የYouVersion አርማ
የፍለጋ አዶ

ਮੱਤੀ 20

20
ਅੰਗੂਰੀ ਬਾਗ਼ ਦੇ ਕਾਮੇ
1“ਸਵਰਗ ਦਾ ਰਾਜ ਇੱਕ ਅੰਗੂਰੀ ਬਾਗ਼ ਦੇ ਮਾਲਕ ਵਰਗਾ ਹੈ ਜਿਹੜਾ ਸਵੇਰ ਵੇਲੇ ਉੱਠ ਕੇ ਆਪਣੇ ਅੰਗੂਰੀ ਬਾਗ਼ ਦੇ ਲਈ ਕਾਮਿਆਂ ਨੂੰ ਠੇਕੇ ਤੇ ਲੈਣ ਲਈ ਗਿਆ । 2ਉਸ ਨੇ ਕਾਮਿਆਂ ਨਾਲ ਇੱਕ ਦਿਨਾਰ#20:2 ਦਿਨਾਰ ਲਗਭਗ ਇੱਕ ਮਜ਼ਦੂਰ ਦੀ ਇੱਕ ਦਿਨ ਦੀ ਮਜ਼ਦੂਰੀ ਦੇ ਬਰਾਬਰ ਸੀ । ਦਿਹਾੜੀ ਤੈਅ ਕੀਤੀ ਅਤੇ ਆਪਣੇ ਬਾਗ਼ ਵਿੱਚ ਕੰਮ ਕਰਨ ਲਈ ਭੇਜ ਦਿੱਤਾ । 3ਮਾਲਕ ਦੁਬਾਰਾ ਦਿਨ ਦੇ ਨੌਂ ਵਜੇ ਬਾਹਰ ਗਿਆ ਤਾਂ ਉਸ ਨੇ ਬਜ਼ਾਰ ਵਿੱਚ ਫਿਰ ਕੁਝ ਕਾਮਿਆਂ ਨੂੰ ਵਿਹਲੇ ਖੜ੍ਹੇ ਦੇਖਿਆ । 4ਉਸ ਨੇ ਉਹਨਾਂ ਨੂੰ ਵੀ ਕਿਹਾ, ‘ਤੁਸੀਂ ਵੀ ਅੰਗੂਰੀ ਬਾਗ਼ ਵਿੱਚ ਜਾ ਕੇ ਕੰਮ ਕਰੋ, ਮੈਂ ਤੁਹਾਨੂੰ ਜੋ ਠੀਕ ਹੋਵੇਗਾ, ਮਜ਼ਦੂਰੀ ਦੇਵਾਂਗਾ ।’ 5ਇਸ ਲਈ ਕਾਮੇ ਚਲੇ ਗਏ । ਮਾਲਕ ਨੇ ਬਾਰ੍ਹਾਂ ਵਜੇ ਅਤੇ ਤਿੰਨ ਵਜੇ ਫਿਰ ਇਸੇ ਤਰ੍ਹਾਂ ਕੀਤਾ । 6ਇਸ ਦੇ ਬਾਅਦ ਕੋਈ ਪੰਜ ਵਜੇ ਉਹ ਬਜ਼ਾਰ ਵਿੱਚ ਗਿਆ ਅਤੇ ਉਸ ਨੇ ਹੋਰ ਕਾਮਿਆਂ ਨੂੰ ਉੱਥੇ ਖੜ੍ਹੇ ਦੇਖਿਆ । ਉਸ ਨੇ ਉਹਨਾਂ ਨੂੰ ਵੀ ਕਿਹਾ, ‘ਤੁਸੀਂ ਇੱਥੇ ਸਾਰਾ ਦਿਨ ਵਿਹਲੇ ਕਿਉਂ ਖੜ੍ਹੇ ਹੋ ?’ 7ਉਹਨਾਂ ਨੇ ਉੱਤਰ ਦਿੱਤਾ, ‘ਕਿਉਂਕਿ ਸਾਨੂੰ ਕਿਸੇ ਨੇ ਕੰਮ ਉੱਤੇ ਨਹੀਂ ਲਾਇਆ ।’ ਮਾਲਕ ਨੇ ਕਿਹਾ, ‘ਤੁਸੀਂ ਵੀ ਜਾ ਕੇ ਅੰਗੂਰੀ ਬਾਗ਼ ਦੇ ਵਿੱਚ ਕੰਮ ਕਰੋ ।’
8 # ਲੇਵੀ 19:13, ਵਿਵ 24:15 “ਜਦੋਂ ਸ਼ਾਮ ਪੈ ਗਈ ਤਾਂ ਮਾਲਕ ਨੇ ਆਪਣੇ ਮੁਖੀ ਨੂੰ ਕਿਹਾ, ‘ਕਾਮਿਆਂ ਨੂੰ ਸੱਦ ਅਤੇ ਉਹਨਾਂ ਨੂੰ ਜਿਹੜੇ ਅੰਤ ਵਿੱਚ ਕੰਮ ਉੱਤੇ ਲਾਏ ਗਏ ਸਨ ਤੋਂ ਸ਼ੁਰੂ ਕਰ ਕੇ ਅਤੇ ਜਿਹੜੇ ਸਭ ਤੋਂ ਪਹਿਲਾਂ ਕੰਮ ਉੱਤੇ ਲਾਏ ਗਏ ਸਨ, ਮਜ਼ਦੂਰੀ ਦੇ ਦੇ ।’ 9ਉਹ ਕਾਮੇ ਜਿਹੜੇ ਦਿਨ ਦੇ ਪੰਜ ਵਜੇ ਕੰਮ ਉੱਤੇ ਲਾਏ ਗਏ ਸਨ ਪਹਿਲਾਂ ਆਏ ਅਤੇ ਉਹਨਾਂ ਨੂੰ ਇੱਕ ਇੱਕ ਦਿਨਾਰ ਮਿਲਿਆ । 10ਇਸ ਲਈ ਜਿਹੜੇ ਕਾਮੇ ਸਭ ਤੋਂ ਪਹਿਲਾਂ ਕੰਮ ਉੱਤੇ ਲਾਏ ਗਏ ਸਨ, ਜਦੋਂ ਉਹਨਾਂ ਦੀ ਵਾਰੀ ਆਈ ਤਾਂ ਉਹਨਾਂ ਨੇ ਸੋਚਿਆ ਕਿ ਉਹਨਾਂ ਨੂੰ ਜ਼ਿਆਦਾ ਮਿਲੇਗਾ । ਪਰ ਉਹਨਾਂ ਨੂੰ ਵੀ ਇੱਕ ਇੱਕ ਦਿਨਾਰ ਹੀ ਮਿਲਿਆ । 11ਉਹਨਾਂ ਨੇ ਉਹ ਲੈ ਲਿਆ ਪਰ ਮਾਲਕ ਉੱਤੇ ਬੁੜ-ਬੁੜਾਉਣ ਲੱਗੇ । 12ਉਹ ਕਹਿਣ ਲੱਗੇ, ‘ਇਹ ਜਿਹੜੇ ਅੰਤ ਵਿੱਚ ਆਏ ਹਨ ਅਤੇ ਇਹਨਾਂ ਕੇਵਲ ਇੱਕ ਹੀ ਘੰਟਾ ਕੰਮ ਕੀਤਾ, ਤੁਸੀਂ ਇਹਨਾਂ ਨੂੰ ਵੀ ਸਾਡੇ ਬਰਾਬਰ ਕਰ ਦਿੱਤਾ ਹੈ । ਅਸੀਂ ਤਾਂ ਸਾਰਾ ਦਿਨ ਕੜਕਦੀ ਧੁੱਪ ਵਿੱਚ ਭਾਰ ਢੋਇਆ ਹੈ ।’ 13ਮਾਲਕ ਨੇ ਉਹਨਾਂ ਵਿੱਚੋਂ ਇੱਕ ਨੂੰ ਉੱਤਰ ਦਿੱਤਾ, ‘ਮਿੱਤਰ, ਮੈਂ ਤੇਰੇ ਨਾਲ ਕੋਈ ਬੇਇਨਸਾਫ਼ੀ ਨਹੀਂ ਕੀਤੀ ਹੈ । ਕੀ ਮੈਂ ਤੇਰੇ ਨਾਲ ਦਿਹਾੜੀ ਦਾ ਇੱਕ ਦਿਨਾਰ ਨਹੀਂ ਤੈਅ ਕੀਤਾ ਸੀ ? 14ਇਸ ਲਈ ਤੂੰ ਆਪਣੀ ਮਜ਼ਦੂਰੀ ਲੈ ਅਤੇ ਆਪਣੇ ਘਰ ਨੂੰ ਜਾ, ਮੈਂ ਇਸ ਅੰਤ ਵਿੱਚ ਆਏ ਆਦਮੀ ਨੂੰ ਵੀ ਤੇਰੇ ਜਿੰਨਾ ਹੀ ਦੇਣਾ ਹੈ । 15ਕੀ ਮੈਨੂੰ ਅਧਿਕਾਰ ਨਹੀਂ ਹੈ ਕਿ ਮੈਂ ਜਿਸ ਤਰ੍ਹਾਂ ਚਾਹਾਂ ਆਪਣੇ ਧਨ ਨਾਲ ਕਰਾਂ ਜਾਂ ਤੂੰ ਮੇਰੀ ਖੁੱਲ੍ਹ ਦਿਲੀ ਤੋਂ ਈਰਖਾਲੂ ਹੈਂ ? 16#ਮੱਤੀ 19:30, ਮਰ 10:31, ਲੂਕਾ 13:30ਇਸੇ ਤਰ੍ਹਾਂ ਜਿਹੜੇ ਅਖੀਰਲੇ ਹਨ, ਉਹ ਪਹਿਲੇ ਹੋਣਗੇ ਅਤੇ ਜਿਹੜੇ ਪਹਿਲੇ ਹਨ, ਉਹ ਅਖੀਰਲੇ ਹੋਣਗੇ ।’”
ਪ੍ਰਭੂ ਯਿਸੂ ਦੀ ਤੀਜੀ ਵਾਰ ਆਪਣੀ ਮੌਤ ਦੇ ਬਾਰੇ ਭਵਿੱਖਬਾਣੀ
17ਜਦੋਂ ਯਿਸੂ ਯਰੂਸ਼ਲਮ ਵੱਲ ਜਾ ਰਹੇ ਸਨ ਤਾਂ ਉਹ ਰਾਹ ਵਿੱਚ ਬਾਰ੍ਹਾਂ ਚੇਲਿਆਂ ਨੂੰ ਇੱਕ ਪਾਸੇ ਇਕਾਂਤ ਵਿੱਚ ਲੈ ਗਏ । ਉਹਨਾਂ ਨੇ ਚੇਲਿਆਂ ਨੂੰ ਕਿਹਾ, 18“ਦੇਖੋ, ਅਸੀਂ ਯਰੂਸ਼ਲਮ ਨੂੰ ਜਾ ਰਹੇ ਹਾਂ । ਉੱਥੇ ਮਨੁੱਖ ਦਾ ਪੁੱਤਰ ਮਹਾਂ-ਪੁਰੋਹਿਤਾਂ ਅਤੇ ਵਿਵਸਥਾ ਦੇ ਸਿੱਖਿਅਕਾਂ ਦੇ ਹੱਥਾਂ ਵਿੱਚ ਦਿੱਤਾ ਜਾਵੇਗਾ ਅਤੇ ਉਹ ਉਸ ਨੂੰ ਮੌਤ ਦੀ ਸਜ਼ਾ ਦਾ ਹੁਕਮ ਦੇਣਗੇ । 19ਫਿਰ ਉਹ ਉਸ ਨੂੰ ਪਰਾਈਆਂ ਕੌਮਾਂ ਦੇ ਹੱਥਾਂ ਵਿੱਚ ਦੇ ਦੇਣਗੇ । ਉਹ ਉਸ ਦਾ ਮਖ਼ੌਲ ਉਡਾਉਣਗੇ, ਕੋਰੜੇ ਮਾਰਨਗੇ ਅਤੇ ਅੰਤ ਵਿੱਚ ਉਸ ਨੂੰ ਸਲੀਬ ਉੱਤੇ ਚੜ੍ਹਾ ਦੇਣਗੇ । ਪਰ ਉਹ ਤੀਜੇ ਦਿਨ ਜਿਊਂਦਾ ਕੀਤਾ ਜਾਵੇਗਾ ।”
ਯੂਹੰਨਾ ਅਤੇ ਯਾਕੂਬ ਦੀ ਮਾਂ ਬੇਨਤੀ ਕਰਦੀ ਹੈ
20ਜ਼ਬਦੀ ਦੀ ਪਤਨੀ ਆਪਣੇ ਦੋਨਾਂ ਪੁੱਤਰਾਂ ਦੇ ਨਾਲ ਯਿਸੂ ਕੋਲ ਆਈ । ਉਸ ਨੇ ਯਿਸੂ ਅੱਗੇ ਗੋਡੇ ਟੇਕ ਕੇ ਬੇਨਤੀ ਕੀਤੀ । 21ਯਿਸੂ ਨੇ ਉਸ ਨੂੰ ਪੁੱਛਿਆ, “ਤੂੰ ਕੀ ਚਾਹੁੰਦੀ ਹੈਂ ?” ਉਸ ਨੇ ਉੱਤਰ ਦਿੱਤਾ, “ਮੈਨੂੰ ਵਚਨ ਦੇਵੋ ਕਿ ਮੇਰੇ ਇਹ ਦੋਵੇਂ ਪੁੱਤਰ ਤੁਹਾਡੇ ਰਾਜ ਵਿੱਚ, ਇੱਕ ਤੁਹਾਡੇ ਸੱਜੇ ਅਤੇ ਦੂਜਾ ਖੱਬੇ ਬੈਠੇ ।” 22ਯਿਸੂ ਨੇ ਕਿਹਾ, “ਤੁਸੀਂ ਜਾਣਦੇ ਨਹੀਂ ਹੋ ਕਿ ਤੁਸੀਂ ਕੀ ਮੰਗ ਰਹੇ ਹੋ । ਕੀ ਤੁਸੀਂ ਇਹ ਪਿਆਲਾ ਪੀ ਸਕਦੇ ਹੋ, ਜਿਹੜਾ ਮੈਂ ਪੀਣ ਵਾਲਾ ਹਾਂ ?” ਉਹਨਾਂ ਨੇ ਉੱਤਰ ਦਿੱਤਾ, “ਜੀ ਹਾਂ ।” 23ਯਿਸੂ ਨੇ ਉਹਨਾਂ ਨੂੰ ਕਿਹਾ, “ਹਾਂ, ਇਹ ਠੀਕ ਹੈ ਕਿ ਤੁਸੀਂ ਮੇਰੇ ਪਿਆਲੇ ਵਿੱਚੋਂ ਪੀਵੋਗੇ । ਪਰ ਆਪਣੇ ਸੱਜੇ ਜਾਂ ਖੱਬੇ ਬਿਠਾਉਣਾ ਮੇਰਾ ਕੰਮ ਨਹੀਂ ਹੈ । ਇਹ ਥਾਵਾਂ ਉਹਨਾਂ ਲਈ ਹਨ ਜਿਹਨਾਂ ਲਈ ਇਹ ਮੇਰੇ ਪਿਤਾ ਨੇ ਤਿਆਰ ਕੀਤੀਆਂ ਹਨ ।”
24ਜਦੋਂ ਬਾਕੀ ਚੇਲਿਆਂ ਨੇ ਇਹ ਸੁਣਿਆ ਤਾਂ ਉਹ ਉਹਨਾਂ ਦੋਨਾਂ ਭਰਾਵਾਂ ਨਾਲ ਬਹੁਤ ਨਰਾਜ਼ ਹੋਏ । 25#ਲੂਕਾ 22:25-29ਪਰ ਯਿਸੂ ਨੇ ਉਹਨਾਂ ਸਾਰਿਆਂ ਨੂੰ ਆਪਣੇ ਕੋਲ ਸੱਦਿਆ ਅਤੇ ਕਿਹਾ, “ਤੁਸੀਂ ਜਾਣਦੇ ਹੋ ਕਿ ਪਰਾਈਆਂ ਕੌਮਾਂ ਦੇ ਹਾਕਮ ਉਹਨਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਉਹਨਾਂ ਦੇ ਆਗੂ ਉਹਨਾਂ ਉੱਤੇ ਅਧਿਕਾਰ ਰੱਖਦੇ ਹਨ । 26#ਮੱਤੀ 23:11, ਮਰ 9:35, ਲੂਕਾ 22:26ਪਰ ਤੁਹਾਡੇ ਵਿੱਚ ਅਜਿਹਾ ਨਹੀਂ ਹੋਣਾ ਚਾਹੀਦਾ । ਜੇਕਰ ਤੁਹਾਡੇ ਵਿੱਚੋਂ ਕੋਈ ਵੱਡਾ ਬਣਨਾ ਚਾਹੇ ਤਾਂ ਉਹ ਦੂਜਿਆਂ ਦਾ ਸੇਵਕ ਬਣੇ । 27ਇਸੇ ਤਰ੍ਹਾਂ ਜੇਕਰ ਤੁਹਾਡੇ ਵਿੱਚੋਂ ਕੋਈ ਆਗੂ ਬਣਨਾ ਚਾਹੇ ਤਾਂ ਉਹ ਤੁਹਾਡਾ ਸੇਵਕ ਬਣੇ । 28ਜਿਵੇਂ ਮਨੁੱਖ ਦਾ ਪੁੱਤਰ ਸੇਵਾ ਕਰਵਾਉਣ ਲਈ ਨਹੀਂ ਸਗੋਂ ਸੇਵਾ ਕਰਨ ਲਈ ਆਇਆ ਹੈ ਅਤੇ ਬਹੁਤ ਸਾਰੇ ਲੋਕਾਂ ਦੀ ਮੁਕਤੀ ਦਾ ਮੁੱਲ ਚੁਕਾਉਣ ਦੇ ਲਈ ਆਪਣੀ ਜਾਨ ਦੇਣ ਲਈ ਆਇਆ ਹੈ ।”
ਦੋ ਅੰਨ੍ਹਿਆਂ ਦਾ ਸੁਜਾਖਾ ਹੋਣਾ
29ਜਦੋਂ ਉਹ ਯਰੀਹੋ ਸ਼ਹਿਰ ਤੋਂ ਜਾਣ ਲੱਗੇ ਤਾਂ ਉਹਨਾਂ ਦੇ ਪਿੱਛੇ ਬਹੁਤ ਵੱਡੀ ਭੀੜ ਲੱਗ ਗਈ । 30ਉਸ ਸਮੇਂ ਦੋ ਅੰਨ੍ਹਿਆਂ ਨੇ ਜਿਹੜੇ ਸੜਕ ਦੇ ਕੰਢੇ ਉੱਤੇ ਬੈਠੇ ਸਨ, ਸੁਣਿਆ ਕਿ ਯਿਸੂ ਉੱਥੋਂ ਦੀ ਲੰਘ ਰਹੇ ਹਨ । ਇਸ ਲਈ ਉਹਨਾਂ ਨੇ ਉੱਚੀ ਆਵਾਜ਼ ਵਿੱਚ ਕਹਿਣਾ ਸ਼ੁਰੂ ਕਰ ਦਿੱਤਾ, “ਹੇ ਦਾਊਦ ਦੇ ਪੁੱਤਰ, ਪ੍ਰਭੂ ਜੀ, ਸਾਡੇ ਉੱਤੇ ਰਹਿਮ ਕਰੋ !” 31ਪਰ ਭੀੜ ਦੇ ਲੋਕ ਉਹਨਾਂ ਨੂੰ ਝਿੜਕਣ ਲੱਗੇ ਅਤੇ ਕਹਿਣ ਲੱਗੇ ਕਿ ਚੁੱਪ ਰਹੋ । ਪਰ ਉਹ ਹੋਰ ਵੀ ਉੱਚੀ ਆਵਾਜ਼ ਨਾਲ ਪੁਕਾਰਨ ਲੱਗੇ, “ਹੇ ਦਾਊਦ ਦੇ ਪੁੱਤਰ, ਪ੍ਰਭੂ ਜੀ, ਸਾਡੇ ਉੱਤੇ ਰਹਿਮ ਕਰੋ !” 32ਇਸ ਲਈ ਯਿਸੂ ਨੇ ਰੁਕ ਕੇ ਉਹਨਾਂ ਦੋਨਾਂ ਅੰਨ੍ਹਿਆਂ ਨੂੰ ਆਪਣੇ ਕੋਲ ਸੱਦਿਆ ਅਤੇ ਪੁੱਛਿਆ, “ਤੁਸੀਂ ਕੀ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਕਰਾਂ ?” 33ਉਹਨਾਂ ਨੇ ਉੱਤਰ ਦਿੱਤਾ, “ਪ੍ਰਭੂ ਜੀ, ਅਸੀਂ ਸੁਜਾਖੇ ਹੋਣਾ ਚਾਹੁੰਦੇ ਹਾਂ ।” 34ਯਿਸੂ ਨੂੰ ਉਹਨਾਂ ਉੱਤੇ ਤਰਸ ਆਇਆ । ਇਸ ਲਈ ਉਹਨਾਂ ਨੇ ਦੋਨਾਂ ਅੰਨ੍ਹਿਆਂ ਦੀਆਂ ਅੱਖਾਂ ਨੂੰ ਛੂਹਿਆ ਅਤੇ ਉਹ ਦੋਵੇਂ ਇਕਦਮ ਦੇਖਣ ਲੱਗ ਪਏ । ਫਿਰ ਉਹ ਯਿਸੂ ਦੇ ਪਿੱਛੇ ਤੁਰ ਪਏ ।

Currently Selected:

ਮੱਤੀ 20: CL-NA

ማድመቅ

Share

Copy

None

ያደመቋቸው ምንባቦች በሁሉም መሣሪያዎችዎ ላይ እንዲቀመጡ ይፈልጋሉ? ይመዝገቡ ወይም ይግቡ