ਲੂਕਾ 2

2
ਪ੍ਰਭੂ ਯਿਸੂ ਦਾ ਜਨਮ
(ਮੱਤੀ 1:18-25)
1ਉਹਨਾਂ ਦਿਨਾਂ ਵਿੱਚ ਰੋਮੀ ਸਮਰਾਟ ਅਗੂਸਤੁਸ ਨੇ ਇਹ ਹੁਕਮ ਦਿੱਤਾ ਕਿ ਉਸ ਦੇ ਸਾਮਰਾਜ ਦੇ ਸਾਰੇ ਨਾਗਰਿਕਾਂ ਦੀ ਗਿਣਤੀ ਕੀਤੀ ਜਾਵੇ । 2ਉਸ ਦੇ ਰਾਜ ਕਾਲ ਵਿੱਚ ਇਹ ਪਹਿਲੀ ਜਨ-ਗਣਨਾ ਸੀ ਜਦੋਂ ਕੁਰੇਨਿਯੁਸ ਸੀਰੀਯਾ ਦਾ ਰਾਜਪਾਲ ਸੀ । 3ਸਾਰੇ ਲੋਕ ਨਾਂ ਲਿਖਵਾਉਣ ਦੇ ਲਈ ਆਪਣੇ ਆਪਣੇ ਸ਼ਹਿਰ ਨੂੰ ਗਏ ।
4ਯੂਸਫ਼ ਦਾਊਦ ਦੀ ਕੁਲ ਵਿੱਚੋਂ ਸੀ । ਇਸ ਲਈ ਉਹ ਗਲੀਲ ਦੇ ਇਲਾਕੇ ਦੇ ਪਿੰਡ ਨਾਸਰਤ ਤੋਂ ਯਹੂਦਿਯਾ ਵਿੱਚ ਦਾਊਦ ਦੇ ਸ਼ਹਿਰ ਬੈਤਲਹਮ ਨੂੰ ਗਿਆ । 5ਯੂਸਫ਼ ਆਪਣੇ ਨਾਲ ਆਪਣੀ ਮੰਗੇਤਰ ਮਰਿਯਮ ਨੂੰ ਵੀ ਨਾਂ ਲਿਖਵਾਉਣ ਦੇ ਲਈ ਲੈ ਗਿਆ । ਮਰਿਯਮ ਗਰਭਵਤੀ ਸੀ । 6ਜਦੋਂ ਉਹ ਬੈਤਲਹਮ ਵਿੱਚ ਹੀ ਸਨ ਤਾਂ ਮਰਿਯਮ ਦਾ ਬੱਚੇ ਨੂੰ ਜਨਮ ਦੇਣ ਦਾ ਸਮਾਂ ਆ ਗਿਆ । 7ਇਸ ਲਈ ਉਸ ਨੇ ਆਪਣੇ ਜੇਠੇ ਪੁੱਤਰ ਨੂੰ ਜਨਮ ਦਿੱਤਾ । ਉਸ ਨੇ ਬੱਚੇ ਨੂੰ ਕੱਪੜੇ ਵਿੱਚ ਲਪੇਟ ਕੇ ਖੁਰਲੀ ਵਿੱਚ ਰੱਖਿਆ ਕਿਉਂਕਿ ਉਹਨਾਂ ਨੂੰ ਸਰਾਂ ਵਿੱਚ ਥਾਂ ਨਹੀਂ ਮਿਲੀ ਸੀ ।
ਚਰਵਾਹੇ ਅਤੇ ਸਵਰਗਦੂਤ
8ਬੈਤਲਹਮ ਸ਼ਹਿਰ ਦੇ ਬਾਹਰ ਮੈਦਾਨ ਵਿੱਚ ਕੁਝ ਚਰਵਾਹੇ ਰਾਤ ਦੇ ਵੇਲੇ ਆਪਣੀਆਂ ਭੇਡਾਂ ਦੀ ਰਖਵਾਲੀ ਕਰ ਰਹੇ ਸਨ ।
9ਅਚਨਚੇਤ ਪ੍ਰਭੂ ਪਰਮੇਸ਼ਰ ਦਾ ਇੱਕ ਸਵਰਗਦੂਤ ਉਹਨਾਂ ਦੇ ਕੋਲ ਆ ਖੜ੍ਹਾ ਹੋਇਆ ਅਤੇ ਪ੍ਰਭੂ ਦਾ ਤੇਜ ਉਹਨਾਂ ਦੇ ਚਾਰੇ ਪਾਸੇ ਚਮਕਿਆ । ਚਰਵਾਹੇ ਬਹੁਤ ਡਰ ਗਏ । 10ਪਰ ਸਵਰਗਦੂਤ ਨੇ ਉਹਨਾਂ ਨੂੰ ਕਿਹਾ, “ਡਰੋ ਨਹੀਂ ! ਮੈਂ ਤੁਹਾਡੇ ਲਈ ਇੱਕ ਸ਼ੁਭ ਸਮਾਚਾਰ ਲਿਆਇਆ ਹਾਂ ਜਿਸ ਨੂੰ ਸੁਣ ਕੇ ਤੁਹਾਨੂੰ ਬਹੁਤ ਖ਼ੁਸ਼ੀ ਹੋਵੇਗੀ । ਇਹ ਸਾਰੇ ਲੋਕਾਂ ਲਈ ਹੈ । 11ਅੱਜ ਦਾਊਦ ਦੇ ਸ਼ਹਿਰ ਬੈਤਲਹਮ ਵਿੱਚ ਤੁਹਾਡੇ ਲਈ ਇੱਕ ਮੁਕਤੀਦਾਤਾ ਨੇ ਜਨਮ ਲਿਆ ਹੈ । ਇਹ ਪ੍ਰਭੂ ਮਸੀਹ ਹਨ । 12ਉਹਨਾਂ ਦੀ ਪਛਾਣ ਤੁਹਾਡੇ ਲਈ ਇਹ ਹੈ ਕਿ ਤੁਸੀਂ ਇੱਕ ਨਵੇਂ ਜਨਮੇ ਬਾਲਕ ਨੂੰ ਕੱਪੜੇ ਵਿੱਚ ਲਪੇਟਿਆ ਹੋਇਆ ਖੁਰਲੀ ਵਿੱਚ ਪਿਆ ਦੇਖੋਗੇ ।” 13ਅਚਾਨਕ ਉਸ ਸਵਰਗਦੂਤ ਦੇ ਨਾਲ ਸਵਰਗਦੂਤਾਂ ਦਾ ਇੱਕ ਵੱਡਾ ਲਸ਼ਕਰ ਦਿਖਾਈ ਦਿੱਤਾ ਜਿਹੜਾ ਇਹ ਕਹਿ ਕੇ ਪਰਮੇਸ਼ਰ ਦੀ ਵਡਿਆਈ ਕਰ ਰਿਹਾ ਸੀ,
14“ਪਰਮਧਾਮ ਵਿੱਚ ਪਰਮੇਸ਼ਰ ਦੀ ਵਡਿਆਈ ਹੋਵੇ,
ਅਤੇ ਧਰਤੀ ਉੱਤੇ ਮਨੁੱਖਾਂ ਵਿੱਚ ਸ਼ਾਂਤੀ
ਜਿਹਨਾਂ ਤੋਂ ਉਹ ਪ੍ਰਸੰਨ ਹਨ ।”
15ਜਦੋਂ ਸਵਰਗਦੂਤ ਉੱਥੋਂ ਸਵਰਗ ਨੂੰ ਵਾਪਸ ਚਲੇ ਗਏ ਤਾਂ ਚਰਵਾਹਿਆਂ ਨੇ ਆਪਸ ਵਿੱਚ ਕਿਹਾ, “ਆਓ, ਅਸੀਂ ਬੈਤਲਹਮ ਨੂੰ ਚੱਲੀਏ ਅਤੇ ਜੋ ਘਟਨਾ ਉੱਥੇ ਵਾਪਰੀ ਹੈ ਜਿਸ ਦੇ ਬਾਰੇ ਪ੍ਰਭੂ ਨੇ ਸਾਨੂੰ ਦੱਸਿਆ ਹੈ, ਜਾ ਕੇ ਦੇਖੀਏ ।”
16ਉਹ ਉਸੇ ਸਮੇਂ ਬੈਤਲਹਮ ਵਿੱਚ ਗਏ । ਉੱਥੇ ਉਹਨਾਂ ਨੇ ਮਰਿਯਮ, ਯੂਸਫ਼ ਅਤੇ ਖੁਰਲੀ ਵਿੱਚ ਪਏ ਹੋਏ ਬਾਲਕ ਨੂੰ ਦੇਖਿਆ ।
17ਜਦੋਂ ਚਰਵਾਹਿਆਂ ਨੇ ਬਾਲਕ ਨੂੰ ਦੇਖਿਆ ਤਦ ਉਹਨਾਂ ਨੇ ਸਵਰਗਦੂਤਾਂ ਦੀਆਂ ਬਾਲਕ ਦੇ ਬਾਰੇ ਕਹੀਆਂ ਗੱਲਾਂ ਲੋਕਾਂ ਨੂੰ ਦੱਸੀਆਂ । 18ਚਰਵਾਹਿਆਂ ਦੀਆਂ ਗੱਲਾਂ ਸੁਣ ਕੇ ਸਾਰੇ ਹੈਰਾਨ ਹੋ ਗਏ । 19ਪਰ ਮਰਿਯਮ ਨੇ ਇਹ ਸਾਰੀਆਂ ਗੱਲਾਂ ਆਪਣੇ ਦਿਲ ਵਿੱਚ ਰੱਖੀਆਂ ਅਤੇ ਉਹਨਾਂ ਉੱਤੇ ਵਿਚਾਰ ਕਰਦੀ ਰਹੀ । 20ਚਰਵਾਹੇ, ਜਿਸ ਤਰ੍ਹਾਂ ਉਹਨਾਂ ਨੂੰ ਸਵਰਗਦੂਤ ਦੇ ਰਾਹੀਂ ਦੱਸਿਆ ਗਿਆ ਸੀ, ਉਸੇ ਤਰ੍ਹਾਂ ਸੁਣ ਕੇ ਅਤੇ ਦੇਖ ਕੇ ਪਰਮੇਸ਼ਰ ਦੀ ਵਡਿਆਈ ਕਰਦੇ ਹੋਏ ਵਾਪਸ ਚਲੇ ਗਏ ।
ਬਾਲਕ ਦਾ ਨਾਮ ‘ਯਿਸੂ’ ਰੱਖਿਆ ਜਾਣਾ
21 # ਲੇਵੀ 12:3, ਲੂਕਾ 1:31 ਅੱਠ ਦਿਨਾਂ ਦੇ ਬਾਅਦ ਜਦੋਂ ਬਾਲਕ ਦੀ ਸੁੰਨਤ ਕੀਤੀ ਗਈ ਤਾਂ ਉਹਨਾਂ ਦਾ ਨਾਮ ਯਿਸੂ ਰੱਖਿਆ ਗਿਆ । ਇਹ ਹੀ ਨਾਮ ਸਵਰਗਦੂਤ ਨੇ ਉਹਨਾਂ ਦੇ ਕੁੱਖ ਵਿੱਚ ਆਉਣ ਤੋਂ ਪਹਿਲਾਂ ਦੱਸਿਆ ਸੀ ।
ਪ੍ਰਭੂ ਯਿਸੂ ਦਾ ਹੈਕਲ ਵਿੱਚ ਅਰਪਣ ਕੀਤਾ ਜਾਣਾ
22 # ਲੇਵੀ 12:6-8 ਜਦੋਂ ਮੂਸਾ ਦੀ ਵਿਵਸਥਾ ਦੇ ਅਨੁਸਾਰ ਯਹੂਦੀਆਂ ਦੇ ਸ਼ੁੱਧੀ ਕਰਨ ਦਾ ਸਮਾਂ ਆਇਆ ਤਾਂ ਉਹ ਯਿਸੂ ਨੂੰ ਯਰੂਸ਼ਲਮ ਵਿੱਚ ਲੈ ਗਏ ਕਿ ਉਹਨਾਂ ਨੂੰ ਪ੍ਰਭੂ ਦੇ ਸਾਹਮਣੇ ਅਰਪਣ ਕਰਨ 23#ਕੂਚ 13:2,12ਜਿਵੇਂ ਪ੍ਰਭੂ ਦੀ ਵਿਵਸਥਾ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ, “ਹਰੇਕ ਜੇਠਾ ਨਰ ਪ੍ਰਭੂ ਦੇ ਲਈ ਪਵਿੱਤਰ ਮੰਨਿਆ ਜਾਵੇ,” 24ਅਤੇ ਪ੍ਰਭੂ ਦੀ ਵਿਵਸਥਾ ਅਨੁਸਾਰ, “ਘੁੱਗੀਆਂ ਦਾ ਇੱਕ ਜੋੜਾ ਜਾਂ ਕਬੂਤਰ ਦੇ ਦੋ ਬੱਚੇ ਬਲੀ ਚੜ੍ਹਾਏ ਜਾਣ ।”
25ਉਸ ਵੇਲੇ ਯਰੂਸ਼ਲਮ ਵਿੱਚ ਸ਼ਿਮਓਨ ਨਾਂ ਦਾ ਇੱਕ ਆਦਮੀ ਰਹਿੰਦਾ ਸੀ । ਉਹ ਨੇਕ ਅਤੇ ਪਰਮੇਸ਼ਰ ਤੋਂ ਡਰਨ ਵਾਲਾ ਸੀ । ਉਹ ਇਸਰਾਏਲ ਕੌਮ ਦੇ ਛੁਟਕਾਰੇ ਦੀ ਉਡੀਕ ਵਿੱਚ ਸੀ । ਉਹ ਪਵਿੱਤਰ ਆਤਮਾ ਦੇ ਨਾਲ ਭਰਪੂਰ ਸੀ । 26ਪਵਿੱਤਰ ਆਤਮਾ ਨੇ ਉਸ ਉੱਤੇ ਇਹ ਪ੍ਰਗਟ ਕੀਤਾ ਸੀ ਕਿ ਜਦੋਂ ਤੱਕ ਉਹ ਪ੍ਰਭੂ ਦੇ ‘ਮਸੀਹ’ ਨੂੰ ਨਹੀਂ ਦੇਖ ਲਵੇਗਾ, ਉਸ ਦੀ ਮੌਤ ਨਹੀਂ ਹੋਵੇਗੀ । 27ਪਵਿੱਤਰ ਆਤਮਾ ਦੀ ਪ੍ਰੇਰਨਾ ਨਾਲ ਸ਼ਿਮਓਨ ਹੈਕਲ ਵਿੱਚ ਗਿਆ । ਜਦੋਂ ਯਿਸੂ ਦੇ ਮਾਤਾ-ਪਿਤਾ ਬਾਲਕ ਯਿਸੂ ਨੂੰ ਵਿਵਸਥਾ ਦੀ ਰੀਤ ਅਨੁਸਾਰ ਅਰਪਣ ਕਰਨ ਦੇ ਲਈ ਹੈਕਲ ਵਿੱਚ ਲੈ ਕੇ ਆਏ, 28ਤਾਂ ਸ਼ਿਮਓਨ ਨੇ ਬਾਲਕ ਨੂੰ ਆਪਣੀ ਗੋਦ ਵਿੱਚ ਲੈ ਕੇ ਇਸ ਤਰ੍ਹਾਂ ਪਰਮੇਸ਼ਰ ਦੀ ਵਡਿਆਈ ਕਰਦੇ ਹੋਏ ਧੰਨਵਾਦ ਕੀਤਾ,
29“ਹੇ ਪ੍ਰਭੂ, ਹੁਣ ਤੁਸੀਂ ਆਪਣੇ ਸੇਵਕ ਨੂੰ
ਆਪਣੇ ਵਚਨ ਦੇ ਅਨੁਸਾਰ ਸ਼ਾਂਤੀ ਨਾਲ ਵਿਦਾ ਕਰੋ
30ਕਿਉਂਕਿ ਮੇਰੀਆਂ ਅੱਖਾਂ ਨੇ ਤੁਹਾਡੀ
ਉਸ ਮੁਕਤੀ ਨੂੰ ਦੇਖ ਲਿਆ ਹੈ,
31ਜਿਹੜੀ ਤੁਸੀਂ ਸਾਰੀਆਂ ਕੌਮਾਂ ਦੇ ਲਈ ਤਿਆਰ ਕੀਤੀ ਹੈ ।
32 # ਯਸਾ 42:6, 49:6, 52:10 ਇਹ ਤੁਹਾਡੇ ਆਪਣੇ ਲੋਕਾਂ ਇਸਰਾਏਲ
ਦੇ ਲਈ ਮਹਿਮਾ ਦਾ ਕਾਰਨ ਅਤੇ ਦੂਜੀਆਂ
ਕੌਮਾਂ ਨੂੰ ਰਾਹ ਦਿਖਾਉਣ ਵਾਲਾ ਚਾਨਣ ਹੈ ।”
33ਯਿਸੂ ਦੇ ਬਾਰੇ ਇਹ ਗੱਲਾਂ ਸੁਣ ਕੇ ਉਹਨਾਂ ਦੇ ਮਾਤਾ-ਪਿਤਾ ਬਹੁਤ ਹੈਰਾਨ ਹੋਏ । 34ਸ਼ਿਮਓਨ ਨੇ ਉਹਨਾਂ ਨੂੰ ਅਸੀਸ ਦਿੱਤੀ ਅਤੇ ਯਿਸੂ ਦੀ ਮਾਂ ਮਰਿਯਮ ਨੂੰ ਕਿਹਾ, “ਪਰਮੇਸ਼ਰ ਨੇ ਇਸ ਬਾਲਕ ਨੂੰ ਇਸਰਾਏਲ ਦੇ ਬਹੁਤ ਸਾਰੇ ਲੋਕਾਂ ਦੇ ਡਿੱਗਣ ਅਤੇ ਉੱਠਣ ਦਾ ਕਾਰਨ ਹੋਣ ਲਈ ਚੁਣ ਲਿਆ ਹੈ । ਇਹ ਬਾਲਕ ਇੱਕ ਅਜਿਹਾ ਚਿੰਨ੍ਹ ਹੋਣਗੇ ਜਿਹਨਾਂ ਦੇ ਵਿਰੁੱਧ ਬਹੁਤ ਸਾਰੇ ਲੋਕ ਬੋਲਣਗੇ, 35ਅਤੇ ਇਹਨਾਂ ਦੇ ਰਾਹੀਂ ਲੋਕਾਂ ਦੇ ਦਿਲਾਂ ਦੇ ਗੁੱਝੇ ਵਿਚਾਰ ਪ੍ਰਗਟ ਹੋ ਜਾਣਗੇ ਅਤੇ ਸੋਗ, ਤਲਵਾਰ ਦੀ ਤਰ੍ਹਾਂ ਤੇਰੇ ਦਿਲ ਨੂੰ ਵਿੰਨ੍ਹ ਦੇਵੇਗਾ ।”
36ਉੱਥੇ ਹੱਨਾਹ ਨਾਂ ਦੀ ਇੱਕ ਨਬੀਆ ਰਹਿੰਦੀ ਸੀ । ਉਹ ਆਸ਼ੇਰ ਕੁਲ ਦੇ ਫ਼ਨੂਏਲ ਦੀ ਬੇਟੀ ਸੀ । ਉਹ ਬਹੁਤ ਬਜ਼ੁਰਗ ਹੋ ਗਈ ਸੀ । ਵਿਆਹ ਦੇ ਸੱਤ ਸਾਲ ਬਾਅਦ ਹੀ ਉਸ ਦਾ ਪਤੀ ਮਰ ਗਿਆ ਸੀ । 37ਉਹ ਚੌਰਾਸੀ ਸਾਲ ਦੀ ਸੀ । ਉਹ ਹੈਕਲ ਨੂੰ ਨਹੀਂ ਛੱਡਦੀ ਸੀ । ਉਹ ਵਰਤ ਰੱਖਦੀ, ਪ੍ਰਾਰਥਨਾ ਕਰਦੀ ਅਤੇ ਦਿਨ ਰਾਤ ਪਰਮੇਸ਼ਰ ਦੀ ਭਗਤੀ ਕਰਦੀ ਸੀ । 38ਉਸ ਸਮੇਂ ਹੱਨਾਹ ਉੱਥੇ ਆਈ ਅਤੇ ਉਸ ਨੇ ਪਰਮੇਸ਼ਰ ਦਾ ਧੰਨਵਾਦ ਕੀਤਾ । ਫਿਰ ਉਸ ਨੇ ਯਿਸੂ ਦੇ ਬਾਰੇ ਉਹਨਾਂ ਸਾਰੇ ਲੋਕਾਂ ਨੂੰ ਦੱਸਿਆ ਜਿਹੜੇ ਯਰੂਸ਼ਲਮ ਦੇ ਛੁਟਕਾਰੇ ਦੀ ਉਡੀਕ ਵਿੱਚ ਸਨ ।
ਨਾਸਰਤ ਨੂੰ ਮੁੜਨਾ
39 # ਮੱਤੀ 2:23 ਜਦੋਂ ਯਿਸੂ ਦੇ ਮਾਤਾ-ਪਿਤਾ ਪ੍ਰਭੂ ਦੀ ਵਿਵਸਥਾ ਅਨੁਸਾਰ ਸਭ ਕੁਝ ਕਰ ਚੁੱਕੇ ਤਾਂ ਉਹ ਗਲੀਲ ਵਿੱਚ ਆਪਣੇ ਸ਼ਹਿਰ ਨਾਸਰਤ ਨੂੰ ਵਾਪਸ ਚਲੇ ਗਏ । 40ਬਾਲਕ ਕੱਦ ਅਤੇ ਸਰੀਰਕ ਬਲ ਵਿੱਚ ਵੱਧਦਾ ਅਤੇ ਬੁੱਧ ਨਾਲ ਭਰਪੂਰ ਹੁੰਦਾ ਗਿਆ ਅਤੇ ਪਰਮੇਸ਼ਰ ਦੀ ਕਿਰਪਾ ਉਹਨਾਂ ਉੱਤੇ ਸੀ ।
ਬਾਲਕ ਯਿਸੂ ਹੈਕਲ ਵਿੱਚ
41 # ਕੂਚ 12:1-27, ਵਿਵ 16:1-8 ਪਸਾਹ ਦੇ ਤਿਉਹਾਰ ਦੇ ਸਮੇਂ ਯਿਸੂ ਦੇ ਮਾਤਾ-ਪਿਤਾ ਹਰ ਸਾਲ ਯਰੂਸ਼ਲਮ ਨੂੰ ਜਾਂਦੇ ਸਨ । 42ਜਦੋਂ ਯਿਸੂ ਬਾਰ੍ਹਾਂ ਸਾਲ ਦੇ ਹੋਏ ਤਾਂ ਰੀਤ ਅਨੁਸਾਰ ਉਹ ਪਸਾਹ ਮਨਾਉਣ ਲਈ ਯਰੂਸ਼ਲਮ ਨੂੰ ਗਏ । 43ਜਦੋਂ ਤਿਉਹਾਰ ਦੇ ਦਿਨ ਪੂਰੇ ਹੋ ਗਏ ਤਾਂ ਉਹ ਘਰ ਨੂੰ ਵਾਪਸ ਚੱਲ ਪਏ ਪਰ ਬਾਲਕ ਯਿਸੂ ਯਰੂਸ਼ਲਮ ਵਿੱਚ ਰਹਿ ਗਏ । ਉਹਨਾਂ ਦੇ ਮਾਤਾ-ਪਿਤਾ ਇਹ ਗੱਲ ਨਹੀਂ ਜਾਣਦੇ ਸਨ । 44ਉਹਨਾਂ ਨੇ ਸੋਚਿਆ ਕਿ ਯਿਸੂ ਯਾਤਰੀ ਸਾਥੀਆਂ ਨਾਲ ਹੋਣਗੇ । ਉਹ ਇੱਕ ਦਿਨ ਦੀ ਯਾਤਰਾ ਖ਼ਤਮ ਕਰ ਚੁੱਕੇ ਸਨ । ਤਦ ਉਹਨਾਂ ਨੇ ਯਿਸੂ ਨੂੰ ਆਪਣੇ ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਵਿੱਚ ਲੱਭਣਾ ਸ਼ੁਰੂ ਕਰ ਦਿੱਤਾ । 45ਪਰ ਯਿਸੂ ਉਹਨਾਂ ਨੂੰ ਨਾ ਮਿਲੇ । ਇਸ ਲਈ ਉਹ ਲੱਭਦੇ ਲੱਭਦੇ ਯਰੂਸ਼ਲਮ ਨੂੰ ਵਾਪਸ ਚਲੇ ਗਏ । 46ਤੀਜੇ ਦਿਨ ਉਹਨਾਂ ਨੇ ਯਿਸੂ ਨੂੰ ਹੈਕਲ ਵਿੱਚ ਗੁਰੂਆਂ ਨਾਲ ਬੈਠੇ ਦੇਖਿਆ । ਉਹ ਗੁਰੂਆਂ ਦੀਆਂ ਗੱਲਾਂ ਸੁਣ ਰਹੇ ਅਤੇ ਉਹਨਾਂ ਤੋਂ ਪ੍ਰਸ਼ਨ ਪੁੱਛ ਰਹੇ ਸਨ । 47ਸਾਰੇ ਸੁਣਨ ਵਾਲੇ ਯਿਸੂ ਦੀ ਸਮਝ ਅਤੇ ਉੱਤਰਾਂ ਤੋਂ ਹੈਰਾਨ ਸਨ । 48ਜਦੋਂ ਯਿਸੂ ਦੇ ਮਾਤਾ-ਪਿਤਾ ਨੇ ਉਹਨਾਂ ਨੂੰ ਦੇਖਿਆ ਤਾਂ ਉਹ ਹੈਰਾਨ ਰਹਿ ਗਏ । ਉਹਨਾਂ ਦੀ ਮਾਂ ਨੇ ਕਿਹਾ, “ਪੁੱਤਰ, ਤੂੰ ਸਾਡੇ ਨਾਲ ਇਸ ਤਰ੍ਹਾਂ ਕਿਉਂ ਕੀਤਾ ? ਦੇਖ, ਤੇਰੇ ਪਿਤਾ ਜੀ ਅਤੇ ਮੈਂ ਕਿੰਨੇ ਪਰੇਸ਼ਾਨ ਹੋ ਕੇ ਤੈਨੂੰ ਲੱਭ ਰਹੇ ਸੀ ।” 49ਯਿਸੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਮੈਨੂੰ ਕਿਉਂ ਲੱਭ ਰਹੇ ਸੀ ? ਕੀ ਤੁਹਾਨੂੰ ਪਤਾ ਨਹੀਂ ਸੀ ਕਿ ਮੇਰੇ ਲਈ ਆਪਣੇ ਪਿਤਾ ਦੇ ਘਰ ਵਿੱਚ ਹੋਣਾ ਜ਼ਰੂਰੀ ਸੀ ?” 50ਪਰ ਉਹ ਯਿਸੂ ਦੇ ਇਹਨਾਂ ਸ਼ਬਦਾਂ ਦਾ ਅਰਥ ਨਾ ਸਮਝੇ ।
51ਤਦ ਯਿਸੂ ਆਪਣੇ ਮਾਤਾ-ਪਿਤਾ ਨਾਲ ਨਾਸਰਤ ਨੂੰ ਵਾਪਸ ਚਲੇ ਗਏ ਅਤੇ ਉਹ ਆਪਣੇ ਮਾਤਾ-ਪਿਤਾ ਦੀ ਆਗਿਆ ਮੰਨਦੇ ਰਹੇ । ਪਰ ਉਹਨਾਂ ਦੀ ਮਾਂ ਆਪਣੇ ਦਿਲ ਵਿੱਚ ਇਹਨਾਂ ਸਾਰੀਆਂ ਗੱਲਾਂ ਉੱਤੇ ਵਿਚਾਰ ਕਰਦੀ ਰਹੀ । 52#1 ਸਮੂ 2:26, ਕਹਾ 3:4ਯਿਸੂ ਸਰੀਰ, ਬੁੱਧ, ਪਰਮੇਸ਼ਰ ਅਤੇ ਲੋਕਾਂ ਦੇ ਪਿਆਰ ਵਿੱਚ ਵੱਧਦੇ ਗਏ ।

目前選定:

ਲੂਕਾ 2: CL-NA

醒目顯示

分享

複製

None

想在你所有裝置上儲存你的醒目顯示?註冊帳戶或登入