YouVersion 標誌
搜尋圖標

ਉਤਪਤ 15

15
ਪਰਮੇਸ਼ੁਰ ਦਾ ਅਬਰਾਮ ਨਾਲ ਇਕਰਾਰਨਾਮਾ
1ਇਨ੍ਹਾਂ ਗੱਲਾਂ ਦੇ ਵਾਪਰਨ ਤੋਂ ਬਾਦ, ਅਬਰਾਮ ਨੂੰ ਯਹੋਵਾਹ ਦੇ ਸ਼ਬਦ ਦਾ ਦਰਸ਼ਨ ਹੋਇਆ। ਪਰਮੇਸ਼ੁਰ ਨੇ ਆਖਿਆ, “ਅਬਰਾਮ, ਡਰੀਂ ਨਾ। ਮੈਂ ਤੇਰੀ ਰੱਖਿਆ ਕਰਾਂਗਾ। ਅਤੇ ਮੈਂ ਤੈਨੂੰ ਬਹੁਤ ਵੱਡਾ ਇਨਾਮ ਦੇਵਾਂਗਾ।”
2ਪਰ ਅਬਰਾਮ ਨੇ ਆਖਿਆ, “ਯਹੋਵਾਹ ਪਰਮੇਸ਼ੁਰ, ਇੱਥੇ ਕੋਈ ਵੀ ਅਜਿਹੀ ਸ਼ੈਅ ਨਹੀਂ ਜਿਹੜੀ ਤੂੰ ਮੈਨੂੰ ਦੇ ਸੱਕੇ ਅਤੇ ਜਿਹੜੀ ਮੈਨੂੰ ਖੁਸ਼ੀ ਦੇ ਸੱਕੇ। ਕਿਉਂਕਿ ਮੇਰਾ ਕੋਈ ਪੁੱਤਰ ਨਹੀਂ। ਇਸ ਲਈ ਮੇਰਾ ਦਮਿਸੱਕ ਵਾਲਾ ਗੁਲਾਮ, ਅਲੀਅਜ਼ਰ ਮੇਰੀ ਮੌਤ ਤੋਂ ਬਾਦ ਮੇਰੀਆਂ ਸਾਰੀਆਂ ਚੀਜ਼ਾਂ ਦਾ ਵਾਰਿਸ ਹੋਵੇਗਾ।” 3ਅਬਰਾਮ ਨੇ ਆਖਿਆ, “ਤੂੰ ਮੈਨੂੰ ਪੁੱਤਰ ਨਹੀਂ ਦਿੱਤਾ। ਇਸ ਲਈ ਮੇਰੇ ਘਰ ਵਿੱਚ ਪੈਦਾ ਹੋਣ ਵਾਲਾ ਗੁਲਾਮ ਹੀ ਮੇਰੀ ਹਰ ਸ਼ੈਅ ਦਾ ਵਾਰਿਸ ਹੋਵੇਗਾ।”
4ਫ਼ੇਰ ਯਹੋਵਾਹ ਨੇ ਅਬਰਾਮ ਨਾਲ ਗੱਲ ਕੀਤੀ। ਪਰਮੇਸ਼ੁਰ ਨੇ ਆਖਿਆ। “ਉਹ ਗੁਲਾਮ ਤੇਰੀਆਂ ਚੀਜ਼ਾਂ ਦਾ ਵਾਰਿਸ ਨਹੀਂ ਹੋਵੇਗਾ। ਤੇਰੇ ਘਰ ਪੁੱਤਰ ਹੋਵੇਗਾ ਅਤੇ ਤੇਰਾ ਪੁੱਤਰ ਤੇਰੀਆਂ ਸਾਰੀਆਂ ਚੀਜ਼ਾਂ ਦਾ ਵਾਰਿਸ ਹੋਵੇਗਾ।”
5ਫ਼ੇਰ ਪਰਮੇਸ਼ੁਰ ਅਬਰਾਮ ਨੂੰ ਬਾਹਰ ਲੈ ਗਿਆ। ਪਰਮੇਸ਼ੁਰ ਨੇ ਆਖਿਆ, “ਅਕਾਸ਼ ਵੱਲ ਦੇਖ। ਬਹੁਤ ਸਾਰੇ ਤਾਰਿਆਂ ਵੱਲ ਦੇਖ। ਇਹ ਇੰਨੇ ਹਨ ਕਿ ਤੂੰ ਇਨ੍ਹਾਂ ਨੂੰ ਗਿਣ ਨਹੀਂ ਸੱਕਦਾ। ਭਵਿੱਖ ਵਿੱਚ ਤੇਰਾ ਪਰਿਵਾਰ ਵੀ ਇਸੇ ਤਰ੍ਹਾਂ ਹੋਵੇਗਾ।”
6ਅਬਰਾਮ ਨੇ ਯਹੋਵਾਹ ਵਿੱਚ ਯਕੀਨ ਕੀਤਾ ਅਤੇ ਉਸ ਨੇ ਉਸ ਨੂੰ ਭਰੋਸਾ ਕਰਨ ਦੇ ਯੋਗ ਮੰਨਿਆ। 7ਪਰਮੇਸ਼ੁਰ ਨੇ ਅਬਰਾਮ ਨੂੰ ਆਖਿਆ, “ਮੈਂ ਹੀ ਉਹ ਯਹੋਵਾਹ ਹਾਂ ਜਿਸਨੇ ਤੈਨੂੰ ਕਸਦੀਆਂ ਦੇ ਊਰ ਵਿੱਚੋਂ ਬਾਹਰ ਲਿਆਂਦਾ। ਅਜਿਹਾ ਮੈਂ ਇਸ ਲਈ ਕੀਤਾ ਤਾਂ ਜੋ ਤੈਨੂੰ ਇਹ ਜ਼ਮੀਨ ਦੇ ਸੱਕਾਂ-ਤੂੰ ਇਸ ਜ਼ਮੀਨ ਦਾ ਮਾਲਕ ਹੋਵੇਂਗਾ।”
8ਪਰ ਅਬਰਾਮ ਨੇ ਆਖਿਆ, “ਯਹੋਵਾਹ ਮੇਰੇ ਸੁਆਮੀ, ਮੈਂ ਕਿਵੇਂ ਯਕੀਨ ਕਰਾਂ ਕਿ ਮੈਨੂੰ ਇਹ ਜ਼ਮੀਨ ਮਿਲੇਗੀ?”
9ਪਰਮੇਸ਼ੁਰ ਨੇ ਅਬਰਾਮ ਨੂੰ ਆਖਿਆ, “ਅਸੀਂ ਇੱਕ ਇਕਰਾਰਨਾਮਾ ਕਰਾਂਗੇ ਮੇਰੇ ਲਈ ਤਿੰਨ ਵਰ੍ਹਿਆਂ ਦੀ ਇੱਕ ਗਾਂ, ਤਿੰਨ ਵਰ੍ਹਿਆਂ ਦੀ ਇੱਕ ਬੱਕਰੀ, ਤਿੰਨ ਵਰ੍ਹਿਆਂ ਦੀ ਇੱਕ ਭੇਡ ਅਤੇ ਇੱਕ ਘੁੱਗੀ ਅਤੇ ਕਬੂਤਰ ਵੀ ਲੈ ਕੇ ਆ।”
10ਅਬਰਾਮ ਪਰਮੇਸ਼ੁਰ ਲਈ ਇਹ ਸਾਰੀਆਂ ਚੀਜ਼ਾਂ ਲੈ ਆਇਆ। ਅਬਰਾਮ ਨੇ ਇਨ੍ਹਾਂ ਜਾਨਵਰਾਂ ਨੂੰ ਦੋ ਟੁਕੜਿਆਂ ਵਿੱਚ ਵੱਢਿਆ। ਫ਼ੇਰ ਅਬਰਾਮ ਨੇ ਦੋਵੇਂ ਅੱਧੇ ਹਿਸਿਆਂ ਨੂੰ ਇੱਕ ਦੂਸਰੇ ਦੇ ਸਾਹਮਣੇ ਧਰ ਦਿੱਤਾ। ਅਬਰਾਮ ਨੇ ਪੰਛੀਆਂ ਦੇ ਟੋਟੇ ਨਹੀਂ ਕੀਤੇ। 11ਬਾਦ ਵਿੱਚ ਵੱਡੇ ਪੰਛੀ ਪਸ਼ੂਆਂ ਨੂੰ ਖਾਣ ਲਈ ਹੇਠਾਂ ਉੱਤਰ ਆਏ। ਪਰ ਅਬਰਾਮ ਨੇ ਉਨ੍ਹਾਂ ਨੂੰ ਦੂਰ ਭਜਾ ਦਿੱਤਾ।
12ਬਾਦ ਵਿੱਚ ਦਿਨ ਛਿਪਣ ਲੱਗਾ। ਅਬਰਾਮ ਨੂੰ ਬਹੁਤ ਨੀਂਦ ਆਈ ਅਤੇ ਉਹ ਸੌਂ ਗਿਆ। ਜਦੋਂ ਉਹ ਸੁੱਤਾ ਹੋਇਆ ਸੀ ਤਾਂ ਇੱਕ ਭਿਆਨਕ ਹਨੇਰਾ ਛਾ ਗਿਆ। 13ਫ਼ੇਰ ਯਹੋਵਾਹ ਨੇ ਅਬਰਾਮ ਨੂੰ ਆਖਿਆ, “ਤੈਨੂੰ ਇਹ ਗੱਲਾਂ ਜਾਣ ਲੈਣੀਆਂ ਚਾਹੀਦੀਆਂ ਹਨ: ਤੇਰੇ ਉੱਤਰਾਧਿਕਾਰੀ ਅਜਿਹੇ ਦੇਸ਼ ਵਿੱਚ ਰਹਿਣਗੇ ਜਿਹੜਾ ਉਨ੍ਹਾਂ ਦਾ ਆਪਣਾ ਨਹੀਂ ਹੋਵੇਗਾ। ਉਹ ਉੱਥੇ ਅਜਨਬੀ ਹੋਣਗੇ। ਅਤੇ ਉੱਥੋਂ ਦੇ ਲੋਕ ਉਨ੍ਹਾਂ ਨੂੰ ਗੁਲਾਮ ਬਣਾ ਲੈਣਗੇ ਅਤੇ ਉਨ੍ਹਾਂ ਨਾਲ 400 ਵਰ੍ਹਿਆਂ ਤੱਕ ਬੁਰਾ ਸਲੂਕ ਕਰਨਗੇ। 14ਪਰ ਫ਼ੇਰ ਮੈਂ ਉਸ ਕੌਮ ਨੂੰ ਸਜ਼ਾ ਦੇਵਾਂਗਾ ਜਿਸਨੇ ਉਨ੍ਹਾਂ ਨੂੰ ਗੁਲਾਮ ਬਣਾਇਆ ਹੋਵੇਗਾ। ਤੇਰੇ ਲੋਕ ਉਸ ਧਰਤੀ ਨੂੰ ਛੱਡ ਜਾਣਗੇ ਅਤੇ ਆਪਣੇ ਨਾਲ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਲੈ ਜਾਣਗੇ।
15“ਤੂੰ ਖੁਦ ਬਹੁਤ ਲੰਮੀ ਉਮਰ ਭੋਗੇਂਗਾ। ਤੂੰ ਅਮਨ ਚੈਨ ਨਾਲ ਮਰੇਂਗਾ। ਅਤੇ ਤੈਨੂੰ ਤੇਰੇ ਪਰਿਵਾਰ ਨਾਲ ਦਫ਼ਨਾਇਆ ਜਾਵੇਗਾ। 16ਚਾਰ ਪੀੜੀਆਂ ਬਾਦ ਤੇਰੇ ਲੋਕ ਇਸ ਧਰਤੀ ਉੱਤੇ ਫ਼ੇਰ ਆਉਣਗੇ। ਉਸ ਸਮੇਂ, ਤੇਰੇ ਲੋਕ ਅਮੋਰੀਆਂ ਨੂੰ ਹਰਾ ਦੇਣਗੇ। ਮੈਂ ਤੁਹਾਡੇ ਲੋਕਾਂ ਦੇ ਰਾਹੀਂ ਇੱਥੇ ਰਹਿਣ ਵਾਲੇ ਅਮੋਰੀਆਂ ਨੂੰ ਸਜ਼ਾ ਦੇਵਾਂਗਾ। ਇਹ ਗੱਲ ਭਵਿੱਖ ਵਿੱਚ ਹੋਵੇਗੀ, ਕਿਉਂਕਿ ਅਮੋਰੀ ਲੋਕ ਹਾਲੇ ਇਨੇ ਪਾਪੀ ਨਹੀਂ ਕਿ ਸਜ਼ਾ ਦੇ ਭਾਗੀ ਹੋਣ।”
17ਸੂਰਜ ਛੁਪਣ ਤੋਂ ਬਾਦ, ਬਹੁਤ ਹਨੇਰਾ ਹੋ ਗਿਆ। ਮੁਰਦਾ ਜਾਨਵਰ ਹਾਲੇ ਵੀ ਧਰਤੀ ਉੱਤੇ ਪਏ ਸਨ-ਹਰੇਕ ਜਾਨਵਰ ਦੋ ਹਿਸਿਆਂ ਵਿੱਚ ਵੰਡਿਆ ਹੋਇਆ ਸੀ। ਉਸ ਵੇਲੇ, ਮਰੇ ਹੋਏ ਜਾਨਵਰਾਂ ਦੇ ਅੱਧੇ ਟੋਟਿਆਂ ਦੇ ਵਿੱਚਕਾਰੋਂ ਅੱਗ ਅਤੇ ਧੂੰਏਂ ਦੀ ਲਕੀਰ#15:17 ਅੱਗ ਅਤੇ ਧੂੱਏਂ ਦੀ ਲਕੀਰ ਇੱਕ ਨਿਸ਼ਾਨ ਜੋਂ ਪਰਮੇਸ਼ੁਰ ਨੇ ਇਹ ਦਰਸ਼ਾਉਣ ਲਈ ਵਰਤਿਆ ਕਿ ਉਹ ਆਪਣੇ ਲੋਕਾਂ ਦੇ ਨਾਲ ਸੀ। ਨਿਕਲੀ।
18ਇਸ ਲਈ ਉਸ ਦਿਨ, ਯਹੋਵਾਹ ਨੇ ਅਬਰਾਮ ਨਾਲ ਇਹ ਆਖਦਿਆਂ ਹੋਇਆਂ ਇਕਰਾਰ ਕੀਤਾ, “ਮੈਂ ਇਹ ਧਰਤੀ ਤੇਰੇ ਉੱਤਰਾਧਿਕਾਰੀਆਂ ਨੂੰ ਦੇਵਾਂਗਾ। ਉਨ੍ਹਾਂ ਦੀ ਧਰਤੀ ਮਿਸਰ ਵਿੱਚਲੀ ਨੀਲ ਨਦੀ ਤੋਂ ਫ਼ਰਾਤ ਨਦੀ ਤਾਈਂ ਫੈਲੇਗੀ। 19ਇਹ ਧਰਤੀ ਕੇਨੀ ਲੋਕਾਂ, ਕਨਿਜ਼ੀ ਲੋਕਾਂ, ਕਦਮੋਨੀ ਲੋਕਾਂ, 20ਹਿੱਤੀ ਲੋਕਾਂ, ਪਰਿਜ਼ੀ ਲੋਕਾਂ, ਰਫਾਈਮ ਲੋਕਾਂ, 21ਅਮੋਰੀ ਲੋਕਾਂ, ਕਨਾਨੀ ਲੋਕਾਂ, ਗਿਰਗਾਸ਼ੀ ਲੋਕਾਂ ਅਤੇ ਯਬੂਸੀ ਲੋਕਾਂ ਦੀ ਹੈ।”

目前選定:

ਉਤਪਤ 15: PERV

醒目顯示

分享

複製

None

想在你所有裝置上儲存你的醒目顯示?註冊帳戶或登入