ਲੂਕਾ 16
16
ਚਾਤਰ ਪ੍ਰਬੰਧਕ
1ਫਿਰ ਯਿਸੂ ਚੇਲਿਆਂ ਨੂੰ ਵੀ ਕਹਿਣ ਲੱਗਾ,“ਇੱਕ ਧਨਵਾਨ ਮਨੁੱਖ ਸੀ, ਜਿਸ ਦਾ ਇੱਕ ਪ੍ਰਬੰਧਕ ਸੀ ਅਤੇ ਉਸ 'ਤੇ ਇਹ ਦੋਸ਼ ਲਾਇਆ ਗਿਆ ਕਿ ਉਹ ਆਪਣੇ ਮਾਲਕ ਦਾ ਮਾਲ-ਧਨ ਉਡਾ ਰਿਹਾ ਹੈ। 2ਤਦ ਮਾਲਕ ਨੇ ਉਸ ਨੂੰ ਬੁਲਾ ਕੇ ਕਿਹਾ, ‘ਮੈਂ ਤੇਰੇ ਬਾਰੇ ਇਹ ਕੀ ਸੁਣਦਾ ਹਾਂ? ਆਪਣੀ ਪ੍ਰਬੰਧਕੀ ਦਾ ਹਿਸਾਬ ਦੇ, ਕਿਉਂਕਿ ਹੁਣ ਤੋਂ ਤੂੰ ਪ੍ਰਬੰਧਕ ਬਣੇ ਰਹਿਣ ਦੇ ਯੋਗ ਨਹੀਂ ਹੈਂ’। 3ਤਦ ਪ੍ਰਬੰਧਕ ਨੇ ਆਪਣੇ ਮਨ ਵਿੱਚ ਕਿਹਾ, ‘ਮੈਂ ਕੀ ਕਰਾਂ, ਕਿਉਂਕਿ ਮੇਰਾ ਮਾਲਕ ਮੇਰੇ ਤੋਂ ਪ੍ਰਬੰਧਕੀ ਖੋਹਣ ਜਾ ਰਿਹਾ ਹੈ? ਕਹੀ ਦਾ ਕੰਮ ਕਰਨ ਦੀ ਤਾਕਤ ਮੇਰੇ ਵਿੱਚ ਹੈ ਨਹੀਂ ਅਤੇ ਭੀਖ ਮੰਗਣ ਤੋਂ ਮੈਨੂੰ ਸ਼ਰਮ ਆਉਂਦੀ ਹੈ। 4ਮੈਂ ਸਮਝ ਗਿਆ ਕਿ ਮੈਂ ਕੀ ਕਰਨਾ ਹੈ ਤਾਂਕਿ ਜਦੋਂ ਮੈਂ ਪ੍ਰਬੰਧਕੀ ਤੋਂ ਹਟਾਇਆ ਜਾਵਾਂ ਤਾਂ ਲੋਕ ਮੈਨੂੰ ਆਪਣੇ ਘਰਾਂ ਵਿੱਚ ਸਵੀਕਾਰ ਕਰਨ’। 5ਤਦ ਉਸ ਨੇ ਆਪਣੇ ਮਾਲਕ ਦੇ ਕਰਜ਼ਦਾਰਾਂ ਨੂੰ ਇੱਕ-ਇੱਕ ਕਰਕੇ ਕੋਲ ਬੁਲਾਇਆ ਅਤੇ ਪਹਿਲੇ ਨੂੰ ਕਿਹਾ, ‘ਤੂੰ ਮੇਰੇ ਮਾਲਕ ਦਾ ਕਿੰਨਾ ਦੇਣਾ ਹੈ’? 6ਉਸ ਨੇ ਉੱਤਰ ਦਿੱਤਾ, ‘ਸੌ ਮਣ ਤੇਲ’#16:6 ਇੱਕ ਮਣ ਲਗਭਗ ਤੀਹ ਲੀਟਰ।। ਉਸ ਨੇ ਕਿਹਾ, ‘ਆਪਣਾ ਵਹੀ-ਖਾਤਾ ਲੈ ਅਤੇ ਬੈਠ ਕੇ ਛੇਤੀ ਨਾਲ ਪੰਜਾਹ ਲਿਖ’। 7ਫਿਰ ਉਸ ਨੇ ਦੂਜੇ ਨੂੰ ਕਿਹਾ, ‘ਤੂੰ ਕਿੰਨਾ ਦੇਣਾ ਹੈ’? ਉਸ ਨੇ ਕਿਹਾ, ‘ਸੌ ਮਣ#16:7 ਇੱਕ ਮਣ ਅਰਥਾਤ 40 ਕਿੱਲੋ।ਕਣਕ’। ਉਸ ਨੇ ਉਸ ਨੂੰ ਕਿਹਾ, ‘ਆਪਣਾ ਵਹੀ-ਖਾਤਾ ਲੈ ਅਤੇ ਅੱਸੀ ਲਿਖ’। 8ਤਦ ਮਾਲਕ ਨੇ ਉਸ ਬੇਈਮਾਨ ਪ੍ਰਬੰਧਕ ਦੀ ਸ਼ਲਾਘਾ ਕੀਤੀ, ਕਿਉਂਕਿ ਉਸ ਨੇ ਚਤਰਾਈ ਤੋਂ ਕੰਮ ਲਿਆ। ਕਿਉਂ ਜੋ ਇਸ ਯੁਗ ਦੀ ਸੰਤਾਨ ਆਪਣੀ ਪੀੜ੍ਹੀ ਵਿੱਚੋਂ ਚਾਨਣ ਦੀ ਸੰਤਾਨ ਨਾਲੋਂ ਚਾਤਰ ਹੈ। 9ਮੈਂ ਤੁਹਾਨੂੰ ਕਹਿੰਦਾ ਹਾਂ ਕਿ ਬੇਈਮਾਨੀ ਦੇ ਧਨ ਨਾਲ ਆਪਣੇ ਲਈ ਮਿੱਤਰ ਬਣਾਓ ਤਾਂਕਿ ਜਦੋਂ ਇਹ ਮੁੱਕ ਜਾਵੇ ਤਾਂ ਉਹ ਸਦੀਪਕ ਨਿਵਾਸਾਂ ਵਿੱਚ ਤੁਹਾਨੂੰ ਸਵੀਕਾਰ ਕਰਨ। 10ਜਿਹੜਾ ਥੋੜ੍ਹੇ ਵਿੱਚ ਇਮਾਨਦਾਰ ਹੈ ਉਹ ਬਹੁਤੇ ਵਿੱਚ ਵੀ ਇਮਾਨਦਾਰ ਹੈ ਅਤੇ ਜਿਹੜਾ ਥੋੜ੍ਹੇ ਵਿੱਚ ਬੇਈਮਾਨ ਹੈ ਉਹ ਬਹੁਤੇ ਵਿੱਚ ਵੀ ਬੇਈਮਾਨ ਹੈ। 11ਸੋ ਜੇ ਤੁਸੀਂ ਬੇਈਮਾਨੀ ਦੇ ਧਨ ਵਿੱਚ ਇਮਾਨਦਾਰ ਨਾ ਰਹੇ ਤਾਂ ਸੱਚਾ ਧਨ ਤੁਹਾਨੂੰ ਕੌਣ ਸੌਂਪੇਗਾ? 12ਜੇ ਤੁਸੀਂ ਪਰਾਏ ਧਨ ਵਿੱਚ ਇਮਾਨਦਾਰ ਨਾ ਰਹੇ ਤਾਂ ਤੁਹਾਡਾ ਆਪਣਾ ਤੁਹਾਨੂੰ ਕੌਣ ਦੇਵੇਗਾ?
13 “ਕੋਈ ਵੀ ਦਾਸ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ, ਕਿਉਂਕਿ ਜਾਂ ਤਾਂ ਉਹ ਇੱਕ ਨਾਲ ਵੈਰ ਰੱਖੇਗਾ ਅਤੇ ਦੂਜੇ ਨਾਲ ਪਿਆਰ ਕਰੇਗਾ; ਜਾਂ ਇੱਕ ਨਾਲ ਮਿਲਿਆ ਰਹੇਗਾ ਅਤੇ ਦੂਜੇ ਨੂੰ ਤੁੱਛ ਜਾਣੇਗਾ। ਤੁਸੀਂ ਪਰਮੇਸ਼ਰ ਅਤੇ ਧਨ ਦੋਹਾਂ ਦੀ ਸੇਵਾ ਨਹੀਂ ਕਰ ਸਕਦੇ।”
ਬਿਵਸਥਾ ਅਤੇ ਪਰਮੇਸ਼ਰ ਦਾ ਰਾਜ
14ਫ਼ਰੀਸੀਆਂ ਨੇ ਜਿਹੜੇ ਧਨ ਦੇ ਲੋਭੀ ਸਨ, ਇਹ ਸਭ ਗੱਲਾਂ ਸੁਣੀਆਂ ਅਤੇ ਉਸ ਦਾ ਮਜ਼ਾਕ ਉਡਾਉਣ ਲੱਗੇ। 15ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ,“ਤੁਸੀਂ ਉਹ ਹੋ ਜਿਹੜੇ ਮਨੁੱਖਾਂ ਦੇ ਸਾਹਮਣੇ ਆਪਣੇ ਆਪ ਨੂੰ ਧਰਮੀ ਠਹਿਰਾਉਂਦੇ ਹੋ, ਪਰ ਪਰਮੇਸ਼ਰ ਤੁਹਾਡੇ ਦਿਲਾਂ ਨੂੰ ਜਾਣਦਾ ਹੈ। ਕਿਉਂਕਿ ਜਿਹੜੀ ਗੱਲ ਮਨੁੱਖਾਂ ਦੇ ਸਾਹਮਣੇ ਆਦਰਯੋਗ ਹੈ ਉਹ ਪਰਮੇਸ਼ਰ ਦੇ ਸਨਮੁੱਖ ਘਿਣਾਉਣੀ ਹੈ।
16 “ਬਿਵਸਥਾ ਅਤੇ ਨਬੀ ਯੂਹੰਨਾ ਤੱਕ ਸਨ; ਉਸ ਸਮੇਂ ਤੋਂ ਪਰਮੇਸ਼ਰ ਦੇ ਰਾਜ ਦੀ ਖੁਸ਼ਖ਼ਬਰੀ ਸੁਣਾਈ ਜਾ ਰਹੀ ਹੈ ਅਤੇ ਹਰ ਕੋਈ ਬੜੀ ਜਾਨ ਲਗਾ ਕੇ ਉਸ ਵਿੱਚ ਪ੍ਰਵੇਸ਼ ਕਰ ਰਿਹਾ ਹੈ। 17ਪਰ ਅਕਾਸ਼ ਅਤੇ ਧਰਤੀ ਦਾ ਟਲ਼ ਜਾਣਾ ਬਿਵਸਥਾ ਦੀ ਇੱਕ ਬਿੰਦੀ ਦੇ ਮਿਟ ਜਾਣ ਨਾਲੋਂ ਵੀ ਸੌਖਾ ਹੈ। 18ਜੋ ਕੋਈ ਆਪਣੀ ਪਤਨੀ ਨੂੰ ਤਲਾਕ ਦੇ ਕੇ ਕਿਸੇ ਹੋਰ ਨਾਲ ਵਿਆਹ ਕਰਦਾ ਹੈ ਉਹ ਵਿਭਚਾਰ ਕਰਦਾ ਹੈ ਅਤੇ ਜਿਹੜਾ ਪਤੀ ਵੱਲੋਂ ਤਿਆਗੀ ਹੋਈ ਨਾਲ ਵਿਆਹ ਕਰਦਾ ਹੈ ਉਹ ਵੀ ਵਿਭਚਾਰ ਕਰਦਾ ਹੈ।
ਧਨੀ ਮਨੁੱਖ ਅਤੇ ਗਰੀਬ ਲਾਜ਼ਰ
19 “ਇੱਕ ਧਨਵਾਨ ਮਨੁੱਖ ਸੀ ਜੋ ਮਲਮਲ ਅਤੇ ਬੈਂਗਣੀ ਵਸਤਰ ਪਹਿਨਦਾ ਅਤੇ ਹਰ ਰੋਜ਼ ਐਸ਼ ਕਰਦਾ ਅਤੇ ਅਨੰਦ ਨਾਲ ਰਹਿੰਦਾ ਸੀ। 20ਲਾਜ਼ਰ ਨਾਮ ਦਾ ਇੱਕ ਗਰੀਬ ਫੋੜਿਆਂ ਨਾਲ ਭਰਿਆ ਉਸ ਦੇ ਫਾਟਕ ਅੱਗੇ ਛੱਡ ਦਿੱਤਾ ਜਾਂਦਾ ਸੀ 21ਅਤੇ ਧਨਵਾਨ ਦੀ ਮੇਜ਼ ਤੋਂ ਜੋ ਟੁਕੜੇ#16:21 ਕੁਝ ਹਸਤਲੇਖਾਂ ਵਿੱਚ “ਟੁਕੜੇ” ਸ਼ਬਦ ਨਹੀਂ ਹੈ।ਡਿੱਗਦੇ ਸਨ ਉਹ ਉਹਨਾਂ ਨਾਲ ਆਪਣਾ ਢਿੱਡ ਭਰਨਾ ਚਾਹੁੰਦਾ ਸੀ, ਸਗੋਂ ਕੁੱਤੇ ਵੀ ਆ ਕੇ ਉਸ ਦੇ ਫੋੜਿਆਂ ਨੂੰ ਚੱਟਦੇ ਸਨ। 22ਫਿਰ ਇਸ ਤਰ੍ਹਾਂ ਹੋਇਆ ਕਿ ਉਹ ਗਰੀਬ ਮਰ ਗਿਆ ਅਤੇ ਸਵਰਗਦੂਤਾਂ ਵੱਲੋਂ ਉਸ ਨੂੰ ਅਬਰਾਹਾਮ ਦੀ ਗੋਦ ਵਿੱਚ ਪਹੁੰਚਾਇਆ ਗਿਆ। ਉਹ ਧਨਵਾਨ ਵੀ ਮਰ ਗਿਆ ਤੇ ਦਫ਼ਨਾਇਆ ਗਿਆ 23ਅਤੇ ਪਤਾਲ ਵਿੱਚ ਉਸ ਨੇ ਕਸ਼ਟ ਵਿੱਚ ਪਏ ਹੋਏ ਨੇ ਆਪਣੀਆਂ ਅੱਖਾਂ ਉਤਾਂਹ ਚੁੱਕੀਆਂ ਅਤੇ ਦੂਰੋਂ ਅਬਰਾਹਾਮ ਨੂੰ ਅਤੇ ਉਸ ਦੀ ਗੋਦ ਵਿੱਚ ਲਾਜ਼ਰ ਨੂੰ ਵੇਖਿਆ। 24ਤਦ ਉਸ ਨੇ ਪੁਕਾਰ ਕੇ ਕਿਹਾ, ‘ਹੇ ਪਿਤਾ ਅਬਰਾਹਾਮ, ਮੇਰੇ ਉੱਤੇ ਦਇਆ ਕਰ ਅਤੇ ਲਾਜ਼ਰ ਨੂੰ ਭੇਜ ਕਿ ਉਹ ਆਪਣੀ ਉਂਗਲ ਦਾ ਪੋਟਾ ਪਾਣੀ ਵਿੱਚ ਭਿਉਂ ਕੇ ਮੇਰੀ ਜੀਭ ਨੂੰ ਠੰਡਾ ਕਰੇ, ਕਿਉਂਕਿ ਮੈਂ ਇਸ ਲੰਬ ਵਿੱਚ ਤੜਫ ਰਿਹਾ ਹਾਂ’। 25ਪਰ ਅਬਰਾਹਾਮ ਨੇ ਕਿਹਾ, ‘ਪੁੱਤਰ, ਯਾਦ ਕਰ ਕਿ ਤੂੰ ਆਪਣੇ ਜੀਵਨ ਵਿੱਚ ਚੰਗੀਆਂ ਚੀਜ਼ਾਂ ਪਾ ਚੁੱਕਾ ਹੈਂ ਅਤੇ ਇਸੇ ਤਰ੍ਹਾਂ ਲਾਜ਼ਰ ਬੁਰੀਆਂ। ਪਰ ਹੁਣ ਉਹ ਇੱਥੇ ਅਰਾਮ ਪਾਉਂਦਾ ਹੈ ਅਤੇ ਤੂੰ ਤੜਫਦਾ ਹੈਂ। 26ਇਸ ਤੋਂ ਇਲਾਵਾ ਤੁਹਾਡੇ ਅਤੇ ਸਾਡੇ ਵਿਚਕਾਰ ਇੱਕ ਵੱਡੀ ਖੱਡ ਠਹਿਰਾਈ ਗਈ ਹੈ ਤਾਂਕਿ ਜਿਹੜੇ ਇੱਥੋਂ ਤੁਹਾਡੇ ਕੋਲ ਜਾਣਾ ਚਾਹੁਣ, ਉਹ ਨਾ ਜਾ ਸਕਣ ਅਤੇ ਨਾ ਹੀ ਉੱਥੋਂ ਸਾਡੇ ਕੋਲ ਇਸ ਪਾਰ ਆ ਸਕਣ’। 27ਤਦ ਉਸ ਨੇ ਕਿਹਾ, ‘ਹੇ ਪਿਤਾ, ਤਾਂ ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿ ਤੂੰ ਇਸ ਨੂੰ ਮੇਰੇ ਪਿਤਾ ਦੇ ਘਰ ਭੇਜ, 28ਕਿਉਂਕਿ ਮੇਰੇ ਪੰਜ ਭਰਾ ਹਨ; ਇਹ ਉਨ੍ਹਾਂ ਨੂੰ ਚਿਤਾਵਨੀ ਦੇਵੇ, ਕਿਤੇ ਅਜਿਹਾ ਨਾ ਹੋਵੇ ਕਿ ਉਹ ਵੀ ਇਸ ਕਸ਼ਟ ਦੇ ਥਾਂ ਵਿੱਚ ਆ ਜਾਣ’। 29ਪਰ ਅਬਰਾਹਾਮ ਨੇ ਕਿਹਾ, ‘ਉਨ੍ਹਾਂ ਕੋਲ ਮੂਸਾ ਦੀਆਂ ਅਤੇ ਨਬੀਆਂ ਦੀਆਂ ਲਿਖਤਾਂ ਹਨ, ਉਹ ਉਨ੍ਹਾਂ ਦੀ ਸੁਣਨ’। 30ਪਰ ਉਸ ਨੇ ਕਿਹਾ, ‘ਨਹੀਂ, ਹੇ ਪਿਤਾ ਅਬਰਾਹਾਮ, ਜੇ ਕੋਈ ਮੁਰਦਿਆਂ ਵਿੱਚੋਂ ਉਨ੍ਹਾਂ ਦੇ ਕੋਲ ਜਾਵੇ ਤਾਂ ਉਹ ਤੋਬਾ ਕਰਨਗੇ’। 31ਪਰ ਅਬਰਾਹਾਮ ਨੇ ਉਸ ਨੂੰ ਕਿਹਾ, ‘ਜੇ ਉਹ ਮੂਸਾ ਅਤੇ ਨਬੀਆਂ ਦੀ ਨਹੀਂ ਸੁਣਦੇ ਤਾਂ ਜੇ ਕੋਈ ਮੁਰਦਿਆਂ ਵਿੱਚੋਂ ਵੀ ਜੀ ਉੱਠੇ ਤਾਂ ਵੀ ਨਹੀਂ ਮੰਨਣਗੇ’।”
PUNJABI STANDARD BIBLE©
Copyright © 2023 by Global Bible Initiative