ਮੱਤੀਯਾਹ 18
18
ਸਵਰਗ ਰਾਜ ਵਿੱਚ ਮਹਾਨ
1ਉਸ ਸਮੇਂ ਚੇਲੇ ਯਿਸ਼ੂ ਕੋਲ ਆਏ ਅਤੇ ਪੁੱਛਣ ਲੱਗੇ, “ਸਵਰਗ ਰਾਜ ਵਿੱਚ ਵੱਡਾ ਕੌਣ ਹੈ?”
2ਤਦ ਉਹਨਾਂ ਨੇ ਇੱਕ ਛੋਟੇ ਬੱਚੇ ਨੂੰ ਕੋਲ ਬੁਲਾ ਕੇ, ਉਸਨੂੰ ਉਹਨਾਂ ਦੇ ਵਿੱਚਕਾਰ ਖੜ੍ਹਾ ਕਰ ਦਿੱਤਾ। 3ਅਤੇ ਉਸ ਨੇ ਆਖਿਆ: “ਮੈਂ ਤੁਹਾਨੂੰ ਸੱਚ ਆਖਦਾ ਹਾਂ, ਜਦ ਤੱਕ ਤੁਸੀਂ ਆਪਣਾ ਨਜ਼ਰੀਆ ਨਹੀਂ ਬਦਲ ਲੈਂਦੇ ਅਤੇ ਛੋਟੇ ਬੱਚਿਆਂ ਵਰਗੇ ਨਹੀਂ ਬਣ ਜਾਂਦੇ, ਤੁਸੀਂ ਸਵਰਗ ਦੇ ਰਾਜ ਵਿੱਚ ਕਦੀ ਵੀ ਪ੍ਰਵੇਸ਼ ਨਹੀਂ ਕਰੋਗੇ। 4ਉਪਰੰਤ ਜੋ ਕੋਈ ਵੀ ਆਪਣੇ ਆਪ ਨੂੰ ਇਸ ਬੱਚੇ ਦੀ ਤਰ੍ਹਾ ਛੋਟਾ ਨਾ ਸਮਝੇ, ਉਹੀ ਸਵਰਗ ਦੇ ਰਾਜ ਵਿੱਚ ਸਭ ਤੋਂ ਵੱਡਾ ਹੈ। 5ਅਤੇ ਜੋ ਕੋਈ ਮੇਰੇ ਨਾਮ ਵਿੱਚ ਅਜਿਹੇ ਇੱਕ ਬੱਚੇ ਨੂੰ ਕਬੂਲ ਕਰਦਾ ਹੈ ਉਹ ਮੈਨੂੰ ਕਬੂਲ ਕਰਦਾ ਹੈ।
ਠੋਕਰ ਖਾਣ ਦਾ ਕਾਰਨ
6“ਜੇ ਕੋਈ ਇਨ੍ਹਾਂ ਛੋਟੇ ਬੱਚਿਆਂ ਵਿੱਚੋਂ, ਜਿਹੜੇ ਮੇਰੇ ਉੱਤੇ ਵਿਸ਼ਵਾਸ ਕਰਦੇ ਹਨ, ਠੋਕਰ ਦਾ ਕਾਰਨ ਬਣਨ, ਤਾਂ ਉਹਨਾਂ ਲਈ ਚੰਗਾ ਹੋਵੇਗਾ ਕਿ ਉਹਨਾਂ ਦੇ ਗਲੇ ਵਿੱਚ ਇੱਕ ਵੱਡਾ ਚੱਕੀ ਦਾ ਪੁੜਾ ਬੰਨ੍ਹ ਕੇ, ਉਸਨੂੰ ਸਮੁੰਦਰ ਦੀ ਡੂੰਘਾਈ ਵਿੱਚ ਡੁਬੋ ਦਿੱਤਾ ਜਾਵੇ। 7ਹਾਏ ਇਸ ਸੰਸਾਰ ਉੱਤੇ, ਜਿਸ ਕਾਰਨ ਲੋਕ ਠੋਕਰ ਖਾਂਦੇ ਹਨ! ਕਿਉ ਜੋ ਠੋਕਰ ਦਾ ਲੱਗਣਾ ਤਾਂ ਜ਼ਰੂਰੀ ਹੈ, ਪਰ ਹਾਏ ਉਸ ਮਨੁੱਖ ਉੱਤੇ ਜਿਹੜਾ ਠੋਕਰ ਦਾ ਕਾਰਨ ਬਣਦਾ ਹੈ! 8ਜੇ ਤੇਰਾ ਹੱਥ ਜਾ ਤੇਰਾ ਪੈਰ ਠੋਕਰ ਖੁਆਵੇ, ਤਾਂ ਉਸ ਨੂੰ ਵੱਢ ਕੇ ਸੁੱਟ ਦਿਓ। ਕਿਉਂ ਜੋ ਟੁੰਡਾ ਜਾਂ ਲੰਗੜਾ ਹੋ ਕੇ ਸਦੀਪਕ ਜੀਵਨ ਵਿੱਚ ਵੜਨਾ ਤੁਹਾਡੇ ਲਈ ਇਸ ਨਾਲੋਂ ਚੰਗਾ ਹੈ, ਜੋ ਦੋ ਹੱਥ ਜਾਂ ਦੋ ਪੈਰ ਹੁੰਦਿਆਂ ਹੋਇਆ ਵੀ ਤੁਸੀਂ ਸਦੀਪਕ ਅੱਗ ਵਿੱਚ ਸੁੱਟੇ ਜਾਵੋਂ। 9ਅਤੇ ਜੇ ਤੇਰੀ ਅੱਖ ਤੈਨੂੰ ਠੋਕਰ ਖੁਵਾਉਂਦੀ ਹੈ, ਤਾਂ ਇਸ ਨੂੰ ਬਾਹਰ ਕੱਢ ਕੇ ਸੁੱਟ ਦਿਓ। ਦੋ ਅੱਖਾਂ ਹੋਣਾ ਅਤੇ ਨਰਕ ਦੀ ਅੱਗ ਵਿੱਚ ਸੁੱਟੇ ਜਾਣ ਨਾਲੋਂ ਤੁਹਾਡੇ ਲਈ ਇੱਕ ਅੱਖ ਨਾਲ ਜੀਵਨ ਵਿੱਚ ਦਾਖਲ ਹੋਣਾ ਚੰਗਾ ਹੈ।
ਗੁਆਚੀ ਹੋਈ ਭੇਡ ਦਾ ਦ੍ਰਿਸ਼ਟਾਂਤ
10“ਵੇਖੋ, ਤੁਸੀਂ ਇਨ੍ਹਾਂ ਛੋਟਿਆਂ ਬੱਚਿਆਂ ਵਿੱਚੋਂ ਕਿਸੇ ਨੂੰ ਤੁੱਛ ਨਾ ਜਾਣੋ। ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਕਿ ਸਵਰਗ ਵਿੱਚ ਉਹਨਾਂ ਦੇ ਦੂਤ ਮੇਰੇ ਪਿਤਾ ਦਾ ਜਿਹੜਾ ਸਵਰਗ ਵਿੱਚ ਹੈ ਮੂੰਹ ਹਮੇਸ਼ਾ ਵੇਖਦੇ ਹਨ। 11ਕਿਉਂਕਿ ਮਨੁੱਖ ਦਾ ਪੁੱਤਰ ਗੁਆਚੇ ਹੋਏ ਲੋਕਾਂ ਨੂੰ ਬਚਾਉਣ ਆਇਆ ਹੈ।”#18:11 ਕੁਝ ਲਿਖਤਾਂ ਵਿੱਚ ਇਹ ਸ਼ਬਦ ਸ਼ਾਮਲ ਨਹੀਂ ਹਨ।
12“ਤੁਸੀਂ ਕੀ ਸੋਚਦੇ ਹੋ? ਅਗਰ ਕਿਸੇ ਮਨੁੱਖ ਕੋਲ ਸੌ ਭੇਡਾਂ ਹੋਣ, ਅਤੇ ਜੇ ਉਹਨਾਂ ਵਿੱਚੋਂ ਇੱਕ ਗੁਆਚ ਜਾਵੇ, ਤਾਂ ਕੀ ਉਹ ਨੜਿੰਨਵਿਆਂ ਨੂੰ ਪਹਾੜ ਉੱਤੇ ਛੱਡ ਕੇ ਉਸ ਗੁਆਚੀ ਹੋਈ ਨੂੰ ਲੱਭਣ ਲਈ ਨਹੀਂ ਜਾਵੇਗਾ? 13ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੇ ਉਸਨੂੰ ਉਹ ਲੱਭ ਲੈਦਾ ਹੈ, ਤਾਂ ਉਹਨਾਂ ਨੜਿੰਨਵਿਆਂ ਦੇ ਕਾਰਨ ਜਿਹੜੀਆਂ ਗੁਆਚੀਆ ਨਹੀਂ ਸਨ, ਉਹਨਾਂ ਨਾਲੋਂ ਵਧੇਰੇ ਖੁਸ਼ ਹੁੰਦਾ ਹੈ। 14ਇਸੇ ਤਰ੍ਹਾਂ ਸਵਰਗ ਵਿੱਚ ਤੁਹਾਡਾ ਪਿਤਾ ਵੀ ਨਹੀਂ ਚਾਹੁੰਦਾ, ਕਿ ਇਨ੍ਹਾਂ ਛੋਟਿਆਂ ਵਿੱਚੋਂ ਕੋਈ ਵੀ ਨਾਸ਼ ਹੋ ਜਾਵੇ।
ਅਪਰਾਧੀਆਂ ਦੇ ਪ੍ਰਤੀ ਵਿਵਹਾਰ
15“ਅਗਰ ਤੁਹਾਡਾ ਭਰਾ ਜਾਂ ਭੈਣ ਪਾਪ ਕਰੇ, ਤਾਂ ਇਕੱਲਾ ਜਾ ਕੇ ਉਸ ਨਾਲ ਗੱਲਬਾਤ ਕਰਕੇ ਉਸਨੂੰ ਸਮਝਾ ਅਤੇ ਉਸਦਾ ਅਪਰਾਧ ਉਸਨੂੰ ਦੱਸ, ਅਗਰ ਉਹ ਤੁਹਾਡੀ ਸੁਣਨ, ਤਾਂ ਤੁਸੀਂ ਉਹਨਾਂ ਨੂੰ ਬਚਾ ਲਿਆ। 16ਅਗਰ ਉਹ ਤੁਹਾਡੀ ਨਾ ਸੁਣਨ, ਤਾਂ ਆਪਣੇ ਨਾਲ ਇੱਕ ਜਾਂ ਦੋ ਲੋਕਾਂ ਨੂੰ ਲੈ ਜਾਓ, ‘ਤਾਂ ਜੋ ਹਰ ਇੱਕ ਗੱਲ ਦੋ ਜਾਂ ਤਿੰਨ ਗਵਾਹਾਂ ਦੀ ਗਵਾਹੀ ਦੁਆਰਾ ਸਾਬਤ ਹੋ ਸਕੇ।’#18:16 ਵਿਵ 19:15 17ਜੇ ਉਹ ਉਹਨਾਂ ਦੀ ਵੀ ਨਾ ਸੁਣਨ, ਤਾਂ ਕਲੀਸਿਆ ਨੂੰ ਦੱਸਦੇ; ਅਤੇ ਜੇ ਉਹ ਕਲੀਸਿਆ ਦੀ ਵੀ ਨਾ ਸੁਣਨ, ਤਾਂ ਉਨ੍ਹਾਂ ਨਾਲ ਉਵੇਂ ਪੇਸ਼ ਆਓ ਜਿਵੇਂ ਇੱਕ ਮੂਰਤੀ ਪੂਜਕ ਜਾਂ ਚੁੰਗੀ ਲੈਣ ਵਾਲੇ ਹੋਣ।
18“ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੋ ਤੂੰ ਧਰਤੀ ਉੱਤੇ ਬੰਨ੍ਹੇਗਾ ਉਹ ਸਵਰਗ ਵਿੱਚ ਬੰਨ੍ਹਿਆ ਜਾਵੇਗਾ, ਅਤੇ ਜੋ ਕੁਝ ਤੂੰ ਧਰਤੀ ਉੱਤੇ ਖੋਲ੍ਹੇਗਾ ਸਵਰਗ ਵਿੱਚ ਖੋਲ੍ਹਿਆ ਜਾਵੇਗਾ।
19“ਦੁਬਾਰਾ, ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੇ ਤੁਹਾਡੇ ਵਿੱਚੋਂ ਦੋ ਜਣੇ ਧਰਤੀ ਉੱਤੇ ਕਿਸੇ ਕੰਮ ਲਈ ਮਿਲ ਕੇ, ਬੇਨਤੀ ਕਰਨ ਤਾਂ ਮੇਰੇ ਪਿਤਾ ਵੱਲੋ ਜਿਹੜਾ ਸਵਰਗ ਵਿੱਚ ਹੈ ਉਹ ਬੇਨਤੀ ਪੂਰੀ ਹੋ ਜਾਵੇਗੀ। 20ਕਿਉਂਕਿ ਜਿੱਥੇ ਦੋ ਜਾਂ ਤਿੰਨ ਮੇਰੇ ਨਾਮ ਵਿੱਚ ਇਕੱਠੇ ਹੋਣ, ਉੱਥੇ ਮੈਂ ਉਹਨਾਂ ਦੇ ਵਿੱਚਕਾਰ ਹਾਂ।”
ਨਿਰਦਈ ਨੌਕਰ ਦਾ ਦ੍ਰਿਸ਼ਟਾਂਤ
21ਤਦ ਪਤਰਸ ਯਿਸ਼ੂ ਕੋਲ ਆਇਆ ਅਤੇ ਪੁੱਛਿਆ, “ਪ੍ਰਭੂ ਜੀ, ਕਿੰਨੀ ਵਾਰ ਮੈਂ ਆਪਣੇ ਭਰਾ ਜਾਂ ਭੈਣ ਨੂੰ ਮਾਫ਼ ਕਰਾ ਜੋ ਮੇਰੇ ਵਿਰੁੱਧ ਪਾਪ ਕਰਦੇ ਹਨ? ਕੀ ਸੱਤ ਵਾਰ?”
22ਯਿਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਸੱਤ ਵਾਰ ਪਰ ਸੱਤਰ ਗੁਣਾ ਤੱਕ।
23“ਇਸ ਲਈ, ਸਵਰਗ ਦਾ ਰਾਜ ਇੱਕ ਰਾਜੇ ਵਰਗਾ ਹੈ, ਜਿਸ ਨੇ ਆਪਣੇ ਨੌਕਰ ਕੋਲੋ ਹਿਸਾਬ ਲੈਣਾ ਚਾਹਿਆ। 24ਜਦ ਉਸਨੇ ਸ਼ੁਰੂ ਕੀਤਾ, ਤਾਂ ਇੱਕ ਮਨੁੱਖ ਉਸ ਦੇ ਕੋਲ ਲਿਆਏ, ਜਿਸਦਾ ਦਸ ਹਜ਼ਾਰ ਥੈਲੇ ਸੋਨੇ#18:24 ਮੂਲ ਵਿੱਚ: ਦਸ ਹਜ਼ਾਰ ਤਾਲਂਤ ਇੱਕ ਤਾਲਂਤ ਲੱਗ-ਭੱਗ ਵੀਹ ਸਾਲ ਦੀ ਮਿਹਨਤ ਤਨਖਾਹ ਹੈ ਦਾ ਬਕਾਇਆ ਸੀ। 25ਪਰ ਉਸਦੇ ਕੋਲ ਦੇਣ ਨੂੰ ਕੁਝ ਨਹੀਂ ਸੀ, ਤਾਂ ਉਸਦੇ ਮਾਲਕ ਨੇ ਹੁਕਮ ਦਿੱਤਾ ਜੋ ਉਸਦੀ ਪਤਨੀ, ਬਾਲ ਬੱਚੇ ਅਤੇ ਸਭ ਕੁਝ ਉਸਦਾ ਵੇਚਿਆ ਜਾਵੇ, ਅਤੇ ਕਰਜ਼ਾ ਭਰ ਲਿਆਂ ਜਾਵੇ।
26“ਤਦ ਉਸ ਨੌਕਰ ਨੇ ਗੁਟਨੇ ਟੇਕ ਕੇ ਬੇਨਤੀ ਕੀਤੀ, ਸੁਆਮੀ ਜੀ ਕ੍ਰਿਪਾ ਕਰਕੇ ਧੀਰਜ ਰੱਖੋ, ‘ਮੈਂ ਤੁਹਾਡਾ ਸਾਰਾ ਕਰਜ਼ਾ ਮੋੜ ਦਿਆਂਗਾ।’ 27ਤਦ ਉਸ ਨੌਕਰ ਦੇ ਮਾਲਕ ਨੇ ਉਸਦੇ ਉੱਤੇ ਤਰਸ ਖਾ ਕੇ ਉਸਨੂੰ ਛੱਡ ਦਿੱਤਾ ਅਤੇ ਉਸਦਾ ਸਾਰਾ ਕਰਜ਼ਾ ਮਾਫ਼ ਕਰ ਦਿੱਤਾ।
28“ਪਰ ਜਦੋਂ ਉਹ ਨੌਕਰ ਬਾਹਰ ਆਇਆ, ਤਦ ਉਸਨੂੰ ਆਪਣੇ ਨਾਲ ਦੇ ਨੌਕਰਾਂ ਵਿੱਚੋਂ ਇੱਕ ਨੂੰ ਮਿਲਿਆ, ਜਿਸਦੇ ਕੋਲੋ ਉਸਨੇ ਚਾਂਦੀ ਦੇ ਸੌ ਦੀਨਾਰ#18:28 ਦੀਨਾਰ ਇੱਕ ਦੀਨਾਰ ਇੱਕ ਦਿਨ ਦੀ ਮਜ਼ਦੂਰੀ ਦੇ ਬਰਾਬਰ ਹੈ (ਦੇਖੋ 20:2)। ਦਾ ਕਰਜ਼ਾ ਲੈਣਾ ਸੀ। ਉਸਨੇ ਉਸਨੂੰ ਗਲੇ ਤੋਂ ਫੜ੍ਹ ਕੇ ਕਹਿਣਾ ਸ਼ੁਰੂ ਕੀਤਾ, ਜੋ ਕੁਝ ਮੈਂ ਤੇਰੇ ਤੋਂ ਲੈਣਾ ਹੈ ਉਹ ਮੈਨੂੰ ਵਾਪਸ ਕਰ।
29“ਤਦ ਉਸਦੇ ਨਾਲ ਦਾ ਨੌਕਰ ਉਸਦੇ ਪੈਰਾਂ ਵਿੱਚ ਡਿੱਗ ਕੇ ਬੇਨਤੀ ਕੀਤੀ, ‘ਧੀਰਜ ਰੱਖ, ਮੈਂ ਤੇਰਾ ਸਭ ਕੁਝ ਵਾਪਸ ਦੇ ਦੇਵੇਂਗਾ।’
30“ਪਰ ਉਸਨੇ ਉਸਦੀ ਨਹੀਂ ਸੁਣੀ ਸਗੋਂ ਜਾ ਕੇ ਉਸ ਨੂੰ ਉਸ ਸਮੇਂ ਤੱਕ ਕੈਦ ਵਿੱਚ ਪਾ ਦਿੱਤਾ ਜਦੋਂ ਤੱਕ ਉਹ ਕਰਜ਼ ਨਾ ਮੋੜ ਦੇਵੇ। 31ਜਦੋਂ ਦੂਸਰਿਆ ਨੌਕਰਾਂ ਨੇ ਇਹ ਸਭ ਵੇਖਿਆ ਜੋ ਉੱਥੇ ਹੋਇਆ ਸੀ, ਤਾਂ ਉਹ ਬਹੁਤ ਉਦਾਸ ਹੋਏ ਅਤੇ ਜਾ ਕੇ ਸਭ ਕੁਝ ਆਪਣੇ ਸੁਆਮੀ ਨੂੰ ਦੱਸ ਦਿੱਤਾ ਜੋ ਕੁਝ ਉੱਥੇ ਹੋਇਆ।
32“ਤਦ ਉਸਦੇ ਮਾਲਕ ਨੇ ਉਸਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ, ‘ਉਏ ਦੁਸ਼ਟ ਨੌਕਰ ਮੈਂ ਤੈਨੂੰ ਉਹ ਸਾਰਾ ਕਰਜ਼ ਮਾਫ਼ ਕਰ ਦਿੱਤਾ ਕਿਉਂਕਿ ਤੂੰ ਮੇਰੀ ਮਿੰਨਤ ਕੀਤੀ ਸੀ। 33ਫਿਰ ਜਿਸ ਤਰ੍ਹਾ ਮੈਂ ਤੇਰੇ ਉੱਤੇ ਦਯਾ ਕੀਤੀ ਕੀ ਤੈਨੂੰ ਆਪਣੇ ਨਾਲ ਦੇ ਨੌਕਰ ਉੱਤੇ ਵੀ ਉਸੇ ਤਰ੍ਹਾ ਦਯਾ ਨਹੀਂ ਸੀ ਕਰਨੀ ਚਾਹੀਦੀ?’ 34ਉਸਦੇ ਮਾਲਕ ਨੇ ਕ੍ਰੋਧੀ ਹੋ ਕੇ ਉਸਨੂੰ ਦੁੱਖ ਦੇਣ ਵਾਲਿਆ ਦੇ ਹਵਾਲੇ ਕਰ ਦਿੱਤਾ, ਜਦੋਂ ਤੱਕ ਉਹ ਸਾਰਾ ਕਰਜ਼ਾ ਵਾਪਸ ਨਾ ਦੇਵੇ।
35“ਇਸੇ ਤਰ੍ਹਾ ਮੇਰਾ ਸਵਰਗੀ ਪਿਤਾ ਵੀ ਤੁਹਾਡੇ ਨਾਲ ਕਰੇਗਾ, ਜੇ ਤੁਸੀਂ ਆਪਣੇ ਭੈਣ-ਭਰਾਵਾਂ ਨੂੰ ਦਿਲੋਂ ਮਾਫ਼ ਨਾ ਕਰੋ।”
ਨਵਾਂ ਨੇਮ, ਪੰਜਾਬੀ ਮੌਜੂਦਾ ਤਰਜਮਾ™
ਕਾਪੀਰਾਈਟ ਅਧਿਕਾਰ © 2022 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ।
ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
New Testament, Punjabi Contemporary Version™
Copyright © 2022 by Biblica, Inc.
Used with permission. All rights reserved worldwide.