ਉਤਪਤ 20

20
ਅਬਰਾਹਾਮ ਦਾ ਗਰਾਰ ਨੂੰ ਜਾਣਾ
1ਅਬਰਾਹਾਮ ਨੇ ਉਹ ਥਾਂ ਛੱਡ ਦਿੱਤੀ ਅਤੇ ਨੇਗੇਵ ਵੱਲ ਚੱਲਾ ਗਿਆ। ਉਹ ਕਾਦੇਸ਼ ਅਤੇ ਸੂਰ ਦੇ ਵਿੱਚਕਾਰ ਗਰਾਰ ਵਿੱਚ ਠਹਿਰ ਗਿਆ। 2ਅਬਰਾਹਾਮ ਨੇ ਲੋਕਾਂ ਨੂੰ ਆਖਿਆ ਕਿ ਸਾਰਾਹ ਉਸ ਦੀ ਭੈਣ ਹੈ। ਇਸ ਲਈ ਅਬੀਮਲਕ ਗਰਾਰ ਦੇ ਰਾਜੇ ਨੇ ਸਾਰਾਹ ਨੂੰ ਆਪਣੀ ਪਤਨੀ ਬਨਾਉਣ ਲਈ ਲੈ ਲਿਆ। 3ਪਰ ਉਸ ਰਾਤ, ਪਰਮੇਸ਼ੁਰ ਨੇ ਅਬੀਮਲਕ ਨਾਲ ਸੁਪਨੇ ਵਿੱਚ ਗੱਲ ਕੀਤੀ, ਅਤੇ ਆਖਿਆ, “ਤੈ ਮਰਨ ਵਾਲਾ ਹੈਂ। ਜਿਸ ਔਰਤ ਨੂੰ ਤੂੰ ਲਿਆ ਹੈ, ਉਹ ਕਿਸੇ ਹੋਰ ਆਦਮੀ ਦੀ ਪਤਨੀ ਹੈ।”
4ਪਰ ਅਬੀਮਲਕ ਹਾਲੇ ਸਾਰਾਹ ਨਾਲ ਸੁੱਤਾ ਨਹੀਂ ਸੀ। ਇਸ ਲਈ ਅਬੀਮਲਕ ਨੇ ਆਖਿਆ, “ਯਹੋਵਾਹ, ਮੈਂ ਦੋਸ਼ੀ ਨਹੀਂ ਹਾਂ। ਕੀ ਤੂੰ ਇੱਕ ਨਿਰਦੋਸ਼ ਕੌਮ ਨੂੰ ਤਬਾਹ ਕਰ ਦੇਵੇਂਗਾ? 5ਅਬਰਾਹਾਮ ਨੇ ਖੁਦ ਮੈਨੂੰ ਆਖਿਆ ਸੀ, ‘ਇਹ ਔਰਤ ਮੇਰੀ ਭੈਣ ਹੈ।’ ਅਤੇ ਔਰਤ ਨੇ ਵੀ ਆਖਿਆ ਸੀ, ‘ਇਹ ਆਦਮੀ ਮੇਰਾ ਭਰਾ ਹੈ।’ ਮੈਂ ਨਿਰਦੋਸ਼ ਹਾਂ। ਮੈਨੂੰ ਨਹੀਂ ਪਤਾ ਕਿ ਮੈਂ ਕੀ ਕਰ ਰਿਹਾ ਸਾਂ।”
6ਤਾਂ ਪਰਮੇਸ਼ੁਰ ਨੇ ਅਬੀਮਲਕ ਨੂੰ ਸੁਪਨੇ ਵਿੱਚ ਆਖਿਆ, “ਹਾਂ, ਮੈਂ ਜਾਣਦਾ ਹਾਂ ਕਿ ਤੂੰ ਨਿਰਦੋਸ਼ ਹੈਂ। ਅਤੇ ਮੈਂ ਇਹ ਵੀ ਜਾਣਦਾ ਹਾਂ ਤੈਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਤੂੰ ਕੀ ਕਰ ਰਿਹਾ ਸੀ। ਮੈਂ ਤੈਨੂੰ ਬਚਾ ਲਿਆ। ਮੈਂ ਤੈਨੂੰ ਪਾਪ ਨਹੀਂ ਕਰਨ ਦਿੱਤਾ। ਇਹ ਮੈਂ ਹੀ ਸੀ ਜਿਸਨੇ ਤੈਨੂੰ ਉਸ ਦੇ ਨਾਲ ਸੌਣ ਨਹੀਂ ਦਿੱਤਾ। 7ਇਸ ਲਈ ਅਬਰਾਹਾਮ ਨੂੰ ਉਸ ਦੀ ਪਤਨੀ ਮੋੜ ਦੇ। ਅਬਰਾਹਾਮ ਇੱਕ ਨਬੀ ਹੈ। ਉਹ ਤੇਰੇ ਲਈ ਪ੍ਰਾਰਥਨਾ ਕਰੇਗਾ, ਅਤੇ ਤੂੰ ਜੀਵੇਂਗਾ। ਪਰ ਜੇ ਤੂੰ ਅਬਰਾਹਾਮ ਨੂੰ ਸਾਰਾਹ ਨਾ ਮੋੜੀ ਤਾਂ ਮੈਂ ਤੈਨੂੰ ਬਚਨ ਦਿੰਦਾ ਹਾਂ ਕਿ ਤੂੰ ਮਾਰਿਆ ਜਾਵੇਂਗਾ। ਅਤੇ ਤੇਰੇ ਨਾਲ ਤੇਰਾ ਸਾਰਾ ਪਰਿਵਾਰ ਵੀ ਮਾਰਿਆ ਜਾਵੇਗਾ।”
8ਇਸ ਲਈ ਅਗਲੀ ਸਵੇਰ ਨੂੰ ਤੜਕੇ-ਤੜਕੇ ਅਬੀਮਲਕ ਨੇ ਆਪਣੇ ਸਾਰੇ ਨੌਕਰਾਂ ਨੂੰ ਬੁਲਾਇਆ ਅਤੇ ਸੁਪਨੇ ਬਾਰੇ ਦੱਸਿਆ। ਨੌਕਰ ਡਰ ਗਏ। 9ਤਾਂ ਅਬੀਮਲਕ ਨੇ ਅਬਰਾਹਾਮ ਨੂੰ ਸੱਦਿਆ ਅਤੇ ਉਸ ਨੂੰ ਆਖਿਆ, “ਤੂੰ ਸਾਡੇ ਨਾਲ ਅਜਿਹਾ ਕਿਉਂ ਕੀਤਾ? ਮੈਂ ਤੇਰਾ ਕੀ ਵਿਗਾੜਿਆ ਸੀ? ਤੂੰ ਝੂਠ ਕਿਉਂ ਬੋਲਿਆ ਅਤੇ ਇਹ ਆਖਿਆ ਕਿ ਉਹ ਤੇਰੀ ਭੈਣ ਹੈ? ਤੂੰ ਮੇਰੇ ਰਾਜ ਨੂੰ ਬਹੁਤ ਮੁਸ਼ਕਿਲ ਵਿੱਚ ਪਾ ਦਿੱਤਾ ਹੈ। ਤੈਨੂੰ ਮੇਰੇ ਨਾਲ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਸਨ। 10ਤੂੰ ਡਰਦਾ ਕਿਹੜੀ ਗੱਲੋਂ ਸੀ? ਤੂੰ ਮੇਰੇ ਨਾਲ ਇਹ ਸਲੂਕ ਕਿਉਂ ਕੀਤਾ?”
11ਤਾਂ ਅਬਰਾਹਾਮ ਨੇ ਆਖਿਆ, “ਮੈਂ ਡਰਦਾ ਸਾਂ। ਮੈਂ ਸੋਚਿਆ ਸੀ ਕਿ ਇਸ ਥਾਂ ਕੋਈ ਬੰਦਾ ਵੀ ਪਰਮੇਸ਼ੁਰ ਦਾ ਆਦਰ ਨਹੀਂ ਕਰਦਾ। ਮੈਂ ਸੋਚਿਆ ਕਿ ਕੋਈ ਬੰਦਾ ਸਾਰਾਹ ਦੀ ਖਾਤਰ ਮੈਨੂੰ ਮਾਰ ਦੇਵੇਗਾ। 12ਉਹ ਮੇਰੀ ਪਤਨੀ ਹੈ, ਪਰ ਉਹ ਮੇਰੀ ਭੈਣ ਵੀ ਹੈ। ਉਹ ਮੇਰੇ ਪਿਤਾ ਦੀ ਧੀ ਹੈ ਪਰ ਮੇਰੀ ਮਾਂ ਦੀ ਧੀ ਨਹੀਂ। 13ਪਰਮੇਸ਼ੁਰ ਨੇ ਮੈਨੂੰ ਮੇਰੇ ਪਿਤਾ ਦੇ ਘਰੋਂ ਦੂਰ ਕਰ ਦਿੱਤਾ। ਪਰਮੇਸ਼ੁਰ ਨੇ ਮੈਨੂੰ ਥਾਂ-ਥਾਂ ਭਟਕਾਇਆ। ਜਦੋਂ ਅਜਿਹਾ ਵਾਪਰਿਆ, ਮੈਂ ਸਾਰਾਹ ਨੂੰ ਆਖਿਆ, ‘ਮੇਰੇ ਲਈ ਕੁਝ ਕਰ; ਜਿੱਥੇ ਵੀ ਅਸੀਂ ਜਾਈਏ, ਲੋਕਾਂ ਨੂੰ ਇਹੀ ਆਖੀਂ ਕਿ ਤੂੰ ਮੇਰੀ ਭੈਣ ਹੈਂ।’”
14ਇਸ ਲਈ ਅਬੀਮਲਕ ਨੇ ਅਬਰਾਹਾਮ ਨੂੰ ਕੁਝ ਭੇਡਾਂ, ਬੱਕਰੀਆਂ ਅਤੇ ਦਾਸ ਦਾਸੀਆਂ ਦਿੱਤੇ। ਉਸ ਨੇ ਸਾਰਾਹ ਵੀ ਅਬਰਾਹਾਮ ਨੂੰ ਵਾਪਸ ਦੇ ਦਿੱਤੀ। 15ਅਤੇ ਅਬੀਮਲਕ ਨੇ ਆਖਿਆ, “ਆਪਣੇ ਆਲੇ-ਦੁਆਲੇ ਦੇਖ। ਇਹ ਮੇਰੀ ਧਰਤੀ ਹੈ। ਤੂੰ ਜਿੱਥੇ ਚਾਹੇਂ ਰਹਿ ਸੱਕਦਾ ਹੈਂ।”
16ਅਬੀਮਲਕ ਨੇ ਸਾਰਾਹ ਨੂੰ ਆਖਿਆ, “ਮੈਂ ਤੇਰੇ ਭਰਾ ਅਬਰਾਹਾਮ ਨੂੰ ਚਾਂਦੀ ਦੇ 1,000 ਸਿੱਕੇ ਦਿੱਤੇ ਹਨ। ਮੈਂ ਅਜਿਹਾ ਇਹ ਦਰਸਾਉਣ ਲਈ ਕੀਤਾ ਹੈ ਕਿ ਮੈਨੂੰ ਇਨ੍ਹਾਂ ਸਾਰੀਆਂ ਗੱਲਾਂ ਦਾ ਅਫ਼ਸੋਸ ਹੈ। ਮੈਂ ਚਾਹੁੰਦਾ ਹਾਂ ਕਿ ਹਰ ਕੋਈ ਦੇਖ ਲਵੇ ਕਿ ਮੈਂ ਠੀਕ ਗੱਲ ਕੀਤੀ ਹੈ।”
17-18ਯਹੋਵਾਹ ਨੇ ਅਬੀਮਲਕ ਦੇ ਪਰਿਵਾਰ ਦੀਆਂ ਸਾਰੀਆਂ ਔਰਤਾਂ ਨੂੰ ਬਾਂਝ ਬਣਾ ਦਿੱਤਾ। ਪਰਮੇਸ਼ੁਰ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਅਬੀਮਲਕ ਨੇ ਅਬਰਾਹਾਮ ਦੀ ਪਤਨੀ ਸਾਰਾਹ ਨੂੰ ਚੁੱਕ ਲਿਆ ਸੀ। ਪਰ ਅਬਰਾਹਾਮ ਨੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ, ਅਤੇ ਪਰਮੇਸ਼ੁਰ ਨੇ ਅਬੀਮਲਕ, ਉਸ ਦੀ ਪਤਨੀ ਅਤੇ ਉਸ ਦੀਆਂ ਦਾਸੀਆਂ ਨੂੰ ਰਾਜ਼ੀ ਕਰ ਦਿੱਤਾ।

目前選定:

ਉਤਪਤ 20: PERV

醒目顯示

分享

複製

None

想在你所有裝置上儲存你的醒目顯示?註冊帳戶或登入