇਸ ਲਈ ਉਹ ਅੱਗੇ ਤੋਂ ਦੋ ਨਹੀਂ ਸਗੋਂ ਇੱਕ ਸਰੀਰ ਹਨ । 9ਇਸ ਲਈ ਜਿਹਨਾਂ ਨੂੰ ਪਰਮੇਸ਼ਰ ਨੇ ਜੋੜਿਆ ਹੈ, ਮਨੁੱਖ ਉਹਨਾਂ ਨੂੰ ਵੱਖ ਨਾ ਕਰੇ ।”
10ਜਦੋਂ ਉਹ ਘਰ ਪਹੁੰਚੇ ਤਾਂ ਚੇਲਿਆਂ ਨੇ ਫਿਰ ਇਸ ਬਾਰੇ ਯਿਸੂ ਤੋਂ ਪੁੱਛਿਆ । 11#ਮੱਤੀ 5:32, 1 ਕੁਰਿ 7:10-11ਉਹਨਾਂ ਨੇ ਉੱਤਰ ਦਿੱਤਾ, “ਜਿਹੜਾ ਆਦਮੀ ਆਪਣੀ ਪਤਨੀ ਨੂੰ ਛੱਡ ਕੇ ਦੂਜੀ ਨਾਲ ਵਿਆਹ ਕਰਦਾ ਹੈ, ਉਹ ਉਸ ਦੇ ਵਿਰੁੱਧ ਵਿਭਚਾਰ ਕਰਦਾ ਹੈ 12ਅਤੇ ਜੇਕਰ ਕੋਈ ਔਰਤ ਆਪਣੇ ਪਤੀ ਨੂੰ ਛੱਡ ਕੇ ਦੂਜੇ ਨਾਲ ਵਿਆਹ ਕਰਦੀ ਹੈ ਤਾਂ ਉਹ ਵਿਭਚਾਰ ਕਰਦੀ ਹੈ ।”
ਪ੍ਰਭੂ ਯਿਸੂ ਬੱਚਿਆਂ ਨੂੰ ਅਸੀਸ ਦਿੰਦੇ ਹਨ
13ਕੁਝ ਲੋਕ ਬੱਚਿਆਂ ਨੂੰ ਯਿਸੂ ਕੋਲ ਲਿਆਏ ਕਿ ਉਹ ਉਹਨਾਂ ਨੂੰ ਛੂਹ ਕੇ ਅਸੀਸ ਦੇਣ ਪਰ ਚੇਲਿਆਂ ਨੇ ਲੋਕਾਂ ਨੂੰ ਰੋਕਿਆ । 14ਯਿਸੂ ਇਹ ਦੇਖ ਕੇ ਬਹੁਤ ਗੁੱਸੇ ਹੋਏ ਅਤੇ ਆਪਣੇ ਚੇਲਿਆਂ ਨੂੰ ਕਿਹਾ, “ਬੱਚਿਆਂ ਨੂੰ ਮੇਰੇ ਕੋਲ ਆਉਣ ਦਿਓ, ਉਹਨਾਂ ਨੂੰ ਮਨ੍ਹਾ ਨਾ ਕਰੋ ਕਿਉਂਕਿ ਪਰਮੇਸ਼ਰ ਦਾ ਰਾਜ ਇਹੋ ਜਿਹਿਆਂ ਦਾ ਹੀ ਹੈ । 15#ਮੱਤੀ 18:3ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੇਕਰ ਕੋਈ ਪਰਮੇਸ਼ਰ ਦੇ ਰਾਜ ਨੂੰ ਇੱਕ ਬੱਚੇ ਦੀ ਤਰ੍ਹਾਂ ਸਵੀਕਾਰ ਨਾ ਕਰੇ ਤਾਂ ਉਹ ਉਸ ਵਿੱਚ ਕਦੀ ਵੀ ਦਾਖ਼ਲ ਨਾ ਹੋ ਸਕੇਗਾ ।” 16ਇਹ ਕਹਿ ਕੇ ਯਿਸੂ ਨੇ ਬੱਚਿਆਂ ਨੂੰ ਆਪਣੀਆਂ ਬਾਹਾਂ ਵਿੱਚ ਲਿਆ ਅਤੇ ਉਹਨਾਂ ਦੇ ਸਿਰਾਂ ਉੱਤੇ ਹੱਥ ਰੱਖੇ ਅਤੇ ਉਹਨਾਂ ਨੂੰ ਅਸੀਸ ਦਿੱਤੀ ।
ਧਨੀ ਆਦਮੀ
17ਫਿਰ ਜਦੋਂ ਯਿਸੂ ਉੱਥੋਂ ਨਿਕਲ ਕੇ ਰਾਹ ਵਿੱਚ ਜਾ ਰਹੇ ਸਨ ਤਾਂ ਇੱਕ ਆਦਮੀ ਦੌੜਦਾ ਹੋਇਆ ਆਇਆ ਅਤੇ ਉਹਨਾਂ ਅੱਗੇ ਗੋਡੇ ਟੇਕ ਕੇ ਉਹਨਾਂ ਤੋਂ ਪੁੱਛਿਆ, “ਉੱਤਮ ਗੁਰੂ ਜੀ, ਅਨੰਤ ਜੀਵਨ ਦਾ ਵਾਰਿਸ ਬਣਨ ਲਈ ਮੈਂ ਕੀ ਕਰਾਂ ?” 18ਯਿਸੂ ਨੇ ਕਿਹਾ, “ਤੂੰ ਮੈਨੂੰ ਉੱਤਮ ਕਿਉਂ ਕਹਿੰਦਾ ਹੈਂ ? ਇੱਕ ਪਰਮੇਸ਼ਰ ਤੋਂ ਸਿਵਾਏ ਹੋਰ ਕੋਈ ਉੱਤਮ ਨਹੀਂ ਹੈ । 19#ਕੂਚ 20:12-16, ਵਿਵ 5:16-20ਤੂੰ ਹੁਕਮਾਂ ਨੂੰ ਤਾਂ ਜਾਣਦਾ ਹੀ ਹੈਂ, ਖ਼ੂਨ ਨਾ ਕਰ, ਵਿਭਚਾਰ ਨਾ ਕਰ, ਚੋਰੀ ਨਾ ਕਰ, ਝੂਠੀ ਗਵਾਹੀ ਨਾ ਦੇ, ਦੂਜਿਆਂ ਦਾ ਹੱਕ ਨਾ ਮਾਰ ਅਤੇ ਆਪਣੇ ਮਾਤਾ-ਪਿਤਾ ਦਾ ਸਤਿਕਾਰ ਕਰ ।” 20ਉਸ ਆਦਮੀ ਨੇ ਕਿਹਾ, “ਗੁਰੂ ਜੀ, ਇਹਨਾਂ ਸਾਰੇ ਹੁਕਮਾਂ ਨੂੰ ਤਾਂ ਮੈਂ ਬਚਪਨ ਤੋਂ ਹੀ ਮੰਨਦਾ ਆਇਆ ਹਾਂ ।” 21ਯਿਸੂ ਨੇ ਪਿਆਰ ਨਾਲ ਨੀਝ ਲਾ ਕੇ ਉਸ ਵੱਲ ਦੇਖਿਆ ਅਤੇ ਕਿਹਾ, “ਤੇਰੇ ਵਿੱਚ ਇੱਕ ਚੀਜ਼ ਦਾ ਘਾਟਾ ਹੈ । ਜਾ ਅਤੇ ਆਪਣਾ ਸਭ ਕੁਝ ਵੇਚ ਕੇ ਗ਼ਰੀਬਾਂ ਨੂੰ ਵੰਡ ਦੇ, ਤੈਨੂੰ ਸਵਰਗ ਵਿੱਚ ਖ਼ਜ਼ਾਨਾ ਮਿਲੇਗਾ । ਫਿਰ ਆ ਕੇ ਮੇਰੇ ਪਿੱਛੇ ਚੱਲ ।” 22ਜਦੋਂ ਉਸ ਆਦਮੀ ਨੇ ਇਹ ਸੁਣਿਆ ਤਾਂ ਉਸ ਦੇ ਚਿਹਰੇ ਉੱਤੇ ਉਦਾਸੀ ਛਾ ਗਈ ਅਤੇ ਉਹ ਦੁਖੀ ਹੋ ਕੇ ਚਲਾ ਗਿਆ ਕਿਉਂਕਿ ਉਹ ਬਹੁਤ ਅਮੀਰ ਸੀ ।
23ਯਿਸੂ ਨੇ ਚਾਰੇ ਪਾਸੇ ਦੇਖਿਆ ਅਤੇ ਆਪਣੇ ਚੇਲਿਆਂ ਨੂੰ ਕਿਹਾ, “ਧਨਵਾਨਾਂ ਲਈ ਪਰਮੇਸ਼ਰ ਦੇ ਰਾਜ ਵਿੱਚ ਦਾਖ਼ਲ ਹੋਣਾ ਕਿੰਨਾ ਔਖਾ ਹੈ !” 24ਇਹ ਸੁਣ ਕੇ ਚੇਲੇ ਬਹੁਤ ਹੈਰਾਨ ਹੋਏ । ਫਿਰ ਯਿਸੂ ਨੇ ਕਿਹਾ, “ਬੱਚਿਓ, ਪਰਮੇਸ਼ਰ ਦੇ ਰਾਜ ਵਿੱਚ ਦਾਖ਼ਲ ਹੋਣਾ ਕਿੰਨਾ ਔਖਾ ਹੈ ! 25ਧਨਵਾਨਾਂ ਦਾ ਪਰਮੇਸ਼ਰ ਦੇ ਰਾਜ ਵਿੱਚ ਦਾਖ਼ਲ ਹੋਣ ਨਾਲੋਂ, ਊਠ ਦਾ ਸੂਈ ਦੇ ਨੱਕੇ ਵਿੱਚੋਂ ਦੀ ਨਿਕਲ ਜਾਣਾ ਸੌਖਾ ਹੈ ।” 26ਚੇਲੇ ਹੋਰ ਵੀ ਹੈਰਾਨ ਹੋ ਕੇ ਆਪਸ ਵਿੱਚ ਕਹਿਣ ਲੱਗੇ, “ਫਿਰ ਮੁਕਤੀ ਕਿਸ ਨੂੰ ਮਿਲ ਸਕਦੀ ਹੈ ?” 27ਯਿਸੂ ਨੇ ਉਹਨਾਂ ਵੱਲ ਨੀਝ ਲਾ ਕੇ ਦੇਖਿਆ ਅਤੇ ਕਿਹਾ, “ਮਨੁੱਖ ਲਈ ਤਾਂ ਇਹ ਅਸੰਭਵ ਹੈ ਪਰ ਪਰਮੇਸ਼ਰ ਲਈ ਨਹੀਂ ਕਿਉਂਕਿ ਪਰਮੇਸ਼ਰ ਲਈ ਸਭ ਕੁਝ ਸੰਭਵ ਹੈ ।”
28ਤਦ ਪਤਰਸ ਨੇ ਕਿਹਾ, “ਦੇਖੋ, ਅਸੀਂ ਤਾਂ ਸਭ ਕੁਝ ਛੱਡ ਕੇ ਤੁਹਾਡੇ ਪਿੱਛੇ ਚੱਲ ਪਏ ਹਾਂ ।” 29ਯਿਸੂ ਨੇ ਕਿਹਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਅਜਿਹਾ ਕੋਈ ਨਹੀਂ ਜਿਸ ਨੇ ਮੇਰੇ ਅਤੇ ਸ਼ੁਭ ਸਮਾਚਾਰ ਦੇ ਲਈ ਘਰ, ਭਰਾ, ਭੈਣਾਂ, ਮਾਤਾ, ਪਿਤਾ, ਬੱਚੇ ਅਤੇ ਜ਼ਮੀਨ ਛੱਡੇ ਹੋਣ 30ਅਤੇ ਉਹ ਇਸ ਯੁੱਗ ਵਿੱਚ ਘਰ, ਭਰਾ, ਭੈਣਾਂ, ਮਾਤਾ, ਪਿਤਾ, ਬੱਚੇ ਅਤੇ ਜ਼ਮੀਨ ਨੂੰ ਸੌ ਗੁਣਾਂ ਜ਼ਿਆਦਾ ਪ੍ਰਾਪਤ ਨਾ ਕਰੇ ਪਰ ਅੱਤਿਆਚਾਰ ਸਹੇ ਬਿਨਾਂ ਨਹੀਂ ਅਤੇ ਉਹ ਆਉਣ ਵਾਲੇ ਯੁੱਗ ਵਿੱਚ ਅਨੰਤ ਜੀਵਨ ਪ੍ਰਾਪਤ ਕਰੇਗਾ । 31#ਮੱਤੀ 20:16, ਲੂਕਾ 13:30ਪਰ ਬਹੁਤ ਸਾਰੇ ਜਿਹੜੇ ਪਹਿਲੇ ਹਨ ਉਹ ਪਿਛਲੇ ਹੋਣਗੇ ਅਤੇ ਜੋ ਪਿਛਲੇ ਹਨ, ਉਹ ਪਹਿਲੇ ਹੋਣਗੇ ।”
ਪ੍ਰਭੂ ਯਿਸੂ ਤੀਜੀ ਵਾਰ ਆਪਣੀ ਮੌਤ ਅਤੇ ਪੁਨਰ-ਉਥਾਨ ਬਾਰੇ ਦੱਸਦੇ ਹਨ
32ਉਹ ਉਸ ਰਾਹ ਉੱਤੇ ਜਾ ਰਹੇ ਸਨ ਜਿਹੜਾ ਯਰੂਸ਼ਲਮ ਨੂੰ ਜਾਂਦਾ ਹੈ । ਯਿਸੂ ਉਹਨਾਂ ਦੇ ਅੱਗੇ ਅੱਗੇ ਜਾ ਰਹੇ ਸਨ ਅਤੇ ਚੇਲੇ ਬਹੁਤ ਹੈਰਾਨ ਸਨ । ਹੋਰ ਲੋਕ ਜਿਹੜੇ ਉਹਨਾਂ ਦੇ ਪਿੱਛੇ ਆ ਰਹੇ ਸਨ ਉਹ ਡਰੇ ਹੋਏ ਸਨ । ਇੱਕ ਵਾਰ ਫਿਰ ਯਿਸੂ ਬਾਰ੍ਹਾਂ ਚੇਲਿਆਂ ਨੂੰ ਇੱਕ ਪਾਸੇ ਲੈ ਗਏ ਅਤੇ ਉਹਨਾਂ ਨੂੰ ਜਿਹੜੀਆਂ ਗੱਲਾਂ ਯਿਸੂ ਦੇ ਨਾਲ ਹੋਣ ਵਾਲੀਆਂ ਸਨ, ਉਹਨਾਂ ਬਾਰੇ ਦੱਸਣ ਲੱਗੇ । 33“ਦੇਖੋ, ਅਸੀਂ ਯਰੂਸ਼ਲਮ ਨੂੰ ਜਾ ਰਹੇ ਹਾਂ । ਉੱਥੇ ਮਨੁੱਖ ਦੇ ਪੁੱਤਰ ਨੂੰ ਮਹਾਂ-ਪੁਰੋਹਿਤਾਂ ਅਤੇ ਵਿਵਸਥਾ ਦੇ ਸਿੱਖਿਅਕਾਂ ਦੇ ਹਵਾਲੇ ਕੀਤਾ ਜਾਵੇਗਾ ਜਿਹੜੇ ਉਸ ਨੂੰ ਮੌਤ ਦੀ ਸਜ਼ਾ ਦੇਣਗੇ ਅਤੇ ਉਸ ਨੂੰ ਪਰਾਈਆਂ ਕੌਮਾਂ ਦੇ ਹੱਥਾਂ ਵਿੱਚ ਦੇ ਦੇਣਗੇ । 34ਉਹ ਉਸ ਨੂੰ ਮਖ਼ੌਲ ਕਰਨਗੇ, ਉਸ ਉੱਤੇ ਥੁੱਕਣਗੇ, ਕੋਰੜੇ ਮਾਰਨਗੇ ਅਤੇ ਮਾਰ ਦੇਣਗੇ । ਪਰ ਉਹ ਤਿੰਨ ਦਿਨਾਂ ਦੇ ਬਾਅਦ ਜੀਅ ਉੱਠੇਗਾ !”
ਯੂਹੰਨਾ ਅਤੇ ਯਾਕੂਬ ਦੀ ਬੇਨਤੀ
35ਜ਼ਬਦੀ ਦੇ ਪੁੱਤਰ ਯੂਹੰਨਾ ਅਤੇ ਯਾਕੂਬ ਯਿਸੂ ਕੋਲ ਆਏ ਅਤੇ ਕਿਹਾ, “ਗੁਰੂ ਜੀ, ਅਸੀਂ ਚਾਹੁੰਦੇ ਹਾਂ ਕਿ ਜੋ ਕੁਝ ਅਸੀਂ ਤੁਹਾਡੇ ਕੋਲੋਂ ਇਸ ਵੇਲੇ ਮੰਗੀਏ, ਤੁਸੀਂ ਸਾਡੇ ਲਈ ਕਰ ਦੇਵੋ ।” 36ਯਿਸੂ ਨੇ ਪੁੱਛਿਆ, “ਤੁਸੀਂ ਕੀ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਕਰਾਂ ?” 37ਉਹਨਾਂ ਨੇ ਉੱਤਰ ਦਿੱਤਾ, “ਸਾਨੂੰ ਆਪਣੇ ਰਾਜ ਦੀ ਮਹਿਮਾ ਦੇ ਸਮੇਂ ਇੱਕ ਨੂੰ ਆਪਣੇ ਸੱਜੇ ਅਤੇ ਦੂਜੇ ਨੂੰ ਖੱਬੇ ਬੈਠਣ ਦਾ ਅਧਿਕਾਰ ਦਿਓ ।” 38#ਲੂਕਾ 12:50ਯਿਸੂ ਨੇ ਕਿਹਾ, “ਤੁਸੀਂ ਜਾਣਦੇ ਨਹੀਂ ਕਿ ਤੁਸੀਂ ਕੀ ਮੰਗ ਰਹੇ ਹੋ । ਕੀ ਤੁਸੀਂ ਉਹ ਪਿਆਲਾ ਪੀ ਸਕਦੇ ਹੋ ਜਿਹੜਾ ਮੈਂ ਪੀਣ ਵਾਲਾ ਹਾਂ ਜਾਂ ਉਹ ਬਪਤਿਸਮਾ ਲੈ ਸਕਦੇ ਹੋ ਜਿਹੜਾ ਮੈਂ ਲੈਣ ਵਾਲਾ ਹਾਂ ?” 39ਉਹਨਾਂ ਦੋਨਾਂ ਨੇ ਉੱਤਰ ਦਿੱਤਾ, “ਅਸੀਂ ਕਰ ਸਕਦੇ ਹਾਂ ।” ਯਿਸੂ ਨੇ ਉਹਨਾਂ ਨੂੰ ਕਿਹਾ, “ਜਿਹੜਾ ਪਿਆਲਾ ਮੈਂ ਪੀ ਰਿਹਾ ਹਾਂ, ਤੁਸੀਂ ਪੀਓਗੇ ਅਤੇ ਜਿਹੜਾ ਬਪਤਿਸਮਾ ਮੈਂ ਲੈ ਰਿਹਾ ਹਾਂ, ਤੁਸੀਂ ਵੀ ਲਵੋਗੇ । 40ਪਰ ਆਪਣੇ ਸੱਜੇ ਜਾਂ ਖੱਬੇ ਬਿਠਾਉਣਾ ਮੇਰਾ ਕੰਮ ਨਹੀਂ ਹੈ । ਇਹ ਥਾਵਾਂ ਉਹਨਾਂ ਲਈ ਹਨ ਜਿਹਨਾਂ ਲਈ ਇਹ ਤਿਆਰ ਕੀਤੀਆਂ ਗਈਆਂ ਹਨ ।”
41ਜਦੋਂ ਬਾਕੀ ਦਸਾਂ ਨੇ ਇਹ ਸੁਣਿਆ ਤਾਂ ਉਹ ਯੂਹੰਨਾ ਅਤੇ ਯਾਕੂਬ ਨੂੰ ਬਹੁਤ ਗੁੱਸੇ ਹੋਏ । 42#ਲੂਕਾ 22:25-26ਯਿਸੂ ਨੇ ਉਹਨਾਂ ਸਾਰਿਆਂ ਨੂੰ ਆਪਣੇ ਕੋਲ ਸੱਦਿਆ ਅਤੇ ਕਿਹਾ, “ਤੁਸੀਂ ਜਾਣਦੇ ਹੋ, ਜਿਹੜੇ ਆਪਣੇ ਆਪ ਨੂੰ ਪਰਾਈਆਂ ਕੌਮਾਂ#10:42 ਜੋ ਯਹੂਦੀ ਨਹੀਂ ਦੇ ਹਾਕਮ ਸਮਝਦੇ ਹਨ, ਉਹ ਉਹਨਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਉਹਨਾਂ ਦੇ ਨੇਤਾ ਉਹਨਾਂ ਉੱਤੇ ਅਧਿਕਾਰ ਰੱਖਦੇ ਹਨ । 43#ਮੱਤੀ 23:11, ਮਰ 9:35, ਲੂਕਾ 22:26ਤੁਹਾਡੇ ਵਿੱਚ ਅਜਿਹਾ ਨਹੀਂ ਹੋਣਾ ਚਾਹੀਦਾ । ਜੇਕਰ ਤੁਹਾਡੇ ਵਿੱਚੋਂ ਕੋਈ ਵੱਡਾ ਬਣਨਾ ਚਾਹੇ ਤਾਂ ਉਹ ਦੂਜਿਆਂ ਦਾ ਸੇਵਕ ਬਣੇ 44ਅਤੇ ਜੇਕਰ ਤੁਹਾਡੇ ਵਿੱਚੋਂ ਕੋਈ ਮਹਾਨ ਬਣਨਾ ਚਾਹੇ, ਉਹ ਸਾਰਿਆਂ ਦਾ ਗ਼ੁਲਾਮ ਬਣੇ । 45ਕਿਉਂਕਿ ਮਨੁੱਖ ਦਾ ਪੁੱਤਰ ਵੀ ਸੇਵਾ ਕਰਵਾਉਣ ਦੇ ਲਈ ਨਹੀਂ ਆਇਆ ਸਗੋਂ ਉਹ ਸੇਵਾ ਕਰਨ ਅਤੇ ਬਹੁਤ ਸਾਰੇ ਲੋਕਾਂ ਦੀ ਮੁਕਤੀ ਦੇ ਲਈ ਆਪਣੀ ਜਾਨ ਦੇਣ ਲਈ ਆਇਆ ਹੈ ।”
ਪ੍ਰਭੂ ਯਿਸੂ ਅੰਨ੍ਹੇ ਬਰਤਿਮਾਈ ਨੂੰ ਚੰਗਾ ਕਰਦੇ ਹਨ
46ਉਹ ਯਰੀਹੋ ਸ਼ਹਿਰ ਵਿੱਚ ਆਏ । ਫਿਰ ਜਦੋਂ ਉਹ ਆਪਣੇ ਚੇਲਿਆਂ ਅਤੇ ਵੱਡੀ ਭੀੜ ਦੇ ਨਾਲ ਯਰੀਹੋ ਤੋਂ ਬਾਹਰ ਨਿਕਲ ਰਹੇ ਸਨ, ਉਸ ਸਮੇਂ ਤਿਮਾਈ ਦਾ ਪੁੱਤਰ ਬਰਤਿਮਾਈ ਇੱਕ ਅੰਨ੍ਹਾ ਮੰਗਤਾ ਸੜਕ ਦੇ ਕੰਢੇ ਬੈਠਾ ਸੀ । 47ਜਦੋਂ ਉਸ ਨੇ ਸੁਣਿਆ ਕਿ ਨਾਸਰਤ ਨਿਵਾਸੀ ਯਿਸੂ ਉੱਥੇ ਹਨ ਤਾਂ ਉਸ ਨੇ ਉੱਚੀ ਆਵਾਜ਼ ਨਾਲ ਕਹਿਣਾ ਸ਼ੁਰੂ ਕੀਤਾ, “ਯਿਸੂ, ਦਾਊਦ ਦੇ ਪੁੱਤਰ ਮੇਰੇ ਉੱਤੇ ਰਹਿਮ ਕਰੋ !” 48ਬਹੁਤ ਸਾਰੇ ਲੋਕਾਂ ਨੇ ਉਸ ਨੂੰ ਚੁੱਪ ਰਹਿਣ ਲਈ ਕਿਹਾ ਪਰ ਉਹ ਹੋਰ ਵੀ ਉੱਚੀ ਉੱਚੀ ਬੋਲਿਆ, “ਹੇ ਦਾਊਦ ਦੇ ਪੁੱਤਰ, ਮੇਰੇ ਉੱਤੇ ਰਹਿਮ ਕਰੋ !” 49ਯਿਸੂ ਨੇ ਰੁਕ ਕੇ ਕਿਹਾ, “ਉਸ ਨੂੰ ਸੱਦੋ ।” ਲੋਕਾਂ ਨੇ ਅੰਨ੍ਹੇ ਨੂੰ ਸੱਦਿਆ ਅਤੇ ਕਿਹਾ, “ਹੌਸਲਾ ਕਰ ! ਉੱਠ, ਉਹ ਤੈਨੂੰ ਸੱਦ ਰਹੇ ਹਨ ।” 50ਉਸ ਨੇ ਇਕਦਮ ਆਪਣਾ ਚੋਗਾ ਪਰ੍ਹੇ ਸੁੱਟਿਆ ਅਤੇ ਉੱਠ ਕੇ ਯਿਸੂ ਦੇ ਕੋਲ ਪਹੁੰਚ ਗਿਆ । 51ਯਿਸੂ ਨੇ ਉਸ ਨੂੰ ਪੁੱਛਿਆ, “ਤੂੰ ਕੀ ਚਾਹੁੰਦਾ ਹੈਂ ਕਿ ਮੈਂ ਤੇਰੇ ਲਈ ਕਰਾਂ ?” ਅੰਨ੍ਹੇ ਨੇ ਉੱਤਰ ਦਿੱਤਾ, “ਗੁਰੂ ਜੀ, ਮੈਂ ਸੁਜਾਖਾ ਹੋਣਾ ਚਾਹੁੰਦਾ ਹਾਂ ।” 52ਯਿਸੂ ਨੇ ਕਿਹਾ, “ਜਾ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ ।” ਇਕਦਮ ਹੀ ਉਹ ਦੇਖਣ ਲੱਗ ਪਿਆ ਅਤੇ ਯਿਸੂ ਦੇ ਪਿੱਛੇ ਸੜਕ ਉੱਤੇ ਚੱਲਣ ਲੱਗਾ ।

Currently Selected:

ਮਰਕੁਸ 10: CL-NA

ማድመቅ

Share

Copy

None

ያደመቋቸው ምንባቦች በሁሉም መሣሪያዎችዎ ላይ እንዲቀመጡ ይፈልጋሉ? ይመዝገቡ ወይም ይግቡ