ਲੂਕਾ 20
20
ਪ੍ਰਭੂ ਯਿਸੂ ਦੇ ਅਧਿਕਾਰ ਬਾਰੇ ਪ੍ਰਸ਼ਨ
(ਮੱਤੀ 21:23-27, ਮਰਕੁਸ 11:27-33)
1ਇੱਕ ਦਿਨ ਪ੍ਰਭੂ ਯਿਸੂ ਹੈਕਲ ਵਿੱਚ ਲੋਕਾਂ ਨੂੰ ਸਿੱਖਿਆ ਦੇ ਰਹੇ ਸਨ ਅਤੇ ਸ਼ੁਭ ਸਮਾਚਾਰ ਸੁਣਾ ਰਹੇ ਸਨ । ਉਸ ਸਮੇਂ ਮਹਾਂ-ਪੁਰੋਹਿਤ ਅਤੇ ਵਿਵਸਥਾ ਦੇ ਸਿੱਖਿਅਕ, ਬਜ਼ੁਰਗ ਆਗੂਆਂ ਦੇ ਨਾਲ ਯਿਸੂ ਦੇ ਕੋਲ ਆਏ । 2ਉਹਨਾਂ ਨੇ ਯਿਸੂ ਤੋਂ ਪੁੱਛਿਆ, “ਸਾਨੂੰ ਦੱਸ, ਤੂੰ ਇਹ ਕੰਮ ਕਿਹੜੇ ਅਧਿਕਾਰ ਨਾਲ ਕਰਦਾ ਹੈਂ ? ਤੈਨੂੰ ਇਹ ਅਧਿਕਾਰ ਕਿਸ ਨੇ ਦਿੱਤਾ ਹੈ ?” 3ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਮੈਂ ਵੀ ਤੁਹਾਡੇ ਕੋਲੋਂ ਇੱਕ ਪ੍ਰਸ਼ਨ ਪੁੱਛਦਾ ਹਾਂ । ਮੈਨੂੰ ਦੱਸੋ, 4ਯੂਹੰਨਾ ਨੂੰ ਬਪਤਿਸਮਾ ਦੇਣ ਦਾ ਅਧਿਕਾਰ ਪਰਮੇਸ਼ਰ ਕੋਲੋਂ ਮਿਲਿਆ ਸੀ ਜਾਂ ਮਨੁੱਖਾਂ ਕੋਲੋਂ ?” 5ਉਹ ਆਪਸ ਵਿੱਚ ਇੱਕ ਦੂਜੇ ਨੂੰ ਕਹਿਣ ਲੱਗੇ, “ਜੇ ਅਸੀਂ ਕਹੀਏ ‘ਪਰਮੇਸ਼ਰ ਕੋਲੋਂ,’ ਤਾਂ ਇਹ ਸਾਨੂੰ ਕਹੇਗਾ, ਫਿਰ ਤੁਸੀਂ ਉਸ ਦਾ ਵਿਸ਼ਵਾਸ ਕਿਉਂ ਨਾ ਕੀਤਾ ? 6ਪਰ ਜੇ ਅਸੀਂ ਕਹੀਏ, ‘ਮਨੁੱਖਾਂ ਕੋਲੋਂ,’ ਤਾਂ ਲੋਕ ਸਾਨੂੰ ਪੱਥਰਾਂ ਨਾਲ ਮਾਰ ਸੁੱਟਣਗੇ, ਕਿਉਂਕਿ ਸਾਰੇ ਲੋਕ ਇਹ ਮੰਨਦੇ ਹਨ ਕਿ ਯੂਹੰਨਾ ਇੱਕ ਨਬੀ ਸੀ ।” 7ਇਸ ਲਈ ਉਹਨਾਂ ਨੇ ਉੱਤਰ ਦਿੱਤਾ, “ਅਸੀਂ ਨਹੀਂ ਜਾਣਦੇ ਕਿ ਯੂਹੰਨਾ ਨੂੰ ਬਪਤਿਸਮਾ ਦੇਣ ਦਾ ਅਧਿਕਾਰ ਕਿੱਥੋਂ ਮਿਲਿਆ ਸੀ ।” 8ਤਦ ਯਿਸੂ ਨੇ ਉਹਨਾਂ ਨੂੰ ਕਿਹਾ, “ਮੈਂ ਵੀ ਤੁਹਾਨੂੰ ਨਹੀਂ ਦੱਸਦਾ ਕਿ ਮੈਂ ਕਿਸ ਅਧਿਕਾਰ ਨਾਲ ਇਹ ਕੰਮ ਕਰਦਾ ਹਾਂ ।”
ਅੰਗੂਰੀ ਬਾਗ਼ ਦੇ ਕਿਸਾਨਾਂ ਦਾ ਦ੍ਰਿਸ਼ਟਾਂਤ
(ਮੱਤੀ 21:33-46, ਮਰਕੁਸ 12:1-12)
9 #
ਯਸਾ 5:1
ਫਿਰ ਪ੍ਰਭੂ ਯਿਸੂ ਨੇ ਲੋਕਾਂ ਨੂੰ ਇਹ ਦ੍ਰਿਸ਼ਟਾਂਤ ਸੁਣਾਇਆ, “ਇੱਕ ਆਦਮੀ ਨੇ ਅੰਗੂਰਾਂ ਦਾ ਬਾਗ਼ ਲਾਇਆ ਅਤੇ ਕਿਸਾਨਾਂ ਨੂੰ ਠੇਕੇ ਉੱਤੇ ਦੇ ਕੇ ਆਪ ਬਹੁਤ ਸਮੇਂ ਲਈ ਵਿਦੇਸ਼ ਚਲਾ ਗਿਆ । 10ਅੰਗੂਰਾਂ ਦੇ ਮੌਸਮ ਵਿੱਚ ਉਸ ਨੇ ਆਪਣੇ ਇੱਕ ਸੇਵਕ ਨੂੰ ਕਿਸਾਨਾਂ ਦੇ ਕੋਲ ਭੇਜਿਆ ਕਿ ਉਹ ਸੇਵਕ ਨੂੰ ਮਾਲਕ ਦਾ ਹਿੱਸਾ ਦੇਣ ਪਰ ਕਿਸਾਨਾਂ ਨੇ ਉਸ ਸੇਵਕ ਨੂੰ ਮਾਰ ਕੁੱਟ ਕੇ ਖ਼ਾਲੀ ਹੱਥ ਵਾਪਸ ਭੇਜ ਦਿੱਤਾ । 11ਉਸ ਨੇ ਆਪਣੇ ਦੂਜੇ ਸੇਵਕ ਨੂੰ ਭੇਜਿਆ ਪਰ ਕਿਸਾਨਾਂ ਨੇ ਉਸ ਨੂੰ ਵੀ ਮਾਰਿਆ, ਕੁੱਟਿਆ ਅਤੇ ਅਪਮਾਨਿਤ ਕਰ ਕੇ ਖ਼ਾਲੀ ਹੱਥ ਵਾਪਸ ਭੇਜ ਦਿੱਤਾ । 12ਮਾਲਕ ਨੇ ਇਸੇ ਤਰ੍ਹਾਂ ਤੀਜੇ ਸੇਵਕ ਨੂੰ ਭੇਜਿਆ ਪਰ ਕਿਸਾਨਾਂ ਨੇ ਉਸ ਨੂੰ ਜ਼ਖ਼ਮੀ ਕਰ ਕੇ ਬਾਗ਼ ਤੋਂ ਬਾਹਰ ਸੁੱਟ ਦਿੱਤਾ । 13ਅੰਗੂਰੀ ਬਾਗ਼ ਦਾ ਮਾਲਕ ਸੋਚਣ ਲੱਗਾ, ‘ਹੁਣ ਮੈਂ ਕੀ ਕਰਾਂ ? ਮੈਂ ਆਪਣੇ ਪਿਆਰੇ ਪੁੱਤਰ ਨੂੰ ਭੇਜਾਂਗਾ, ਸ਼ਾਇਦ ਉਹ ਉਸ ਦਾ ਆਦਰ ਕਰਨ ।’ 14ਪਰ ਪੁੱਤਰ ਨੂੰ ਦੇਖ ਕੇ ਕਿਸਾਨ ਆਪਸ ਵਿੱਚ ਕਹਿਣ ਲੱਗੇ, ‘ਇਹ ਹੀ ਵਾਰਿਸ ਹੈ, ਆਓ ਇਸ ਨੂੰ ਮਾਰ ਸੁੱਟੀਏ ਤਾਂ ਬਾਗ਼ ਸਾਡਾ ਹੋ ਜਾਵੇਗਾ ।’ 15ਇਸ ਲਈ ਉਹਨਾਂ ਨੇ ਪੁੱਤਰ ਨੂੰ ਬਾਗ਼ ਵਿੱਚੋਂ ਬਾਹਰ ਸੁੱਟ ਦਿੱਤਾ ਅਤੇ ਉਸ ਨੂੰ ਕਤਲ ਕਰ ਦਿੱਤਾ ।
“ਤਦ ਬਾਗ਼ ਦਾ ਮਾਲਕ ਉਹਨਾਂ ਕਿਸਾਨਾਂ ਨਾਲ ਕੀ ਕਰੇਗਾ ? 16ਉਹ ਆਵੇਗਾ ਅਤੇ ਉਹਨਾਂ ਦਾ ਨਾਸ਼ ਕਰੇਗਾ ਅਤੇ ਬਾਗ਼ ਦੂਜੇ ਕਿਸਾਨਾਂ ਨੂੰ ਠੇਕੇ ਉੱਤੇ ਦੇ ਦੇਵੇਗਾ ।” ਲੋਕ ਇਹ ਸੁਣ ਕੇ ਕਹਿਣ ਲੱਗੇ, “ਪਰਮੇਸ਼ਰ ਨਾ ਕਰੇ ਕਿ ਇਸ ਤਰ੍ਹਾਂ ਹੋਵੇ !” 17#ਭਜਨ 118:22ਪ੍ਰਭੂ ਯਿਸੂ ਨੇ ਲੋਕਾਂ ਵੱਲ ਬੜੇ ਧਿਆਨ ਨਾਲ ਦੇਖਿਆ ਅਤੇ ਉਹਨਾਂ ਨੂੰ ਕਿਹਾ, “ਪਵਿੱਤਰ-ਗ੍ਰੰਥ ਵਿੱਚ ਇਹ ਲਿਖਿਆ ਹੋਇਆ ਹੈ, ‘ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਰੱਦ ਕੀਤਾ, ਉਹ ਹੀ ਕੋਨੇ ਦਾ ਪੱਥਰ ਬਣ ਗਿਆ ।’ ਇਸ ਦਾ ਕੀ ਅਰਥ ਹੈ ? 18ਜਿਹੜਾ ਕੋਈ ਉਸ ਪੱਥਰ ਉੱਤੇ ਡਿੱਗੇਗਾ, ਉਹ ਟੁਕੜੇ-ਟੁਕੜੇ ਹੋ ਜਾਵੇਗਾ ਅਤੇ ਜਿਸ ਉੱਤੇ ਉਹ ਪੱਥਰ ਡਿੱਗੇਗਾ, ਉਹ ਚਕਨਾਚੂਰ ਹੋ ਜਾਵੇਗਾ ।” 19ਵਿਵਸਥਾ ਦੇ ਸਿੱਖਿਅਕ ਅਤੇ ਮਹਾਂ-ਪੁਰੋਹਿਤ ਯਿਸੂ ਨੂੰ ਉਸੇ ਸਮੇਂ ਫੜਨਾ ਚਾਹੁੰਦੇ ਸਨ ਕਿਉਂਕਿ ਉਹ ਸਮਝ ਗਏ ਸਨ ਕਿ ਇਹ ਦ੍ਰਿਸ਼ਟਾਂਤ ਉਹਨਾਂ ਦੇ ਬਾਰੇ ਹੀ ਕਿਹਾ ਗਿਆ ਹੈ ਪਰ ਉਹ ਲੋਕਾਂ ਤੋਂ ਡਰਦੇ ਸਨ ।
ਟੈਕਸ ਸੰਬੰਧੀ ਪ੍ਰਸ਼ਨ
(ਮੱਤੀ 22:15-22, ਮਰਕੁਸ 12:13-17)
20ਉਹ ਕਿਸੇ ਠੀਕ ਮੌਕੇ ਦੀ ਉਡੀਕ ਵਿੱਚ ਸਨ । ਇਸ ਲਈ ਉਹਨਾਂ ਨੇ ਕੁਝ ਭੇਤੀਆਂ ਨੂੰ ਯਿਸੂ ਦੇ ਪਿੱਛੇ ਲਾ ਦਿੱਤਾ ਕਿ ਉਹ ਇਮਾਨਦਾਰ ਆਦਮੀ ਹੋਣ ਦਾ ਢੌਂਗ ਰਚਣ ਅਤੇ ਯਿਸੂ ਨੂੰ ਕਿਸੇ ਤਰ੍ਹਾਂ ਆਪਣੀਆਂ ਗੱਲਾਂ ਦੇ ਹੇਰ ਫੇਰ ਵਿੱਚ ਫਸਾਉਣ ਤਾਂ ਜੋ ਉਹ ਯਿਸੂ ਨੂੰ ਰਾਜਪਾਲ ਦੇ ਅਧਿਕਾਰ ਅਤੇ ਕਾਨੂੰਨ ਦੇ ਹਵਾਲੇ ਕਰਨ । 21ਇਸ ਲਈ ਭੇਤੀਆਂ ਨੇ ਯਿਸੂ ਤੋਂ ਪੁੱਛਿਆ, “ਗੁਰੂ ਜੀ, ਅਸੀਂ ਜਾਣਦੇ ਹਾਂ ਕਿ ਤੁਸੀਂ ਠੀਕ ਗੱਲਾਂ ਕਹਿੰਦੇ ਅਤੇ ਸਿੱਖਿਆ ਦਿੰਦੇ ਹੋ । ਤੁਸੀਂ ਕਿਸੇ ਦਾ ਮੂੰਹ ਦੇਖ ਕੇ ਕੋਈ ਗੱਲ ਨਹੀਂ ਕਹਿੰਦੇ ਸਗੋਂ ਸੱਚਾਈ ਨਾਲ ਪਰਮੇਸ਼ਰ ਦੇ ਰਾਹ ਬਾਰੇ ਲੋਕਾਂ ਨੂੰ ਸਿੱਖਿਆ ਦਿੰਦੇ ਹੋ । 22ਸਾਨੂੰ ਦੱਸੋ, ਸਮਰਾਟ ਨੂੰ ਟੈਕਸ ਦੇਣਾ ਠੀਕ ਹੈ ਜਾਂ ਨਹੀਂ ?” 23ਯਿਸੂ ਉਹਨਾਂ ਦੀ ਚਾਲ ਸਮਝ ਗਏ । ਇਸ ਲਈ ਯਿਸੂ ਨੇ ਉਹਨਾਂ ਨੂੰ ਕਿਹਾ, 24“ਮੈਨੂੰ ਇੱਕ ਸਿੱਕਾ#20:24 ਮੂਲ ਭਾਸ਼ਾ ਵਿੱਚ ਇੱਥੇ ਇੱਕ ਦੀਨਾਰ ਹੈ । ਦਿਖਾਓ । ਇਸ ਉੱਤੇ ਕਿਸ ਦਾ ਚਿੱਤਰ ਅਤੇ ਲਿਖਤ ਹੈ ?” 25ਉਹਨਾਂ ਨੇ ਉੱਤਰ ਦਿੱਤਾ, “ਸਮਰਾਟ ਦਾ ।” ਯਿਸੂ ਨੇ ਕਿਹਾ, “ਜੋ ਸਮਰਾਟ ਦਾ ਹੈ, ਸਮਰਾਟ ਨੂੰ ਦਿਓ ਅਤੇ ਜੋ ਪਰਮੇਸ਼ਰ ਦਾ ਹੈ, ਪਰਮੇਸ਼ਰ ਨੂੰ ਦਿਓ ।” 26ਉਹ ਯਿਸੂ ਦਾ ਇਹ ਉੱਤਰ ਸੁਣ ਕੇ ਹੈਰਾਨ ਰਹਿ ਗਏ ਅਤੇ ਚੁੱਪ ਹੋ ਗਏ । ਉਹ ਯਿਸੂ ਨੂੰ ਲੋਕਾਂ ਦੇ ਸਾਹਮਣੇ ਆਪਣੀ ਕਿਸੇ ਵੀ ਗੱਲ ਵਿੱਚ ਨਾ ਫਸਾ ਸਕੇ ।
ਪੁਨਰ-ਉਥਾਨ ਸੰਬੰਧੀ ਪ੍ਰਸ਼ਨ
(ਮੱਤੀ 22:23-33, ਮਰਕੁਸ 12:18-27)
27 #
ਕੂਚ 23:8
ਕੁਝ ਸਦੂਕੀ, ਜਿਹੜੇ ਕਹਿੰਦੇ ਹਨ ਕਿ ਪੁਨਰ-ਉਥਾਨ ਨਹੀਂ ਹੈ, ਉਹਨਾਂ ਨੇ ਯਿਸੂ ਤੋਂ ਪੁੱਛਿਆ, 28#ਵਿਵ 25:5“ਗੁਰੂ ਜੀ, ਮੂਸਾ ਨੇ ਸਾਡੇ ਲਈ ਲਿਖਿਆ ਹੈ ‘ਜੇਕਰ ਕੋਈ ਆਦਮੀ ਬੇਔਲਾਦ ਮਰ ਜਾਵੇ ਤਾਂ ਉਸ ਆਦਮੀ ਦਾ ਭਰਾ ਉਸ ਦੀ ਵਿਧਵਾ ਨਾਲ ਵਿਆਹ ਕਰ ਕੇ ਆਪਣੇ ਭਰਾ ਲਈ ਸੰਤਾਨ ਪੈਦਾ ਕਰੇ ।’ 29ਸੱਤ ਭਰਾ ਸਨ । ਪਹਿਲੇ ਨੇ ਵਿਆਹ ਕੀਤਾ ਅਤੇ ਉਹ ਬੇਔਲਾਦ ਮਰ ਗਿਆ । 30ਇਸੇ ਤਰ੍ਹਾਂ ਦੂਜਾ ਭਰਾ ਵੀ ਮਰ ਗਿਆ । 31ਤੀਜੇ ਭਰਾ ਨੇ ਵੀ ਆਪਣੇ ਭਰਾ ਦੀ ਵਿਧਵਾ ਨਾਲ ਵਿਆਹ ਕੀਤਾ ਅਤੇ ਬੇਔਲਾਦ ਮਰ ਗਿਆ । ਇਸ ਤਰ੍ਹਾਂ ਸੱਤਾਂ ਭਰਾਵਾਂ ਦੀ ਕੋਈ ਔਲਾਦ ਨਾ ਹੋਈ ਅਤੇ ਉਹ ਸਾਰੇ ਮਰ ਗਏ । 32ਇਹਨਾਂ ਸਾਰਿਆਂ ਦੇ ਬਾਅਦ ਉਹ ਔਰਤ ਵੀ ਮਰ ਗਈ । 33ਹੁਣ ਜਦੋਂ ਮੁਰਦੇ ਜੀਅ ਉੱਠਣਗੇ, ਉਹ ਔਰਤ ਕਿਸ ਦੀ ਪਤਨੀ ਹੋਵੇਗੀ ਕਿਉਂਕਿ ਸੱਤਾਂ ਨੇ ਉਸ ਨਾਲ ਵਿਆਹ ਕੀਤਾ ਸੀ ?”
34ਯਿਸੂ ਨੇ ਉਹਨਾਂ ਨੂੰ ਕਿਹਾ, “ਇਸ ਯੁੱਗ ਵਿੱਚ ਆਦਮੀਆਂ ਅਤੇ ਔਰਤਾਂ ਵਿੱਚ ਵਿਆਹ ਹੁੰਦੇ ਹਨ । 35ਪਰ ਜਿਹੜੇ ਇਸ ਯੋਗ ਗਿਣੇ ਜਾਂਦੇ ਹਨ ਕਿ ਉਹ ਉਸ ਯੁੱਗ ਨੂੰ ਅਤੇ ਮੁਰਦਿਆਂ ਦੇ ਪੁਨਰ-ਉਥਾਨ ਨੂੰ ਪ੍ਰਾਪਤ ਕਰਨ, ਉਹਨਾਂ ਵਿੱਚ ਵਿਆਹ ਨਹੀਂ ਹੋਣਗੇ । 36ਉਹ ਸਵਰਗਦੂਤਾਂ ਦੇ ਵਾਂਗ ਹੋਣਗੇ । ਇਸ ਲਈ ਉਹਨਾਂ ਦੀ ਫਿਰ ਮੌਤ ਨਹੀਂ ਹੋਵੇਗੀ । ਪੁਨਰ-ਉਥਾਨ ਦੀ ਸੰਤਾਨ ਹੋਣ ਕਰ ਕੇ, ਉਹ ਪਰਮੇਸ਼ਰ ਦੀ ਸੰਤਾਨ ਹਨ । 37#ਕੂਚ 3:6ਇਸ ਸੱਚਾਈ ਬਾਰੇ ਕਿ ਮੁਰਦੇ ਜੀਅ ਉੱਠਣਗੇ, ਮੂਸਾ ਨੇ ਵੀ ਬਲਦੀ ਝਾੜੀ ਦੀ ਕਥਾ ਵਿੱਚ ਕਿਹਾ ਹੈ ਕਿ ਪ੍ਰਭੂ ‘ਅਬਰਾਹਾਮ ਦੇ ਪਰਮੇਸ਼ਰ, ਇਸਹਾਕ ਦੇ ਪਰਮੇਸ਼ਰ ਅਤੇ ਯਾਕੂਬ ਦੇ ਪਰਮੇਸ਼ਰ’ ਹਨ । 38ਉਹ ਪਰਮੇਸ਼ਰ ਮੁਰਦਿਆਂ ਦੇ ਨਹੀਂ ਸਗੋਂ ਜਿਊਂਦਿਆਂ ਦੇ ਪਰਮੇਸ਼ਰ ਹਨ ਕਿਉਂਕਿ ਉਹਨਾਂ ਦੇ ਲਈ ਸਭ ਜਿਊਂਦੇ ਹਨ ।” 39ਵਿਵਸਥਾ ਦੇ ਸਿੱਖਿਅਕਾਂ ਨੇ ਕਿਹਾ, “ਗੁਰੂ ਜੀ, ਤੁਸੀਂ ਬਹੁਤ ਚੰਗਾ ਉੱਤਰ ਦਿੱਤਾ ਹੈ ।” 40ਇਸ ਦੇ ਬਾਅਦ ਕਿਸੇ ਨੂੰ ਹੌਸਲਾ ਨਾ ਹੋਇਆ ਕਿ ਉਹ ਯਿਸੂ ਤੋਂ ਕੋਈ ਪ੍ਰਸ਼ਨ ਪੁੱਛਣ ।
‘ਮਸੀਹ’ ਸੰਬੰਧੀ ਪ੍ਰਸ਼ਨ
(ਮੱਤੀ 22:41-46, ਮਰਕੁਸ 12:35-37)
41ਪ੍ਰਭੂ ਯਿਸੂ ਨੇ ਉਹਨਾਂ ਨੂੰ ਕਿਹਾ, “ਲੋਕ ‘ਮਸੀਹ’ ਨੂੰ ਦਾਊਦ ਦਾ ਪੁੱਤਰ ਕਿਉਂ ਕਹਿੰਦੇ ਹਨ ? 42#ਭਜਨ 110:1ਦਾਊਦ ਨੇ ਤਾਂ ਆਪ ਭਜਨਾਂ ਦੀ ਪੁਸਤਕ ਵਿੱਚ ਕਿਹਾ ਹੈ,
‘ਪ੍ਰਭੂ ਨੇ ਮੇਰੇ ਪ੍ਰਭੂ ਨੂੰ ਕਿਹਾ,
ਤੂੰ ਮੇਰੇ ਸੱਜੇ ਹੱਥ ਬੈਠ,
43ਜਦੋਂ ਤੱਕ ਕਿ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰਾਂ ਦੀ ਚੌਂਕੀ ਨਾ ਬਣਾ ਦੇਵਾਂ ।’
44“ਇਸ ਤਰ੍ਹਾਂ ਦਾਊਦ ਆਪ ਉਹਨਾਂ ਨੂੰ ਆਪਣਾ ‘ਪ੍ਰਭੂ’ ਕਹਿੰਦਾ ਹੈ, ਫਿਰ ਉਹ ਉਹਨਾਂ ਦਾ ਪੁੱਤਰ ਕਿਸ ਤਰ੍ਹਾਂ ਹੋਇਆ ?”
ਵਿਵਸਥਾ ਦੇ ਸਿੱਖਿਅਕਾਂ ਸੰਬੰਧੀ ਚਿਤਾਵਨੀ
(ਮੱਤੀ 23:1-36, ਮਰਕੁਸ 12:38-40)
45ਸਾਰੇ ਲੋਕਾਂ ਨੂੰ ਸੁਣਾਉਂਦੇ ਹੋਏ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, 46“ਵਿਵਸਥਾ ਦੇ ਸਿੱਖਿਅਕਾਂ ਤੋਂ ਸਾਵਧਾਨ ਰਹੋ । ਉਹ ਲੰਮੇ ਲੰਮੇ ਚੋਗੇ ਪਹਿਨ ਕੇ ਟਹਿਲਣਾ ਪਸੰਦ ਕਰਦੇ ਹਨ । ਉਹ ਬਾਜ਼ਾਰਾਂ ਵਿੱਚ ਲੋਕਾਂ ਤੋਂ ਨਮਸਕਾਰਾਂ ਲੈਣੀਆਂ ਚਾਹੁੰਦੇ ਹਨ ਅਤੇ ਪ੍ਰਾਰਥਨਾ ਘਰਾਂ ਅਤੇ ਦਾਅਵਤਾਂ ਵਿੱਚ ਪ੍ਰਮੁੱਖ ਥਾਂਵਾਂ ਲੱਭਦੇ ਹਨ । 47ਉਹ ਵਿਧਵਾਵਾਂ ਦੇ ਘਰਾਂ ਨੂੰ ਹੜੱਪ ਕਰ ਲੈਂਦੇ ਅਤੇ ਦਿਖਾਵੇ ਦੇ ਲਈ ਲੰਮੀਆਂ ਲੰਮੀਆਂ ਪ੍ਰਾਰਥਨਾਵਾਂ ਕਰਦੇ ਹਨ । ਇਸ ਸਭ ਦੇ ਲਈ ਉਹਨਾਂ ਨੂੰ ਬਹੁਤ ਸਖ਼ਤ ਸਜ਼ਾ ਮਿਲੇਗੀ ।”
Punjabi Common Language (North American Version):
Text © 2021 Canadian Bible Society and Bible Society of India