ਉਤਪਤ 12

12
ਅਬਰਾਮ ਦਾ ਆਪਣੇ ਦੇਸ ਨੂੰ ਛੱਡਣਾ
1ਤਦ ਯਹੋਵਾਹ ਨੇ ਅਬਰਾਮ ਨੂੰ ਆਖਿਆ ਤੂੰ ਆਪਣੇ ਦੇਸ ਤੋਂ ਅਰ ਆਪਣੇ ਸਾਕਾਂ ਤੋਂ ਅਰ ਆਪਣੇ ਪਿਤਾ ਦੇ ਘਰ ਤੋਂ ਉਸ ਦੇਸ ਨੂੰ ਜੋ ਮੈਂ ਤੈਨੂੰ ਵਿਖਾਵਾਂਗਾ ਨਿੱਕਲ ਤੁਰ 2ਅਤੇ ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ ਅਰ ਮੈਂ ਤੈਨੂੰ ਅਸੀਸ ਦਿਆਂਗਾ ਅਰ ਮੈਂ ਤੇਰਾ ਨਾਉਂ ਵੱਡਾ ਕਰਾਂਗਾ ਅਰ ਤੂੰ ਬਰਕਤ ਦਾ ਕਾਰਨ ਹੋ 3ਜੋ ਤੈਨੂੰ ਅਸੀਸ ਦਿੰਦੇ ਹਨ ਮੈਂ ਉਨ੍ਹਾਂ ਨੂੰ ਅਸੀਸ ਦਿਆਂਗਾ ਅਤੇ ਜੋ ਤੈਨੂੰ ਤੁੱਛ ਜਾਣਦਾ ਹੈ ਮੈਂ ਉਹ ਨੂੰ ਸਰਾਪ ਦਿਆਂਗਾ ਅਤੇ ਤੇਰੇ ਕਾਰਨ ਸਰਿਸ਼ਟੀ ਦੇ ਸਾਰੇ ਘਰਾਣੇ ਮੁਬਾਰਕ ਹੋਣਗੇ 4ਸੋ ਅਬਰਾਮ ਜਿਵੇਂ ਯਹੋਵਾਹ ਉਸ ਨੂੰ ਬੋਲਿਆ ਸੀ ਚੱਲਿਆ ਅਤੇ ਲੂਤ ਵੀ ਉਹ ਦੇ ਨਾਲ ਚੱਲਿਆ। ਅਬਰਾਮ ਦੀ ਉਮਰ ਪਝੱਤਰਾਂ ਵਰਿਹਾਂ ਦੀ ਸੀ ਜਦ ਉਹ ਹਾਰਾਨ ਤੋਂ ਨਿੱਕਲਿਆ 5ਤਾਂ ਅਬਰਾਮ ਸਾਰਈ ਆਪਣੀ ਪਤਨੀ ਨੂੰ ਅਰ ਲੂਤ ਆਪਣੇ ਭਤੀਜੇ ਨੂੰ ਅਰ ਉਨ੍ਹਾਂ ਦੇ ਸਭ ਧਨ ਨੂੰ ਜੋ ਉਨ੍ਹਾਂ ਨੇ ਇੱਕਠਾ ਕੀਤਾ ਅਰ ਉਨ੍ਹਾਂ ਜੀਵਾਂ ਨੂੰ ਜਿਨ੍ਹਾਂ ਨੂੰ ਉਨ੍ਹਾਂ ਨੇ ਹਾਰਾਨ ਵਿੱਚ ਪਰਾਪਤ ਕੀਤਾ ਸੀ ਲੈਕੇ ਕਨਾਨ ਦੇਸ ਨੂੰ ਜਾਣ ਲਈ ਨਿੱਕਲ ਤੁਰਿਆ ਅਤੇ ਓਹ ਕਨਾਨ ਦੇਸ ਵਿੱਚ ਆਏ 6ਅਤੇ ਅਬਰਾਮ ਦੇਸ ਦੇ ਵਿੱਚੋਂ ਦੀ ਸ਼ਕਮ ਦੀ ਥਾਂ ਤਾਈਂ ਅਰਥਾਤ ਮੋਰਹ ਦੇ ਬਲੂਤ ਤਾਈਂ ਲੰਘਿਆ ਅਤੇ ਕਨਾਨੀ ਅਜੇ ਉਸ ਦੇਸ ਵਿੱਚ ਹੈ ਸਨ 7ਤਦ ਯਹੋਵਾਹ ਨੇ ਅਬਰਾਮ ਨੂੰ ਦਰਸ਼ਨ ਦੇਕੇ ਆਖਿਆ ਕਿ ਤੇਰੀ ਅੰਸ ਨੂੰ ਮੈਂ ਇਹ ਧਰਤੀ ਦਿਆਂਗਾ ਅਤੇ ਉਸ ਨੇ ਉੱਥੇ ਇੱਕ ਜਗਵੇਦੀ ਯਹੋਵਾਹ ਲਈ ਜਿਸ ਨੇ ਉਹ ਨੂੰ ਦਰਸ਼ਨ ਦਿੱਤਾ ਸੀ ਬਣਾਈ 8ਤਦ ਉੱਥੋਂ ਉਹ ਨੇ ਇੱਕ ਪਹਾੜ ਨੂੰ ਜੋ ਬੈਤ-ਏਲ ਤੋਂ ਪੂਰਬ ਵੱਲ ਹੈ ਜਾ ਕੇ ਆਪਣਾ ਤੰਬੂ ਲਾਇਆ। ਜਿੱਥੋਂ ਬੈਤ-ਏਲ ਲਹਿੰਦੇ ਪਾਸੇ ਅਰ ਅਈ ਚੜ੍ਹਦੇ ਪਾਸੇ ਸੀ ਉੱਥੇ ਉਸ ਨੇ ਯਹੋਵਾਹ ਲਈ ਇੱਕ ਜਗਵੇਦੀ ਬਣਾਈ ਅਰ ਯਹੋਵਾਹ ਦਾ ਨਾਮ ਲਿਆ 9ਤਾਂ ਅਬਰਾਮ ਸਫਰ ਕਰਦਾ ਕਰਦਾ ਦੱਖਣ ਵੱਲ ਤੁਰਿਆ ਗਿਆ।।
10ਫੇਰ ਉਸ ਦੇਸ ਵਿੱਚ ਕਾਲ ਪੈ ਗਿਆ ਅਤੇ ਅਬਰਾਮ ਵਾਸ ਕਰਨ ਲਈ ਮਿਸਰ ਨੂੰ ਗਿਆ ਕਿਉਂਕਿ ਕਾਲ ਧਰਤੀ ਉੱਤੇ ਭਾਰੀ ਸੀ 11ਐਉਂ ਹੋਇਆ ਜਦ ਉਹ ਮਿਸਰ ਵਿੱਚ ਵੜਨ ਲਈ ਨੇੜੇ ਆਇਆ ਤਾਂ ਉਸ ਨੇ ਸਾਰਈ ਆਪਣੀ ਪਤਨੀ ਨੂੰ ਆਖਿਆ ਹੁਣ ਵੇਖ ਮੈਂ ਜਾਣਦਾ ਹਾਂ ਕਿ ਤੂੰ ਰੂਪਵੰਤੀ ਇਸਤਰੀ ਹੈਂ 12ਸੋ ਐਉਂ ਹੋਊਗਾ ਜਦ ਮਿਸਰੀ ਤੈਨੂੰ ਵੇਖਣਗੇ ਤਦ ਓਹ ਕਹਿਣਗੇ ਕਿ ਇਹ ਉਸ ਦੀ ਤੀਵੀਂ ਹੈ ਅਤੇ ਓਹ ਮੈਨੂੰ ਮਾਰ ਸੁੱਟਣਗੇ ਪਰ ਤੈਨੂੰ ਜੀਉਂਦੀ ਰੱਖ ਲੈਣਗੇ 13ਤੂੰ ਆਖੀਂ ਕਿ ਮੈਂ ਉਹ ਦੀ ਭੈਣ ਹਾਂ ਤਾਂ ਜੋ ਤੇਰੇ ਕਾਰਨ ਮੇਰਾ ਭਲਾ ਹੋਵੇ ਅਤੇ ਮੇਰੀ ਜਾਨ ਤੇਰੇ ਕਾਰਨ ਬਚ ਰਹੇ 14ਤਾਂ ਐਉਂ ਹੋਇਆ ਜਦ ਅਬਰਾਮ ਮਿਸਰ ਵਿੱਚ ਆਇਆ ਤਾਂ ਮਿਸਰੀਆਂ ਨੇ ਉਹ ਦੀ ਪਤਨੀ ਨੂੰ ਵੇਖਿਆ ਕਿ ਉਹ ਬਹੁਤ ਸੋਹਣੀ ਹੈ 15ਅਤੇ ਫ਼ਿਰਾਊਨ ਦੇ ਸਰਦਾਰਾਂ ਨੇ ਉਹ ਨੂੰ ਵੇਖਕੇ ਫ਼ਿਰਾਊਨ ਦੇ ਅੱਗੇ ਉਹ ਦੀ ਵਡਿਆਈ ਕੀਤੀ ਤਾਂ ਉਹ ਤੀਵੀਂ ਫ਼ਿਰਾਊਨ ਦੇ ਘਰ ਵਿੱਚ ਪਹੁੰਚਾਈ ਗਈ 16ਅਤੇ ਉਸ ਨੇ ਅਬਰਾਮ ਨਾਲ ਉਹ ਦੇ ਕਾਰਨ ਭਲਿਆਈ ਕੀਤੀ ਸੋ ਉਹ ਦੇ ਕੋਲ ਇੱਜੜ ਅਰ ਗਾਈਆਂ ਬਲਦ ਅਰ ਗਧੇ ਅਰ ਗੋਲੇ ਗੋਲੀਆਂ ਅਰ ਗਧੀਆਂ ਅਰ ਉੱਠ ਹੋ ਗਏ 17ਪਰ ਯਹੋਵਾਹ ਨੇ ਫ਼ਿਰਾਊਨ ਅਰ ਉਹ ਦੇ ਘਰਾਣੇ ਉੱਤੇ ਸਾਰਈ ਅਬਰਾਮ ਦੀ ਪਤਨੀ ਦੇ ਕਾਰਨ ਵੱਡੀਆਂ ਬਵਾਂ ਪਾਈਆਂ 18ਤਾਂ ਫ਼ਿਰਾਊਨ ਨੇ ਅਬਰਾਮ ਨੂੰ ਬੁਲਵਾਕੇ ਆਖਿਆ, ਤੈਂ ਮੇਰੇ ਨਾਲ ਇਹ ਕੀ ਕੀਤਾ? ਤੈਂ ਮੈਨੂੰ ਕਿਉਂ ਨਹੀਂ ਦੱਸਿਆ ਕਿ ਇਹ ਤੇਰੀ ਤੀਵੀਂ ਹੈ? 19ਤੈਂ ਮੈਨੂੰ ਕਿਉਂ ਆਖਿਆ ਕਿ ਇਹ ਮੇਰੀ ਭੈਣ ਹੈ?ਤਦ ਹੀ ਮੈਂ ਇਹ ਨੂੰ ਲਿਆ ਕਿ ਆਪਣੀ ਤੀਵੀਂ ਬਣਾਵਾਂ। ਹੁਣ ਵੇਖ ਆਪਣੀ ਤੀਵੀਂ ਨੂੰ ਲੈ ਅਰ ਜਾਹ 20ਤਦ ਫ਼ਿਰਾਊਨ ਨੇ ਆਪਣੇ ਆਦਮੀਆਂ ਨੂੰ ਉਸ ਵਿਖੇ ਹੁਕਮ ਦਿੱਤਾ ਸੋ ਉਨ੍ਹਾਂ ਨੇ ਉਸ ਨੂੰ ਅਰ ਉਸ ਦੀ ਪਤਨੀ ਨੂੰ ਅਰ ਉਸ ਦਾ ਸਭ ਕੁਝ ਉੱਥੋਂ ਤੋਰ ਦਿੱਤਾ।।

醒目顯示

分享

複製

None

想在你所有裝置上儲存你的醒目顯示?註冊帳戶或登入