ਯੂਹੰਨਾ 5
5
ਤਲਾਬ ਉੱਤੇ ਇੱਕ ਆਦਮੀ ਨੂੰ ਚੰਗਾ ਕਰਨਾ
1ਇਸ ਦੇ ਬਾਅਦ ਯਹੂਦੀਆਂ ਦਾ ਇੱਕ ਤਿਉਹਾਰ ਸੀ ਜਿਸ ਦੇ ਲਈ ਪ੍ਰਭੂ ਯਿਸੂ ਯਰੂਸ਼ਲਮ ਸ਼ਹਿਰ ਨੂੰ ਗਏ । 2ਯਰੂਸ਼ਲਮ ਵਿੱਚ ਭੇਡਾਂ ਵਾਲੇ ਦਰਵਾਜ਼ੇ ਦੇ ਕੋਲ ਇੱਕ ਤਲਾਬ ਹੈ । ਉਸ ਤਲਾਬ ਨੂੰ ਇਬਰਾਨੀ ਭਾਸ਼ਾ ਵਿੱਚ ਬੇਥਜ਼ਥਾ#5:2 ਬੇਥਜ਼ਥਾ ਕੁਝ ਪ੍ਰਾਚੀਨ ਲਿਖਤਾਂ ਵਿੱਚ ਬੇਥੇਸਦਾ ਹੈ । ਕਹਿੰਦੇ ਹਨ । ਉਸ ਦੇ ਆਲੇ-ਦੁਆਲੇ ਪੰਜ ਵਰਾਂਡੇ ਸਨ । 3ਇਹਨਾਂ ਵਰਾਂਡਿਆਂ ਵਿੱਚ ਬਹੁਤ ਸਾਰੇ ਅੰਨ੍ਹੇ, ਲੰਗੜੇ, ਅਧਰੰਗੀ ਲੰਮੇ ਪਏ ਰਹਿੰਦੇ ਸਨ । [ਉਹ ਤਲਾਬ ਦੇ ਪਾਣੀ ਦੇ ਹਿੱਲਣ ਦੀ ਉਡੀਕ ਵਿੱਚ ਰਹਿੰਦੇ ਸਨ । 4ਕਿਉਂਕਿ ਕਦੀ ਕਦੀ ਪ੍ਰਭੂ ਦਾ ਇੱਕ ਸਵਰਗਦੂਤ ਤਲਾਬ ਵਿੱਚ ਉਤਰ ਕੇ ਪਾਣੀ ਨੂੰ ਹਿਲਾਉਂਦਾ ਸੀ । ਪਾਣੀ ਹਿੱਲਦੇ ਸਮੇਂ ਜਿਹੜਾ ਵੀ ਰੋਗੀ ਪਹਿਲਾਂ ਪਾਣੀ ਵਿੱਚ ਉਤਰ ਜਾਂਦਾ, ਉਸ ਨੂੰ ਭਾਵੇਂ ਕੋਈ ਵੀ ਬਿਮਾਰੀ ਕਿਉਂ ਨਾ ਹੋਵੇ, ਉਹ ਚੰਗਾ ਹੋ ਜਾਂਦਾ ਸੀ ।]#5:4 ਇਹ ਆਇਤ ਕੁਝ ਪ੍ਰਾਚੀਨ ਲਿਖਤਾਂ ਵਿੱਚ ਨਹੀਂ ਹੈ । 5ਉੱਥੇ ਇੱਕ ਆਦਮੀ ਸੀ ਜਿਹੜਾ ਅਠੱਤੀ ਸਾਲਾਂ ਤੋਂ ਬਿਮਾਰ ਸੀ । 6ਯਿਸੂ ਨੇ ਉਸ ਨੂੰ ਉੱਥੇ ਲੰਮੇ ਪਏ ਦੇਖਿਆ ਅਤੇ ਇਹ ਜਾਣਦੇ ਹੋਏ ਕਿ ਉਹ ਬਹੁਤ ਸਮੇਂ ਤੋਂ ਬਿਮਾਰ ਹੈ, ਉਸ ਨੂੰ ਕਿਹਾ, “ਕੀ ਤੂੰ ਚੰਗਾ ਹੋਣਾ ਚਾਹੁੰਦਾ ਹੈਂ ?” 7ਬਿਮਾਰ ਆਦਮੀ ਨੇ ਉੱਤਰ ਦਿੱਤਾ, “ਸ੍ਰੀਮਾਨ ਜੀ, ਮੇਰੇ ਕੋਲ ਕੋਈ ਵੀ ਨਹੀਂ ਜਿਹੜਾ ਪਾਣੀ ਦੇ ਹਿੱਲਦੇ ਹੀ ਮੈਨੂੰ ਪਾਣੀ ਵਿੱਚ ਉਤਾਰੇ । ਜਦੋਂ ਮੈਂ ਉਤਰਨ ਦੀ ਕੋਸ਼ਿਸ਼ ਕਰਦਾ ਹਾਂ ਤਾਂ ਕੋਈ ਦੂਜਾ ਮੇਰੇ ਤੋਂ ਪਹਿਲਾਂ ਹੀ ਪਾਣੀ ਵਿੱਚ ਉਤਰ ਜਾਂਦਾ ਹੈ ।” 8ਯਿਸੂ ਨੇ ਉਸ ਨੂੰ ਕਿਹਾ, “ਉੱਠ, ਆਪਣਾ ਬਿਸਤਰਾ ਚੁੱਕ ਅਤੇ ਚੱਲ ਫਿਰ ।” 9ਉਹ ਆਦਮੀ ਇਕਦਮ ਚੰਗਾ ਹੋ ਗਿਆ ਅਤੇ ਆਪਣਾ ਬਿਸਤਰਾ ਚੁੱਕ ਕੇ ਚੱਲਣ ਫਿਰਨ ਲੱਗਾ ।
ਜਿਸ ਦਿਨ ਉਹ ਆਦਮੀ ਚੰਗਾ ਹੋਇਆ, ਉਹ ਸਬਤ ਦਾ ਦਿਨ ਸੀ । 10#ਨਹ 13:19, ਯਿਰ 17:21ਇਸ ਲਈ ਯਹੂਦੀਆਂ ਨੇ ਉਸ ਚੰਗੇ ਹੋਏ ਆਦਮੀ ਨੂੰ ਕਿਹਾ, “ਅੱਜ ਸਬਤ ਹੈ, ਅੱਜ ਦੇ ਦਿਨ ਤੇਰੇ ਲਈ ਬਿਸਤਰਾ ਚੁੱਕਣਾ ਵਿਵਸਥਾ ਦੇ ਵਿਰੁੱਧ ਹੈ ।” 11ਉਸ ਆਦਮੀ ਨੇ ਉੱਤਰ ਦਿੱਤਾ, “ਉਹ ਜਿਸ ਨੇ ਮੈਨੂੰ ਚੰਗਾ ਕੀਤਾ ਹੈ, ਉਸੇ ਨੇ ਮੈਨੂੰ ਕਿਹਾ, ‘ਆਪਣਾ ਬਿਸਤਰਾ ਚੁੱਕ ਅਤੇ ਚੱਲ ਫਿਰ ।’” 12ਯਹੂਦੀਆਂ ਨੇ ਉਸ ਤੋਂ ਪੁੱਛਿਆ, “ਉਹ ਆਦਮੀ ਕੌਣ ਹੈ, ਜਿਸ ਨੇ ਤੈਨੂੰ ਕਿਹਾ, ‘ਬਿਸਤਰਾ ਚੁੱਕ ਅਤੇ ਚੱਲ ਫਿਰ’ ?” 13ਪਰ ਉਹ ਚੰਗਾ ਹੋਇਆ ਆਦਮੀ ਨਹੀਂ ਜਾਣਦਾ ਸੀ ਕਿ ਉਹ ਕੌਣ ਹੈ ਕਿਉਂਕਿ ਯਿਸੂ ਭੀੜ ਦੇ ਕਾਰਨ ਉਸ ਥਾਂ ਤੋਂ ਚਲੇ ਗਏ ਸਨ ।
14ਕੁਝ ਦਿਨਾਂ ਦੇ ਬਾਅਦ ਯਿਸੂ ਉਸ ਆਦਮੀ ਨੂੰ ਹੈਕਲ ਵਿੱਚ ਮਿਲੇ ਅਤੇ ਉਸ ਨੂੰ ਕਿਹਾ, “ਦੇਖ, ਹੁਣ ਤੂੰ ਚੰਗਾ ਹੋ ਗਿਆ ਹੈਂ, ਫਿਰ ਪਾਪ ਨਾ ਕਰੀਂ, ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਤੇਰਾ ਪਹਿਲਾਂ ਤੋਂ ਵੀ ਬੁਰਾ ਹਾਲ ਹੋ ਜਾਵੇ ।” 15ਫਿਰ ਉਹ ਆਦਮੀ ਯਹੂਦੀਆਂ ਦੇ ਕੋਲ ਗਿਆ ਅਤੇ ਉਹਨਾਂ ਨੂੰ ਦੱਸਿਆ ਕਿ ਜਿਸ ਨੇ ਮੈਨੂੰ ਚੰਗਾ ਕੀਤਾ ਸੀ ਉਹ ਯਿਸੂ ਹਨ । 16ਇਸ ਕਾਰਨ ਯਹੂਦੀਆਂ ਨੇ ਯਿਸੂ ਨੂੰ ਸਤਾਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਯਿਸੂ ਨੇ ਇਹ ਚੰਗਾ ਕਰਨ ਦਾ ਕੰਮ ਸਬਤ ਦੇ ਦਿਨ ਕੀਤਾ ਸੀ ।
17ਯਿਸੂ ਨੇ ਯਹੂਦੀਆਂ ਨੂੰ ਕਿਹਾ, “ਮੇਰੇ ਪਿਤਾ ਹਰ ਸਮੇਂ ਕੰਮ ਕਰਦੇ ਹਨ ਅਤੇ ਮੈਂ ਵੀ ਕਰ ਰਿਹਾ ਹਾਂ ।” 18ਇਹ ਸੁਣ ਕੇ ਯਹੂਦੀ ਹੋਰ ਵੀ ਜ਼ਿਆਦਾ ਯਿਸੂ ਨੂੰ ਮਾਰਨ ਦੀ ਕੋਸ਼ਿਸ਼ ਕਰਨ ਲੱਗੇ ਕਿਉਂਕਿ ਪ੍ਰਭੂ ਯਿਸੂ ਕੇਵਲ ਸਬਤ ਦੀ ਉਲੰਘਣਾ ਹੀ ਨਹੀਂ ਕਰਦੇ ਸਨ ਸਗੋਂ ਪਰਮੇਸ਼ਰ ਨੂੰ ਆਪਣਾ ਪਿਤਾ ਕਹਿ ਕੇ ਆਪਣੇ ਆਪ ਨੂੰ ਪਰਮੇਸ਼ਰ ਦੇ ਬਰਾਬਰ ਬਣਾਉਂਦੇ ਸਨ ।
ਪੁੱਤਰ ਦਾ ਅਧਿਕਾਰ
19ਫਿਰ ਯਿਸੂ ਨੇ ਉਹਨਾਂ ਨੂੰ ਉੱਤਰ ਦਿੰਦੇ ਹੋਏ ਕਿਹਾ, “ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ, ਪੁੱਤਰ ਆਪਣੇ ਆਪ ਕੁਝ ਨਹੀਂ ਕਰ ਸਕਦਾ, ਉਹ ਕੇਵਲ ਉਹ ਹੀ ਕਰਦਾ ਹੈ ਜੋ ਉਹ ਪਿਤਾ ਨੂੰ ਕਰਦੇ ਦੇਖਦਾ ਹੈ । ਜਿਸ ਤਰ੍ਹਾਂ ਪਿਤਾ ਕਰਦੇ ਹਨ, ਠੀਕ ਉਸੇ ਤਰ੍ਹਾਂ ਪੁੱਤਰ ਵੀ ਕਰਦਾ ਹੈ । 20ਪਿਤਾ ਪੁੱਤਰ ਨੂੰ ਪਿਆਰ ਕਰਦੇ ਹਨ ਅਤੇ ਉਹ ਸਭ ਕੁਝ ਜੋ ਉਹ ਆਪ ਕਰਦੇ ਹਨ, ਪੁੱਤਰ ਨੂੰ ਦਿਖਾਉਂਦੇ ਹਨ । ਇਸ ਤੋਂ ਵੀ ਵੱਡੇ ਕੰਮ ਉਹ ਉਸ ਨੂੰ ਦਿਖਾਉਣਗੇ ਕਿ ਤੁਸੀਂ ਹੈਰਾਨ ਹੋਵੋਗੇ । 21ਇੱਥੋਂ ਤੱਕ ਕਿ ਜਿਸ ਤਰ੍ਹਾਂ ਪਿਤਾ ਮੁਰਦਿਆਂ ਨੂੰ ਜਿਊਂਦਾ ਕਰਦੇ ਹਨ ਅਤੇ ਉਹਨਾਂ ਨੂੰ ਫਿਰ ਜੀਵਨ ਦਿੰਦੇ ਹਨ ਇਸੇ ਤਰ੍ਹਾਂ ਪੁੱਤਰ ਵੀ ਜਿਸ ਨੂੰ ਉਹ ਚਾਹੁੰਦਾ ਹੈ, ਜੀਵਨ ਦਿੰਦਾ ਹੈ । 22ਪਿਤਾ ਕਿਸੇ ਦਾ ਨਿਆਂ ਨਹੀਂ ਕਰਦੇ, ਉਹਨਾਂ ਨੇ ਨਿਆਂ ਕਰਨ ਦਾ ਸਾਰਾ ਅਧਿਕਾਰ ਪੁੱਤਰ ਦੇ ਹੱਥ ਵਿੱਚ ਸੌਂਪ ਦਿੱਤਾ ਹੈ 23ਤਾਂ ਜੋ ਸਾਰੇ ਪੁੱਤਰ ਦਾ ਆਦਰ ਉਸੇ ਤਰ੍ਹਾਂ ਕਰਨ ਜਿਸ ਤਰ੍ਹਾਂ ਉਹ ਪਿਤਾ ਦਾ ਕਰਦੇ ਹਨ । ਜਿਹੜਾ ਪੁੱਤਰ ਦਾ ਆਦਰ ਨਹੀਂ ਕਰਦਾ ਉਹ ਪਿਤਾ ਦਾ ਵੀ ਆਦਰ ਨਹੀਂ ਕਰਦਾ ਜਿਹਨਾਂ ਨੇ ਪੁੱਤਰ ਨੂੰ ਭੇਜਿਆ ਹੈ ।
24“ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਜਿਹੜਾ ਮੇਰੇ ਸ਼ਬਦ ਸੁਣਦਾ ਹੈ ਅਤੇ ਮੇਰੇ ਭੇਜਣ ਵਾਲੇ ਵਿੱਚ ਵਿਸ਼ਵਾਸ ਕਰਦਾ ਹੈ, ਉਹ ਅਨੰਤ ਜੀਵਨ ਪ੍ਰਾਪਤ ਕਰਦਾ ਹੈ । ਉਹ ਦੋਸ਼ੀ ਨਹੀਂ ਠਹਿਰਦਾ ਸਗੋਂ ਮੌਤ ਨੂੰ ਪਾਰ ਕਰ ਕੇ ਜੀਵਨ ਵਿੱਚ ਪ੍ਰਵੇਸ਼ ਕਰ ਚੁੱਕਾ ਹੈ । 25ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਉਹ ਸਮਾਂ ਆ ਰਿਹਾ ਹੈ ਸਗੋਂ ਆ ਚੁੱਕਾ ਹੈ ਜਦੋਂ ਮੁਰਦੇ ਪਰਮੇਸ਼ਰ ਦੇ ਪੁੱਤਰ ਦੀ ਆਵਾਜ਼ ਸੁਣਨਗੇ ਅਤੇ ਜਿਹੜੇ ਸੁਣਨਗੇ ਜੀਵਨ ਪ੍ਰਾਪਤ ਕਰਨਗੇ । 26ਕਿਉਂਕਿ ਜਿਸ ਤਰ੍ਹਾਂ ਪਿਤਾ ਜੀਵਨ ਦੇ ਸ੍ਰੋਤ ਹਨ, ਉਸੇ ਤਰ੍ਹਾਂ ਉਹਨਾਂ ਨੇ ਪੁੱਤਰ ਨੂੰ ਵੀ ਜੀਵਨ ਦਾ ਸ੍ਰੋਤ ਬਣਾਇਆ ਹੈ । 27ਪਿਤਾ ਨੇ ਪੁੱਤਰ ਨੂੰ ਨਿਆਂ ਕਰਨ ਦਾ ਪੂਰਾ ਅਧਿਕਾਰ ਦੇ ਦਿੱਤਾ ਹੈ ਕਿਉਂਕਿ ਉਹ ਮਨੁੱਖ ਦਾ ਪੁੱਤਰ ਹੈ । 28ਇਸ ਗੱਲ ਉੱਤੇ ਤੁਸੀਂ ਹੈਰਾਨ ਨਾ ਹੋਵੋ । ਸਮਾਂ ਆ ਗਿਆ ਹੈ ਜਦੋਂ ਉਹ ਜਿਹੜੇ ਕਬਰਾਂ ਵਿੱਚ ਹਨ, ਉਹਨਾਂ ਦੀ ਆਵਾਜ਼ ਸੁਣਨਗੇ 29#ਦਾਨੀ 12:2ਅਤੇ ਕਬਰਾਂ ਵਿੱਚੋਂ ਬਾਹਰ ਆ ਜਾਣਗੇ । ਚੰਗੇ ਕੰਮ ਕਰਨ ਵਾਲਿਆਂ ਦਾ ਪੁਨਰ-ਉਥਾਨ ਜੀਵਨ ਦੇ ਲਈ ਹੋਵੇਗਾ ਅਤੇ ਬੁਰੇ ਕੰਮ ਕਰਨ ਵਾਲਿਆਂ ਦਾ ਸਜ਼ਾ ਦੇ ਲਈ ।”
ਪ੍ਰਭੂ ਯਿਸੂ ਦੇ ਬਾਰੇ ਗਵਾਹੀ
30“ਮੈਂ ਆਪਣੇ ਆਪ ਕੁਝ ਨਹੀਂ ਕਰ ਸਕਦਾ । ਜਿਸ ਤਰ੍ਹਾਂ ਪਰਮੇਸ਼ਰ ਮੈਨੂੰ ਦੱਸਦੇ ਹਨ ਉਸੇ ਤਰ੍ਹਾਂ ਮੈਂ ਨਿਆਂ ਕਰਦਾ ਹਾਂ । ਮੇਰਾ ਨਿਆਂ ਠੀਕ ਹੁੰਦਾ ਹੈ ਕਿਉਂਕਿ ਮੈਂ ਆਪਣੀ ਇੱਛਾ ਨਹੀਂ ਸਗੋਂ ਆਪਣੇ ਭੇਜਣ ਵਾਲੇ ਦੀ ਇੱਛਾ ਪੂਰੀ ਕਰਨੀ ਚਾਹੁੰਦਾ ਹਾਂ ।
31“ਜੇਕਰ ਮੈਂ ਆਪ ਹੀ ਆਪਣੇ ਹੱਕ ਵਿੱਚ ਗਵਾਹੀ ਦੇਵਾਂ ਤਾਂ ਮੇਰੀ ਗਵਾਹੀ ਸੱਚੀ ਨਹੀਂ ਹੈ । 32ਇੱਕ ਹੋਰ ਹਨ ਜਿਹੜੇ ਮੇਰੇ ਬਾਰੇ ਗਵਾਹੀ ਦਿੰਦੇ ਹਨ ਅਤੇ ਮੈਂ ਜਾਣਦਾ ਹਾਂ ਕਿ ਉਹਨਾਂ ਦੀ ਗਵਾਹੀ ਮੇਰੇ ਸੰਬੰਧ ਵਿੱਚ ਸੱਚੀ ਹੈ । 33#ਯੂਹ 1:19-27, 3:27-30ਤੁਸੀਂ ਯੂਹੰਨਾ ਬਪਤਿਸਮਾ ਦੇਣ ਵਾਲੇ ਕੋਲ ਆਪਣੇ ਆਦਮੀ ਪੁੱਛਣ ਲਈ ਭੇਜੇ ਅਤੇ ਉਸ ਨੇ ਸੱਚਾਈ ਦੇ ਬਾਰੇ ਗਵਾਹੀ ਦਿੱਤੀ । 34ਇਹ ਕੋਈ ਜ਼ਰੂਰੀ ਨਹੀਂ ਹੈ ਕਿ ਮੈਨੂੰ ਕਿਸੇ ਆਦਮੀ ਦੀ ਗਵਾਹੀ ਦੀ ਲੋੜ ਹੈ । ਮੈਂ ਇਹ ਇਸ ਲਈ ਕਹਿ ਰਿਹਾ ਹਾਂ ਕਿ ਤੁਹਾਨੂੰ ਮੁਕਤੀ ਮਿਲੇ । 35ਯੂਹੰਨਾ ਇੱਕ ਬਲਦਾ ਅਤੇ ਚਮਕਦਾ ਹੋਇਆ ਦੀਵਾ ਸੀ । ਉਸ ਦੇ ਚਾਨਣ ਵਿੱਚ ਤੁਸੀਂ ਕੁਝ ਸਮੇਂ ਦੇ ਲਈ ਖ਼ੁਸ਼ੀ ਮਨਾਉਣੀ ਚਾਹੀ । 36ਪਰ ਜਿਹੜੀ ਗਵਾਹੀ ਮੇਰੇ ਕੋਲ ਹੈ, ਉਹ ਯੂਹੰਨਾ ਦੀ ਗਵਾਹੀ ਤੋਂ ਵੱਡੀ ਹੈ । ਜਿਹੜੇ ਕੰਮ ਮੈਂ ਕਰਦਾ ਹਾਂ, ਇਹ ਕੰਮ ਮੇਰੇ ਹੱਕ ਵਿੱਚ ਗਵਾਹੀ ਦਿੰਦੇ ਹਨ ਕਿ ਪਿਤਾ ਨੇ ਮੈਨੂੰ ਭੇਜਿਆ ਹੈ । 37#ਮੱਤੀ 3:17, ਮਰ 1:11, ਲੂਕਾ 3:22ਪਿਤਾ, ਜਿਹਨਾਂ ਨੇ ਮੈਨੂੰ ਭੇਜਿਆ ਹੈ, ਮੇਰੇ ਬਾਰੇ ਗਵਾਹੀ ਦਿੰਦੇ ਹਨ । ਤੁਸੀਂ ਕਦੀ ਉਹਨਾਂ ਦੀ ਆਵਾਜ਼ ਨਹੀਂ ਸੁਣੀ ਨਾ ਉਹਨਾਂ ਦਾ ਰੂਪ ਦੇਖਿਆ ਹੈ 38ਅਤੇ ਨਾ ਹੀ ਉਹਨਾਂ ਦਾ ਵਚਨ ਤੁਹਾਡੇ ਦਿਲਾਂ ਵਿੱਚ ਰਹਿੰਦਾ ਹੈ ਕਿਉਂਕਿ ਤੁਸੀਂ ਉਸ ਵਿੱਚ ਵਿਸ਼ਵਾਸ ਨਹੀਂ ਕਰਦੇ ਜਿਸ ਨੂੰ ਪਿਤਾ ਨੇ ਭੇਜਿਆ ਹੈ । 39ਤੁਸੀਂ ਪਵਿੱਤਰ-ਗ੍ਰੰਥਾਂ ਨੂੰ ਪੜ੍ਹਦੇ ਹੋ ਕਿਉਂਕਿ ਤੁਸੀਂ ਸੋਚਦੇ ਹੋ ਕਿ ਉਹਨਾਂ ਦੇ ਰਾਹੀਂ ਤੁਹਾਨੂੰ ਅਨੰਤ ਜੀਵਨ ਪ੍ਰਾਪਤ ਹੋਵੇਗਾ ਪਰ ਉਹ ਹੀ ਮੇਰੇ ਬਾਰੇ ਗਵਾਹੀ ਦਿੰਦੇ ਹਨ । 40ਪਰ ਫਿਰ ਵੀ ਤੁਸੀਂ ਅਨੰਤ ਜੀਵਨ ਦੀ ਪ੍ਰਾਪਤੀ ਲਈ ਮੇਰੇ ਕੋਲ ਨਹੀਂ ਆਉਣਾ ਚਾਹੁੰਦੇ ।
41“ਮੈਂ ਮਨੁੱਖਾਂ ਤੋਂ ਵਡਿਆਈ ਨਹੀਂ ਚਾਹੁੰਦਾ 42ਪਰ ਮੈਂ ਇਹ ਜਾਣਦਾ ਹਾਂ ਕਿ ਤੁਹਾਡੇ ਦਿਲਾਂ ਵਿੱਚ ਪਰਮੇਸ਼ਰ ਦਾ ਪਿਆਰ ਨਹੀਂ ਹੈ । 43ਮੈਂ ਆਪਣੇ ਪਿਤਾ ਦੇ ਨਾਮ ਵਿੱਚ ਆਇਆ ਹਾਂ ਅਤੇ ਤੁਸੀਂ ਮੈਨੂੰ ਸਵੀਕਾਰ ਨਹੀਂ ਕਰਦੇ ਪਰ ਜੇਕਰ ਕੋਈ ਦੂਜਾ ਆਪਣੇ ਹੀ ਨਾਂ ਉੱਤੇ ਆਵੇ ਤਾਂ ਉਸ ਨੂੰ ਤੁਸੀਂ ਸਵੀਕਾਰ ਕਰੋਗੇ । 44ਤੁਸੀਂ ਕਿਸ ਤਰ੍ਹਾਂ ਵਿਸ਼ਵਾਸ ਕਰ ਸਕਦੇ ਹੋ ਜਦੋਂ ਕਿ ਤੁਸੀਂ ਇੱਕ ਦੂਜੇ ਤੋਂ ਵਡਿਆਈ ਪ੍ਰਾਪਤ ਕਰਦੇ ਹੋ ਅਤੇ ਉਸ ਵਡਿਆਈ ਦੀ ਖੋਜ ਨਹੀਂ ਕਰਦੇ ਜਿਹੜੀ ਇੱਕ ਪਰਮੇਸ਼ਰ ਕੋਲੋਂ ਹੀ ਪ੍ਰਾਪਤ ਹੁੰਦੀ ਹੈ । 45ਤੁਸੀਂ ਇਹ ਨਾ ਸੋਚੋ ਕਿ ਪਿਤਾ ਦੇ ਸਾਹਮਣੇ ਮੈਂ ਤੁਹਾਨੂੰ ਦੋਸ਼ੀ ਠਹਿਰਾਵਾਂਗਾ । ਨਹੀਂ, ਇਹ ਮੂਸਾ ਹੈ ਜਿਹੜਾ ਤੁਹਾਨੂੰ ਦੋਸ਼ੀ ਠਹਿਰਾਵੇਗਾ ਜਿਸ ਉੱਤੇ ਤੁਸੀਂ ਉਮੀਦ ਰੱਖੀ ਹੋਈ ਹੈ । 46ਜੇਕਰ ਤੁਸੀਂ ਮੂਸਾ ਵਿੱਚ ਵਿਸ਼ਵਾਸ ਕੀਤਾ ਹੁੰਦਾ ਤਾਂ ਮੇਰੇ ਵਿੱਚ ਵੀ ਕਰਦੇ ਕਿਉਂਕਿ ਉਸ ਨੇ ਮੇਰੇ ਬਾਰੇ ਹੀ ਲਿਖਿਆ ਹੈ । 47ਇਸ ਲਈ ਜੇਕਰ ਤੁਸੀਂ ਉਸ ਦੀਆਂ ਲਿਖਤਾਂ ਵਿੱਚ ਵਿਸ਼ਵਾਸ ਨਹੀਂ ਕਰਦੇ ਤਾਂ ਮੇਰੇ ਸ਼ਬਦਾਂ ਵਿੱਚ ਵਿਸ਼ਵਾਸ ਕਿਸ ਤਰ੍ਹਾਂ ਕਰੋਗੇ ?”
Punjabi Common Language (North American Version):
Text © 2021 Canadian Bible Society and Bible Society of India