YouVersion 標誌
搜尋圖標

ਮੱਤੀ 6

6
ਦਾਨ ਦੇਣ ਬਾਰੇ ਸਿੱਖਿਆ
1 “ਖ਼ਬਰਦਾਰ! ਆਪਣੇ ਧਾਰਮਿਕਤਾ ਦੇ ਕੰਮ # 6:1 ਕੁਝ ਹਸਤਲੇਖਾਂ ਵਿੱਚ “ਆਪਣੇ ਧਾਰਮਿਕਤਾ ਦੇ ਕੰਮ” ਦੇ ਸਥਾਨ 'ਤੇ “ਆਪਣਾ ਦਾਨ” ਲਿਖਿਆ ਹੈ। ਮਨੁੱਖਾਂ ਸਾਹਮਣੇ ਉਨ੍ਹਾਂ ਨੂੰ ਵਿਖਾਉਣ ਲਈ ਨਾ ਕਰੋ, ਨਹੀਂ ਤਾਂ ਤੁਹਾਡੇ ਪਿਤਾ ਤੋਂ ਜਿਹੜਾ ਸਵਰਗ ਵਿੱਚ ਹੈ ਤੁਹਾਨੂੰ ਕੁਝ ਪ੍ਰਤਿਫਲ ਨਹੀਂ ਮਿਲੇਗਾ।
2 “ਇਸ ਲਈ ਜਦੋਂ ਤੂੰ ਦਾਨ ਕਰੇਂ ਤਾਂ ਆਪਣੇ ਅੱਗੇ ਤੁਰ੍ਹੀ ਨਾ ਵਜਵਾ, ਜਿਵੇਂ ਪਖੰਡੀ ਸਭਾ-ਘਰਾਂ ਅਤੇ ਗਲੀਆਂ ਵਿੱਚ ਕਰਦੇ ਹਨ ਤਾਂਕਿ ਲੋਕ ਉਨ੍ਹਾਂ ਦੀ ਵਡਿਆਈ ਕਰਨ; ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਉਹ ਆਪਣਾ ਪ੍ਰਤਿਫਲ ਪਾ ਚੁੱਕੇ। 3ਪਰ ਜਦੋਂ ਤੂੰ ਦਾਨ ਕਰੇਂ ਤਾਂ ਤੇਰਾ ਖੱਬਾ ਹੱਥ ਨਾ ਜਾਣੇ ਕਿ ਤੇਰਾ ਸੱਜਾ ਹੱਥ ਕੀ ਕਰਦਾ ਹੈ, 4ਤਾਂਕਿ ਤੇਰਾ ਦਾਨ ਗੁਪਤ ਵਿੱਚ ਹੋਵੇ; ਤਦ ਤੇਰਾ ਪਿਤਾ ਜਿਹੜਾ ਗੁਪਤ ਵਿੱਚ ਵੇਖਦਾ ਹੈ ਤੈਨੂੰ#6:4 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਸਭ ਦੇ ਸਾਹਮਣੇ” ਲਿਖਿਆ ਹੈ।ਪ੍ਰਤਿਫਲ ਦੇਵੇਗਾ।
ਪ੍ਰਾਰਥਨਾ ਬਾਰੇ ਸਿੱਖਿਆ
5 “ਜਦੋਂ ਤੁਸੀਂ ਪ੍ਰਾਰਥਨਾ ਕਰੋ ਤਾਂ ਪਖੰਡੀਆਂ ਵਾਂਗ ਨਾ ਬਣੋ, ਕਿਉਂਕਿ ਉਹ ਸਭਾ-ਘਰਾਂ ਵਿੱਚ ਅਤੇ ਗਲੀਆਂ ਦੇ ਮੋੜਾਂ 'ਤੇ ਖੜ੍ਹੇ ਹੋ ਕੇ ਪ੍ਰਾਰਥਨਾ ਕਰਨੀ ਪਸੰਦ ਕਰਦੇ ਹਨ ਤਾਂਕਿ ਮਨੁੱਖ ਉਨ੍ਹਾਂ ਨੂੰ ਵੇਖਣ; ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਉਹ ਆਪਣਾ ਪ੍ਰਤਿਫਲ ਪਾ ਚੁੱਕੇ। 6ਪਰ ਜਦੋਂ ਤੂੰ ਪ੍ਰਾਰਥਨਾ ਕਰੇਂ ਤਾਂ ਆਪਣੇ ਕਮਰੇ ਵਿੱਚ ਜਾ ਅਤੇ ਦਰਵਾਜ਼ਾ ਬੰਦ ਕਰਕੇ ਆਪਣੇ ਪਿਤਾ ਅੱਗੇ ਜਿਹੜਾ ਗੁਪਤ ਵਿੱਚ ਹੈ, ਪ੍ਰਾਰਥਨਾ ਕਰ; ਤਦ ਤੇਰਾ ਪਿਤਾ ਜੋ ਗੁਪਤ ਵਿੱਚ ਵੇਖਦਾ ਹੈ ਤੈਨੂੰ#6:6 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਸਭ ਦੇ ਸਾਹਮਣੇ” ਲਿਖਿਆ ਹੈ।ਪ੍ਰਤਿਫਲ ਦੇਵੇਗਾ। 7ਪਰ ਪ੍ਰਾਰਥਨਾ ਕਰਦਿਆਂ ਪਰਾਈਆਂ ਕੌਮਾਂ ਵਾਂਗ ਬਕ-ਬਕ ਨਾ ਕਰੋ, ਕਿਉਂਕਿ ਉਹ ਸੋਚਦੇ ਹਨ ਕਿ ਉਨ੍ਹਾਂ ਦੇ ਬਹੁਤਾ ਬੋਲਣ ਕਰਕੇ ਉਨ੍ਹਾਂ ਦੀ ਸੁਣੀ ਜਾਵੇਗੀ। 8ਸੋ ਤੁਸੀਂ ਉਨ੍ਹਾਂ ਵਰਗੇ ਨਾ ਬਣੋ, ਕਿਉਂਕਿ ਤੁਹਾਡਾ ਪਿਤਾ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ ਕਿ ਤੁਹਾਨੂੰ ਕਿਹੜੀਆਂ ਵਸਤਾਂ ਦੀ ਜ਼ਰੂਰਤ ਹੈ।
9 “ਇਸ ਲਈ ਤੁਸੀਂ ਇਸ ਤਰ੍ਹਾਂ ਪ੍ਰਾਰਥਨਾ ਕਰਨਾ:
ਹੇ ਸਾਡੇ ਪਿਤਾ,
ਤੂੰ ਜੋ ਸਵਰਗ ਵਿੱਚ ਹੈਂ,
ਤੇਰਾ ਨਾਮ ਪਵਿੱਤਰ ਮੰਨਿਆ ਜਾਵੇ,
10 ਤੇਰਾ ਰਾਜ ਆਵੇ,
ਤੇਰੀ ਇੱਛਾ ਜਿਵੇਂ ਸਵਰਗ ਵਿੱਚ ਪੂਰੀ ਹੁੰਦੀ ਹੈ,
ਧਰਤੀ ਉੱਤੇ ਵੀ ਹੋਵੇ।
11 ਸਾਡੀ ਰੋਜ਼ ਦੀ ਰੋਟੀ ਅੱਜ ਸਾਨੂੰ ਦੇ;
12 ਅਤੇ ਸਾਡੇ ਅਪਰਾਧ ਸਾਨੂੰ ਮਾਫ਼ ਕਰ,
ਜਿਵੇਂ ਅਸੀਂ ਵੀ ਆਪਣੇ ਅਪਰਾਧੀਆਂ ਨੂੰ ਮਾਫ਼ ਕੀਤਾ ਹੈ।
13 ਸਾਨੂੰ ਪਰਤਾਵੇ ਵਿੱਚ ਨਾ ਪਾ,
ਸਗੋਂ ਬੁਰਾਈ ਤੋਂ ਬਚਾ।
[ਕਿਉਂਕਿ ਰਾਜ ਅਤੇ ਸ਼ਕਤੀ ਅਤੇ ਮਹਿਮਾ ਸਦਾ ਤੇਰੇ ਹੀ ਹਨ। ਆਮੀਨ।] # 6:13 ਕੁਝ ਹਸਤਲੇਖਾਂ ਵਿੱਚ ਇਹ ਵਾਕ ਵੀ ਪਾਇਆ ਜਾਂਦਾ ਹੈ।
14 “ਕਿਉਂਕਿ ਜੇ ਤੁਸੀਂ ਮਨੁੱਖਾਂ ਨੂੰ ਉਨ੍ਹਾਂ ਦੇ ਅਪਰਾਧ ਮਾਫ਼ ਕਰ ਦਿਓ ਤਾਂ ਤੁਹਾਡਾ ਸਵਰਗੀ ਪਿਤਾ ਵੀ ਤੁਹਾਨੂੰ ਮਾਫ਼ ਕਰ ਦੇਵੇਗਾ; 15ਪਰ ਜੇ ਤੁਸੀਂ ਮਨੁੱਖਾਂ ਨੂੰ ਉਨ੍ਹਾਂ ਦੇ ਅਪਰਾਧ#6:15 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਉਨ੍ਹਾਂ ਦੇ ਅਪਰਾਧ” ਨਹੀਂ ਲਿਖਿਆ ਹੈ।ਮਾਫ਼ ਨਾ ਕਰੋ ਤਾਂ ਤੁਹਾਡਾ ਪਿਤਾ ਵੀ ਤੁਹਾਡੇ ਅਪਰਾਧਾਂ ਨੂੰ ਮਾਫ਼ ਨਹੀਂ ਕਰੇਗਾ।
ਵਰਤ ਬਾਰੇ ਸਿੱਖਿਆ
16 “ਜਦੋਂ ਤੁਸੀਂ ਵਰਤ ਰੱਖੋ ਤਾਂ ਪਖੰਡੀਆਂ ਵਾਂਗ ਮੂੰਹ ਉਦਾਸ ਨਾ ਬਣਾਓ, ਕਿਉਂਕਿ ਉਹ ਆਪਣਾ ਮੂੰਹ ਇਸ ਲਈ ਵਿਗਾੜਦੇ ਹਨ ਤਾਂਕਿ ਮਨੁੱਖਾਂ ਨੂੰ ਵਰਤੀ ਵਿਖਾਈ ਦੇਣ; ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਉਹ ਆਪਣਾ ਪ੍ਰਤਿਫਲ ਪਾ ਚੁੱਕੇ। 17ਪਰ ਜਦੋਂ ਤੂੰ ਵਰਤ ਰੱਖੇਂ ਤਾਂ ਆਪਣੇ ਸਿਰ ਨੂੰ ਤੇਲ ਲਾ ਅਤੇ ਆਪਣਾ ਮੂੰਹ ਧੋ, 18ਤਾਂਕਿ ਤੂੰ ਮਨੁੱਖਾਂ ਨੂੰ ਨਹੀਂ ਸਗੋਂ ਆਪਣੇ ਪਿਤਾ ਨੂੰ ਜਿਹੜਾ ਗੁਪਤ ਵਿੱਚ ਹੈ, ਵਰਤੀ ਵਿਖਾਈ ਦੇਵੇਂ; ਤਦ ਤੇਰਾ ਪਿਤਾ ਜੋ ਗੁਪਤ ਵਿੱਚ ਵੇਖਦਾ ਹੈ, ਤੈਨੂੰ#6:18 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਸਭ ਦੇ ਸਾਹਮਣੇ” ਲਿਖਿਆ ਹੈ।ਪ੍ਰਤਿਫਲ ਦੇਵੇਗਾ।
ਦੋ ਮਾਲਕ: ਪਰਮੇਸ਼ਰ ਅਤੇ ਧਨ
19 “ਆਪਣੇ ਲਈ ਧਰਤੀ ਉੱਤੇ ਧਨ ਇਕੱਠਾ ਨਾ ਕਰੋ ਜਿੱਥੇ ਕੀੜਾ ਅਤੇ ਜੰਗਾਲ ਵਿਗਾੜਦਾ ਹੈ ਅਤੇ ਜਿੱਥੇ ਚੋਰ ਸੰਨ੍ਹ ਲਾਉਂਦੇ ਅਤੇ ਚੋਰੀ ਕਰਦੇ ਹਨ; 20ਸਗੋਂ ਆਪਣੇ ਲਈ ਸਵਰਗ ਵਿੱਚ ਧਨ ਇਕੱਠਾ ਕਰੋ ਜਿੱਥੇ ਨਾ ਕੀੜਾ ਅਤੇ ਨਾ ਜੰਗਾਲ ਵਿਗਾੜਦਾ ਹੈ ਅਤੇ ਜਿੱਥੇ ਨਾ ਚੋਰ ਸੰਨ੍ਹ ਲਾਉਂਦੇ ਅਤੇ ਨਾ ਚੋਰੀ ਕਰਦੇ ਹਨ; 21ਕਿਉਂਕਿ ਜਿੱਥੇ ਤੇਰਾ ਧਨ ਹੈ, ਉੱਥੇ ਤੇਰਾ ਮਨ ਵੀ ਹੋਵੇਗਾ।
22 “ਸਰੀਰ ਦਾ ਦੀਵਾ ਅੱਖ ਹੈ। ਇਸ ਲਈ ਜੇ ਤੇਰੀ ਅੱਖ ਸ਼ੁੱਧ ਹੋਵੇ ਤਾਂ ਤੇਰਾ ਸਾਰਾ ਸਰੀਰ ਚਾਨਣਾ ਹੋਵੇਗਾ। 23ਪਰ ਜੇ ਤੇਰੀ ਅੱਖ ਬੁਰੀ ਹੋਵੇ ਤਾਂ ਤੇਰਾ ਸਾਰਾ ਸਰੀਰ ਹਨੇਰਾ ਹੋਵੇਗਾ। ਇਸ ਲਈ ਜੇ ਤੇਰੇ ਅੰਦਰ ਦਾ ਚਾਨਣ ਹਨੇਰਾ ਹੈ ਤਾਂ ਉਹ ਹਨੇਰਾ ਕਿੰਨਾ ਵੱਡਾ ਹੋਵੇਗਾ!
24 “ਕੋਈ ਵੀ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ, ਕਿਉਂਕਿ ਜਾਂ ਤਾਂ ਉਹ ਇੱਕ ਨਾਲ ਵੈਰ ਰੱਖੇਗਾ ਅਤੇ ਦੂਜੇ ਨੂੰ ਪਿਆਰ ਕਰੇਗਾ; ਜਾਂ ਇੱਕ ਨਾਲ ਮਿਲਿਆ ਰਹੇਗਾ ਅਤੇ ਦੂਜੇ ਨੂੰ ਤੁੱਛ ਜਾਣੇਗਾ। ਤੁਸੀਂ ਪਰਮੇਸ਼ਰ ਅਤੇ ਧਨ ਦੋਹਾਂ ਦੀ ਸੇਵਾ ਨਹੀਂ ਕਰ ਸਕਦੇ।
ਚਿੰਤਾ ਨਾ ਕਰੋ
25 “ਇਸ ਲਈ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਆਪਣੀ ਜਾਨ ਦੀ ਚਿੰਤਾ ਨਾ ਕਰੋ ਕਿ ਅਸੀਂ ਕੀ ਖਾਵਾਂਗੇ ਜਾਂ ਕੀ ਪੀਵਾਂਗੇ ਅਤੇ ਨਾ ਹੀ ਆਪਣੇ ਸਰੀਰ ਦੀ ਕਿ ਅਸੀਂ ਕੀ ਪਹਿਨਾਂਗੇ? ਕੀ ਜਾਨ ਭੋਜਨ ਨਾਲੋਂ ਅਤੇ ਸਰੀਰ ਵਸਤਰ ਨਾਲੋਂ ਵਧਕੇ ਨਹੀਂ? 26ਅਕਾਸ਼ ਦੇ ਪੰਛੀਆਂ ਵੱਲ ਵੇਖੋ, ਕਿਉਂਕਿ ਉਹ ਨਾ ਬੀਜਦੇ, ਨਾ ਵੱਢਦੇ ਅਤੇ ਨਾ ਹੀ ਭੜੋਲਿਆਂ ਵਿੱਚ ਇਕੱਠਾ ਕਰਦੇ ਹਨ, ਪਰ ਤੁਹਾਡਾ ਸਵਰਗੀ ਪਿਤਾ ਉਨ੍ਹਾਂ ਨੂੰ ਖੁਆਉਂਦਾ ਹੈ; ਕੀ ਤੁਸੀਂ ਉਨ੍ਹਾਂ ਨਾਲੋਂ ਵਡਮੁੱਲੇ ਨਹੀਂ ਹੋ? 27ਤੁਹਾਡੇ ਵਿੱਚੋਂ ਕੌਣ ਹੈ ਜਿਹੜਾ ਚਿੰਤਾ ਕਰਕੇ ਆਪਣੀ ਉਮਰ ਨੂੰ ਇੱਕ ਪਲ ਵੀ ਵਧਾ ਸਕਦਾ ਹੈ? 28ਅਤੇ ਵਸਤਰ ਲਈ ਕਿਉਂ ਚਿੰਤਾ ਕਰਦੇ ਹੋ? ਜੰਗਲੀ ਫੁੱਲਾਂ ਨੂੰ ਵੇਖੋ ਕਿ ਉਹ ਕਿਵੇਂ ਵਧਦੇ ਹਨ; ਉਹ ਨਾ ਤਾਂ ਮਿਹਨਤ ਕਰਦੇ ਅਤੇ ਨਾ ਹੀ ਕੱਤਦੇ ਹਨ; 29ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਸੁਲੇਮਾਨ ਵੀ ਆਪਣੀ ਸਾਰੀ ਸ਼ਾਨ ਵਿੱਚ ਇਨ੍ਹਾਂ ਵਿੱਚੋਂ ਕਿਸੇ ਇੱਕ ਵਰਗਾ ਪਹਿਨਿਆ ਹੋਇਆ ਨਾ ਸੀ। 30ਜੇ ਪਰਮੇਸ਼ਰ ਜੰਗਲੀ ਘਾਹ ਨੂੰ ਜੋ ਅੱਜ ਹੈ ਅਤੇ ਕੱਲ੍ਹ ਭੱਠੀ ਵਿੱਚ ਝੋਕਿਆ ਜਾਵੇਗਾ, ਅਜਿਹਾ ਪਹਿਨਾਉਂਦਾ ਹੈ ਤਾਂ ਹੇ ਥੋੜ੍ਹੇ ਵਿਸ਼ਵਾਸ ਵਾਲਿਓ, ਕੀ ਉਹ ਤੁਹਾਨੂੰ ਇਸ ਤੋਂ ਵਧਕੇ ਨਾ ਪਹਿਨਾਵੇਗਾ? 31ਇਸ ਲਈ ਤੁਸੀਂ ਚਿੰਤਾ ਕਰਕੇ ਇਹ ਨਾ ਕਹੋ, ‘ਅਸੀਂ ਕੀ ਖਾਵਾਂਗੇ’? ਜਾਂ ‘ਕੀ ਪੀਵਾਂਗੇ’? ਜਾਂ ‘ਕੀ ਪਹਿਨਾਂਗੇ’? 32ਕਿਉਂਕਿ ਪਰਾਈਆਂ ਕੌਮਾਂ ਇਨ੍ਹਾਂ ਸਭਨਾਂ ਵਸਤਾਂ ਦੀ ਖੋਜ ਵਿੱਚ ਰਹਿੰਦੀਆਂ ਹਨ, ਪਰ ਤੁਹਾਡਾ ਸਵਰਗੀ ਪਿਤਾ ਜਾਣਦਾ ਹੈ ਕਿ ਤੁਹਾਨੂੰ ਇਨ੍ਹਾਂ ਸਭਨਾਂ ਵਸਤਾਂ ਦੀ ਜ਼ਰੂਰਤ ਹੈ। 33ਪਰ ਤੁਸੀਂ ਪਹਿਲਾਂ ਪਰਮੇਸ਼ਰ ਦੇ ਰਾਜ ਅਤੇ ਉਸ ਦੀ ਧਾਰਮਿਕਤਾ ਦੀ ਖੋਜ ਕਰੋ ਤਾਂ ਇਹ ਸਾਰੀਆਂ ਵਸਤਾਂ ਤੁਹਾਨੂੰ ਦਿੱਤੀਆਂ ਜਾਣਗੀਆਂ। 34ਸੋ ਕੱਲ੍ਹ ਦੀ ਚਿੰਤਾ ਨਾ ਕਰੋ, ਕਿਉਂਕਿ ਕੱਲ੍ਹ ਆਪਣੀ ਚਿੰਤਾ ਆਪੇ ਕਰੇਗਾ। ਅੱਜ ਦੇ ਲਈ ਅੱਜ ਦਾ ਹੀ ਦੁੱਖ ਕਾਫੀ ਹੈ।

目前選定:

ਮੱਤੀ 6: PSB

醒目顯示

分享

複製

None

想在你所有裝置上儲存你的醒目顯示?註冊帳戶或登入