ਮੱਤੀ 6
6
ਦਾਨ ਸੰਬੰਧੀ ਸਿੱਖਿਆ
1 #
ਮੱਤੀ 23:5
“ਇਸ ਗੱਲ ਦਾ ਧਿਆਨ ਰੱਖੋ ਕਿ ਤੁਹਾਡੇ ਨੇਕੀ ਦੇ ਕੰਮ ਲੋਕਾਂ ਦੇ ਸਾਹਮਣੇ ਦਿਖਾਵੇ ਦੇ ਲਈ ਨਾ ਹੋਣ । ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਤੁਹਾਡੇ ਪਿਤਾ ਤੋਂ ਜਿਹੜੇ ਸਵਰਗ ਵਿੱਚ ਹਨ, ਕੋਈ ਫਲ ਨਹੀਂ ਮਿਲੇਗਾ ।
2“ਇਸ ਲਈ ਜਦੋਂ ਤੂੰ ਦਾਨ ਕਰੇਂ ਤਾਂ ਇਸ ਦੇ ਲਈ ਢੰਡੋਰਾ ਨਾ ਪਿਟਾ, ਜਿਸ ਤਰ੍ਹਾਂ ਪਖੰਡੀ ਪ੍ਰਾਰਥਨਾ ਘਰਾਂ ਅਤੇ ਗਲੀਆਂ ਵਿੱਚ ਕਰਦੇ ਹਨ ਕਿ ਲੋਕ ਉਹਨਾਂ ਦੀ ਵਡਿਆਈ ਕਰਨ । ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਇਸ ਤਰ੍ਹਾਂ ਕਰਨ ਨਾਲ ਉਹ ਆਪਣਾ ਫਲ ਪਾ ਚੁੱਕੇ ਹਨ । 3ਇਸ ਲਈ ਜਦੋਂ ਤੂੰ ਦਾਨ ਕਰੇਂ ਤਾਂ ਇਸ ਤਰ੍ਹਾਂ ਕਰ ਕਿ ਜੋ ਤੇਰਾ ਸੱਜਾ ਹੱਥ ਕਰਦਾ ਹੈ, ਉਸ ਦਾ ਪਤਾ ਤੇਰੇ ਖੱਬੇ ਹੱਥ ਤੱਕ ਨੂੰ ਵੀ ਨਾ ਲੱਗੇ, 4ਤਾਂ ਜੋ ਤੇਰਾ ਦਾਨ ਬਿਲਕੁਲ ਗੁਪਤ ਹੋਵੇ ਜਿਸ ਦਾ ਫਲ ਤੇਰੇ ਪਿਤਾ ਜਿਹੜੇ ਗੁਪਤ ਗੱਲਾਂ ਨੂੰ ਜਾਣਦੇ ਹਨ, ਦੇਣਗੇ ।”
ਪ੍ਰਾਰਥਨਾ ਸੰਬੰਧੀ ਸਿੱਖਿਆ
(ਲੂਕਾ 11:2-4)
5 #
ਲੂਕਾ 18:10-14
“ਜਦੋਂ ਤੁਸੀਂ ਪ੍ਰਾਰਥਨਾ ਕਰੋ ਤਾਂ ਪਖੰਡੀਆਂ ਵਾਂਗ ਨਾ ਕਰੋ । ਉਹ ਪ੍ਰਾਰਥਨਾ ਘਰਾਂ ਅਤੇ ਗਲੀਆਂ ਦੇ ਕੋਨਿਆਂ ਵਿੱਚ ਖੜ੍ਹੇ ਹੋ ਕੇ ਪ੍ਰਾਰਥਨਾ ਕਰਨੀ ਪਸੰਦ ਕਰਦੇ ਹਨ ਕਿ ਲੋਕ ਉਹਨਾਂ ਨੂੰ ਦੇਖਣ । ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਉਹ ਆਪਣਾ ਫਲ ਪਹਿਲਾਂ ਹੀ ਪ੍ਰਾਪਤ ਕਰ ਚੁੱਕੇ ਹਨ । 6ਇਸ ਲਈ ਜਦੋਂ ਤੂੰ ਪ੍ਰਾਰਥਨਾ ਕਰੇਂ ਤਾਂ ਆਪਣੇ ਕਮਰੇ ਵਿੱਚ ਜਾ, ਦਰਵਾਜ਼ਾ ਬੰਦ ਕਰ ਅਤੇ ਆਪਣੇ ਪਿਤਾ ਅੱਗੇ ਜਿਹੜੇ ਗੁਪਤ ਵਿੱਚ ਹਨ, ਪ੍ਰਾਰਥਨਾ ਕਰ । ਤਦ ਤੇਰੇ ਪਿਤਾ ਜਿਹੜੇ ਗੁਪਤ ਗੱਲਾਂ ਦੇ ਜਾਨਣ ਵਾਲੇ ਹਨ ਤੈਨੂੰ ਫਲ ਦੇਣਗੇ ।
7“ਪ੍ਰਾਰਥਨਾ ਕਰਦੇ ਸਮੇਂ ਆਪਣੀ ਪ੍ਰਾਰਥਨਾ ਵਿੱਚ ਪਰਾਈਆਂ ਕੌਮਾਂ ਦੀ ਤਰ੍ਹਾਂ ਬਾਰ ਬਾਰ ਬੇਮਤਲਬ ਗੱਲਾਂ ਨਾ ਕਰੋ ਕਿਉਂਕਿ ਉਹ ਸੋਚਦੇ ਹਨ ਕਿ ਬਹੁਤ ਬੋਲਣ ਨਾਲ ਪਰਮੇਸ਼ਰ ਉਹਨਾਂ ਨੂੰ ਸੁਣ ਲੈਣਗੇ । 8ਉਹਨਾਂ ਦੀ ਤਰ੍ਹਾਂ ਨਾ ਬਣੋ ਕਿਉਂਕਿ ਤੁਹਾਡੇ ਪਿਤਾ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦੇ ਹਨ ਕਿ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ । 9ਤੁਸੀਂ ਇਸ ਤਰ੍ਹਾਂ ਪ੍ਰਾਰਥਨਾ ਕਰੋ,
‘ਹੇ ਸਾਡੇ ਪਿਤਾ, ਤੁਸੀਂ ਜੋ ਸਵਰਗ ਵਿੱਚ ਹੋ,
ਤੁਹਾਡਾ ਨਾਮ ਪਵਿੱਤਰ ਮੰਨਿਆ ਜਾਵੇ,
10ਤੁਹਾਡਾ ਰਾਜ ਆਵੇ,
ਤੁਹਾਡੀ ਇੱਛਾ ਜਿਸ ਤਰ੍ਹਾਂ ਸਵਰਗ ਵਿੱਚ ਪੂਰੀ ਹੁੰਦੀ ਹੈ,
ਧਰਤੀ ਉੱਤੇ ਵੀ ਪੂਰੀ ਹੋਵੇ ।
11ਸਾਡੀ ਅੱਜ ਦੀ ਰੋਟੀ ਸਾਨੂੰ ਦਿਓ ।
12ਸਾਡੇ ਅਪਰਾਧ ਸਾਨੂੰ ਮਾਫ਼ ਕਰੋ,
ਜਿਸ ਤਰ੍ਹਾਂ ਅਸੀਂ ਆਪਣੇ ਵਿਰੁੱਧ ਅਪਰਾਧ ਕਰਨ
ਵਾਲਿਆਂ ਨੂੰ ਮਾਫ਼ ਕੀਤਾ ਹੈ ।
13ਸਾਨੂੰ ਪਰਤਾਵੇ ਵਿੱਚ ਨਾ ਪੈਣ ਦਿਓ,
ਸਗੋਂ ਬੁਰਾਈ ਤੋਂ ਬਚਾਓ ।
[ਕਿਉਂਕਿ ਰਾਜ, ਸਮਰੱਥਾ ਅਤੇ ਮਹਿਮਾ
ਹਮੇਸ਼ਾ ਤੁਹਾਡੇ ਹੀ ਹਨ । ਆਮੀਨ]’#6:13 ਇਹ ਪੰਗਤੀ ਕੁਝ ਪ੍ਰਾਚੀਨ ਲਿਖਤਾਂ ਵਿੱਚ ਨਹੀਂ ਹੈ ।
14 #
ਮਰ 11:25-26
“ਇਸ ਲਈ ਜੇਕਰ ਤੁਸੀਂ ਮਨੁੱਖਾਂ ਦੇ ਅਪਰਾਧਾਂ ਨੂੰ ਮਾਫ਼ ਕਰ ਦੇਵੋਗੇ ਤਾਂ ਤੁਹਾਡੇ ਪਿਤਾ ਜਿਹੜੇ ਸਵਰਗ ਵਿੱਚ ਹਨ, ਤੁਹਾਨੂੰ ਵੀ ਮਾਫ਼ ਕਰ ਦੇਣਗੇ । 15ਪਰ ਜੇਕਰ ਤੁਸੀਂ ਮਨੁੱਖਾਂ ਦੇ ਅਪਰਾਧਾਂ ਨੂੰ ਮਾਫ਼ ਨਹੀਂ ਕਰੋਗੇ ਤਾਂ ਤੁਹਾਡੇ ਪਿਤਾ ਵੀ ਤੁਹਾਡੇ ਅਪਰਾਧਾਂ ਨੂੰ ਮਾਫ਼ ਨਹੀਂ ਕਰਨਗੇ ।”
ਵਰਤ ਸੰਬੰਧੀ ਸਿੱਖਿਆ
16“ਜਦੋਂ ਤੁਸੀਂ ਵਰਤ ਰੱਖੋ ਤਾਂ ਪਖੰਡੀਆਂ ਵਾਂਗ ਆਪਣਾ ਚਿਹਰਾ ਉਦਾਸ ਨਾ ਬਣਾਓ ਕਿਉਂਕਿ ਉਹ ਆਪਣੇ ਚਿਹਰੇ ਇਸ ਲਈ ਵਿਗਾੜ ਲੈਂਦੇ ਹਨ ਕਿ ਲੋਕ ਦੇਖਣ ਕਿ ਉਹਨਾਂ ਨੇ ਵਰਤ ਰੱਖਿਆ ਹੋਇਆ ਹੈ । ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਉਹ ਆਪਣਾ ਫਲ ਪਹਿਲਾਂ ਹੀ ਪ੍ਰਾਪਤ ਕਰ ਚੁੱਕੇ ਹਨ । 17ਇਸ ਲਈ ਜਦੋਂ ਤੂੰ ਵਰਤ ਰੱਖੇਂ ਤਾਂ ਆਪਣੇ ਵਾਲਾਂ ਨੂੰ ਤੇਲ ਲਾ, ਮੂੰਹ ਧੋ, 18ਤਾਂ ਜੋ ਲੋਕ ਇਹ ਨਾ ਜਾਨਣ ਕਿ ਤੂੰ ਵਰਤ ਰੱਖਿਆ ਹੈ । ਇਹ ਕੇਵਲ ਤੁਹਾਡੇ ਪਿਤਾ ਹੀ ਜਾਨਣ ਜਿਹੜੇ ਗੁਪਤ ਵਿੱਚ ਹਨ, ਜਿਹੜੇ ਤੇਰੇ ਗੁਪਤ ਕੰਮਾਂ ਨੂੰ ਦੇਖਦੇ ਹਨ, ਉਹ ਹੀ ਤੈਨੂੰ ਇਸ ਦਾ ਫਲ ਦੇਣਗੇ ।”
ਸਵਰਗ ਵਿੱਚ ਧਨ
(ਲੂਕਾ 12:33-34)
19 #
ਯਾਕੂ 5:2-3
“ਧਰਤੀ ਉੱਤੇ ਆਪਣੇ ਲਈ ਧਨ ਇਕੱਠਾ ਨਾ ਕਰੋ ਜਿੱਥੇ ਕੀੜਾ ਅਤੇ ਜੰਗਾਲ ਨਾਸ਼ ਕਰ ਦਿੰਦੇ ਹਨ, ਚੋਰ ਸੰਨ੍ਹ ਲਾਉਂਦੇ ਅਤੇ ਚੋਰੀਆਂ ਕਰਦੇ ਹਨ 20ਸਗੋਂ ਸਵਰਗ ਵਿੱਚ ਆਪਣਾ ਧਨ ਇਕੱਠਾ ਕਰੋ ਜਿੱਥੇ ਕੀੜਾ ਅਤੇ ਜੰਗਾਲ ਨਾਸ਼ ਨਹੀਂ ਕਰ ਸਕਦੇ ਹਨ, ਨਾ ਹੀ ਚੋਰ ਸੰਨ੍ਹ ਲਾ ਸਕਦੇ ਅਤੇ ਨਾ ਹੀ ਚੋਰੀ ਕਰ ਸਕਦੇ ਹਨ । 21ਕਿਉਂਕਿ ਜਿੱਥੇ ਤੇਰਾ ਧਨ ਹੋਵੇਗਾ ਉੱਥੇ ਤੇਰਾ ਦਿਲ ਵੀ ਲੱਗਾ ਰਹੇਗਾ ।”
ਸਰੀਰ ਦਾ ਦੀਵਾ
(ਲੂਕਾ 11:34-36)
22“ਸਰੀਰ ਦਾ ਦੀਵਾ ਅੱਖ ਹੈ । ਇਸ ਲਈ ਜੇਕਰ ਤੇਰੀ ਅੱਖ ਸਾਫ਼ ਹੈ ਤਾਂ ਤੇਰਾ ਸਾਰਾ ਸਰੀਰ ਚਾਨਣ ਦੇ ਨਾਲ ਭਰਿਆ ਹੋਵੇਗਾ । 23ਜੇਕਰ ਤੇਰੀ ਅੱਖ ਖ਼ਰਾਬ ਹੈ ਤਾਂ ਤੇਰਾ ਸਾਰਾ ਸਰੀਰ ਵੀ ਹਨੇਰੇ ਦੇ ਨਾਲ ਭਰਿਆ ਹੋਵੇਗਾ । ਇਸ ਲਈ ਜੇਕਰ ਤੇਰੇ ਅੰਦਰਲਾ ਚਾਨਣ ਹਨੇਰੇ ਵਿੱਚ ਬਦਲ ਜਾਵੇ ਤਾਂ ਇਹ ਹਨੇਰਾ ਕਿੰਨਾਂ ਵੱਡਾ ਹੋਵੇਗਾ ।”
ਪਰਮੇਸ਼ਰ ਅਤੇ ਧਨ
(ਲੂਕਾ 16:13, 12:22-31)
24“ਕੋਈ ਮਨੁੱਖ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ । ਉਹ ਇੱਕ ਦੇ ਨਾਲ ਨਫ਼ਰਤ ਕਰੇਗਾ ਅਤੇ ਦੂਜੇ ਦੇ ਨਾਲ ਪਿਆਰ ਜਾਂ ਇੱਕ ਦਾ ਆਦਰ ਕਰੇਗਾ ਅਤੇ ਦੂਜੇ ਨੂੰ ਤੁੱਛ ਜਾਣੇਗਾ । ਤੁਸੀਂ ਪਰਮੇਸ਼ਰ ਅਤੇ ਧਨ, ਦੋਨਾਂ ਦੀ ਸੇਵਾ ਨਹੀਂ ਕਰ ਸਕਦੇ ।”
ਪਰਮੇਸ਼ਰ ਉੱਤੇ ਭਰੋਸਾ ਰੱਖਣਾ
25“ਮੈਂ ਤੁਹਾਨੂੰ ਕਹਿੰਦਾ ਹਾਂ ਕਿ ਤੁਸੀਂ ਆਪਣੇ ਜੀਵਨ ਅਤੇ ਸਰੀਰ ਦੇ ਲਈ ਚਿੰਤਾ ਨਾ ਕਰੋ ਕਿ ਅਸੀਂ ਕੀ ਖਾਵਾਂਗੇ, ਕੀ ਪੀਵਾਂਗੇ ਜਾਂ ਕੀ ਪਹਿਨਾਂਗੇ ? ਕਿਉਂਕਿ ਜੀਵਨ ਦਾ ਮੁੱਲ ਭੋਜਨ ਨਾਲੋਂ ਕਿਤੇ ਜ਼ਿਆਦਾ ਹੈ ਅਤੇ ਸਰੀਰ ਦਾ ਮੁੱਲ ਕੱਪੜੇ ਨਾਲੋਂ । 26ਅਕਾਸ਼ ਦੇ ਪੰਛੀਆਂ ਵੱਲ ਧਿਆਨ ਦੇਵੋ, ਉਹ ਨਾ ਬੀਜਦੇ ਹਨ ਅਤੇ ਨਾ ਵਾਢੀ ਕਰਦੇ, ਨਾ ਹੀ ਗੋਦਾਮਾਂ ਵਿੱਚ ਇਕੱਠਾ ਕਰਦੇ ਹਨ । ਪਰ ਫਿਰ ਵੀ ਤੁਹਾਡੇ ਪਿਤਾ ਜਿਹੜੇ ਸਵਰਗ ਵਿੱਚ ਹਨ, ਉਹਨਾਂ ਨੂੰ ਖਾਣ ਦੇ ਲਈ ਭੋਜਨ ਦਿੰਦੇ ਹਨ । ਕੀ ਤੁਸੀਂ ਪੰਛੀਆਂ ਨਾਲੋਂ ਕਿਤੇ ਜ਼ਿਆਦਾ ਬਹੁਮੁੱਲੇ ਨਹੀਂ ਹੋ ? 27ਤੁਹਾਡੇ ਵਿੱਚੋਂ ਕੌਣ ਹੈ ਜਿਹੜਾ ਚਿੰਤਾ ਕਰ ਕੇ ਆਪਣੀ ਉਮਰ ਵਿੱਚ ਇੱਕ ਦਿਨ ਦਾ ਵੀ ਵਾਧਾ ਕਰ ਸਕਦਾ ਹੈ ?”
28“ਤੁਸੀਂ ਕੱਪੜਿਆਂ ਬਾਰੇ ਕਿਉਂ ਚਿੰਤਾ ਕਰਦੇ ਹੋ ? ਜੰਗਲੀ ਫੁੱਲਾਂ ਵੱਲ ਧਿਆਨ ਦੇਵੋ, ਉਹ ਕਿਸ ਤਰ੍ਹਾਂ ਵੱਧਦੇ ਫੁੱਲਦੇ ਹਨ । ਉਹ ਨਾ ਮਿਹਨਤ ਕਰਦੇ ਹਨ ਅਤੇ ਨਾ ਹੀ ਕੱਤਦੇ ਹਨ । 29#1 ਰਾਜਾ 10:4-7, 2 ਇਤਿ 9:3-6ਮੈਂ ਤੁਹਾਨੂੰ ਦੱਸਦਾ ਹਾਂ ਕਿ ਸੁਲੇਮਾਨ ਭਾਵੇਂ ਬਹੁਤ ਧਨੀ ਰਾਜਾ ਸੀ ਪਰ ਫਿਰ ਵੀ ਉਸ ਦੇ ਵਸਤਰ ਇਹਨਾਂ ਫੁੱਲਾਂ ਨਾਲੋਂ ਵੱਧ ਸੋਹਣੇ ਨਹੀਂ ਸਨ । 30ਇਸ ਲਈ ਜੇਕਰ ਪਰਮੇਸ਼ਰ ਇਸ ਘਾਹ ਨੂੰ ਜੋ ਅੱਜ ਮੈਦਾਨ ਵਿੱਚ ਹੈ ਅਤੇ ਕੱਲ੍ਹ ਭੱਠੀ ਵਿੱਚ ਝੋਕਿਆ ਜਾਵੇਗਾ, ਇਸ ਤਰ੍ਹਾਂ ਸਜਾਉਂਦੇ ਹਨ ਤਾਂ ਉਹ ਤੁਹਾਨੂੰ ਪਹਿਨਣ ਲਈ ਕਿਉਂ ਨਹੀਂ ਦੇਣਗੇ ? ਤੁਹਾਡਾ ਵਿਸ਼ਵਾਸ ਕਿੰਨਾ ਘੱਟ ਹੈ । 31ਇਸ ਲਈ ਇਹ ਕਹਿ ਕੇ ਚਿੰਤਾ ਨਾ ਕਰੋ ਕਿ ਅਸੀਂ ਕੀ ਖਾਵਾਂਗੇ ? ਅਸੀਂ ਕੀ ਪੀਵਾਂਗੇ ? ਜਾਂ ਅਸੀਂ ਕੀ ਪਹਿਨਾਂਗੇ ? 32ਪਰਾਈਆਂ ਕੌਮਾਂ ਇਹਨਾਂ ਚੀਜ਼ਾਂ ਦੀ ਭਾਲ ਵਿੱਚ ਰਹਿੰਦੀਆਂ ਹਨ । ਪਰ ਤੁਹਾਡੇ ਪਿਤਾ ਜਿਹੜੇ ਸਵਰਗ ਵਿੱਚ ਹਨ, ਜਾਣਦੇ ਹਨ ਕਿ ਤੁਹਾਨੂੰ ਇਹਨਾਂ ਸਾਰੀਆਂ ਚੀਜ਼ਾਂ ਦੀ ਲੋੜ ਹੈ । 33ਇਸ ਲਈ ਤੁਸੀਂ ਸਭ ਤੋਂ ਪਹਿਲਾਂ ਪਰਮੇਸ਼ਰ ਦੇ ਰਾਜ ਅਤੇ ਉਹਨਾਂ ਦੀ ਨੇਕੀ ਦੀ ਖੋਜ ਕਰੋ ਤਾਂ ਇਹ ਸਾਰੀਆਂ ਚੀਜ਼ਾਂ ਪਰਮੇਸ਼ਰ ਆਪ ਹੀ ਤੁਹਾਨੂੰ ਦੇਣਗੇ । 34ਇਸ ਲਈ ਕੱਲ੍ਹ ਦੀ ਚਿੰਤਾ ਨਾ ਕਰੋ, ਕੱਲ੍ਹ ਆਪਣੀ ਚਿੰਤਾ ਆਪ ਕਰੇਗਾ । ਅੱਜ ਦੇ ਲਈ ਅੱਜ ਦਾ ਦੁੱਖ ਹੀ ਬਹੁਤ ਹੈ ।”
Punjabi Common Language (North American Version):
Text © 2021 Canadian Bible Society and Bible Society of India