ਯੂਹੰਨਾ 14
14
ਪ੍ਰਭੂ ਯਿਸੂ ਹੀ ਪਿਤਾ ਦੇ ਕੋਲ ਪਹੁੰਚਣ ਦਾ ਰਾਹ
1“ਤੁਹਾਡਾ ਦਿਲ ਨਾ ਘਬਰਾਏ, ਤੁਸੀਂ ਪਰਮੇਸ਼ਰ ਵਿੱਚ ਵਿਸ਼ਵਾਸ ਕਰਦੇ ਹੋ, ਮੇਰੇ ਵਿੱਚ ਵੀ ਵਿਸ਼ਵਾਸ ਕਰੋ । 2ਮੇਰੇ ਪਿਤਾ ਦੇ ਘਰ ਵਿੱਚ ਬਹੁਤ ਰਹਿਣ ਵਾਲੀਆਂ ਥਾਵਾਂ ਹਨ । ਜੇਕਰ ਨਾ ਹੁੰਦੀਆਂ ਤਾਂ ਕੀ ਮੈਂ ਤੁਹਾਨੂੰ ਕਹਿੰਦਾ ਕਿ ਮੈਂ ਤੁਹਾਡੇ ਲਈ ਥਾਂ ਤਿਆਰ ਕਰਨ ਲਈ ਜਾ ਰਿਹਾ ਹਾਂ ? 3ਇਸ ਲਈ ਜਦੋਂ ਮੈਂ ਜਾ ਕੇ ਤੁਹਾਡੇ ਲਈ ਥਾਂ ਤਿਆਰ ਕਰ ਲਵਾਂਗਾ ਤਾਂ ਮੈਂ ਫਿਰ ਵਾਪਸ ਆਵਾਂਗਾ ਅਤੇ ਤੁਹਾਨੂੰ ਆਪਣੇ ਨਾਲ ਲੈ ਜਾਵਾਂਗਾ ਤਾਂ ਜੋ ਜਿੱਥੇ ਮੈਂ ਹਾਂ ਉੱਥੇ ਤੁਸੀਂ ਵੀ ਹੋਵੋ । 4ਜਿੱਥੇ ਮੈਂ ਜਾ ਰਿਹਾ ਹਾਂ ਤੁਸੀਂ ਉੱਥੇ ਦਾ ਰਾਹ ਜਾਣਦੇ ਹੋ ।” 5ਥੋਮਾ ਨੇ ਯਿਸੂ ਨੂੰ ਕਿਹਾ, “ਪ੍ਰਭੂ ਜੀ, ਅਸੀਂ ਤਾਂ ਇਹ ਨਹੀਂ ਜਾਣਦੇ ਕਿ ਤੁਸੀਂ ਕਿੱਥੇ ਜਾ ਰਹੇ ਹੋ ਤਾਂ ਫਿਰ ਅਸੀਂ ਰਾਹ ਕਿਸ ਤਰ੍ਹਾਂ ਜਾਣ ਸਕਦੇ ਹਾਂ ?” 6ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਮੈਂ ਹੀ ਰਾਹ, ਮੈਂ ਹੀ ਸੱਚ ਅਤੇ ਮੈਂ ਹੀ ਜੀਵਨ ਹਾਂ । ਮੇਰੇ ਤੋਂ ਬਿਨਾਂ ਕੋਈ ਵੀ ਪਿਤਾ ਦੇ ਕੋਲ ਨਹੀਂ ਪਹੁੰਚ ਸਕਦਾ । 7ਜੇਕਰ ਤੁਸੀਂ ਮੈਨੂੰ ਜਾਣਦੇ ਹੋ ਤਾਂ ਮੇਰੇ ਪਿਤਾ ਨੂੰ ਵੀ ਜਾਣ ਜਾਵੋਗੇ । ਹੁਣ ਤੁਸੀਂ ਉਹਨਾਂ ਨੂੰ ਜਾਣਦੇ ਹੋ ਅਤੇ ਉਹਨਾਂ ਦੇ ਦਰਸ਼ਨ ਵੀ ਕਰ ਚੁੱਕੇ ਹੋ ।”
8ਫ਼ਿਲਿੱਪੁਸ ਨੇ ਯਿਸੂ ਨੂੰ ਕਿਹਾ, “ਪ੍ਰਭੂ ਜੀ, ਸਾਨੂੰ ਪਿਤਾ ਦੇ ਦਰਸ਼ਨ ਕਰਵਾ ਦਿਓ । ਸਾਡੇ ਲਈ ਇਹ ਹੀ ਬਹੁਤ ਹੈ ।” 9ਯਿਸੂ ਨੇ ਉਸ ਨੂੰ ਕਿਹਾ, “ਫ਼ਿਲਿੱਪੁਸ, ਮੈਂ ਤੁਹਾਡੇ ਨਾਲ ਇੰਨੇ ਸਮੇਂ ਤੋਂ ਹਾਂ ਫਿਰ ਵੀ ਤੁਸੀਂ ਮੈਨੂੰ ਨਹੀਂ ਜਾਣਿਆ ? ਜਿਸ ਨੇ ਮੇਰੇ ਦਰਸ਼ਨ ਕੀਤੇ ਹਨ, ਉਸ ਨੇ ਪਿਤਾ ਦੇ ਦਰਸ਼ਨ ਕੀਤੇ ਹਨ । ਤੂੰ ਕਿਸ ਤਰ੍ਹਾਂ ਕਹਿੰਦਾ ਹੈਂ, ‘ਸਾਨੂੰ ਪਿਤਾ ਦੇ ਦਰਸ਼ਨ ਕਰਵਾਓ ?’ 10ਕੀ ਤੁਸੀਂ ਵਿਸ਼ਵਾਸ ਨਹੀਂ ਕਰਦੇ ਕਿ ਮੈਂ ਪਿਤਾ ਵਿੱਚ ਹਾਂ ਅਤੇ ਪਿਤਾ ਮੇਰੇ ਵਿੱਚ ਹਨ ? ਇਹ ਵਚਨ ਜਿਹੜੇ ਮੈਂ ਤੁਹਾਨੂੰ ਕਹੇ ਹਨ ਇਹ ਮੈਂ ਆਪਣੇ ਵੱਲੋਂ ਨਹੀਂ ਕਹੇ । ਪਿਤਾ ਹੀ ਮੇਰੇ ਵਿੱਚ ਰਹਿ ਕੇ ਆਪਣੇ ਕੰਮ ਕਰਦੇ ਹਨ । 11ਮੇਰਾ ਵਿਸ਼ਵਾਸ ਕਰੋ ਕਿ ਮੈਂ ਪਿਤਾ ਵਿੱਚ ਹਾਂ ਅਤੇ ਪਿਤਾ ਮੇਰੇ ਵਿੱਚ ਹਨ, ਨਹੀਂ ਤਾਂ ਮੇਰੇ ਕੰਮਾਂ ਦੇ ਕਾਰਨ ਹੀ ਵਿਸ਼ਵਾਸ ਕਰੋ । 12ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਮੇਰੇ ਵਿੱਚ ਵਿਸ਼ਵਾਸ ਕਰਨ ਵਾਲੇ ਉਹ ਕੰਮ ਕਰਨਗੇ ਜਿਹੜੇ ਮੈਂ ਕਰ ਰਿਹਾ ਹਾਂ ਸਗੋਂ ਇਹਨਾਂ ਤੋਂ ਵੀ ਵੱਡੇ ਕੰਮ ਕਰਨਗੇ ਕਿਉਂਕਿ ਮੈਂ ਪਿਤਾ ਦੇ ਕੋਲ ਜਾਂਦਾ ਹਾਂ । 13ਜੋ ਕੁਝ ਤੁਸੀਂ ਮੇਰਾ ਨਾਮ ਲੈ ਕੇ ਮੰਗੋਗੇ, ਮੈਂ ਉਹ ਕਰਾਂਗਾ ਜਿਸ ਨਾਲ ਮੇਰੇ ਵਿੱਚ ਪਿਤਾ ਦੀ ਵਡਿਆਈ ਹੋਵੇ । 14ਜੇਕਰ ਤੁਸੀਂ ਮੇਰਾ ਨਾਮ ਲੈ ਕੇ ਮੇਰੇ ਤੋਂ ਕੁਝ ਵੀ ਮੰਗੋਗੇ ਤਾਂ ਮੈਂ ਉਹ ਕਰਾਂਗਾ ।”
ਪਵਿੱਤਰ ਆਤਮਾ ਦਾ ਵਾਅਦਾ
15“ਜੇਕਰ ਤੁਸੀਂ ਮੈਨੂੰ ਪਿਆਰ ਕਰਦੇ ਹੋ, ਤੁਸੀਂ ਮੇਰੇ ਹੁਕਮਾਂ ਦੀ ਪਾਲਣਾ ਕਰੋਗੇ । 16ਮੈਂ ਪਿਤਾ ਨੂੰ ਬੇਨਤੀ ਕਰਾਂਗਾ ਅਤੇ ਉਹ ਤੁਹਾਨੂੰ ਦੂਜਾ ਸਹਾਇਕ ਦੇਣਗੇ ਕਿ ਉਹ ਅਨੰਤਕਾਲ ਤੱਕ ਤੁਹਾਡੇ ਨਾਲ ਰਹੇ, 17ਸੱਚ ਦਾ ਆਤਮਾ, ਜਿਸ ਨੂੰ ਸੰਸਾਰ ਪ੍ਰਾਪਤ ਨਹੀਂ ਕਰ ਸਕਦਾ ਕਿਉਂਕਿ ਨਾ ਤਾਂ ਸੰਸਾਰ ਉਸ ਨੂੰ ਦੇਖਦਾ ਹੈ ਅਤੇ ਨਾ ਹੀ ਜਾਣਦਾ ਹੈ । ਪਰ ਤੁਸੀਂ ਉਸ ਨੂੰ ਜਾਣਦੇ ਹੋ ਕਿਉਂਕਿ ਉਹ ਤੁਹਾਡੇ ਨਾਲ ਰਹਿੰਦਾ ਹੈ ਅਤੇ ਤੁਹਾਡੇ ਵਿੱਚ ਹੋਵੇਗਾ । 18ਮੈਂ ਤੁਹਾਨੂੰ ਅਨਾਥ ਨਹੀਂ ਛੱਡਾਂਗਾ, ਮੈਂ ਤੁਹਾਡੇ ਕੋਲ ਆ ਰਿਹਾ ਹਾਂ । 19ਥੋੜ੍ਹਾ ਸਮਾਂ ਹੋਰ ਹੈ ਫਿਰ ਸੰਸਾਰ ਮੈਨੂੰ ਕਦੀ ਨਹੀਂ ਦੇਖੇਗਾ ਪਰ ਤੁਸੀਂ ਮੈਨੂੰ ਦੇਖੋਗੇ ਕਿਉਂਕਿ ਮੈਂ ਜਿਊਂਦਾ ਹਾਂ ਇਸ ਲਈ ਤੁਸੀਂ ਵੀ ਜੀਓਗੇ । 20ਉਸ ਦਿਨ ਤੁਸੀਂ ਜਾਣੋਗੇ ਕਿ ਮੈਂ ਪਿਤਾ ਵਿੱਚ ਹਾਂ ਅਤੇ ਤੁਸੀਂ ਮੇਰੇ ਵਿੱਚ ਹੋ ਜਿਸ ਤਰ੍ਹਾਂ ਮੈਂ ਤੁਹਾਡੇ ਵਿੱਚ ਹਾਂ ।
21“ਜਿਹੜੇ ਮੇਰੇ ਹੁਕਮਾਂ ਨੂੰ ਮੰਨਦੇ ਹਨ ਅਤੇ ਉਹਨਾਂ ਉੱਤੇ ਚੱਲਦੇ ਹਨ, ਉਹ ਹੀ ਹਨ ਜਿਹੜੇ ਮੈਨੂੰ ਪਿਆਰ ਕਰਦੇ ਹਨ । ਉਹਨਾਂ ਨੂੰ ਮੇਰੇ ਪਿਤਾ ਪਿਆਰ ਕਰਨਗੇ ਅਤੇ ਮੈਂ ਵੀ ਉਹਨਾਂ ਨੂੰ ਪਿਆਰ ਕਰਾਂਗਾ ਅਤੇ ਆਪਣੇ ਆਪ ਨੂੰ ਉਹਨਾਂ ਉੱਤੇ ਪ੍ਰਗਟ ਕਰਾਂਗਾ ।” 22ਯਹੂਦਾ (ਇਸਕਰਿਯੋਤੀ ਨਹੀਂ) ਨੇ ਯਿਸੂ ਤੋਂ ਪੁੱਛਿਆ, “ਪ੍ਰਭੂ ਜੀ, ਇਹ ਕਿਸ ਤਰ੍ਹਾਂ ਕਿ ਤੁਸੀਂ ਸਾਡੇ ਉੱਤੇ ਆਪਣੇ ਆਪ ਨੂੰ ਪ੍ਰਗਟ ਕਰੋਗੇ ਪਰ ਸੰਸਾਰ ਉੱਤੇ ਨਹੀਂ ?” 23ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਜਿਹੜਾ ਮੈਨੂੰ ਪਿਆਰ ਕਰਦਾ ਹੈ ਉਹ ਮੇਰੇ ਉਪਦੇਸ਼ ਦੀ ਪਾਲਣਾ ਕਰੇਗਾ ਅਤੇ ਮੇਰੇ ਪਿਤਾ ਉਸ ਨੂੰ ਪਿਆਰ ਕਰਨਗੇ । ਮੇਰੇ ਪਿਤਾ ਅਤੇ ਮੈਂ ਉਸ ਦੇ ਕੋਲ ਆਵਾਂਗੇ ਅਤੇ ਉਸ ਦੇ ਨਾਲ ਰਹਾਂਗੇ । 24ਪਰ ਜਿਹੜਾ ਮੈਨੂੰ ਪਿਆਰ ਨਹੀਂ ਕਰਦਾ ਉਹ ਮੇਰੇ ਵਚਨਾਂ ਨੂੰ ਵੀ ਨਹੀਂ ਮੰਨਦਾ । ਇਹ ਵਚਨ ਜਿਹੜੇ ਤੁਸੀਂ ਸੁਣ ਰਹੇ ਹੋ ਮੇਰੇ ਨਹੀਂ ਹਨ, ਇਹ ਮੇਰੇ ਭੇਜਣ ਵਾਲੇ ਪਿਤਾ ਦੇ ਹਨ ।
25“ਤੁਹਾਡੇ ਨਾਲ ਰਹਿੰਦੇ ਹੋਏ ਮੈਂ ਇਹ ਗੱਲਾਂ ਤੁਹਾਨੂੰ ਦੱਸ ਦਿੱਤੀਆਂ ਹਨ । 26ਪਰ ਸਹਾਇਕ, ਪਵਿੱਤਰ ਆਤਮਾ ਜਿਸ ਨੂੰ ਪਿਤਾ ਮੇਰੇ ਨਾਮ ਵਿੱਚ ਭੇਜਣਗੇ, ਉਹ ਤੁਹਾਨੂੰ ਇਹ ਸਾਰੀਆਂ ਗੱਲਾਂ ਸਿਖਾਵੇਗਾ ਅਤੇ ਇਹ ਸਭ ਕੁਝ ਜੋ ਮੈਂ ਤੁਹਾਨੂੰ ਕਿਹਾ ਹੈ ਯਾਦ ਕਰਵਾਏਗਾ ।
27“ਮੈਂ ਤੁਹਾਨੂੰ ਸ਼ਾਂਤੀ ਦੇ ਰਿਹਾ ਹਾਂ, ਮੈਂ ਆਪਣੀ ਸ਼ਾਂਤੀ ਤੁਹਾਨੂੰ ਦੇ ਰਿਹਾ ਹਾਂ, ਮੈਂ ਤੁਹਾਨੂੰ ਇਸ ਤਰ੍ਹਾਂ ਦੀ ਨਹੀਂ ਦਿੰਦਾ ਜਿਸ ਤਰ੍ਹਾਂ ਦੀ ਸੰਸਾਰ ਦਿੰਦਾ ਹੈ । ਤੁਹਾਡਾ ਦਿਲ ਨਾ ਘਬਰਾਏ ਅਤੇ ਨਾ ਹੀ ਤੁਸੀਂ ਡਰੋ । 28ਤੁਸੀਂ ਸੁਣਿਆ ਹੈ ਕਿ ਮੈਂ ਤੁਹਾਨੂੰ ਕਿਹਾ ਹੈ, ‘ਮੈਂ ਜਾ ਰਿਹਾ ਹਾਂ ਅਤੇ ਫਿਰ ਤੁਹਾਡੇ ਕੋਲ ਆ ਰਿਹਾ ਹਾਂ ।’ ਜੇਕਰ ਤੁਸੀਂ ਮੈਨੂੰ ਪਿਆਰ ਕਰਦੇ ਤਾਂ ਤੁਸੀਂ ਖ਼ੁਸ਼ ਹੁੰਦੇ ਕਿ ਮੈਂ ਪਿਤਾ ਦੇ ਕੋਲ ਜਾ ਰਿਹਾ ਹਾਂ ਕਿਉਂਕਿ ਪਿਤਾ ਮੇਰੇ ਤੋਂ ਮਹਾਨ ਹਨ । 29ਮੈਂ ਹੁਣ ਤੁਹਾਨੂੰ ਇਹ ਸਭ ਹੋਣ ਤੋਂ ਪਹਿਲਾਂ ਹੀ ਦੱਸ ਦਿੱਤਾ ਹੈ ਤਾਂ ਜੋ ਜਦੋਂ ਇਹ ਹੋਵੇ, ਤੁਸੀਂ ਵਿਸ਼ਵਾਸ ਕਰੋ । 30ਮੈਂ ਤੁਹਾਡੇ ਨਾਲ ਹੋਰ ਜ਼ਿਆਦਾ ਦੇਰ ਤੱਕ ਗੱਲਾਂ ਨਹੀਂ ਕਰਾਂਗਾ ਕਿਉਂਕਿ ਇਸ ਸੰਸਾਰ ਦਾ ਹਾਕਮ ਆ ਰਿਹਾ ਹੈ । ਉਸ ਦਾ ਮੇਰੇ ਉੱਤੇ ਕੋਈ ਅਧਿਕਾਰ ਨਹੀਂ । 31ਮੈਂ ਉਸੇ ਤਰ੍ਹਾਂ ਕਰਦਾ ਹਾਂ ਜੋ ਪਿਤਾ ਨੇ ਮੈਨੂੰ ਹੁਕਮ ਦਿੱਤਾ ਹੈ ਕਿ ਸੰਸਾਰ ਜਾਣੇ ਕਿ ਮੈਂ ਪਿਤਾ ਨਾਲ ਪਿਆਰ ਕਰਦਾ ਹਾਂ । ਉੱਠੋ, ਅਸੀਂ ਇੱਥੋਂ ਚੱਲੀਏ ।”
Punjabi Common Language (North American Version):
Text © 2021 Canadian Bible Society and Bible Society of India