ਲੂਕਾ 24
24
ਯਿਸੂ ਦਾ ਜੀ ਉੱਠਣਾ
1ਹਫ਼ਤੇ ਦੇ ਪਹਿਲੇ ਦਿਨ ਤੜਕੇ ਹੀ ਉਹ ਉਨ੍ਹਾਂ ਖੁਸ਼ਬੂਦਾਰ ਮਸਾਲਿਆਂ ਨੂੰ ਲੈ ਕੇ ਕਬਰ ਉੱਤੇ ਆਈਆਂ ਜੋ ਉਨ੍ਹਾਂ ਤਿਆਰ ਕੀਤੇ ਸਨ। 2ਪਰ ਉਨ੍ਹਾਂ ਨੇ ਵੇਖਿਆ ਕਿ ਪੱਥਰ ਕਬਰ ਤੋਂ ਪਾਸੇ ਰਿੜ੍ਹਿਆ ਹੋਇਆ ਸੀ 3ਅਤੇ ਜਦੋਂ ਉਹ ਅੰਦਰ ਗਈਆਂ ਤਾਂ ਉਨ੍ਹਾਂ ਨੂੰ ਪ੍ਰਭੂ ਯਿਸੂ ਦੀ ਲਾਸ਼ ਨਾ ਮਿਲੀ। 4ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਉਹ ਇਸ ਬਾਰੇ ਦੁਬਿਧਾ ਵਿੱਚ ਸਨ ਤਾਂ ਵੇਖੋ, ਚਮਕੀਲੇ ਵਸਤਰ ਪਹਿਨੀ ਦੋ ਵਿਅਕਤੀ ਉਨ੍ਹਾਂ ਕੋਲ ਆ ਖੜ੍ਹੇ ਹੋਏ। 5ਜਦੋਂ ਡਰ ਦੇ ਮਾਰੇ ਔਰਤਾਂ ਨੇ ਆਪਣੇ ਮੂੰਹ ਜ਼ਮੀਨ ਵੱਲ ਝੁਕਾਏ ਹੋਏ ਸਨ ਤਾਂ ਉਨ੍ਹਾਂ ਵਿਅਕਤੀਆਂ ਨੇ ਕਿਹਾ, “ਤੁਸੀਂ ਜੀਉਂਦੇ ਨੂੰ ਮੁਰਦਿਆਂ ਵਿੱਚ ਕਿਉਂ ਲੱਭਦੀਆਂ ਹੋ? 6ਉਹ ਇੱਥੇ ਨਹੀਂ ਹੈ, ਪਰ ਜੀ ਉੱਠਿਆ ਹੈ। ਯਾਦ ਕਰੋ ਗਲੀਲ ਵਿੱਚ ਹੁੰਦਿਆਂ ਉਸ ਨੇ ਤੁਹਾਨੂੰ ਕਿਹਾ ਸੀ, 7‘ਜ਼ਰੂਰ ਹੈ ਜੋ ਮਨੁੱਖ ਦਾ ਪੁੱਤਰ ਪਾਪੀਆਂ ਦੇ ਹੱਥੀਂ ਫੜਵਾਇਆ ਜਾਵੇ, ਸਲੀਬ 'ਤੇ ਚੜ੍ਹਾਇਆ ਜਾਵੇ ਅਤੇ ਤੀਜੇ ਦਿਨ ਜੀ ਉੱਠੇ’।” 8ਤਦ ਉਨ੍ਹਾਂ ਨੂੰ ਉਸ ਦੀਆਂ ਗੱਲਾਂ ਯਾਦ ਆਈਆਂ। 9ਫਿਰ ਉਨ੍ਹਾਂ ਕਬਰ ਤੋਂ ਵਾਪਸ ਆ ਕੇ ਗਿਆਰਾਂ ਨੂੰ ਅਤੇ ਬਾਕੀਆਂ ਨੂੰ ਇਹ ਸਭ ਗੱਲਾਂ ਦੱਸੀਆਂ। 10ਮਰਿਯਮ ਮਗਦਲੀਨੀ, ਯੋਆਨਾ ਅਤੇ ਯਾਕੂਬ ਦੀ ਮਾਤਾ ਮਰਿਯਮ ਅਤੇ ਉਨ੍ਹਾਂ ਦੇ ਨਾਲ ਕੁਝ ਹੋਰ ਔਰਤਾਂ ਸਨ ਜਿਨ੍ਹਾਂ ਨੇ ਰਸੂਲਾਂ ਨੂੰ ਇਹ ਗੱਲਾਂ ਦੱਸੀਆਂ। 11ਪਰ ਉਨ੍ਹਾਂ ਨੂੰ ਇਹ ਗੱਲਾਂ ਕਹਾਣੀਆਂ ਜਿਹੀਆਂ ਲੱਗੀਆਂ ਅਤੇ ਉਨ੍ਹਾਂ ਨੇ ਉਨ੍ਹਾਂ ਔਰਤਾਂ 'ਤੇ ਵਿਸ਼ਵਾਸ ਨਾ ਕੀਤਾ। 12ਪਰ ਪਤਰਸ ਉੱਠ ਕੇ ਕਬਰ ਵੱਲ ਦੌੜਿਆ ਅਤੇ ਝੁਕ ਕੇ ਅੰਦਰ ਕੇਵਲ ਮਲਮਲ ਦੇ ਕੱਪੜੇ ਹੀ ਵੇਖੇ। ਤਦ ਉਹ ਇਸ ਘਟਨਾ 'ਤੇ ਹੈਰਾਨ ਹੁੰਦਾ ਹੋਇਆ ਵਾਪਸ ਮੁੜ ਗਿਆ।
ਯਿਸੂ ਦਾ ਇੰਮਊਸ ਵੱਲ ਜਾਣਾ
13ਫਿਰ ਵੇਖੋ, ਉਨ੍ਹਾਂ ਵਿੱਚੋਂ ਦੋ ਜਣੇ ਉਸੇ ਦਿਨ ਯਰੂਸ਼ਲਮ ਤੋਂ ਗਿਆਰਾਂ ਕਿਲੋਮੀਟਰ ਦੂਰ ਇੰਮਊਸ ਨਾਮਕ ਇੱਕ ਪਿੰਡ ਨੂੰ ਜਾ ਰਹੇ ਸਨ। 14ਉਹ ਆਪਸ ਵਿੱਚ ਇਨ੍ਹਾਂ ਸਭ ਘਟਨਾਵਾਂ ਦੇ ਬਾਰੇ ਜੋ ਵਾਪਰੀਆਂ ਸਨ, ਗੱਲਬਾਤ ਕਰ ਰਹੇ ਸਨ। 15ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਉਹ ਗੱਲਬਾਤ ਅਤੇ ਵਿਚਾਰ ਕਰਦੇ ਜਾ ਰਹੇ ਸਨ ਤਾਂ ਯਿਸੂ ਆਪ ਨੇੜੇ ਆ ਕੇ ਉਨ੍ਹਾਂ ਦੇ ਨਾਲ-ਨਾਲ ਚੱਲਣ ਲੱਗਾ। 16ਪਰ ਉਨ੍ਹਾਂ ਦੀਆਂ ਅੱਖਾਂ ਬੰਦ ਕੀਤੀਆਂ ਗਈਆਂ ਸਨ ਤਾਂਕਿ ਉਸ ਨੂੰ ਨਾ ਪਛਾਣਨ। 17ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ,“ਚੱਲਦੇ-ਚੱਲਦੇ ਤੁਸੀਂ ਆਪਸ ਵਿੱਚ ਇਹ ਕੀ ਗੱਲਾਂ ਕਰ ਰਹੇ ਹੋ?” ਤਦ ਉਹ ਉਦਾਸ ਹੋ ਕੇ ਰੁਕ ਗਏ 18ਕਲਿਉਪਸ ਨਾਮਕ ਇੱਕ ਵਿਅਕਤੀ ਨੇ ਉਸ ਨੂੰ ਕਿਹਾ, “ਕੀ ਤੂੰ ਇਕੱਲਾ ਹੀ ਯਰੂਸ਼ਲਮ ਵਿੱਚ ਪਰਦੇਸੀ ਹੈਂ ਜੋ ਇਨ੍ਹਾਂ ਦਿਨਾਂ ਵਿੱਚ ਵਾਪਰੀਆਂ ਗੱਲਾਂ ਨੂੰ ਨਹੀਂ ਜਾਣਦਾ?” 19ਉਸ ਨੇ ਉਨ੍ਹਾਂ ਨੂੰ ਕਿਹਾ,“ਕਿਹੜੀਆਂ ਗੱਲਾਂ?” ਉਨ੍ਹਾਂ ਨੇ ਕਿਹਾ, “ਯਿਸੂ ਨਾਸਰੀ ਦੇ ਵਿਖੇ ਜਿਹੜਾ ਪਰਮੇਸ਼ਰ ਦੇ ਅਤੇ ਸਭ ਲੋਕਾਂ ਦੇ ਸਾਹਮਣੇ ਕਥਨੀ ਅਤੇ ਕਰਨੀ ਵਿੱਚ ਇੱਕ ਸਾਮਰਥੀ ਨਬੀ ਸੀ; 20ਅਤੇ ਕਿਵੇਂ ਸਾਡੇ ਪ੍ਰਧਾਨ ਯਾਜਕਾਂ ਅਤੇ ਅਧਿਕਾਰੀਆਂ ਨੇ ਉਸ ਨੂੰ ਮੌਤ ਦੀ ਸਜ਼ਾ ਲਈ ਫੜਵਾਇਆ ਅਤੇ ਫਿਰ ਉਸ ਨੂੰ ਸਲੀਬ 'ਤੇ ਚੜ੍ਹਾ ਦਿੱਤਾ। 21ਸਾਨੂੰ ਆਸ ਸੀ ਕਿ ਇਹ ਉਹੋ ਹੈ ਜਿਹੜਾ ਇਸਰਾਏਲ ਨੂੰ ਛੁਡਾਵੇਗਾ, ਪਰ ਇਸ ਦੇ ਇਲਾਵਾ ਇਨ੍ਹਾਂ ਸਾਰੀਆਂ ਗੱਲਾਂ ਨੂੰ ਹੋਏ ਅੱਜ ਤੀਜਾ ਦਿਨ ਹੈ। 22ਫਿਰ ਸਾਡੇ ਵਿੱਚੋਂ ਕੁਝ ਔਰਤਾਂ ਨੇ ਵੀ ਸਾਨੂੰ ਹੈਰਾਨੀ ਵਿੱਚ ਪਾ ਦਿੱਤਾ ਹੈ ਜਿਹੜੀਆਂ ਸਵੇਰੇ-ਸਵੇਰੇ ਕਬਰ ਉੱਤੇ ਗਈਆਂ ਸਨ 23ਅਤੇ ਜਦੋਂ ਉਸ ਦੀ ਲਾਸ਼ ਨਾ ਵੇਖੀ ਤਾਂ ਵਾਪਸ ਆ ਕੇ ਕਿਹਾ, ‘ਅਸੀਂ ਸਵਰਗਦੂਤਾਂ ਦਾ ਦਰਸ਼ਨ ਵੀ ਵੇਖਿਆ, ਜਿਨ੍ਹਾਂ ਨੇ ਕਿਹਾ ਕਿ ਉਹ ਜੀਉਂਦਾ ਹੈ’। 24ਤਦ ਸਾਡੇ ਸਾਥੀਆਂ ਵਿੱਚੋਂ ਕੁਝ ਕਬਰ ਉੱਤੇ ਗਏ ਅਤੇ ਉਸੇ ਤਰ੍ਹਾਂ ਵੇਖਿਆ ਜਿਸ ਤਰ੍ਹਾਂ ਉਨ੍ਹਾਂ ਔਰਤਾਂ ਨੇ ਦੱਸਿਆ ਸੀ; ਉਨ੍ਹਾਂ ਵੀ ਉਸ ਨੂੰ ਨਾ ਪਾਇਆ।” 25ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ,“ਹੇ ਬੇਸਮਝੋ ਅਤੇ ਨਬੀਆਂ ਦੀਆਂ ਸਭ ਗੱਲਾਂ ਉੱਤੇ ਜੋ ਨਬੀਆਂ ਨੇ ਕਹੀਆਂ ਸਨ, ਵਿਸ਼ਵਾਸ ਕਰਨ ਵਿੱਚ ਢਿੱਲਿਓ! 26ਕੀ ਇਹ ਜ਼ਰੂਰੀ ਨਹੀਂ ਸੀ ਕਿ ਮਸੀਹ ਦੁੱਖ ਝੱਲ ਕੇ ਆਪਣੀ ਮਹਿਮਾ ਵਿੱਚ ਪ੍ਰਵੇਸ਼ ਕਰੇ?” 27ਤਦ ਉਸ ਨੇ ਮੂਸਾ ਅਤੇ ਸਭ ਨਬੀਆਂ ਤੋਂ ਅਰੰਭ ਕਰਕੇ ਸਾਰੀਆਂ ਲਿਖਤਾਂ ਵਿੱਚੋਂ ਆਪਣੇ ਵਿਖੇ ਲਿਖੀਆਂ ਗੱਲਾਂ ਦਾ ਅਰਥ ਉਨ੍ਹਾਂ ਨੂੰ ਸਮਝਾਇਆ। 28ਜਦੋਂ ਉਹ ਉਸ ਪਿੰਡ ਦੇ ਕੋਲ ਪਹੁੰਚੇ ਜਿੱਥੇ ਉਨ੍ਹਾਂ ਜਾਣਾ ਸੀ ਤਾਂ ਉਸ ਨੇ ਇਸ ਤਰ੍ਹਾਂ ਦਰਸਾਇਆ ਜਿਵੇਂ ਉਸ ਨੇ ਅੱਗੇ ਜਾਣਾ ਹੋਵੇ। 29ਪਰ ਉਨ੍ਹਾਂ ਉਸ ਨੂੰ ਬੜਾ ਜ਼ੋਰ ਦੇ ਕੇ ਕਿਹਾ, “ਸਾਡੇ ਕੋਲ ਠਹਿਰ ਜਾ, ਕਿਉਂਕਿ ਸ਼ਾਮ ਹੋਣ ਵਾਲੀ ਹੈ ਅਤੇ ਦਿਨ ਢਲ ਚੁੱਕਾ ਹੈ।” ਸੋ ਉਹ ਉਨ੍ਹਾਂ ਕੋਲ ਠਹਿਰਨ ਲਈ ਅੰਦਰ ਗਿਆ। 30ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਉਹ ਉਨ੍ਹਾਂ ਦੇ ਨਾਲ ਭੋਜਨ ਖਾਣ ਲਈ ਬੈਠਾ ਤਾਂ ਉਸ ਨੇ ਰੋਟੀ ਲੈ ਕੇ ਬਰਕਤ ਮੰਗੀ ਅਤੇ ਤੋੜ ਕੇ ਉਨ੍ਹਾਂ ਨੂੰ ਦੇਣ ਲੱਗਾ। 31ਤਦ ਉਨ੍ਹਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਉਨ੍ਹਾਂ ਉਸ ਨੂੰ ਪਛਾਣ ਲਿਆ, ਪਰ ਉਹ ਉਨ੍ਹਾਂ ਦੇ ਸਾਹਮਣਿਓਂ ਅਲੋਪ ਹੋ ਗਿਆ। 32ਉਹ ਆਪਸ ਵਿੱਚ ਕਹਿਣ ਲੱਗੇ, “ਜਦੋਂ ਉਹ ਰਾਹ ਵਿੱਚ ਸਾਡੇ ਨਾਲ ਗੱਲਾਂ ਕਰ ਰਿਹਾ ਸੀ ਅਤੇ ਲਿਖਤਾਂ ਦਾ ਅਰਥ ਸਾਨੂੰ ਸਮਝਾ ਰਿਹਾ ਸੀ, ਤਾਂ ਸਾਡੇ ਮਨ ਉਤੇਜਿਤ ਨਹੀਂ ਹੋ ਰਹੇ ਸਨ?” 33ਉਹ ਉਸੇ ਘੜੀ ਉੱਠ ਕੇ ਯਰੂਸ਼ਲਮ ਨੂੰ ਮੁੜ ਗਏ ਅਤੇ ਉੱਥੇ ਗਿਆਰਾਂ ਨੂੰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਇਕੱਠੇ ਪਾਇਆ 34ਜੋ ਕਹਿ ਰਹੇ ਸਨ ਕਿ ਪ੍ਰਭੂ ਸੱਚਮੁੱਚ ਜੀ ਉੱਠਿਆ ਹੈ ਅਤੇ ਸ਼ਮਊਨ ਨੂੰ ਵਿਖਾਈ ਦਿੱਤਾ ਹੈ। 35ਤਦ ਉਹ ਰਾਹ ਦੀਆਂ ਗੱਲਾਂ ਉਨ੍ਹਾਂ ਨੂੰ ਦੱਸਣ ਲੱਗੇ ਅਤੇ ਇਹ ਵੀ ਕਿ ਕਿਵੇਂ ਰੋਟੀ ਤੋੜਦੇ ਸਮੇਂ ਉਨ੍ਹਾਂ ਨੇ ਉਸ ਨੂੰ ਪਛਾਣਿਆ।
ਯਿਸੂ ਦਾ ਚੇਲਿਆਂ ਦੇ ਸਾਹਮਣੇ ਪਰਗਟ ਹੋਣਾ
36ਉਹ ਅਜੇ ਇਹ ਗੱਲਾਂ ਦੱਸ ਹੀ ਰਹੇ ਸਨ ਕਿ ਯਿਸੂ ਉਨ੍ਹਾਂ ਦੇ ਵਿਚਕਾਰ ਆ ਖੜ੍ਹਾ ਹੋਇਆ ਅਤੇ ਉਨ੍ਹਾਂ ਨੂੰ ਕਿਹਾ,“ਤੁਹਾਨੂੰ ਸ਼ਾਂਤੀ ਮਿਲੇ।” 37ਪਰ ਉਹ ਘਬਰਾ ਗਏ ਅਤੇ ਡਰਦੇ ਹੋਏ ਸੋਚਣ ਲੱਗੇ ਕਿ ਅਸੀਂ ਕਿਸੇ ਭੂਤ ਨੂੰ ਵੇਖ ਰਹੇ ਹਾਂ। 38ਤਦ ਉਸ ਨੇ ਉਨ੍ਹਾਂ ਨੂੰ ਕਿਹਾ,“ਤੁਸੀਂ ਕਿਉਂ ਘਬਰਾਉਂਦੇ ਹੋ ਅਤੇ ਤੁਹਾਡੇ ਮਨਾਂ ਵਿੱਚ ਸ਼ੱਕ ਕਿਉਂ ਪੈਦਾ ਹੋ ਰਿਹਾ ਹੈ? 39ਮੇਰੇ ਹੱਥ ਅਤੇ ਪੈਰ ਵੇਖੋ ਕਿ ਇਹ ਮੈਂ ਹੀ ਹਾਂ; ਮੈਨੂੰ ਛੂ ਕੇ ਵੇਖੋ, ਕਿਉਂਕਿ ਭੂਤ ਦੇ ਮਾਸ ਅਤੇ ਹੱਡੀਆਂ ਨਹੀਂ ਹੁੰਦੀਆਂ, ਜਿਵੇਂ ਤੁਸੀਂ ਮੇਰੇ ਵਿੱਚ ਵੇਖਦੇ ਹੋ।”
40ਇਹ ਕਹਿ ਕੇ ਉਸ ਨੇ ਉਨ੍ਹਾਂ ਨੂੰ ਆਪਣੇ ਹੱਥ ਅਤੇ ਪੈਰ ਵਿਖਾਏ। 41ਪਰ ਖੁਸ਼ੀ ਦੇ ਮਾਰੇ ਉਨ੍ਹਾਂ ਨੂੰ ਅਜੇ ਵੀ ਵਿਸ਼ਵਾਸ ਨਾ ਹੋਇਆ ਅਤੇ ਉਹ ਹੈਰਾਨ ਸਨ। ਤਦ ਉਸ ਨੇ ਉਨ੍ਹਾਂ ਨੂੰ ਕਿਹਾ,“ਕੀ ਤੁਹਾਡੇ ਕੋਲ ਖਾਣ ਲਈ ਕੁਝ ਹੈ?” 42ਉਨ੍ਹਾਂ ਉਸ ਨੂੰ ਭੁੱਨੀ ਹੋਈ ਮੱਛੀ ਦਾ ਇੱਕ ਟੁਕੜਾ ਦਿੱਤਾ 43ਅਤੇ ਉਸ ਨੇ ਲੈ ਕੇ ਉਨ੍ਹਾਂ ਦੇ ਸਾਹਮਣੇ ਖਾਧਾ। 44ਫਿਰ ਉਸ ਨੇ ਉਨ੍ਹਾਂ ਨੂੰ ਕਿਹਾ,“ਇਹ ਮੇਰੀਆਂ ਉਹ ਗੱਲਾਂ ਹਨ ਜਿਹੜੀਆਂ ਮੈਂ ਤੁਹਾਡੇ ਨਾਲ ਰਹਿੰਦਿਆਂ ਤੁਹਾਨੂੰ ਕਹੀਆਂ ਸਨ ਕਿ ਮੂਸਾ ਦੀ ਬਿਵਸਥਾ, ਨਬੀਆਂ ਦੀਆਂ ਲਿਖਤਾਂ ਅਤੇ ਜ਼ਬੂਰਾਂ ਦੀ ਪੁਸਤਕ ਵਿੱਚ ਮੇਰੇ ਵਿਖੇ ਲਿਖੀਆਂ ਸਭ ਗੱਲਾਂ ਦਾ ਪੂਰਾ ਹੋਣਾ ਜ਼ਰੂਰੀ ਹੈ।”
45ਤਦ ਉਸ ਨੇ ਲਿਖਤਾਂ ਨੂੰ ਸਮਝਣ ਲਈ ਉਨ੍ਹਾਂ ਦੀ ਬੁੱਧ ਖੋਲ੍ਹ ਦਿੱਤੀ। 46ਫਿਰ ਉਸ ਨੇ ਉਨ੍ਹਾਂ ਨੂੰ ਕਿਹਾ,“ਇਸ ਤਰ੍ਹਾਂ ਲਿਖਿਆ ਹੈ ਕਿ ਮਸੀਹ ਦੁੱਖ ਝੱਲੇਗਾ ਅਤੇ ਤੀਜੇ ਦਿਨ ਮੁਰਦਿਆਂ ਵਿੱਚੋਂ ਜੀ ਉੱਠੇਗਾ 47ਅਤੇ ਯਰੂਸ਼ਲਮ ਤੋਂ ਲੈ ਕੇ ਸਾਰੀਆਂ ਕੌਮਾਂ ਵਿੱਚ ਉਸ ਦੇ ਨਾਮ ਉੱਤੇ ਪਾਪਾਂ ਦੀ ਮਾਫ਼ੀ ਲਈ ਤੋਬਾ#24:47 ਕੁਝ ਹਸਤਲੇਖਾਂ ਵਿੱਚ “ਪਾਪਾਂ ਦੀ ਮਾਫ਼ੀ ਲਈ ਤੋਬਾ” ਦੇ ਸਥਾਨ 'ਤੇ “ਤੋਬਾ ਅਤੇ ਪਾਪਾਂ ਦੀ ਮਾਫ਼ੀ” ਲਿਖਿਆ ਹੈ।ਦਾ ਪ੍ਰਚਾਰ ਕੀਤਾ ਜਾਵੇਗਾ; 48ਤੁਸੀਂ ਇਨ੍ਹਾਂ ਗੱਲਾਂ ਦੇ ਗਵਾਹ ਹੋ। 49ਵੇਖੋ, ਮੈਂ ਆਪਣੇ ਪਿਤਾ ਦੇ ਵਾਇਦੇ ਨੂੰ ਤੁਹਾਡੇ ਉੱਤੇ ਭੇਜਦਾ ਹਾਂ, ਪਰ ਜਦੋਂ ਤੱਕ ਤੁਸੀਂ ਉਤਾਂਹ ਤੋਂ ਸਮਰੱਥਾ ਨਾ ਪਾਓ, ਯਰੂਸ਼ਲਮ ਵਿੱਚ ਹੀ ਰਹਿਣਾ।”
ਯਿਸੂ ਦਾ ਸਵਰਗ 'ਤੇ ਉਠਾਇਆ ਜਾਣਾ
50ਫਿਰ ਉਹ ਉਨ੍ਹਾਂ ਨੂੰ ਬਾਹਰ ਬੈਤਅਨੀਆ ਦੇ ਕੋਲ ਲੈ ਗਿਆ ਅਤੇ ਆਪਣੇ ਹੱਥ ਉਠਾ ਕੇ ਉਨ੍ਹਾਂ ਨੂੰ ਬਰਕਤ ਦਿੱਤੀ। 51ਤਦ ਉਹ ਉਨ੍ਹਾਂ ਨੂੰ ਬਰਕਤ ਦਿੰਦਾ-ਦਿੰਦਾ ਉਨ੍ਹਾਂ ਤੋਂ ਅਲੱਗ ਹੋ ਗਿਆ ਅਤੇ ਸਵਰਗ ਉੱਤੇ ਉਠਾ ਲਿਆ ਗਿਆ। 52ਉਨ੍ਹਾਂ ਉਸ ਦੀ ਅਰਾਧਨਾ ਕੀਤੀ ਅਤੇ ਉਹ ਵੱਡੀ ਖੁਸ਼ੀ ਨਾਲ ਯਰੂਸ਼ਲਮ ਨੂੰ ਮੁੜ ਆਏ 53ਅਤੇ ਲਗਾਤਾਰ ਹੈਕਲ ਵਿੱਚ ਪਰਮੇਸ਼ਰ ਦੀ ਉਸਤਤ ਕਰਦੇ ਰਹੇ।
PUNJABI STANDARD BIBLE©
Copyright © 2023 by Global Bible Initiative