ਯੂਹੰਨਾ ਭੂਮਿਕਾ
ਭੂਮਿਕਾ
ਯੂਹੰਨਾ ਦਾ ਸ਼ੁਭ ਸਮਾਚਾਰ ਯਿਸੂ ਨੂੰ ਪਰਮੇਸ਼ਰ ਦੇ ਅਨੰਤ ਸ਼ਬਦ ਦੇ ਰੂਪ ਵਿੱਚ ਪੇਸ਼ ਕਰਦਾ ਹੈ, “ਸ਼ਬਦ ਨੇ ਦੇਹ ਧਾਰ ਕੇ ਸਾਡੇ ਵਿਚਕਾਰ ਵਾਸ ਕੀਤਾ ।” (1:14) ਇਸ ਸ਼ੁਭ ਸਮਾਚਾਰ ਦੇ ਲਿਖੇ ਜਾਣ ਦੇ ਬਾਰੇ ਲੇਖਕ ਆਪ ਕਹਿੰਦਾ ਹੈ ਕਿ ਇਹ ਇਸ ਲਈ ਲਿਖਿਆ ਗਿਆ ਕਿ ਤੁਸੀਂ ਵਿਸ਼ਵਾਸ ਕਰੋ ਕਿ ਯਿਸੂ ਹੀ ਪਰਮੇਸ਼ਰ ਦੇ ਪੁੱਤਰ ਮਸੀਹ ਹਨ ਅਤੇ ਇਸ ਵਿਸ਼ਵਾਸ ਦੇ ਰਾਹੀਂ ਉਹਨਾਂ ਦੇ ਨਾਮ ਵਿੱਚ ਜੀਵਨ ਪ੍ਰਾਪਤ ਕਰੋ । (20:31)
ਸ਼ੁਰੂ ਵਿੱਚ ਯਿਸੂ ਦਾ ਸੰਬੰਧ ਅਨੰਤ ਸ਼ਬਦ ਦੇ ਨਾਲ ਜੋੜਨ ਦੇ ਬਾਅਦ, ਸ਼ੁਭ ਸਮਾਚਾਰ ਕੁਝ ਅਦਭੁੱਤ ਕੰਮਾਂ ਦਾ ਬਿਆਨ ਕਰਦਾ ਹੈ ਜਿਹਨਾਂ ਦੇ ਦੁਆਰਾ ਯਿਸੂ ਨੂੰ ਵਾਅਦਾ ਕੀਤੇ ਹੋਏ ਮੁਕਤੀਦਾਤਾ ਅਤੇ ਪਰਮੇਸ਼ਰ ਦਾ ਪੁੱਤਰ ਸਿੱਧ ਕੀਤਾ ਗਿਆ ਹੈ । ਇਹਨਾਂ ਦੇ ਬਾਅਦ ਕੁਝ ਉਪਦੇਸ਼ ਦਿੱਤੇ ਗਏ ਹਨ ਜਿਹਨਾਂ ਦੇ ਦੁਆਰਾ ਅਦਭੁੱਤ ਕੰਮਾਂ ਦੇ ਅਰਥ ਬਿਆਨ ਕੀਤੇ ਗਏ ਹਨ । ਇਸ ਹਿੱਸੇ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਕੁਝ ਲੋਕਾਂ ਨੇ ਯਿਸੂ ਵਿੱਚ ਵਿਸ਼ਵਾਸ ਕੀਤਾ ਅਤੇ ਉਹ ਯਿਸੂ ਦੇ ਚੇਲੇ ਬਣ ਗਏ ਪਰ ਕੁਝ ਨੇ ਯਿਸੂ ਵਿੱਚ ਵਿਸ਼ਵਾਸ ਕਰਨ ਤੋਂ ਇਨਕਾਰ ਕੀਤਾ ਅਤੇ ਉਹ ਉਹਨਾਂ ਦੇ ਵਿਰੋਧੀ ਬਣ ਗਏ । ਅਧਿਆਇ 13-17 ਪ੍ਰਭੂ ਯਿਸੂ ਅਤੇ ਉਹਨਾਂ ਦੇ ਚੇਲਿਆਂ ਦੇ ਗੂੜ੍ਹੇ ਰਿਸ਼ਤੇ ਨੂੰ ਵਿਸਤਾਰ ਦੇ ਨਾਲ ਪ੍ਰਗਟ ਕਰਦੇ ਹਨ । ਇਹਨਾਂ ਵਿੱਚ ਯਿਸੂ ਨੇ ਆਪਣੇ ਫੜਵਾਏ ਜਾਣ ਅਤੇ ਸਲੀਬ ਉੱਤੇ ਚੜ੍ਹਾਏ ਜਾਣ ਤੋਂ ਇੱਕ ਰਾਤ ਪਹਿਲਾਂ ਚੇਲਿਆਂ ਨੂੰ ਆਪਣੇ ਵਿਛੋੜੇ ਦੇ ਲਈ ਤਿਆਰ ਕੀਤਾ ਅਤੇ ਉਹਨਾਂ ਨੂੰ ਹੌਸਲਾ ਦਿੱਤਾ । ਅੰਤ ਦੇ ਹਿੱਸੇ ਵਿੱਚ ਯਿਸੂ ਦੀ ਗਰਿਫ਼ਤਾਰੀ, ਪੇਸ਼ੀਆਂ, ਸਲੀਬੀ ਮੌਤ, ਜੀਅ ਉੱਠਣ ਅਤੇ ਚੇਲਿਆਂ ਦੇ ਉੱਤੇ ਪ੍ਰਗਟ ਹੋਣ ਦਾ ਬਿਆਨ ਕੀਤਾ ਗਿਆ ਹੈ ।
ਯੂਹੰਨਾ ਨੇ ਮਸੀਹ ਦੁਆਰਾ ਮਿਲਣ ਵਾਲੇ ਅਨੰਤ ਜੀਵਨ ਦੇ ਦਾਨ ਉੱਤੇ ਜ਼ੋਰ ਦਿੱਤਾ ਹੈ ਜਿਸ ਦਾ ਆਰੰਭ ਸਾਡੇ ਇਸੇ ਜੀਵਨ ਵਿੱਚ ਹੋ ਜਾਂਦਾ ਹੈ ਅਤੇ ਉਹਨਾਂ ਨੂੰ ਮਿਲਦਾ ਹੈ ਜਿਹੜੇ ਯਿਸੂ ਨੂੰ ਰਾਹ, ਸੱਚ ਅਤੇ ਜੀਵਨ ਮੰਨਦੇ ਹਨ । ਯੂਹੰਨਾ ਦੇ ਸ਼ੁਭ ਸਮਾਚਾਰ ਦਾ ਇੱਕ ਪ੍ਰਮੁੱਖ ਗੁਣ ਇਹ ਵੀ ਹੈ ਕਿ ਇਸ ਵਿੱਚ ਸਧਾਰਨ ਚੀਜ਼ਾਂ ਦੀ ਵਰਤੋਂ ਕਰ ਕੇ ਕਈ ਆਤਮਿਕ ਸੱਚਾਈਆਂ ਦੇ ਅਰਥ ਪ੍ਰਗਟ ਕੀਤੇ ਗਏ ਹਨ ਜਿਸ ਤਰ੍ਹਾਂ ਪਾਣੀ, ਰੋਟੀ, ਚਾਨਣ, ਚਰਵਾਹੇ, ਭੇਡਾਂ, ਅੰਗੂਰ ਦੀ ਵੇਲ ਅਤੇ ਇਸ ਦੇ ਫਲ ।
ਵਿਸ਼ਾ-ਵਸਤੂ ਦੀ ਰੂਪ-ਰੇਖਾ
ਭੂਮਿਕਾ 1:1-18
ਯੂਹੰਨਾ ਬਪਤਿਸਮਾ ਦੇਣ ਵਾਲਾ ਅਤੇ ਯਿਸੂ ਦੇ ਪਹਿਲੇ ਚੇਲੇ 1:19-51
ਯਿਸੂ ਦੀ ਜਨਤਕ ਸੇਵਾ 2:1—12:50
ਪ੍ਰਭੂ ਯਿਸੂ ਦਾ ਯਰੂਸ਼ਲਮ ਵਿੱਚ ਅਤੇ ਯਰੂਸ਼ਲਮ ਦੇ ਨੇੜੇ ਆਖ਼ਰੀ ਹਫ਼ਤਾ 13:1—19:42
ਪ੍ਰਭੂ ਯਿਸੂ ਦਾ ਜੀਅ ਉੱਠਣਾ ਅਤੇ ਪ੍ਰਗਟ ਹੋਣਾ 20:1-31
ਸਮਾਪਤੀ, ਗਲੀਲ ਵਿੱਚ ਪ੍ਰਗਟ ਹੋਣਾ 21:1-25
Punjabi Common Language (North American Version):
Text © 2021 Canadian Bible Society and Bible Society of India