ਯੂਹੰਨਾ 5
5
ਅਠੱਤੀਆਂ ਸਾਲਾਂ ਦੇ ਬਿਮਾਰ ਦਾ ਚੰਗਾ ਹੋਣਾ
1ਇਸ ਤੋਂ ਬਾਅਦ ਯਹੂਦੀਆਂ ਦਾ ਇੱਕ ਤਿਉਹਾਰ ਸੀ ਅਤੇ ਯਿਸੂ ਯਰੂਸ਼ਲਮ ਨੂੰ ਗਿਆ।
2ਯਰੂਸ਼ਲਮ ਵਿੱਚ ਭੇਡ ਫਾਟਕ ਦੇ ਕੋਲ ਇੱਕ ਤਲਾਬ ਹੈ ਜੋ ਇਬਰਾਨੀ ਭਾਸ਼ਾ ਵਿੱਚ ਬੇਥਜ਼ਥਾ ਕਹਾਉਂਦਾ ਹੈ, ਜਿਸ ਦੇ ਪੰਜ ਦਲਾਨ ਹਨ। 3ਉਨ੍ਹਾਂ ਵਿੱਚ ਬਹੁਤ ਸਾਰੇ ਬਿਮਾਰ, ਅੰਨ੍ਹੇ, ਲੰਗੜੇ ਅਤੇ ਸੁੱਕੇ ਅੰਗ ਵਾਲੇ [ਪਾਣੀ ਦੇ ਹਿੱਲਣ ਦੀ ਉਡੀਕ ਵਿੱਚ]#5:3 ਕੁਝ ਹਸਤਲੇਖਾਂ ਵਿੱਚ ਇਹ ਭਾਗ ਵੀ ਪਾਇਆ ਜਾਂਦਾ ਹੈ। ਪਏ ਰਹਿੰਦੇ ਸਨ। 4[ਕਿਉਂਕਿ ਸਮੇਂ-ਸਮੇਂ 'ਤੇ ਸਵਰਗਦੂਤ ਤਲਾਬ ਵਿੱਚ ਉੱਤਰ ਕੇ ਪਾਣੀ ਨੂੰ ਹਿਲਾਉਂਦਾ ਸੀ। ਪਾਣੀ ਹਿਲਦੇ ਸਮੇਂ ਜਿਹੜਾ ਰੋਗੀ ਪਹਿਲਾਂ ਉੱਤਰ ਜਾਂਦਾ ਸੀ ਉਹ ਚੰਗਾ ਹੋ ਜਾਂਦਾ ਸੀ, ਭਾਵੇਂ ਉਸ ਨੂੰ ਕੋਈ ਵੀ ਬਿਮਾਰੀ ਕਿਉਂ ਨਾ ਹੋਵੇ।]#5:4 ਕੁਝ ਹਸਤਲੇਖਾਂ ਵਿੱਚ ਇਹ ਆਇਤ ਵੀ ਪਾਈ ਜਾਂਦੀ ਹੈ। 5ਉੱਥੇ ਇੱਕ ਮਨੁੱਖ ਸੀ ਜੋ ਅਠੱਤੀਆਂ ਸਾਲਾਂ ਤੋਂ ਬਿਮਾਰ ਸੀ। 6ਯਿਸੂ ਨੇ ਉਸ ਨੂੰ ਪਿਆ ਹੋਇਆ ਵੇਖਿਆ ਅਤੇ ਇਹ ਜਾਣ ਕੇ ਜੋ ਉਸ ਨੂੰ ਪਹਿਲਾਂ ਹੀ ਬਹੁਤ ਸਮਾਂ ਹੋ ਗਿਆ ਹੈ, ਉਸ ਨੂੰ ਕਿਹਾ,“ਕੀ ਤੂੰ ਚੰਗਾ ਹੋਣਾ ਚਾਹੁੰਦਾ ਹੈਂ?” 7ਉਸ ਬਿਮਾਰ ਨੇ ਉਸ ਨੂੰ ਉੱਤਰ ਦਿੱਤਾ, “ਪ੍ਰਭੂ ਜੀ, ਮੇਰੇ ਕੋਲ ਕੋਈ ਮਨੁੱਖ ਨਹੀਂ ਹੈ ਕਿ ਜਦੋਂ ਪਾਣੀ ਹਿਲਾਇਆ ਜਾਵੇ ਤਾਂ ਉਹ ਮੈਨੂੰ ਤਲਾਬ ਵਿੱਚ ਉਤਾਰੇ! ਪਰ ਜਦੋਂ ਮੈਂ ਜਾਂਦਾ ਹਾਂ ਮੇਰੇ ਤੋਂ ਪਹਿਲਾਂ ਕੋਈ ਹੋਰ ਉੱਤਰ ਜਾਂਦਾ ਹੈ।” 8ਯਿਸੂ ਨੇ ਉਸ ਨੂੰ ਕਿਹਾ,“ਉੱਠ, ਆਪਣਾ ਬਿਸਤਰਾ ਚੁੱਕ ਅਤੇ ਚੱਲ-ਫਿਰ।” 9ਉਹ ਮਨੁੱਖ ਉਸੇ ਵੇਲੇ ਚੰਗਾ ਹੋ ਗਿਆ ਅਤੇ ਆਪਣਾ ਬਿਸਤਰਾ ਚੁੱਕ ਕੇ ਚੱਲਣ-ਫਿਰਨ ਲੱਗਾ।
ਇਹ ਦਿਨ ਸਬਤ ਦਾ ਦਿਨ ਸੀ 10ਅਤੇ ਇਸ ਲਈ ਯਹੂਦੀਆਂ ਨੇ ਉਸ ਚੰਗੇ ਹੋਏ ਵਿਅਕਤੀ ਨੂੰ ਕਿਹਾ, “ਇਹ ਸਬਤ ਦਾ ਦਿਨ ਹੈ, ਇਸ ਕਰਕੇ ਤੈਨੂੰ ਆਪਣਾ ਬਿਸਤਰਾ ਚੁੱਕਣਾ ਯੋਗ ਨਹੀਂ ਹੈ।” 11ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਜਿਸ ਨੇ ਮੈਨੂੰ ਚੰਗਾ ਕੀਤਾ ਓਸੇ ਨੇ ਮੈਨੂੰ ਕਿਹਾ, ‘ਆਪਣਾ ਬਿਸਤਰਾ ਚੁੱਕ ਅਤੇ ਚੱਲ-ਫਿਰ’।” 12ਉਨ੍ਹਾਂ ਨੇ ਉਸ ਤੋਂ ਪੁੱਛਿਆ, “ਕੌਣ ਹੈ ਉਹ ਮਨੁੱਖ ਜਿਸ ਨੇ ਤੈਨੂੰ ਕਿਹਾ, ‘ਆਪਣਾ ਬਿਸਤਰਾ ਚੁੱਕ ਅਤੇ ਚੱਲ-ਫਿਰ’?” 13ਪਰ ਜਿਹੜਾ ਚੰਗਾ ਹੋਇਆ ਸੀ ਨਹੀਂ ਜਾਣਦਾ ਸੀ ਕਿ ਉਹ ਕੌਣ ਹੈ, ਕਿਉਂਕਿ ਭੀੜ ਹੋਣ ਕਰਕੇ ਯਿਸੂ ਉਸ ਥਾਂ ਤੋਂ ਚੁੱਪਚਾਪ ਨਿੱਕਲ ਗਿਆ ਸੀ।
14ਇਸ ਤੋਂ ਬਾਅਦ ਯਿਸੂ ਨੇ ਉਸ ਨੂੰ ਹੈਕਲ ਵਿੱਚ ਵੇਖਿਆ ਅਤੇ ਉਸ ਨੂੰ ਕਿਹਾ,“ਵੇਖ, ਤੂੰ ਚੰਗਾ ਹੋ ਗਿਆ ਹੈਂ! ਹੁਣ ਪਾਪ ਨਾ ਕਰੀਂ, ਕਿਤੇ ਅਜਿਹਾ ਨਾ ਹੋਵੇ ਕਿ ਤੇਰੇ ਨਾਲ ਇਸ ਤੋਂ ਵੀ ਕੁਝ ਬੁਰਾ ਹੋ ਜਾਵੇ।” 15ਉਸ ਮਨੁੱਖ ਨੇ ਜਾ ਕੇ ਯਹੂਦੀਆਂ ਨੂੰ ਦੱਸਿਆ ਕਿ ਜਿਸ ਨੇ ਉਸ ਨੂੰ ਚੰਗਾ ਕੀਤਾ, ਉਹ ਯਿਸੂ ਹੈ।
ਯਿਸੂ ਦਾ ਅਧਿਕਾਰ
16ਯਹੂਦੀ ਯਿਸੂ ਨੂੰ ਇਸ ਕਾਰਨ ਸਤਾਉਣ ਲੱਗੇ#5:16 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਅਤੇ ਉਸ ਨੂੰ ਮਾਰ ਸੁੱਟਣ ਦੀ ਤਾਕ ਵਿੱਚ ਰਹਿਣ ਲੱਗੇ” ਲਿਖਿਆ ਹੈ। ਕਿਉਂਕਿ ਉਹ ਸਬਤ ਦੇ ਦਿਨ ਇਹ ਕੰਮ ਕਰਦਾ ਸੀ। 17ਪਰ ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ,“ਮੇਰਾ ਪਿਤਾ ਹੁਣ ਤੱਕ ਕੰਮ ਕਰਦਾ ਹੈ ਅਤੇ ਮੈਂ ਵੀ ਕਰ ਰਿਹਾ ਹਾਂ।” 18ਸੋ ਯਹੂਦੀ ਉਸ ਨੂੰ ਮਾਰ ਸੁੱਟਣ ਦੀ ਹੋਰ ਜ਼ਿਆਦਾ ਤਾਕ ਵਿੱਚ ਰਹਿਣ ਲੱਗੇ, ਕਿਉਂਕਿ ਉਹ ਨਾ ਕੇਵਲ ਸਬਤ ਦੇ ਦਿਨ ਦੀ ਉਲੰਘਣਾ ਕਰ ਰਿਹਾ ਸੀ, ਸਗੋਂ ਪਰਮੇਸ਼ਰ ਨੂੰ ਆਪਣਾ ਪਿਤਾ ਕਹਿ ਕੇ ਆਪਣੇ ਆਪ ਨੂੰ ਪਰਮੇਸ਼ਰ ਦੇ ਤੁੱਲ ਬਣਾਉਂਦਾ ਸੀ।
19ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ,“ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਪੁੱਤਰ ਆਪਣੇ ਆਪ ਤੋਂ ਕੁਝ ਨਹੀਂ ਕਰ ਸਕਦਾ ਪਰ ਉਹੀ ਜੋ ਪਿਤਾ ਨੂੰ ਕਰਦਿਆਂ ਵੇਖਦਾ ਹੈ, ਕਿਉਂਕਿ ਜੋ ਪਿਤਾ ਕਰਦਾ ਹੈ, ਪੁੱਤਰ ਵੀ ਉਹੀ ਕਰਦਾ ਹੈ। 20ਕਿਉਂਕਿ ਪਿਤਾ ਪੁੱਤਰ ਨਾਲ ਪ੍ਰੀਤ ਰੱਖਦਾ ਹੈ ਅਤੇ ਜੋ ਉਹ ਆਪ ਕਰਦਾ ਹੈ ਉਹ ਸਭ ਪੁੱਤਰ ਨੂੰ ਵਿਖਾਉਂਦਾ ਹੈ ਅਤੇ ਉਹ ਉਸ ਨੂੰ ਇਨ੍ਹਾਂ ਨਾਲੋਂ ਵੀ ਵੱਡੇ ਕੰਮ ਵਿਖਾਵੇਗਾ ਕਿ ਤੁਸੀਂ ਅਚਰਜ ਹੋਵੋ। 21ਕਿਉਂਕਿ ਜਿਸ ਤਰ੍ਹਾਂ ਪਿਤਾ ਮੁਰਦਿਆਂ ਨੂੰ ਉਠਾਉਂਦਾ ਅਤੇ ਜੀਵਨ ਦਿੰਦਾ ਹੈ ਉਸੇ ਤਰ੍ਹਾਂ ਪੁੱਤਰ ਵੀ ਜਿਨ੍ਹਾਂ ਨੂੰ ਚਾਹੁੰਦਾ, ਜੀਵਨ ਦਿੰਦਾ ਹੈ। 22ਕਿਉਂਕਿ ਪਿਤਾ ਕਿਸੇ ਦਾ ਨਿਆਂ ਨਹੀਂ ਕਰਦਾ ਪਰ ਉਸ ਨੇ ਨਿਆਂ ਦਾ ਸਾਰਾ ਅਧਿਕਾਰ ਪੁੱਤਰ ਨੂੰ ਸੌਂਪ ਦਿੱਤਾ ਹੈ, 23ਤਾਂਕਿ ਸਭ ਪੁੱਤਰ ਦਾ ਆਦਰ ਕਰਨ ਜਿਵੇਂ ਉਹ ਪਿਤਾ ਦਾ ਆਦਰ ਕਰਦੇ ਹਨ। ਜਿਹੜਾ ਪੁੱਤਰ ਦਾ ਆਦਰ ਨਹੀਂ ਕਰਦਾ ਉਹ ਪਿਤਾ ਦਾ ਵੀ ਜਿਸ ਨੇ ਉਸ ਨੂੰ ਭੇਜਿਆ ਹੈ, ਆਦਰ ਨਹੀਂ ਕਰਦਾ।
ਜੀਵਨ ਅਤੇ ਨਿਆਂ
24 “ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਜੋ ਮੇਰਾ ਵਚਨ ਸੁਣਦਾ ਅਤੇ ਮੇਰੇ ਭੇਜਣ ਵਾਲੇ 'ਤੇ ਵਿਸ਼ਵਾਸ ਕਰਦਾ ਹੈ, ਸਦੀਪਕ ਜੀਵਨ ਉਸੇ ਦਾ ਹੈ ਅਤੇ ਉਸ ਉੱਤੇ ਸਜ਼ਾ ਦਾ ਹੁਕਮ ਨਹੀਂ, ਸਗੋਂ ਉਹ ਮੌਤ ਤੋਂ ਪਾਰ ਲੰਘ ਕੇ ਜੀਵਨ ਵਿੱਚ ਜਾ ਪਹੁੰਚਿਆ ਹੈ। 25ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਉਹ ਸਮਾਂ ਆ ਰਿਹਾ ਹੈ ਸਗੋਂ ਹੁਣੇ ਹੈ, ਜਦੋਂ ਮੁਰਦੇ ਪਰਮੇਸ਼ਰ ਦੇ ਪੁੱਤਰ ਦੀ ਅਵਾਜ਼ ਸੁਣਨਗੇ ਅਤੇ ਜਿਹੜੇ ਸੁਣਨਗੇ ਉਹ ਜੀਉਣਗੇ। 26ਕਿਉਂਕਿ ਜਿਸ ਤਰ੍ਹਾਂ ਪਿਤਾ ਆਪਣੇ ਵਿੱਚ ਜੀਵਨ ਰੱਖਦਾ ਹੈ, ਉਸੇ ਤਰ੍ਹਾਂ ਉਸ ਨੇ ਪੁੱਤਰ ਨੂੰ ਵੀ ਇਹ ਬਖਸ਼ਿਆ ਕਿ ਆਪਣੇ ਵਿੱਚ ਜੀਵਨ ਰੱਖੇ 27ਅਤੇ ਉਸ ਨੂੰ ਨਿਆਂ ਕਰਨ ਦਾ ਅਧਿਕਾਰ ਵੀ ਦਿੱਤਾ, ਕਿਉਂਕਿ ਉਹ ਮਨੁੱਖ ਦਾ ਪੁੱਤਰ ਹੈ। 28ਇਸ ਗੱਲ 'ਤੇ ਹੈਰਾਨ ਨਾ ਹੋਵੋ; ਕਿਉਂਕਿ ਉਹ ਸਮਾਂ ਆ ਰਿਹਾ ਹੈ ਜਿਸ ਵਿੱਚ ਉਹ ਸਾਰੇ ਜਿਹੜੇ ਕਬਰਾਂ ਵਿੱਚ ਹਨ, ਉਸ ਦੀ ਅਵਾਜ਼ ਸੁਣਨਗੇ ਅਤੇ ਬਾਹਰ ਨਿੱਕਲ ਆਉਣਗੇ; 29ਜਿਨ੍ਹਾਂ ਨੇ ਭਲਾਈ ਕੀਤੀ ਹੈ ਉਹ ਜੀਵਨ ਦੇ ਪੁਨਰ-ਉਥਾਨ ਲਈ ਅਤੇ ਜਿਨ੍ਹਾਂ ਨੇ ਬੁਰਾਈ ਕੀਤੀ ਹੈ ਉਹ ਨਿਆਂ ਦੇ ਪੁਨਰ-ਉਥਾਨ ਲਈ।
30 “ਮੈਂ ਆਪਣੇ ਆਪ ਤੋਂ ਕੁਝ ਨਹੀਂ ਕਰ ਸਕਦਾ; ਜਿਹੋ ਜਿਹਾ ਮੈਂ ਸੁਣਦਾ ਹਾਂ, ਉਹੋ ਜਿਹਾ ਨਿਆਂ ਕਰਦਾ ਹਾਂ ਅਤੇ ਮੇਰਾ ਨਿਆਂ ਸੱਚਾ ਹੈ ਕਿਉਂਕਿ ਮੈਂ ਆਪਣੀ ਇੱਛਾ ਨਹੀਂ, ਸਗੋਂ ਆਪਣੇ ਭੇਜਣ ਵਾਲੇ # 5:30 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਪਿਤਾ” ਲਿਖਿਆ ਹੈ। ਦੀ ਇੱਛਾ ਚਾਹੁੰਦਾ ਹਾਂ।
ਯਿਸੂ ਦੇ ਵਿਖੇ ਗਵਾਹੀ
31 “ਜੇ ਮੈਂ ਆਪਣੇ ਵਿਖੇ ਆਪੇ ਗਵਾਹੀ ਦੇਵਾਂ ਤਾਂ ਮੇਰੀ ਗਵਾਹੀ ਸੱਚੀ ਨਹੀਂ। 32ਇੱਕ ਹੋਰ ਹੈ ਜੋ ਮੇਰੇ ਵਿਖੇ ਗਵਾਹੀ ਦਿੰਦਾ ਹੈ ਅਤੇ ਮੈਂ ਜਾਣਦਾ ਹਾਂ ਕਿ ਜੋ ਗਵਾਹੀ ਉਹ ਮੇਰੇ ਵਿਖੇ ਦਿੰਦਾ ਹੈ, ਸੱਚੀ ਹੈ। 33ਤੁਸੀਂ ਆਪਣੇ ਲੋਕਾਂ ਨੂੰ ਯੂਹੰਨਾ ਕੋਲ ਭੇਜਿਆ ਅਤੇ ਉਸ ਨੇ ਸੱਚ ਦੀ ਗਵਾਹੀ ਦਿੱਤੀ ਹੈ। 34ਪਰ ਮੈਨੂੰ ਮਨੁੱਖ ਦੀ ਗਵਾਹੀ ਦੀ ਲੋੜ ਨਹੀਂ ਹੈ। ਮੈਂ ਇਹ ਗੱਲਾਂ ਇਸ ਲਈ ਕਹਿੰਦਾ ਹਾਂ ਕਿ ਤੁਸੀਂ ਬਚਾਏ ਜਾਓ। 35ਯੂਹੰਨਾ ਬਲਦਾ ਅਤੇ ਚਾਨਣ ਦਿੰਦਾ ਹੋਇਆ ਦੀਵਾ ਸੀ ਅਤੇ ਤੁਹਾਨੂੰ ਕੁਝ ਸਮੇਂ ਲਈ ਉਸ ਦੇ ਚਾਨਣ ਵਿੱਚ ਮਗਨ ਹੋਣਾ ਚੰਗਾ ਲੱਗਾ। 36ਪਰ ਜੋ ਗਵਾਹੀ ਮੇਰੇ ਕੋਲ ਹੈ ਉਹ ਯੂਹੰਨਾ ਦੀ ਗਵਾਹੀ ਤੋਂ ਵੱਡੀ ਹੈ, ਕਿਉਂਕਿ ਜਿਹੜੇ ਕੰਮ ਪਿਤਾ ਨੇ ਮੈਨੂੰ ਪੂਰੇ ਕਰਨ ਲਈ ਸੌਂਪੇ ਹਨ ਅਰਥਾਤ ਉਹ ਕੰਮ ਜੋ ਮੈਂ ਕਰਦਾ ਹਾਂ, ਮੇਰੇ ਵਿਖੇ ਗਵਾਹੀ ਦਿੰਦੇ ਹਨ ਕਿ ਪਿਤਾ ਨੇ ਮੈਨੂੰ ਭੇਜਿਆ ਹੈ 37ਅਤੇ ਪਿਤਾ ਜਿਸ ਨੇ ਮੈਨੂੰ ਭੇਜਿਆ ਹੈ, ਓਸੇ ਨੇ ਮੇਰੇ ਵਿਖੇ ਗਵਾਹੀ ਦਿੱਤੀ ਹੈ। ਤੁਸੀਂ ਨਾ ਤਾਂ ਕਦੇ ਉਸ ਦੀ ਅਵਾਜ਼ ਸੁਣੀ ਅਤੇ ਨਾ ਹੀ ਉਸ ਦਾ ਸਰੂਪ ਵੇਖਿਆ ਹੈ। 38ਉਸ ਦਾ ਵਚਨ ਤੁਹਾਡੇ ਵਿੱਚ ਬਣਿਆ ਨਹੀਂ ਰਹਿੰਦਾ, ਕਿਉਂਕਿ ਜਿਸ ਨੂੰ ਉਸ ਨੇ ਭੇਜਿਆ ਹੈ ਤੁਸੀਂ ਉਸ ਉੱਤੇ ਵਿਸ਼ਵਾਸ ਨਹੀਂ ਕਰਦੇ। 39ਤੁਸੀਂ ਲਿਖਤਾਂ ਵਿੱਚ ਭਾਲਦੇ ਹੋ, ਕਿਉਂਕਿ ਤੁਸੀਂ ਸੋਚਦੇ ਹੋ ਕਿ ਸਦੀਪਕ ਜੀਵਨ ਇਨ੍ਹਾਂ ਵਿੱਚ ਮਿਲਦਾ ਹੈ। ਇਹੋ ਹਨ ਜੋ ਮੇਰੇ ਬਾਰੇ ਗਵਾਹੀ ਦਿੰਦੀਆਂ ਹਨ। 40ਫਿਰ ਵੀ ਤੁਸੀਂ ਜੀਵਨ ਪਾਉਣ ਲਈ ਮੇਰੇ ਕੋਲ ਆਉਣਾ ਨਹੀਂ ਚਾਹੁੰਦੇ।
41 “ਮੈਂ ਮਨੁੱਖਾਂ ਤੋਂ ਵਡਿਆਈ ਨਹੀਂ ਲੈਂਦਾ। 42ਪਰ ਮੈਂ ਤੁਹਾਨੂੰ ਜਾਣਦਾ ਹਾਂ ਕਿ ਪਰਮੇਸ਼ਰ ਦਾ ਪਿਆਰ ਤੁਹਾਡੇ ਵਿੱਚ ਨਹੀਂ ਹੈ। 43ਮੈਂ ਆਪਣੇ ਪਿਤਾ ਦੇ ਨਾਮ 'ਤੇ ਆਇਆ ਹਾਂ ਅਤੇ ਤੁਸੀਂ ਮੈਨੂੰ ਸਵੀਕਾਰ ਨਹੀਂ ਕਰਦੇ। ਜੇ ਕੋਈ ਹੋਰ ਆਪਣੇ ਨਾਮ 'ਤੇ ਆਵੇ ਤਾਂ ਤੁਸੀਂ ਉਸ ਨੂੰ ਸਵੀਕਾਰ ਕਰ ਲਵੋਗੇ। 44ਤੁਸੀਂ ਜਿਹੜੇ ਇੱਕ ਦੂਜੇ ਤੋਂ ਵਡਿਆਈ ਲੈਂਦੇ ਹੋ ਅਤੇ ਉਹ ਵਡਿਆਈ ਨਹੀਂ ਚਾਹੁੰਦੇ ਜੋ ਇੱਕੋ-ਇੱਕ ਪਰਮੇਸ਼ਰ ਤੋਂ ਹੈ, ਕਿਵੇਂ ਵਿਸ਼ਵਾਸ ਕਰ ਸਕਦੇ ਹੋ? 45ਇਹ ਨਾ ਸਮਝੋ ਕਿ ਮੈਂ ਪਿਤਾ ਅੱਗੇ ਤੁਹਾਡੇ 'ਤੇ ਦੋਸ਼ ਲਾਵਾਂਗਾ। ਤੁਹਾਡੇ 'ਤੇ ਦੋਸ਼ ਲਾਉਣ ਵਾਲਾ ਮੂਸਾ ਹੈ ਜਿਸ ਉੱਤੇ ਤੁਸੀਂ ਆਸ ਰੱਖੀ ਹੋਈ ਹੈ। 46ਕਿਉਂਕਿ ਜੇ ਤੁਸੀਂ ਮੂਸਾ 'ਤੇ ਵਿਸ਼ਵਾਸ ਕਰਦੇ ਤਾਂ ਮੇਰੇ 'ਤੇ ਵੀ ਵਿਸ਼ਵਾਸ ਕਰਦੇ, ਕਿਉਂਕਿ ਉਸ ਨੇ ਮੇਰੇ ਵਿਖੇ ਲਿਖਿਆ ਹੈ। 47ਪਰ ਜੇ ਤੁਸੀਂ ਉਸ ਦੀਆਂ ਲਿਖਤਾਂ ਉੱਤੇ ਵਿਸ਼ਵਾਸ ਨਹੀਂ ਕਰਦੇ ਤਾਂ ਮੇਰੀਆਂ ਗੱਲਾਂ ਉੱਤੇ ਕਿਵੇਂ ਵਿਸ਼ਵਾਸ ਕਰੋਗੇ?”
PUNJABI STANDARD BIBLE©
Copyright © 2023 by Global Bible Initiative