ਯੂਹੰਨਾ 9
9
ਜਮਾਂਦਰੂ ਅੰਨ੍ਹੇ ਨੂੰ ਚੰਗਾ ਕਰਨਾ
1ਜਦੋਂ ਯਿਸੂ ਜਾ ਰਿਹਾ ਸੀ ਤਾਂ ਉਸ ਨੇ ਇੱਕ ਮਨੁੱਖ ਨੂੰ ਵੇਖਿਆ ਜਿਹੜਾ ਜਮਾਂਦਰੂ ਅੰਨ੍ਹਾ ਸੀ। 2ਉਸ ਦੇ ਚੇਲਿਆਂ ਨੇ ਉਸ ਨੂੰ ਪੁੱਛਿਆ, “ਹੇ ਰੱਬੀ#9:2 ਅਰਥਾਤ ਗੁਰੂ, ਕਿਸ ਨੇ ਪਾਪ ਕੀਤਾ, ਇਸ ਨੇ ਜਾਂ ਇਸ ਦੇ ਮਾਤਾ-ਪਿਤਾ ਨੇ ਕਿ ਇਹ ਅੰਨ੍ਹਾ ਪੈਦਾ ਹੋਇਆ?” 3ਯਿਸੂ ਨੇ ਉੱਤਰ ਦਿੱਤਾ,“ਨਾ ਤਾਂ ਇਸ ਨੇ ਪਾਪ ਕੀਤਾ ਅਤੇ ਨਾ ਹੀ ਇਸ ਦੇ ਮਾਤਾ-ਪਿਤਾ ਨੇ, ਪਰ ਇਹ ਇਸ ਲਈ ਹੋਇਆ ਕਿ ਪਰਮੇਸ਼ਰ ਦੇ ਕੰਮ ਇਸ ਵਿੱਚ ਪਰਗਟ ਹੋਣ। 4ਸਾਨੂੰ ਚਾਹੀਦਾ ਹੈ ਕਿ ਦਿਨ ਹੁੰਦੇ-ਹੁੰਦੇ ਉਸ ਦੇ ਕੰਮਾਂ ਨੂੰ ਕਰੀਏ ਜਿਸ ਨੇ ਮੈਨੂੰ ਭੇਜਿਆ ਹੈ। ਰਾਤ ਆਉਂਦੀ ਹੈ ਜਦੋਂ ਕੋਈ ਵੀ ਕੰਮ ਨਹੀਂ ਕਰ ਸਕਦਾ। 5ਜਦੋਂ ਤੱਕ ਮੈਂ ਸੰਸਾਰ ਵਿੱਚ ਹਾਂ, ਮੈਂ ਸੰਸਾਰ ਦਾ ਚਾਨਣ ਹਾਂ।” 6ਇਹ ਕਹਿ ਕੇ ਉਸ ਨੇ ਜ਼ਮੀਨ ਉੱਤੇ ਥੁੱਕਿਆ ਅਤੇ ਥੁੱਕ ਨਾਲ ਮਿੱਟੀ ਗੋ ਕੇ ਉਸ ਦੀਆਂ ਅੱਖਾਂ ਉੱਤੇ ਮਲੀ 7ਅਤੇ ਉਸ ਨੂੰ ਕਿਹਾ,“ਜਾ ਸਿਲੋਆਮ ਦੇ ਤਲਾਬ ਵਿੱਚ ਧੋ ਲੈ।” (ਸਿਲੋਆਮ ਦਾ ਅਰਥ ਹੈ “ਭੇਜਿਆ ਹੋਇਆ”) ਸੋ ਉਸ ਨੇ ਜਾ ਕੇ ਧੋਤੀਆਂ ਅਤੇ ਸੁਜਾਖਾ ਹੋ ਕੇ ਮੁੜ ਆਇਆ।
8ਤਦ ਗੁਆਂਢੀਆਂ ਨੇ ਅਤੇ ਉਹ ਜਿਨ੍ਹਾਂ ਨੇ ਪਹਿਲਾਂ ਉਸ ਨੂੰ ਵੇਖਿਆ ਸੀ ਕਿ ਉਹ ਭਿਖਾਰੀ#9:8 ਕੁਝ ਹਸਤਲੇਖਾਂ ਵਿੱਚ “ਭਿਖਾਰੀ” ਦੇ ਸਥਾਨ 'ਤੇ “ਅੰਨ੍ਹਾ” ਲਿਖਿਆ ਹੈ। ਹੈ, ਕਿਹਾ, “ਕੀ ਇਹ ਉਹੋ ਨਹੀਂ ਜਿਹੜਾ ਬੈਠਾ ਭੀਖ ਮੰਗਦਾ ਹੁੰਦਾ ਸੀ?” 9ਕੁਝ ਕਹਿ ਰਹੇ ਸਨ, “ਇਹ ਉਹੋ ਹੈ।” ਹੋਰਨਾਂ ਨੇ ਕਿਹਾ, “ਨਹੀਂ, ਪਰ ਇਹ ਉਹ ਦੇ ਵਰਗਾ ਹੈ।” ਉਸ ਨੇ ਕਿਹਾ, “ਮੈਂ ਉਹੋ ਹਾਂ।” 10ਤਦ ਉਨ੍ਹਾਂ ਉਸ ਨੂੰ ਕਿਹਾ, “ਤੇਰੀਆਂ ਅੱਖਾਂ ਕਿਵੇਂ ਖੁੱਲ੍ਹ ਗਈਆਂ?” 11ਉਸ ਨੇ ਉੱਤਰ ਦਿੱਤਾ, “ਉਸ ਮਨੁੱਖ ਨੇ ਜੋ ਯਿਸੂ ਕਹਾਉਂਦਾ ਹੈ, ਮਿੱਟੀ ਗੋ ਕੇ ਮੇਰੀਆਂ ਅੱਖਾਂ ਉੱਤੇ ਮਲੀ ਅਤੇ ਮੈਨੂੰ ਕਿਹਾ, ‘ਸਿਲੋਆਮ ਵਿੱਚ ਜਾ ਕੇ ਧੋ ਲੈ’। ਸੋ ਮੈਂ ਜਾ ਕੇ ਧੋਤੀਆਂ ਅਤੇ ਸੁਜਾਖਾ ਹੋ ਗਿਆ।” 12ਤਦ ਉਨ੍ਹਾਂ ਨੇ ਉਸ ਨੂੰ ਪੁੱਛਿਆ, “ਉਹ ਕਿੱਥੇ ਹੈ?” ਉਸ ਨੇ ਕਿਹਾ, “ਮੈਂ ਨਹੀਂ ਜਾਣਦਾ।”
ਫ਼ਰੀਸੀਆਂ ਵੱਲੋਂ ਪੁੱਛ-ਗਿੱਛ
13ਉਹ ਉਸ ਨੂੰ ਜਿਹੜਾ ਪਹਿਲਾਂ ਅੰਨ੍ਹਾ ਸੀ, ਫ਼ਰੀਸੀਆਂ ਕੋਲ ਲੈ ਗਏ। 14ਜਿਸ ਦਿਨ ਯਿਸੂ ਨੇ ਮਿੱਟੀ ਗੋ ਕੇ ਉਸ ਦੀਆਂ ਅੱਖਾਂ ਖੋਲ੍ਹੀਆਂ ਸਨ ਉਹ ਸਬਤ ਦਾ ਦਿਨ ਸੀ। 15ਤਦ ਫ਼ਰੀਸੀਆਂ ਨੇ ਵੀ ਉਸ ਤੋਂ ਪੁੱਛਿਆ ਕਿ ਤੂੰ ਸੁਜਾਖਾ ਕਿਵੇਂ ਹੋ ਗਿਆ। ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਉਸ ਨੇ ਮੇਰੀਆਂ ਅੱਖਾਂ ਉੱਤੇ ਮਿੱਟੀ ਲਾਈ ਅਤੇ ਮੈਂ ਧੋਤੀਆਂ ਅਤੇ ਹੁਣ ਮੈਂ ਵੇਖਦਾ ਹਾਂ।” 16ਤਦ ਫ਼ਰੀਸੀਆਂ ਵਿੱਚੋਂ ਕੁਝ ਕਹਿਣ ਲੱਗੇ, “ਇਹ ਮਨੁੱਖ ਪਰਮੇਸ਼ਰ ਵੱਲੋਂ ਨਹੀਂ ਹੈ ਕਿਉਂਕਿ ਉਹ ਸਬਤ ਦੇ ਦਿਨ ਨੂੰ ਨਹੀਂ ਮੰਨਦਾ।” ਪਰ ਹੋਰਨਾਂ ਨੇ ਕਿਹਾ, “ਇੱਕ ਪਾਪੀ ਮਨੁੱਖ ਇਹੋ ਜਿਹੇ ਚਿੰਨ੍ਹ ਕਿਵੇਂ ਵਿਖਾ ਸਕਦਾ ਹੈ?” ਸੋ ਉਨ੍ਹਾਂ ਵਿੱਚ ਫੁੱਟ ਪੈ ਗਈ। 17ਤਦ ਉਨ੍ਹਾਂ ਉਸ ਅੰਨ੍ਹੇ ਨੂੰ ਫੇਰ ਪੁੱਛਿਆ, “ਤੂੰ ਉਸ ਦੇ ਵਿਖੇ ਕੀ ਕਹਿੰਦਾ ਹੈਂ, ਕਿਉਂਕਿ ਉਸ ਨੇ ਤੇਰੀਆਂ ਅੱਖਾਂ ਖੋਲ੍ਹੀਆਂ ਹਨ?” ਉਸ ਨੇ ਕਿਹਾ, “ਉਹ ਨਬੀ ਹੈ।”
18ਪਰ ਯਹੂਦੀਆਂ ਨੇ ਉਦੋਂ ਤੱਕ ਉਸ ਦੀ ਗੱਲ 'ਤੇ ਵਿਸ਼ਵਾਸ ਨਾ ਕੀਤਾ ਕਿ ਉਹ ਅੰਨ੍ਹਾ ਸੀ ਅਤੇ ਸੁਜਾਖਾ ਹੋ ਗਿਆ, ਜਦੋਂ ਤੱਕ ਉਸ ਸੁਜਾਖੇ ਹੋਏ ਦੇ ਮਾਤਾ-ਪਿਤਾ ਨੂੰ ਸੱਦ ਕੇ 19ਉਨ੍ਹਾਂ ਤੋਂ ਇਹ ਨਾ ਪੁੱਛ ਲਿਆ, “ਇਹ ਤੁਹਾਡਾ ਉਹੋ ਪੁੱਤਰ ਹੈ ਜਿਸ ਨੂੰ ਤੁਸੀਂ ਕਹਿੰਦੇ ਹੋ ਕਿ ਅੰਨ੍ਹਾ ਪੈਦਾ ਹੋਇਆ ਸੀ? ਤਾਂ ਹੁਣ ਕਿਵੇਂ ਵੇਖਦਾ ਹੈ?” 20ਉਸ ਦੇ ਮਾਤਾ-ਪਿਤਾ ਨੇ ਉੱਤਰ ਦਿੱਤਾ, “ਅਸੀਂ ਜਾਣਦੇ ਹਾਂ ਕਿ ਇਹ ਸਾਡਾ ਪੁੱਤਰ ਹੈ ਅਤੇ ਅੰਨ੍ਹਾ ਪੈਦਾ ਹੋਇਆ ਸੀ, 21ਪਰ ਇਹ ਨਹੀਂ ਜਾਣਦੇ ਕਿ ਉਹ ਹੁਣ ਕਿਵੇਂ ਵੇਖਦਾ ਹੈ ਅਤੇ ਨਾ ਹੀ ਇਹ ਜਾਣਦੇ ਹਾਂ ਕਿ ਉਸ ਦੀਆਂ ਅੱਖਾਂ ਕਿਸ ਨੇ ਖੋਲ੍ਹੀਆਂ। ਉਸੇ ਨੂੰ ਪੁੱਛ ਲਵੋ ਉਹ ਸਿਆਣਾ ਹੈ, ਉਹ ਆਪਣੇ ਬਾਰੇ ਆਪ ਦੱਸੇਗਾ।” 22ਉਸ ਦੇ ਮਾਤਾ-ਪਿਤਾ ਨੇ ਇਹ ਗੱਲਾਂ ਯਹੂਦੀਆਂ ਦੇ ਡਰ ਦੇ ਮਾਰੇ ਕਹੀਆਂ ਸਨ; ਕਿਉਂਕਿ ਯਹੂਦੀਆਂ ਨੇ ਪਹਿਲਾਂ ਹੀ ਏਕਾ ਕਰ ਲਿਆ ਸੀ ਕਿ ਜੇ ਕਿਸੇ ਨੇ ਉਸ ਨੂੰ ਮਸੀਹ ਮੰਨਿਆ ਤਾਂ ਉਸ ਨੂੰ ਸਭਾ-ਘਰ ਵਿੱਚੋਂ ਛੇਕ ਦਿੱਤਾ ਜਾਵੇਗਾ। 23ਇਸੇ ਕਾਰਨ ਉਸ ਦੇ ਮਾਤਾ-ਪਿਤਾ ਨੇ ਕਿਹਾ, “ਉਹ ਸਿਆਣਾ ਹੈ, ਉਸੇ ਨੂੰ ਪੁੱਛ ਲਵੋ।”
24ਫਿਰ ਉਨ੍ਹਾਂ ਉਸ ਮਨੁੱਖ ਨੂੰ ਜੋ ਅੰਨ੍ਹਾ ਸੀ, ਦੂਜੀ ਵਾਰ ਸੱਦ ਕੇ ਉਸ ਨੂੰ ਕਿਹਾ, “ਪਰਮੇਸ਼ਰ ਦੀ ਵਡਿਆਈ ਕਰ। ਅਸੀਂ ਜਾਣਦੇ ਹਾਂ ਕਿ ਉਹ ਮਨੁੱਖ ਪਾਪੀ ਹੈ।” 25ਉਸ ਨੇ ਉੱਤਰ ਦਿੱਤਾ, “ਉਹ ਪਾਪੀ ਹੈ ਜਾਂ ਨਹੀਂ, ਮੈਂ ਨਹੀਂ ਜਾਣਦਾ। ਇੱਕ ਗੱਲ ਮੈਂ ਜਾਣਦਾ ਹਾਂ ਕਿ ਮੈਂ ਅੰਨ੍ਹਾ ਸੀ, ਹੁਣ ਵੇਖਦਾ ਹਾਂ।” 26ਤਦ ਉਨ੍ਹਾਂ ਉਸ ਨੂੰ ਕਿਹਾ, “ਉਸ ਨੇ ਤੇਰੇ ਨਾਲ ਕੀ ਕੀਤਾ? ਉਸ ਨੇ ਤੇਰੀਆਂ ਅੱਖਾਂ ਕਿਵੇਂ ਖੋਲ੍ਹੀਆਂ?” 27ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਸੀ, ਪਰ ਤੁਸੀਂ ਨਹੀਂ ਸੁਣਿਆ। ਤੁਸੀਂ ਦੁਬਾਰਾ ਕਿਉਂ ਸੁਣਨਾ ਚਾਹੁੰਦੇ ਹੋ? ਕੀ ਤੁਸੀਂ ਵੀ ਉਸ ਦੇ ਚੇਲੇ ਬਣਨਾ ਚਾਹੁੰਦੇ ਹੋ?” 28ਤਦ ਉਹ ਉਸ ਨੂੰ ਬੁਰਾ-ਭਲਾ ਕਹਿ ਕੇ ਬੋਲੇ, “ਤੂੰ ਹੀ ਹੈਂ ਉਸ ਦਾ ਚੇਲਾ! ਅਸੀਂ ਤਾਂ ਮੂਸਾ ਦੇ ਚੇਲੇ ਹਾਂ। 29ਅਸੀਂ ਜਾਣਦੇ ਹਾਂ ਕਿ ਪਰਮੇਸ਼ਰ ਨੇ ਮੂਸਾ ਨਾਲ ਗੱਲਾਂ ਕੀਤੀਆਂ, ਪਰ ਇਸ ਨੂੰ ਨਹੀਂ ਜਾਣਦੇ ਕਿ ਕਿੱਥੋਂ ਦਾ ਹੈ।” 30ਉਸ ਮਨੁੱਖ ਨੇ ਉਨ੍ਹਾਂ ਨੂੰ ਕਿਹਾ, “ਇਹ ਤਾਂ ਹੈਰਾਨੀ ਦੀ ਗੱਲ ਹੈ ਕਿ ਤੁਸੀਂ ਨਹੀਂ ਜਾਣਦੇ ਜੋ ਉਹ ਕਿੱਥੋਂ ਦਾ ਹੈ, ਜਦਕਿ ਉਸ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ! 31ਅਸੀਂ ਜਾਣਦੇ ਹਾਂ ਕਿ ਪਰਮੇਸ਼ਰ ਪਾਪੀਆਂ ਦੀ ਨਹੀਂ ਸੁਣਦਾ, ਪਰ ਜੇ ਕੋਈ ਪਰਮੇਸ਼ਰ ਦਾ ਅਰਾਧਕ ਹੋਵੇ ਅਤੇ ਉਸ ਦੀ ਇੱਛਾ ਉੱਤੇ ਚੱਲਦਾ ਹੋਵੇ ਤਾਂ ਉਹ ਉਸ ਦੀ ਸੁਣਦਾ ਹੈ। 32ਦੁਨੀਆ ਦੇ ਅਰੰਭ ਤੋਂ ਕਦੇ ਵੀ ਸੁਣਨ ਵਿੱਚ ਨਹੀਂ ਆਇਆ ਕਿ ਕਿਸੇ ਨੇ ਜਮਾਂਦਰੂ ਅੰਨ੍ਹੇ ਦੀਆਂ ਅੱਖਾਂ ਖੋਲ੍ਹੀਆਂ ਹੋਣ। 33ਜੇ ਇਹ ਮਨੁੱਖ ਪਰਮੇਸ਼ਰ ਦੀ ਵੱਲੋਂ ਨਾ ਹੁੰਦਾ ਤਾਂ ਕੁਝ ਨਾ ਕਰ ਸਕਦਾ।” 34ਉਨ੍ਹਾਂ ਨੇ ਉਸ ਨੂੰ ਕਿਹਾ, “ਤੂੰ ਤਾਂ ਪੂਰੀ ਤਰ੍ਹਾਂ ਪਾਪਾਂ ਵਿੱਚ ਜੰਮਿਆ ਹੈਂ, ਫਿਰ ਸਾਨੂੰ ਸਿਖਾਉਂਦਾ ਹੈਂ?” ਅਤੇ ਉਨ੍ਹਾਂ ਨੇ ਉਸ ਨੂੰ ਬਾਹਰ ਕੱਢ ਦਿੱਤਾ।
ਆਤਮਕ ਅੰਨ੍ਹਾਪਣ
35ਜਦੋਂ ਯਿਸੂ ਨੇ ਸੁਣਿਆ ਕਿ ਉਨ੍ਹਾਂ ਨੇ ਉਸ ਨੂੰ ਬਾਹਰ ਕੱਢ ਦਿੱਤਾ ਤਾਂ ਉਸ ਨੂੰ ਲੱਭ ਕੇ ਕਿਹਾ,“ਕੀ ਤੂੰ ਮਨੁੱਖ ਦੇ ਪੁੱਤਰ#9:35 ਕੁਝ ਹਸਤਲੇਖਾਂ ਵਿੱਚ “ਮਨੁੱਖ ਦੇ ਪੁੱਤਰ” ਦੇ ਸਥਾਨ 'ਤੇ “ਪਰਮੇਸ਼ਰ ਦੇ ਪੁੱਤਰ” ਲਿਖਿਆ ਹੈ।ਉੱਤੇ ਵਿਸ਼ਵਾਸ ਕਰਦਾ ਹੈਂ?” 36ਉਸ ਨੇ ਉੱਤਰ ਦਿੱਤਾ, “ਪ੍ਰਭੂ ਜੀ, ਉਹ ਕੌਣ ਹੈ ਕਿ ਮੈਂ ਉਸ ਉੱਤੇ ਵਿਸ਼ਵਾਸ ਕਰਾਂ?” 37ਯਿਸੂ ਨੇ ਉਸ ਨੂੰ ਕਿਹਾ,“ਤੂੰ ਉਸ ਨੂੰ ਵੇਖਿਆ ਹੈ ਅਤੇ ਜਿਹੜਾ ਤੇਰੇ ਨਾਲ ਗੱਲਾਂ ਕਰ ਰਿਹਾ ਹੈ, ਉਹੋ ਹੈ।” 38ਉਸ ਨੇ ਕਿਹਾ, “ਪ੍ਰਭੂ ਜੀ! ਮੈਂ ਵਿਸ਼ਵਾਸ ਕਰਦਾ ਹਾਂ।” ਅਤੇ ਉਸ ਨੂੰ ਮੱਥਾ ਟੇਕਿਆ। 39ਤਦ ਯਿਸੂ ਨੇ ਕਿਹਾ,“ਮੈਂ ਇਸ ਸੰਸਾਰ ਵਿੱਚ ਨਿਆਂ ਲਈ ਆਇਆ ਹਾਂ ਤਾਂਕਿ ਜਿਹੜੇ ਨਹੀਂ ਵੇਖਦੇ ਉਹ ਵੇਖਣ ਅਤੇ ਜਿਹੜੇ ਵੇਖਦੇ ਹਨ ਉਹ ਅੰਨ੍ਹੇ ਹੋ ਜਾਣ।”
40ਕੁਝ ਫ਼ਰੀਸੀਆਂ ਨੇ ਜਿਹੜੇ ਉਸ ਦੇ ਨਾਲ ਸਨ ਇਹ ਸੁਣ ਕੇ ਉਸ ਨੂੰ ਕਿਹਾ, “ਕੀ ਅਸੀਂ ਵੀ ਅੰਨ੍ਹੇ ਹਾਂ?” 41ਯਿਸੂ ਨੇ ਉਨ੍ਹਾਂ ਨੂੰ ਕਿਹਾ,“ਜੇ ਤੁਸੀਂ ਅੰਨ੍ਹੇ ਹੁੰਦੇ ਤਾਂ ਤੁਸੀਂ ਪਾਪੀ ਨਾ ਠਹਿਰਦੇ, ਪਰ ਹੁਣ ਤੁਸੀਂ ਕਹਿੰਦੇ ਹੋ, ‘ਅਸੀਂ ਵੇਖਦੇ ਹਾਂ’! ਇਸ ਲਈ ਤੁਹਾਡਾ ਪਾਪ ਬਣਿਆ ਰਹਿੰਦਾ ਹੈ।”
PUNJABI STANDARD BIBLE©
Copyright © 2023 by Global Bible Initiative