ਯੂਹੰਨਾ 9
9
ਪ੍ਰਭੂ ਯਿਸੂ ਦਾ ਇੱਕ ਜਨਮ ਦੇ ਅੰਨ੍ਹੇ ਨੂੰ ਸੁਜਾਖਾ ਕਰਨਾ
1ਰਾਹ ਵਿੱਚ ਜਾਂਦੇ ਹੋਏ ਯਿਸੂ ਨੇ ਇੱਕ ਆਦਮੀ ਨੂੰ ਦੇਖਿਆ ਜਿਹੜਾ ਜਨਮ ਤੋਂ ਅੰਨ੍ਹਾ ਸੀ । 2ਯਿਸੂ ਦੇ ਚੇਲਿਆਂ ਨੇ ਪੁੱਛਿਆ, “ਹੇ ਰੱਬੀ, ਕਿਸ ਨੇ ਪਾਪ ਕੀਤਾ ਹੈ ਕਿ ਇਹ ਆਦਮੀ ਅੰਨ੍ਹਾ ਪੈਦਾ ਹੋਇਆ, ਇਸ ਨੇ ਜਾਂ ਇਸ ਦੇ ਮਾਤਾ-ਪਿਤਾ ਨੇ ?” 3ਯਿਸੂ ਨੇ ਉੱਤਰ ਦਿੱਤਾ, “ਨਾ ਇਸ ਨੇ ਪਾਪ ਕੀਤਾ ਹੈ ਅਤੇ ਨਾ ਹੀ ਇਸ ਦੇ ਮਾਤਾ-ਪਿਤਾ ਨੇ, ਇਹ ਕੇਵਲ ਇਸ ਲਈ ਅੰਨ੍ਹਾ ਪੈਦਾ ਹੋਇਆ ਕਿ ਇਸ ਦੇ ਦੁਆਰਾ ਪਰਮੇਸ਼ਰ ਦੇ ਕੰਮ ਪ੍ਰਗਟ ਹੋਣ । 4ਜਦੋਂ ਤੱਕ ਦਿਨ ਹੈ ਮੈਨੂੰ ਚਾਹੀਦਾ ਹੈ ਕਿ ਮੈਂ ਉਹਨਾਂ ਦਾ ਕੰਮ ਕਰਾਂ ਜਿਹਨਾਂ ਨੇ ਮੈਨੂੰ ਭੇਜਿਆ ਹੈ । ਰਾਤ ਆ ਰਹੀ ਹੈ ਜਿਸ ਵਿੱਚ ਕੋਈ ਕੰਮ ਨਹੀਂ ਕਰ ਸਕਦਾ । 5#ਮੱਤੀ 5:14, ਯੂਹ 8:12ਜਦੋਂ ਤੱਕ ਮੈਂ ਸੰਸਾਰ ਵਿੱਚ ਹਾਂ, ਮੈਂ ਸੰਸਾਰ ਦਾ ਚਾਨਣ ਹਾਂ ।” 6ਇਹ ਕਹਿ ਕੇ ਯਿਸੂ ਨੇ ਜ਼ਮੀਨ ਉੱਤੇ ਥੁੱਕਿਆ ਅਤੇ ਉਸ ਥੁੱਕ ਨਾਲ ਮਿੱਟੀ ਦਾ ਇੱਕ ਲੇਪ ਬਣਾਇਆ ਅਤੇ ਉਸ ਅੰਨ੍ਹੇ ਦੀਆਂ ਅੱਖਾਂ ਉੱਤੇ ਲਾ ਕੇ 7ਉਸ ਨੂੰ ਕਿਹਾ, “ਜਾ ਕੇ ਸਿਲੋਆਮ ਦੇ ਤਲਾਬ ਵਿੱਚ ਧੋ ਲੈ ।” (ਸਿਲੋਆਮ ਦਾ ਅਰਥ ਹੈ, ‘ਭੇਜਿਆ ਹੋਇਆ’ ।) ਇਸ ਲਈ ਉਹ ਗਿਆ, ਉਸ ਨੇ ਆਪਣੀਆਂ ਅੱਖਾਂ ਧੋਤੀਆਂ ਅਤੇ ਸੁਜਾਖਾ ਹੋ ਕੇ ਵਾਪਸ ਆਇਆ ।
8ਫਿਰ ਉਸ ਅੰਨ੍ਹੇ ਦੇ ਗੁਆਂਢੀ ਅਤੇ ਉਹ ਲੋਕ ਜਿਹਨਾਂ ਨੇ ਉਸ ਨੂੰ ਪਹਿਲਾਂ ਭੀਖ ਮੰਗਦੇ ਹੋਏ ਦੇਖਿਆ ਸੀ ਕਹਿਣ ਲੱਗੇ, “ਕੀ ਇਹ ਉਹ ਹੀ ਆਦਮੀ ਨਹੀਂ ਜਿਹੜਾ ਬੈਠਾ ਭੀਖ ਮੰਗਦਾ ਹੁੰਦਾ ਸੀ ?” 9ਕੁਝ ਨੇ ਕਿਹਾ, “ਇਹ ਉਹ ਹੀ ਹੈ” ਪਰ ਕੁਝ ਹੋਰ ਲੋਕਾਂ ਨੇ ਕਿਹਾ, “ਨਹੀਂ, ਇਹ ਉਸ ਵਰਗਾ ਹੈ ।” ਉਸ ਆਦਮੀ ਨੇ ਆਪ ਕਿਹਾ, “ਮੈਂ ਉਹ ਹੀ ਹਾਂ ।” 10ਇਸ ਲਈ ਉਹਨਾਂ ਨੇ ਉਸ ਤੋਂ ਪੁੱਛਿਆ, “ਫਿਰ ਤੇਰੀਆਂ ਅੱਖਾਂ ਕਿਵੇਂ ਖੁੱਲ੍ਹੀਆਂ ?” 11ਉਸ ਆਦਮੀ ਨੇ ਉੱਤਰ ਦਿੱਤਾ, “ਯਿਸੂ ਨਾਮ ਦੇ ਆਦਮੀ ਨੇ ਮਿੱਟੀ ਦਾ ਲੇਪ ਬਣਾ ਕੇ ਮੇਰੀਆਂ ਅੱਖਾਂ ਉੱਤੇ ਲਾਇਆ ਅਤੇ ਮੈਨੂੰ ਕਿਹਾ, ‘ਸਿਲੋਆਮ ਦੇ ਤਲਾਬ ਵਿੱਚ ਜਾ ਕੇ ਧੋ ਲੈ ।’ ਇਸ ਲਈ ਮੈਂ ਗਿਆ ਅਤੇ ਜਿਸ ਸਮੇਂ ਮੈਂ ਅੱਖਾਂ ਧੋਤੀਆਂ, ਉਸੇ ਸਮੇਂ ਮੈਂ ਦੇਖਣ ਲੱਗ ਪਿਆ ।” 12ਉਹਨਾਂ ਨੇ ਉਸ ਤੋਂ ਪੁੱਛਿਆ, “ਉਹ ਕਿੱਥੇ ਹੈ ?” ਉਸ ਨੇ ਉੱਤਰ ਦਿੱਤਾ, “ਮੈਂ ਨਹੀਂ ਜਾਣਦਾ ।”
ਫ਼ਰੀਸੀਆਂ ਦੀ ਉਸ ਆਦਮੀ ਦੇ ਚੰਗੇ ਹੋਣ ਬਾਰੇ ਜਾਂਚ ਪੜਤਾਲ
13ਫਿਰ ਉਹ ਲੋਕ ਉਸ ਆਦਮੀ ਨੂੰ ਜਿਹੜਾ ਪਹਿਲਾਂ ਅੰਨ੍ਹਾ ਸੀ, ਫ਼ਰੀਸੀਆਂ ਦੇ ਕੋਲ ਲੈ ਗਏ । 14ਜਿਸ ਦਿਨ ਯਿਸੂ ਨੇ ਲੇਪ ਬਣਾ ਕੇ ਉਸ ਦੀਆਂ ਅੱਖਾਂ ਖੋਲ੍ਹੀਆਂ ਸਨ ਉਹ ਸਬਤ ਦਾ ਦਿਨ ਸੀ । 15ਇਸ ਲਈ ਫ਼ਰੀਸੀਆਂ ਨੇ ਇੱਕ ਵਾਰ ਫਿਰ ਉਸ ਤੋਂ ਪੁੱਛਿਆ, “ਤੂੰ ਸੁਜਾਖਾ ਕਿਸ ਤਰ੍ਹਾਂ ਹੋਇਆ ?” ਉਸ ਨੇ ਉਹਨਾਂ ਨੂੰ ਉੱਤਰ ਦਿੱਤਾ, “ਯਿਸੂ ਨੇ ਮੇਰੀਆਂ ਅੱਖਾਂ ਉੱਤੇ ਮਿੱਟੀ ਦਾ ਲੇਪ ਲਾਇਆ ਜਿਸ ਨੂੰ ਮੈਂ ਧੋਤਾ ਅਤੇ ਹੁਣ ਮੈਂ ਦੇਖ ਸਕਦਾ ਹਾਂ ।” 16ਤਦ ਕੁਝ ਫ਼ਰੀਸੀਆਂ ਨੇ ਕਿਹਾ, “ਇਹ ਆਦਮੀ ਪਰਮੇਸ਼ਰ ਵੱਲੋਂ ਨਹੀਂ ਹੈ ਕਿਉਂਕਿ ਇਹ ਸਬਤ ਨੂੰ ਨਹੀਂ ਮੰਨਦਾ” ਪਰ ਕੁਝ ਹੋਰਨਾਂ ਨੇ ਕਿਹਾ, “ਅਜਿਹੇ ਚਮਤਕਾਰੀ ਚਿੰਨ੍ਹ ਇੱਕ ਪਾਪੀ ਆਦਮੀ ਕਿਸ ਤਰ੍ਹਾਂ ਦਿਖਾ ਸਕਦਾ ਹੈ ?” ਇਸ ਤਰ੍ਹਾਂ ਉਹਨਾਂ ਵਿੱਚ ਫੁੱਟ ਪੈ ਗਈ ।
17ਇਸ ਲਈ ਫ਼ਰੀਸੀਆਂ ਨੇ ਇੱਕ ਵਾਰ ਫਿਰ ਉਸ ਆਦਮੀ ਨੂੰ ਜਿਹੜਾ ਅੰਨ੍ਹਾ ਸੀ, ਪੁੱਛਿਆ, “ਤੂੰ ਉਸ ਦੇ ਬਾਰੇ ਕੀ ਕਹਿੰਦਾ ਹੈਂ ? ਉਸ ਨੇ ਤਾਂ ਤੇਰੀਆਂ ਅੱਖਾਂ ਖੋਲ੍ਹੀਆਂ ਹਨ ।” ਉਸ ਨੇ ਉੱਤਰ ਦਿੱਤਾ, “ਉਹ ਇੱਕ ਨਬੀ ਹਨ ।”
18ਪਰ ਯਹੂਦੀ ਇਹ ਮੰਨਣ ਲਈ ਤਿਆਰ ਨਹੀਂ ਸਨ ਕਿ ਉਹ ਆਦਮੀ ਅੰਨ੍ਹਾ ਸੀ ਅਤੇ ਹੁਣ ਸੁਜਾਖਾ ਹੈ ਜਦੋਂ ਤੱਕ ਕਿ ਉਹਨਾਂ ਨੇ ਉਸ ਦੇ ਮਾਤਾ-ਪਿਤਾ ਨੂੰ ਸੱਦ ਨਾ ਲਿਆ । 19ਫਿਰ ਉਹਨਾਂ ਨੂੰ ਪੁੱਛਿਆ, “ਕੀ ਇਹ ਤੁਹਾਡਾ ਪੁੱਤਰ ਹੈ ? ਤੁਸੀਂ ਕਹਿੰਦੇ ਹੋ ਕਿ ਇਹ ਅੰਨ੍ਹਾ ਹੀ ਪੈਦਾ ਹੋਇਆ ਸੀ, ਫਿਰ ਇਹ ਹੁਣ ਕਿਸ ਤਰ੍ਹਾਂ ਦੇਖਦਾ ਹੈ ?” 20ਉਸ ਦੇ ਮਾਤਾ-ਪਿਤਾ ਨੇ ਉੱਤਰ ਦਿੱਤਾ, “ਅਸੀਂ ਇਹ ਜਾਣਦੇ ਹਾਂ ਕਿ ਇਹ ਸਾਡਾ ਪੁੱਤਰ ਹੈ ਅਤੇ ਇਹ ਅੰਨ੍ਹਾ ਹੀ ਪੈਦਾ ਹੋਇਆ ਸੀ 21ਪਰ ਇਹ ਹੁਣ ਕਿਸ ਤਰ੍ਹਾਂ ਦੇਖਦਾ ਹੈ, ਅਸੀਂ ਇਸ ਦੇ ਬਾਰੇ ਕੁਝ ਨਹੀਂ ਜਾਣਦੇ ਅਤੇ ਨਾ ਹੀ ਅਸੀਂ ਇਹ ਜਾਣਦੇ ਹਾਂ ਕਿ ਇਸ ਦੀਆਂ ਅੱਖਾਂ ਕਿਸ ਨੇ ਖੋਲ੍ਹੀਆਂ ਹਨ । ਉਸ ਤੋਂ ਪੁੱਛ ਲਵੋ ਕਿਉਂਕਿ ਉਹ ਬਾਲਗ਼ ਹੈ, ਉਹ ਆਪ ਹੀ ਦੱਸੇਗਾ ।” 22ਉਸ ਦੇ ਮਾਤਾ-ਪਿਤਾ ਨੇ ਇਹ ਇਸ ਲਈ ਕਿਹਾ ਕਿਉਂਕਿ ਯਹੂਦੀਆਂ ਨੇ ਪਹਿਲਾਂ ਹੀ ਇਹ ਫ਼ੈਸਲਾ ਕਰ ਲਿਆ ਸੀ ਕਿ ਜਿਹੜਾ ਕੋਈ ਯਿਸੂ ਨੂੰ ਮਸੀਹ ਕਰ ਕੇ ਮੰਨੇਗਾ ਉਸ ਨੂੰ ਪ੍ਰਾਰਥਨਾ ਘਰ ਵਿੱਚੋਂ ਕੱਢ ਦਿੱਤਾ ਜਾਵੇਗਾ । 23ਇਸੇ ਲਈ ਉਸ ਦੇ ਮਾਤਾ-ਪਿਤਾ ਨੇ ਕਿਹਾ, “ਉਹ ਬਾਲਗ਼ ਹੈ ਉਸ ਤੋਂ ਪੁੱਛੋ ।”
24ਇਸ ਲਈ ਉਹਨਾਂ ਨੇ ਦੂਜੀ ਵਾਰ ਉਸ ਆਦਮੀ ਨੂੰ ਜਿਹੜਾ ਅੰਨ੍ਹਾ ਸੀ, ਸੱਦਿਆ ਅਤੇ ਉਸ ਨੂੰ ਕਿਹਾ, “ਪਰਮੇਸ਼ਰ ਦੇ ਸਾਹਮਣੇ ਸੱਚ ਬੋਲ, ਅਸੀਂ ਜਾਣਦੇ ਹਾਂ ਕਿ ਉਹ ਆਦਮੀ ਪਾਪੀ ਹੈ ।” 25ਉਸ ਨੇ ਉੱਤਰ ਦਿੱਤਾ, “ਮੈਂ ਨਹੀਂ ਜਾਣਦਾ ਕਿ ਉਹ ਪਾਪੀ ਹੈ ਜਾਂ ਨਹੀਂ ਪਰ ਇੱਕ ਗੱਲ ਮੈਂ ਜ਼ਰੂਰ ਜਾਣਦਾ ਹਾਂ ਕਿ ਮੈਂ ਅੰਨ੍ਹਾ ਸੀ ਅਤੇ ਹੁਣ ਸੁਜਾਖਾ ਹਾਂ ।” 26ਯਹੂਦੀਆਂ ਨੇ ਉਸ ਤੋਂ ਪੁੱਛਿਆ, “ਉਸ ਨੇ ਤੇਰੇ ਨਾਲ ਕੀ ਕੀਤਾ, ਉਸ ਨੇ ਕਿਸ ਤਰ੍ਹਾਂ ਤੇਰੀਆਂ ਅੱਖਾਂ ਖੋਲ੍ਹੀਆਂ ?” 27ਉਸ ਨੇ ਉਹਨਾਂ ਨੂੰ ਉੱਤਰ ਦਿੱਤਾ, “ਮੈਂ ਤਾਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਹਾਂ ਅਤੇ ਤੁਸੀਂ ਸੁਣਿਆ ਨਹੀਂ । ਤੁਸੀਂ ਦੁਬਾਰਾ ਕਿਉਂ ਸੁਣਨਾ ਚਾਹੁੰਦੇ ਹੋ ? ਕੀ ਤੁਸੀਂ ਵੀ ਉਹਨਾਂ ਦੇ ਚੇਲੇ ਬਣਨਾ ਚਾਹੁੰਦੇ ਹੋ ?” 28ਤਦ ਉਹਨਾਂ ਨੇ ਉਸ ਦੀ ਬੇਇੱਜ਼ਤੀ ਕੀਤੀ ਅਤੇ ਕਿਹਾ, “ਤੂੰ ਹੀ ਉਸ ਆਦਮੀ ਦਾ ਚੇਲਾ ਹੈਂ ! ਅਸੀਂ ਤਾਂ ਮੂਸਾ ਦੇ ਚੇਲੇ ਹਾਂ ! 29ਅਸੀਂ ਜਾਣਦੇ ਹਾਂ ਕਿ ਪਰਮੇਸ਼ਰ ਨੇ ਮੂਸਾ ਨਾਲ ਗੱਲਾਂ ਕੀਤੀਆਂ ! ਪਰ ਇਹ ਆਦਮੀ ਕਿੱਥੋਂ ਆਇਆ ਹੈ, ਅਸੀਂ ਨਹੀਂ ਜਾਣਦੇ !” 30ਉਸ ਆਦਮੀ ਨੇ ਉਹਨਾਂ ਨੂੰ ਉੱਤਰ ਦਿੱਤਾ, “ਇਹ ਅਜੀਬ ਗੱਲ ਹੈ ਕਿ ਤੁਸੀਂ ਨਹੀਂ ਜਾਣਦੇ ਕਿ ਉਹ ਕਿੱਥੋਂ ਆਏ ਹਨ ਪਰ ਉਹਨਾਂ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ ! 31ਅਸੀਂ ਜਾਣਦੇ ਹਾਂ ਕਿ ਪਰਮੇਸ਼ਰ ਪਾਪੀਆਂ ਦੀ ਨਹੀਂ ਸੁਣਦੇ, ਉਹ ਉਹਨਾਂ ਦੀ ਹੀ ਸੁਣਦੇ ਹਨ ਜਿਹੜੇ ਉਹਨਾਂ ਨੂੰ ਮੰਨਦੇ ਅਤੇ ਉਹਨਾਂ ਦੀ ਇੱਛਾ ਦੇ ਅਨੁਸਾਰ ਚੱਲਦੇ ਹਨ । 32ਸੰਸਾਰ ਦੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਕਦੀ ਇਹ ਨਹੀਂ ਸੁਣਿਆ ਗਿਆ ਕਿ ਕਿਸੇ ਨੇ ਜਨਮ ਦੇ ਅੰਨ੍ਹੇ ਦੀਆਂ ਅੱਖਾਂ ਖੋਲ੍ਹੀਆਂ ਹੋਣ । 33ਜੇਕਰ ਇਹ ਆਦਮੀ ਪਰਮੇਸ਼ਰ ਵੱਲੋਂ ਨਾ ਹੁੰਦਾ ਤਾਂ ਉਹ ਕੁਝ ਵੀ ਨਾ ਕਰ ਸਕਦਾ ।” 34ਉਹਨਾਂ ਨੇ ਉਸ ਨੂੰ ਉੱਤਰ ਦਿੱਤਾ, “ਤੂੰ ਪਾਪਾਂ ਵਿੱਚ ਹੀ ਪੈਦਾ ਹੋਇਆ ਹੈਂ ਅਤੇ ਕੀ ਤੂੰ ਸਾਨੂੰ ਪੜ੍ਹਾ ਰਿਹਾ ਹੈਂ ?” ਫਿਰ ਉਹਨਾਂ ਨੇ ਉਸ ਨੂੰ ਪ੍ਰਾਰਥਨਾ ਘਰ ਵਿੱਚੋਂ ਬਾਹਰ ਕੱਢ ਦਿੱਤਾ ।
ਆਤਮਿਕ ਅੰਨ੍ਹਾਪਣ
35ਯਿਸੂ ਨੇ ਸੁਣਿਆ ਕਿ ਉਹਨਾਂ ਨੇ ਉਸ ਆਦਮੀ ਨੂੰ ਬਾਹਰ ਕੱਢ ਦਿੱਤਾ ਹੈ । ਇਸ ਲਈ ਉਸ ਨੂੰ ਲੱਭ ਕੇ ਉਸ ਤੋਂ ਪੁੱਛਿਆ, “ਕੀ ਤੂੰ ਮਨੁੱਖ ਦੇ ਪੁੱਤਰ ਵਿੱਚ ਵਿਸ਼ਵਾਸ ਕਰਦਾ ਹੈਂ ?” 36ਉਸ ਆਦਮੀ ਨੇ ਯਿਸੂ ਤੋਂ ਪੁੱਛਿਆ, “ਸ੍ਰੀਮਾਨ ਜੀ, ਉਹ ਕੌਣ ਹਨ ? ਮੈਨੂੰ ਦੱਸੋ ਤਾਂ ਜੋ ਮੈਂ ਉਹਨਾਂ ਵਿੱਚ ਵਿਸ਼ਵਾਸ ਕਰਾਂ ।” 37ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਤੂੰ ਉਸ ਨੂੰ ਦੇਖ ਚੁੱਕਾ ਹੈਂ ਅਤੇ ਇਹ ਉਹ ਹੀ ਹੈ ਜਿਹੜਾ ਤੇਰੇ ਨਾਲ ਗੱਲਾਂ ਕਰ ਰਿਹਾ ਹੈ ।” 38ਉਸ ਆਦਮੀ ਨੇ ਕਿਹਾ, “ਪ੍ਰਭੂ ਜੀ, ਮੈਂ ਵਿਸ਼ਵਾਸ ਕਰਦਾ ਹਾਂ” ਅਤੇ ਉਸ ਨੇ ਝੁੱਕ ਕੇ ਉਹਨਾਂ ਨੂੰ ਮੱਥਾ ਟੇਕਿਆ ।
39ਯਿਸੂ ਨੇ ਕਿਹਾ, “ਮੈਂ ਸੰਸਾਰ ਵਿੱਚ ਨਿਆਂ ਕਰਨ ਦੇ ਲਈ ਆਇਆ ਹਾਂ ਕਿ ਜਿਹੜੇ ਦੇਖਦੇ ਨਹੀਂ, ਉਹ ਦੇਖਣ ਅਤੇ ਜਿਹੜੇ ਦੇਖਦੇ ਹਨ, ਉਹ ਅੰਨ੍ਹੇ ਹੋ ਜਾਣ ।” 40ਕੁਝ ਫ਼ਰੀਸੀ ਜਿਹੜੇ ਉੱਥੇ ਯਿਸੂ ਦੇ ਨਾਲ ਸਨ, ਉਹਨਾਂ ਨੇ ਇਹ ਸੁਣ ਕੇ ਕਿਹਾ, “ਕੀ ਅਸੀਂ ਵੀ ਅੰਨ੍ਹੇ ਹਾਂ ?” 41ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਜੇਕਰ ਤੁਸੀਂ ਅੰਨ੍ਹੇ ਹੁੰਦੇ ਤਾਂ ਨਿਰਦੋਸ਼ ਹੁੰਦੇ ਪਰ ਤੁਸੀਂ ਕਹਿੰਦੇ ਹੋ ਕਿ ਅਸੀਂ ਦੇਖਦੇ ਹਾਂ ਇਸ ਕਾਰਨ ਤੁਸੀਂ ਅਜੇ ਵੀ ਦੋਸ਼ੀ ਹੋ ।
Punjabi Common Language (North American Version):
Text © 2021 Canadian Bible Society and Bible Society of India