ਉਤ 14
14
ਅਬਰਾਮ ਲੂਤ ਨੂੰ ਛੁਡਾਉਂਦਾ ਹੈ
1ਸ਼ਿਨਾਰ ਦੇ ਰਾਜਾ ਅਮਰਾਫ਼ਲ, ਅੱਲਾਸਾਰ ਦੇ ਰਾਜਾ ਅਰਯੋਕ, ਏਲਾਮ ਦੇ ਰਾਜਾ ਕਦਾਰਲਾਓਮਰ ਅਤੇ ਗੋਈਮ ਦੇ ਰਾਜਾ ਤਿਦਾਲ ਦੇ ਦਿਨਾਂ ਵਿੱਚ ਅਜਿਹਾ ਹੋਇਆ 2ਕਿ ਇਨ੍ਹਾਂ ਨੇ ਸਦੂਮ ਦੇ ਰਾਜਾ ਬਰਾ, ਅਮੂਰਾਹ ਦੇ ਰਾਜਾ ਬਿਰਸਾ, ਅਦਮਾਹ ਦੇ ਰਾਜਾ ਸਿਨਾਬ, ਸਬੋਈਮ ਦੇ ਰਾਜਾ ਸਮੇਬਰ ਅਤੇ ਬਲਾ ਅਰਥਾਤ ਸੋਆਰ ਦੇ ਰਾਜਾ ਨਾਲ ਯੁੱਧ ਕੀਤਾ। 3ਇਹ ਸਾਰੇ ਸਿੱਦੀਮ ਦੀ ਘਾਟੀ ਵਿੱਚ ਜੋ ਖਾਰਾ ਸਮੁੰਦਰ ਹੈ, ਇਕੱਠੇ ਹੋਏ। 4ਬਾਰਾਂ ਸਾਲ ਤੱਕ ਉਹ ਕਦਾਰਲਾਓਮਰ ਦੇ ਅਧੀਨ ਰਹੇ ਪਰ ਤੇਰ੍ਹਵੇਂ ਸਾਲ ਵਿੱਚ ਵਿਦਰੋਹੀ ਹੋ ਗਏ। 5ਚੌਧਵੇਂ ਸਾਲ ਵਿੱਚ ਕਦਾਰਲਾਓਮਰ ਅਤੇ ਉਹ ਰਾਜੇ ਜੋ ਉਹ ਦੇ ਨਾਲ ਆਏ ਸਨ, ਅਤੇ ਉਨ੍ਹਾਂ ਨੇ ਰਫ਼ਾਈਆਂ ਨੂੰ, ਅਸਤਰੋਥ-ਕਰਨਇਮ ਵਿੱਚ ਅਤੇ ਜ਼ੂਜ਼ੀਆਂ ਨੂੰ ਹਾਮ ਵਿੱਚ, ਅਤੇ ਏਮੀਆਂ ਨੂੰ ਸਾਵੇਹ ਕਿਰਯਾਤਾਇਮ ਵਿੱਚ, 6ਅਤੇ ਹੋਰੀਆਂ ਨੂੰ ਉਨ੍ਹਾਂ ਦੇ ਪਰਬਤ ਸੇਈਰ ਵਿੱਚ ਏਲ-ਪਾਰਾਨ ਤੱਕ, ਜੋ ਉਜਾੜ ਕੋਲ ਹੈ, ਮਾਰਿਆ। 7ਉਹ ਉੱਥੋਂ ਮੁੜ ਕੇ ਏਨ ਮਿਸਪਾਟ ਅਰਥਾਤ ਕਾਦੇਸ਼ ਨੂੰ ਆਏ ਅਤੇ ਉਨ੍ਹਾਂ ਨੇ ਅਮਾਲੇਕੀਆਂ ਦੇ ਸਾਰੇ ਦੇਸ਼ ਨੂੰ, ਅਤੇ ਅਮੋਰੀਆਂ ਨੂੰ ਵੀ ਜੋ ਹਸਸੋਨ ਤਾਮਾਰ ਵਿੱਚ ਵੱਸਦੇ ਸਨ, ਮਾਰਿਆ। 8ਤਦ ਸਦੂਮ, ਅਮੂਰਾਹ, ਅਦਮਾਹ, ਸਬੋਈਮ, ਬਲਾ ਅਰਥਾਤ ਸੋਆਰ ਦੇ ਰਾਜੇ ਨਿੱਕਲੇ ਅਤੇ ਉਨ੍ਹਾਂ ਨਾਲ ਸਿੱਦੀਮ ਦੀ ਘਾਟੀ ਵਿੱਚ ਲੜਨ ਲਈ ਕਤਾਰਾਂ ਬੰਨ੍ਹੀਆਂ। 9ਅਰਥਾਤ ਏਲਾਮ ਦੇ ਰਾਜਾ ਕਦਾਰਲਾਓਮਰ, ਗੋਈਮ ਦੇ ਰਾਜਾ ਤਿਦਾਲ, ਸ਼ਿਨਾਰ ਦੇ ਰਾਜਾ ਅਮਰਾਫ਼ਲ, ਅੱਲਾਸਾਰ ਦੇ ਰਾਜਾ ਅਰਯੋਕ, ਇਹਨਾਂ ਚਾਰ ਰਾਜਿਆਂ ਦੇ ਵਿਰੁੱਧ ਉਹਨਾਂ ਪੰਜਾਂ ਨੇ ਕਤਾਰ ਬੰਨ੍ਹੀ। 10ਸਿੱਦੀਮ ਦੀ ਘਾਟੀ ਵਿੱਚ ਜਿੱਥੇ ਚਿੱਕੜ ਦੇ ਟੋਏ ਹੀ ਟੋਏ ਸਨ, ਸਦੂਮ ਅਤੇ ਅਮੂਰਾਹ ਦੇ ਰਾਜੇ ਭੱਜੇ ਅਤੇ ਉਹਨਾਂ ਵਿੱਚ ਡਿੱਗ ਪਏ ਅਤੇ ਜਿਹੜੇ ਬਚ ਗਏ ਉਹ ਪਰਬਤ ਵੱਲ ਨੂੰ ਭੱਜੇ। 11ਤਦ ਉਹ ਸਦੂਮ ਅਤੇ ਅਮੂਰਾਹ ਦਾ ਸਾਰਾ ਮਾਲ ਧਨ ਅਤੇ ਉਨ੍ਹਾਂ ਦੀਆਂ ਸਾਰੀਆਂ ਭੋਜਨ ਵਸਤਾਂ ਲੁੱਟ ਕੇ ਚਲੇ ਗਏ। 12ਉਹ ਅਬਰਾਮ ਦੇ ਭਤੀਜੇ ਲੂਤ ਨੂੰ, ਜੋ ਸਦੂਮ ਵਿੱਚ ਵੱਸਦਾ ਸੀ ਅਤੇ ਉਸ ਦੇ ਮਾਲ ਧਨ ਨੂੰ ਵੀ ਲੁੱਟ ਕੇ ਨਾਲ ਲੈ ਗਏ। 13ਤਦ ਕਿਸੇ ਭਗੌੜੇ ਨੇ ਆ ਕੇ ਅਬਰਾਮ ਇਬਰਾਨੀ ਨੂੰ ਖ਼ਬਰ ਦਿੱਤੀ, ਅਬਰਾਮ ਮਮਰੇ ਅਮੋਰੀ ਜੋ ਅਸ਼ਕੋਲ ਅਤੇ ਆਨੇਰ ਦੇ ਭਰਾ ਸੀ, ਉਸ ਦੇ ਬਲੂਤਾਂ ਕੋਲ ਰਹਿੰਦਾ ਸੀ ਅਤੇ ਉਨ੍ਹਾਂ ਨੇ ਅਬਰਾਮ ਨਾਲ ਨੇਮ ਬੰਨ੍ਹਿਆ ਸੀ। 14ਜਦ ਅਬਰਾਮ ਨੇ ਸੁਣਿਆ ਕਿ ਉਹ ਦਾ ਭਤੀਜਾ ਬੰਦੀ ਬਣਾ ਲਿਆ ਗਿਆ ਹੈ, ਤਦ ਉਸ ਨੇ ਆਪਣੇ ਤਿੰਨ ਸੌ ਅਠਾਰਾਂ ਸਿਖਾਏ ਹੋਏ ਜੁਆਨਾਂ ਨੂੰ ਲਿਆ, ਜੋ ਉਸ ਦੇ ਘਰਾਣੇ ਵਿੱਚ ਜੰਮੇ ਸਨ ਅਤੇ ਦਾਨ ਤੱਕ ਉਨ੍ਹਾਂ ਦਾ ਪਿੱਛਾ ਕੀਤਾ। 15ਉਸ ਨੇ ਆਪਣੇ ਜੁਆਨਾਂ ਦੇ ਜੱਥੇ ਬਣਾਏ ਅਤੇ ਰਾਤ ਨੂੰ ਉਨ੍ਹਾਂ ਉੱਤੇ ਹਮਲਾ ਕਰਕੇ ਉਹਨਾਂ ਨੂੰ ਮਾਰਿਆ, ਅਤੇ ਹੋਬਾਹ ਤੱਕ ਜਿਹੜਾ ਦੰਮਿਸ਼ਕ ਦੇ ਉੱਤਰ ਵੱਲ ਹੈ, ਉਨ੍ਹਾਂ ਦਾ ਪਿੱਛਾ ਕੀਤਾ। 16ਉਹ ਸਾਰੇ ਮਾਲ ਧਨ ਨੂੰ, ਅਤੇ ਆਪਣੇ ਭਤੀਜੇ ਲੂਤ ਅਤੇ ਉਸ ਦੇ ਸਾਰੇ ਮਾਲ-ਧਨ ਨੂੰ ਅਤੇ ਇਸਤਰੀਆਂ ਅਤੇ ਸਾਰੇ ਬੰਦੀਆਂ ਨੂੰ ਵੀ ਮੋੜ ਲੈ ਆਇਆ।
ਮਲਕਿਸਿਦਕ ਅਬਰਾਮ ਨੂੰ ਅਸੀਸ ਦਿੰਦਾ ਹੈ
17ਜਦ ਉਹ ਕਦਾਰਲਾਓਮਰ ਅਤੇ ਉਹਨਾਂ ਰਾਜਿਆਂ ਨੂੰ ਜਿਹੜੇ ਉਸ ਦੇ ਨਾਲ ਸਨ ਜਿੱਤ ਕੇ ਮੁੜਿਆ, ਤਦ ਸਦੂਮ ਦਾ ਰਾਜਾ ਸ਼ਾਵੇਹ ਦੀ ਘਾਟੀ ਵਿੱਚ ਜੋ ਬਾਦਸ਼ਾਹੀ ਘਾਟੀ ਵੀ ਅਖਵਾਉਂਦੀ ਹੈ, ਉਸ ਨੂੰ ਮਿਲਣ ਲਈ ਨਿੱਕਲ ਆਇਆ। 18ਤਦ ਸ਼ਾਲੇਮ#14:18 ਯਰੂਸ਼ਲਮ ਦਾ ਰਾਜਾ ਮਲਕਿਸਿਦਕ ਰੋਟੀ ਅਤੇ ਮਧ ਲੈ ਆਇਆ, ਉਹ ਅੱਤ ਮਹਾਨ ਪਰਮੇਸ਼ੁਰ ਦਾ ਜਾਜਕ ਸੀ। 19ਉਸ ਨੇ ਇਹ ਆਖ ਕੇ ਅਬਰਾਮ ਨੂੰ ਅਸੀਸ ਦਿੱਤੀ, ਅੱਤ ਮਹਾਨ ਪਰਮੇਸ਼ੁਰ ਦੀ ਵੱਲੋਂ ਜੋ ਅਕਾਸ਼ ਅਤੇ ਧਰਤੀ ਦਾ ਮਾਲਕ ਹੈ, ਅਬਰਾਮ ਮੁਬਾਰਕ ਹੋਵੇ। 20ਅਤੇ ਮੁਬਾਰਕ ਹੈ ਅੱਤ ਮਹਾਨ ਪਰਮੇਸ਼ੁਰ, ਜਿਸ ਨੇ ਤੇਰੇ ਵੈਰੀਆਂ ਨੂੰ ਤੇਰੇ ਵੱਸ ਵਿੱਚ ਕਰ ਦਿੱਤਾ ਹੈ। ਤਦ ਅਬਰਾਮ ਨੇ ਉਸ ਨੂੰ ਸਾਰੀਆਂ ਵਸਤਾਂ ਦਾ ਦਸਵੰਧ ਦਿੱਤਾ। 21ਤਦ ਸਦੂਮ ਦੇ ਰਾਜਾ ਨੇ ਅਬਰਾਮ ਨੂੰ ਆਖਿਆ, ਇਹ ਮਾਲ-ਡੰਗਰ ਤਾਂ ਮੈਨੂੰ ਦੇ, ਪਰ ਮਾਲ-ਧਨ ਆਪ ਰੱਖ ਲੈ। 22ਪਰ ਅਬਰਾਮ ਨੇ ਸਦੂਮ ਦੇ ਰਾਜਾ ਨੂੰ ਆਖਿਆ, ਮੈਂ ਯਹੋਵਾਹ ਅੱਤ ਮਹਾਨ ਪਰਮੇਸ਼ੁਰ ਜੋ ਅਕਾਸ਼ ਅਤੇ ਧਰਤੀ ਦਾ ਮਾਲਕ ਹੈ, ਉਸ ਦੇ ਅੱਗੇ ਪ੍ਰਣ ਕੀਤਾ ਹੈ 23ਕਿ ਮੈਂ ਧਾਗੇ ਤੋਂ ਲੈ ਕੇ ਜੁੱਤੀ ਦੇ ਸੱਲੂ ਤੱਕ, ਤੇਰੇ ਸਾਰੇ ਮਾਲ ਵਿੱਚੋਂ ਕੁਝ ਨਹੀਂ ਲਵਾਂਗਾ, ਅਜਿਹਾ ਨਾ ਹੋਵੇ ਕਿ ਤੂੰ ਆਖੇਂ ਕਿ ਮੈਂ ਹੀ ਅਬਰਾਮ ਨੂੰ ਧਨੀ ਬਣਾ ਦਿੱਤਾ ਹੈ। 24ਪਰ ਜੋ ਇਨ੍ਹਾਂ ਗੱਭਰੂਆਂ#14:24 ਮੇਰੇ ਸਿਪਾਹੀਆਂ ਨੇ ਖਾ ਲਿਆ ਹੈ, ਅਤੇ ਉਨ੍ਹਾਂ ਦਾ ਹਿੱਸਾ ਜਿਹੜੇ ਮਨੁੱਖ ਮੇਰੇ ਨਾਲ ਗਏ ਸਨ ਅਰਥਾਤ ਆਨੇਰ, ਅਸ਼ਕੋਲ ਅਤੇ ਮਮਰੇ, ਮੈਂ ਵਾਪਿਸ ਨਹੀਂ ਕਰਾਂਗਾ, ਉਹ ਆਪਣਾ-ਆਪਣਾ ਹਿੱਸਾ ਲੈ ਲੈਣ।
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.