ਮੱਤੀਯਾਹ 15
15
ਅੰਦਰੂਨੀ ਸ਼ੁੱਧਤਾ ਬਾਰੇ ਸਿੱਖਿਆ
1ਤਦ ਕੁਝ ਫ਼ਰੀਸੀ ਅਤੇ ਨੇਮ ਦੇ ਉਪਦੇਸ਼ਕ ਯੇਰੂਸ਼ਲੇਮ ਤੋਂ ਯਿਸ਼ੂ ਕੋਲ ਆਏ ਅਤੇ ਪੁੱਛਿਆ, 2“ਤੁਹਾਡੇ ਚੇਲੇ ਬਜ਼ੁਰਗਾਂ ਦੀ ਰੀਤ ਦੀ ਉਲੰਘਣਾ ਕਿਉਂ ਕਰਦੇ ਹਨ? ਰੋਟੀ ਖਾਣ ਦੇ ਵੇਲੇ ਹੱਥ ਨਹੀਂ ਧੋਂਦੇ!”
3ਪਰ ਯਿਸ਼ੂ ਨੇ ਉੱਤਰ ਦਿੱਤਾ, “ਤੁਸੀਂ ਵੀ ਕਿਉਂ ਆਪਣੀ ਰੀਤ ਦੇ ਕਾਰਨ ਪਰਮੇਸ਼ਵਰ ਦੇ ਹੁਕਮ ਦੀ ਉਲੰਘਣਾ ਕਰਦੇ ਹੋ? 4ਪਰਮੇਸ਼ਵਰ ਨੇ ਕਿਹਾ ਸੀ, ‘ਆਪਣੇ ਪਿਤਾ ਅਤੇ ਮਾਤਾ ਦਾ ਸਤਿਕਾਰ ਕਰ’#15:4 ਕੂਚ 20:12; ਵਿਵ 5:16 ਅਤੇ ‘ਜੇ ਕੋਈ ਆਪਣੇ ਪਿਤਾ ਜਾਂ ਮਾਤਾ ਨੂੰ ਸਰਾਪ ਦੇਵੇ ਉਹ ਮੌਤ ਦੀ ਘਾਟ ਉਤਾਰਿਆ ਜਾਵੇ।’#15:4 ਕੂਚ 21:17; ਵਿਵ 5:16 5ਪਰ ਤੁਸੀਂ ਆਖਦੇ ਹੋ ਕਿ ਜੇਕਰ ਕੋਈ ਆਪਣੇ ਮਾਤਾ ਜਾਂ ਪਿਤਾ ਨੂੰ ਕਹੇ, ਮੇਰੇ ਵੱਲੋਂ ਤੁਹਾਨੂੰ ਜੋ ਕੁਝ ਲਾਭ ਹੋ ਸਕਦਾ ਸੀ, ‘ਉਹ ਪਰਮੇਸ਼ਵਰ ਨੂੰ ਭੇਂਟ ਚੜ੍ਹਾਇਆ ਗਿਆ।’ 6ਉਹ ਇਸ ਤਰ੍ਹਾ ‘ਆਪਣੇ ਪਿਤਾ ਜਾਂ ਮਾਤਾ ਦਾ ਸਤਿਕਾਰ’ ਨਹੀਂ ਕਰਦਾ। ਇਸ ਤਰ੍ਹਾਂ ਤੁਸੀਂ ਆਪਣੀ ਰੀਤ ਦੇ ਕਾਰਨ ਪਰਮੇਸ਼ਵਰ ਦੇ ਬਚਨ ਦੀ ਸਿੱਖਿਆ ਨੂੰ ਟਾਲ ਦਿੰਦੇ ਹੋ। 7ਤੁਸੀਂ ਹੇ ਪਖੰਡੀਓ! ਯਸ਼ਾਯਾਹ ਨੇ ਤੁਹਾਡੇ ਬਾਰੇ ਸਹੀ ਭਵਿੱਖਬਾਣੀ ਕੀਤੀ ਸੀ:
8“ ‘ਇਹ ਲੋਕ ਆਪਣੇ ਬੁੱਲ੍ਹਾਂ ਤੋਂ ਮੇਰਾ ਆਦਰ ਕਰਦੇ ਹਨ,
ਪਰ ਇਨ੍ਹਾਂ ਦੇ ਦਿਲ ਮੇਰੇ ਤੋਂ ਦੂਰ ਹਨ।
9ਉਹ ਵਿਅਰਥ ਹੀ ਮੇਰੀ ਮਹਿਮਾ ਕਰਦੇ ਹਨ;
ਉਹ ਮਨੁੱਖਾਂ ਦੇ ਹੁਕਮਾਂ ਦੀ ਸਿੱਖਿਆ ਦੇਂਦੇ ਹਨ।’ ”#15:9 ਯਸ਼ਾ 29:13
10ਯਿਸ਼ੂ ਨੇ ਭੀੜ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ, “ਸੁਣੋ ਅਤੇ ਸਮਝੋ। 11ਜੋ ਕੁਝ ਮੂੰਹ ਵਿੱਚ ਜਾਂਦਾ ਹੈ ਉਹ ਉਹਨਾਂ ਨੂੰ ਅਸ਼ੁੱਧ ਨਹੀਂ ਕਰਦਾ, ਪਰ ਜੋ ਮੂੰਹ ਵਿੱਚੋਂ ਬਾਹਰ ਨਿੱਕਲਦਾ ਹੈ, ਉਹ ਮਨੁੱਖ ਨੂੰ ਅਸ਼ੁੱਧ ਕਰਦਾ ਹੈ।”
12ਤਦ ਚੇਲਿਆਂ ਨੇ ਕੋਲ ਆ ਕੇ ਉਹਨਾਂ ਤੋਂ ਪੁੱਛਿਆ, “ਤੁਸੀਂ ਜਾਣਦੇ ਹੋ ਕਿ ਫ਼ਰੀਸੀਆਂ ਨੇ ਇਹ ਗੱਲ ਸੁਣ ਕੇ ਠੋਕਰ ਖਾਧੀ ਹੈ?”
13ਯਿਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਹਰੇਕ ਬੂਟਾ ਜਿਹੜਾ ਮੇਰੇ ਸਵਰਗੀ ਪਿਤਾ ਨੇ ਨਹੀਂ ਲਗਾਇਆ, ਉਹ ਜੜ੍ਹੋ ਪੁੱਟਿਆ ਜਾਵੇਗਾ। 14ਉਹਨਾਂ ਨੂੰ ਛੱਡ ਦਿਓ; ਉਹ ਅੰਨ੍ਹੇ ਆਗੂ ਹਨ। ਜੇ ਅੰਨ੍ਹਾ ਹੀ ਅੰਨ੍ਹੇ ਨੂੰ ਰਸਤਾ ਵਿਖਾਏਗਾ, ਤਾਂ ਦੋਵੇਂ ਹੀ ਟੋਏ ਵਿੱਚ ਡਿੱਗ ਜਾਣਗੇ।”
15ਤਦ ਪਤਰਸ ਨੇ ਆਖਿਆ, “ਇਸ ਦ੍ਰਿਸ਼ਟਾਂਤ ਦਾ ਅਰਥ ਸਾਨੂੰ ਦੱਸ।”
16ਯਿਸ਼ੂ ਨੇ ਕਿਹਾ, “ਕੀ ਤੁਸੀਂ ਅਜੇ ਵੀ ਨਿਰਬੁੱਧ ਹੋ? 17ਕੀ ਤੁਸੀਂ ਨਹੀਂ ਸਮਝਦੇ, ਜੋ ਕੁਝ ਮੂੰਹ ਵਿੱਚ ਜਾਂਦਾ ਹੈ, ਸੋ ਪੇਟ ਵਿੱਚ ਜਾਂਦਾ ਹੈ ਅਤੇ ਬਾਹਰ ਕੱਢਿਆ ਜਾਂਦਾ ਹੈ? 18ਪਰ ਜਿਹੜੀਆਂ ਗੱਲਾਂ ਮਨੁੱਖ ਦੇ ਮੂੰਹ ਵਿੱਚੋਂ ਨਿੱਕਲਦੀਆਂ ਹਨ, ਜੋ ਦਿਲ ਵਿੱਚੋਂ ਆਉਂਦੀਆਂ ਹਨ ਅਤੇ ਉਹੀ ਉਸਨੂੰ ਅਸ਼ੁੱਧ ਕਰਦੀਆਂ ਹਨ। 19ਕਿਉਂਕਿ ਦਿਲ ਵਿੱਚੋਂ ਬੁਰੇ ਖਿਆਲ, ਖੂਨ, ਹਰਾਮਕਾਰੀਆ, ਵਿਭਚਾਰ, ਚੋਰੀਆਂ, ਝੂਠੀਆਂ ਗਵਾਹੀਆਂ ਅਤੇ ਨਿੰਦਿਆ ਨਿੱਕਲਦੇ ਹਨ। 20ਇਹ ਗੱਲਾਂ ਹਨ ਜੋ ਮਨੁੱਖ ਨੂੰ ਅਸ਼ੁੱਧ ਕਰਦੀਆਂ ਹਨ, ਪਰ ਬਿਨ੍ਹਾਂ ਹੱਥ ਧੋਤੇ ਰੋਟੀ ਖਾਣਾ ਮਨੁੱਖ ਨੂੰ ਅਸ਼ੁੱਧ ਨਹੀਂ ਕਰਦਾ।”
ਕਨਾਨੀ ਔਰਤ ਦਾ ਵਿਸ਼ਵਾਸ
21ਯਿਸ਼ੂ ਉੱਥੋਂ ਚੱਲ ਕੇ ਸੋਰ ਅਤੇ ਸਿਦੋਨ ਦੇ ਇਲਾਕੇ ਵਿੱਚ ਚਲੇ ਗਏ। 22ਉਸ ਇਲਾਕੇ ਵਿੱਚੋਂ ਇੱਕ ਕਨਾਨੀ ਔਰਤ ਉਹਨਾਂ ਕੋਲ ਆਈ, ਅਤੇ ਉੱਚੀ ਆਵਾਜ਼ ਵਿੱਚ ਕਹਿਣ ਲੱਗੀ, “ਹੇ ਪ੍ਰਭੂ, ਦਾਵੀਦ ਦੇ ਪੁੱਤਰ, ਮੇਰੇ ਤੇ ਮਿਹਰ ਕਰੋ! ਮੇਰੀ ਧੀ ਦੁਸ਼ਟ ਆਤਮਾ ਦੇ ਕਾਰਨ ਬਹੁਤ ਦੁਖੀ ਹੈ।”
23ਪਰ ਯਿਸ਼ੂ ਨੇ ਉਸ ਨੂੰ ਕੋਈ ਉੱਤਰ ਨਾ ਦਿੱਤਾ। ਤਦ ਉਸਦੇ ਚੇਲਿਆਂ ਨੇ ਕੋਲ ਆ ਕੇ ਉਸ ਦੇ ਅੱਗੇ ਬੇਨਤੀ ਕੀਤੀ, “ਉਸ ਨੂੰ ਵਿਦਾ ਕਰੋ, ਕਿਉਂ ਜੋ ਉਹ ਸਾਡੇ ਮਗਰ ਰੌਲ਼ਾ ਪਾਉਂਦੀ ਆਉਂਦੀ ਹੈ।”
24ਉਸਨੇ ਉੱਤਰ ਦਿੱਤਾ, “ਮੈਂ ਇਸਰਾਏਲ ਦੀਆ ਗੁਆਚੀਆ ਹੋਇਆ ਭੇਡਾਂ ਤੋਂ ਬਿਨ੍ਹਾਂ, ਕਿਸੇ ਹੋਰ ਕੋਲ ਨਹੀਂ ਭੇਜਿਆ ਗਿਆ।”
25ਪਰ ਉਹ ਔਰਤ ਆਈ ਅਤੇ ਉਸਦੇ ਅੱਗੇ ਗੁਟਨੇ ਟੇਕ ਕੇ ਬੋਲੀ, “ਪ੍ਰਭੂ ਜੀ ਮੇਰੀ ਮਦਦ ਕਰੋ!”
26ਤਾਂ ਉਸਨੇ ਉੱਤਰ ਦਿੱਤਾ, “ਬੱਚਿਆਂ ਦੀ ਰੋਟੀ ਲੈ ਕੇ ਕੁੱਤਿਆਂ ਅੱਗੇ ਸੁੱਟਣਾ ਸਹੀ ਨਹੀਂ ਹੈ।”
27ਤਾਂ ਔਰਤ ਨੇ ਕਿਹਾ, “ਹਾਂ ਪ੍ਰਭੂ ਜੀ, ਪਰ ਇਹ ਵੀ ਤਾਂ ਸੱਚ ਹੈ ਕਿ ਕੁੱਤੇ ਵੀ ਆਪਣੇ ਮਾਲਕ ਦੇ ਮੇਜ਼ ਤੋਂ ਡਿੱਗੇ ਟੁਕੜੇ ਖਾਂਦੇ ਹਨ।”
28ਤਦ ਯਿਸ਼ੂ ਨੇ ਉਸਨੂੰ ਕਿਹਾ, “ਹੇ ਪੁੱਤਰੀ ਤੇਰਾ ਵਿਸ਼ਵਾਸ ਵੱਡਾ ਹੈ! ਜਿਵੇਂ ਤੂੰ ਚਾਹੁੰਦੀ ਹੈ ਤੇਰੇ ਲਈ ਉਸੇ ਤਰ੍ਹਾ ਹੀ ਹੋਵੇ।” ਅਤੇ ਉਸ ਦੀ ਧੀ ਉਸੇ ਵਕਤ ਹੀ ਚੰਗੀ ਹੋ ਗਈ।
ਮਸੀਹ ਯਿਸ਼ੂ ਦਾ ਬਹੁਤ ਸਾਰੇ ਰੋਗੀਆਂ ਚੰਗਾ ਕਰਨਾ
29ਯਿਸ਼ੂ ਉੱਥੋਂ ਚਲ ਕੇ ਗਲੀਲ ਝੀਲ ਦੇ ਨੇੜੇ ਆਏ, ਅਤੇ ਪਹਾੜ ਉੱਤੇ ਚੜ੍ਹ ਕੇ ਬੈਠ ਗਏ। 30ਅਤੇ ਬਹੁਤ ਵੱਡੀ ਭੀੜ ਉਹਨਾਂ ਦੇ ਕੋਲ ਆਈ, ਅਤੇ ਆਪਣੇ ਨਾਲ ਲੰਗੜਿਆਂ, ਅੰਨ੍ਹੀਆਂ, ਅਪੰਗਾਂ, ਗੂੰਗਿਆਂ ਅਤੇ ਹੋਰ ਬਹੁਤ ਸਾਰੇ ਲੋਕਾਂ ਨੂੰ ਲਿਆਏ ਅਤੇ ਉਹਨਾਂ ਨੂੰ ਉਸਦੇ ਚਰਨਾਂ ਤੇ ਰੱਖ ਦਿੱਤਾ; ਯਿਸ਼ੂ ਨੇ ਉਹਨਾਂ ਨੂੰ ਚੰਗਾ ਕੀਤਾ। 31ਅਤੇ ਜਦੋਂ ਲੋਕਾਂ ਨੇ ਵੇਖਿਆ ਕਿ ਗੂੰਗੇ ਬੋਲਦੇ ਹਨ, ਅਪੰਗ ਚੰਗੇ ਹੁੰਦੇ ਹਨ, ਲੰਗੜੇ ਤੁਰਦੇ ਅਤੇ ਅੰਨ੍ਹੇ ਵੇਖਦੇ ਹਨ, ਤਾਂ ਉਹ ਹੈਰਾਨ ਹੋ ਗਏ ਅਤੇ ਉਹਨਾਂ ਨੇ ਇਸਰਾਏਲ ਦੇ ਪਰਮੇਸ਼ਵਰ ਦੀ ਮਹਿਮਾ ਕੀਤੀ।
32ਤਦ ਯਿਸ਼ੂ ਨੇ ਆਪਣਿਆਂ ਚੇਲਿਆਂ ਨੂੰ ਕੋਲ ਬੁਲਾਇਆ ਅਤੇ ਆਖਿਆ, “ਮੈਨੂੰ ਇਨ੍ਹਾਂ ਲੋਕਾਂ ਉੱਤੇ ਤਰਸ ਆਉਂਦਾ ਹੈ; ਕਿਉਂ ਜੋ ਇਹ ਤਿੰਨਾਂ ਦਿਨਾਂ ਤੋਂ ਮੇਰੇ ਨਾਲ ਹਨ ਅਤੇ ਉਹਨਾਂ ਕੋਲ ਖਾਣ ਨੂੰ ਕੁਝ ਨਹੀਂ ਹੈ। ਮੈਂ ਨਹੀਂ ਚਾਹੁੰਦਾ ਜੋ ਇਨ੍ਹਾਂ ਨੂੰ ਭੁੱਖਿਆ ਭੇਜ ਦਵਾ ਕਿਤੇ ਅਜਿਹਾ ਨਾ ਹੋਵੇ ਕਿ ਉਹ ਰਸਤੇ ਵਿੱਚ ਹਿੰਮਤ ਹਾਰ ਜਾਣ।”
33ਅਤੇ ਚੇਲਿਆਂ ਨੇ ਪੁੱਛਿਆ, “ਅਸੀਂ ਇਸ ਉਜਾੜ ਜਗ੍ਹਾ ਵਿੱਚੋਂ ਇੰਨੀ ਭੀੜ ਦੇ ਖਾਣ ਲਈ ਰੋਟੀਆ ਕਿੱਥੋਂ ਲਿਆਵਾਗੇ?”
34ਤਦ ਯਿਸ਼ੂ ਨੇ ਉਹਨਾਂ ਨੂੰ ਆਖਿਆ, “ਤੁਹਾਡੇ ਕੋਲ ਕਿੰਨ੍ਹੀਆਂ ਰੋਟੀਆ ਹਨ?”
ਉਹਨਾਂ ਨੇ ਕਿਹਾ, “ਸੱਤ, ਅਤੇ ਕੁਝ ਛੋਟੀਆਂ ਮੱਛੀਆਂ ਹਨ।”
35ਉਹਨਾਂ ਨੇ ਭੀੜ ਨੂੰ ਜ਼ਮੀਨ ਤੇ ਬੈਠਣ ਲਈ ਕਿਹਾ। 36ਤਦ ਯਿਸ਼ੂ ਨੇ ਸੱਤ ਰੋਟੀਆਂ ਅਤੇ ਮੱਛੀਆਂ ਲਈਆਂ ਅਤੇ ਪਰਮੇਸ਼ਵਰ ਦਾ ਧੰਨਵਾਦ ਕਰਕੇ ਤੋੜੀਆਂ ਅਤੇ ਚੇਲਿਆਂ ਨੂੰ ਦਿੱਤੀਆਂ ਅਤੇ ਚੇਲਿਆਂ ਨੇ ਲੋਕਾਂ ਨੂੰ ਵੰਡੀਆਂ। 37ਤਦ ਸਾਰੇ ਖਾ ਕੇ ਰੱਜ ਗਏ। ਅਤੇ ਚੇਲਿਆਂ ਨੇ ਬਚੇ ਹੋਏ ਟੁੱਕੜਿਆ ਨਾਲ ਭਰੇ ਸੱਤ ਟੋਕਰੇ ਚੁੱਕੇ। 38ਅਤੇ ਖਾਣ ਵਾਲੇ ਔਰਤ ਅਤੇ ਬੱਚਿਆਂ ਤੋਂ ਬਿਨ੍ਹਾਂ ਚਾਰ ਹਜ਼ਾਰ ਮਰਦ ਸਨ। 39ਫਿਰ ਭੀੜ ਨੂੰ ਵਿਦਾ ਕਰਕੇ ਯਿਸ਼ੂ ਕਿਸ਼ਤੀ ਉੱਤੇ ਚੜ੍ਹ ਕੇ ਮਗਦਾਨ ਦੇ ਇਲਾਕੇ ਵਿੱਚ ਆਏ।
ਨਵਾਂ ਨੇਮ, ਪੰਜਾਬੀ ਮੌਜੂਦਾ ਤਰਜਮਾ™
ਕਾਪੀਰਾਈਟ ਅਧਿਕਾਰ © 2022 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ।
ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
New Testament, Punjabi Contemporary Version™
Copyright © 2022 by Biblica, Inc.
Used with permission. All rights reserved worldwide.