ਮੱਤੀ 3
3
ਯੂਹੰਨਾ ਬਪਤਿਸਮਾ ਦੇਣ ਵਾਲੇ ਦੁਆਰਾ ਪ੍ਰਚਾਰ
1ਉਨ੍ਹਾਂ ਦਿਨਾਂ ਵਿੱਚ ਯੂਹੰਨਾ ਬਪਤਿਸਮਾ ਦੇਣ ਵਾਲਾ ਆ ਕੇ ਯਹੂਦਿਯਾ ਦੇ ਉਜਾੜ ਵਿੱਚ ਪ੍ਰਚਾਰ ਕਰਨ ਲੱਗਾ, 2“ਤੋਬਾ ਕਰੋ, ਕਿਉਂਕਿ ਸਵਰਗ ਦਾ ਰਾਜ ਨੇੜੇ ਆਇਆ ਹੈ।”
3 ਇਹ ਉਹੀ ਹੈ ਜਿਸ ਬਾਰੇ ਯਸਾਯਾਹ ਨਬੀ ਰਾਹੀਂ ਕਿਹਾ ਗਿਆ ਸੀ:
ਉਜਾੜ ਵਿੱਚ ਇੱਕ ਪੁਕਾਰਨ ਵਾਲੇ ਦੀ ਅਵਾਜ਼,
“ਪ੍ਰਭੂ ਦਾ ਰਾਹ ਤਿਆਰ ਕਰੋ,
ਉਸ ਦੇ ਰਸਤਿਆਂ ਨੂੰ ਸਿੱਧੇ ਕਰੋ।” #
ਯਸਾਯਾਹ 40:3
4ਯੂਹੰਨਾ ਦੇ ਵਸਤਰ ਊਠ ਦੇ ਵਾਲਾਂ ਦੇ ਸਨ ਅਤੇ ਉਸ ਦੇ ਲੱਕ ਦੁਆਲੇ ਚਮੜੇ ਦਾ ਕਮਰਬੰਦ ਸੀ ਅਤੇ ਟਿੱਡੀਆਂ ਤੇ ਜੰਗਲੀ ਸ਼ਹਿਦ ਉਸ ਦਾ ਭੋਜਨ ਸੀ। 5ਤਦ ਯਰੂਸ਼ਲਮ ਅਤੇ ਸਾਰੇ ਯਹੂਦਿਯਾ ਅਤੇ ਯਰਦਨ ਦੇ ਆਲੇ-ਦੁਆਲੇ ਦੇ ਸਾਰੇ ਇਲਾਕੇ ਵਿੱਚੋਂ ਲੋਕ ਨਿੱਕਲ ਕੇ ਉਸ ਕੋਲ ਆਉਣ ਲੱਗੇ 6ਅਤੇ ਆਪਣੇ ਪਾਪਾਂ ਨੂੰ ਮੰਨਦੇ ਹੋਏ ਯਰਦਨ ਨਦੀ ਵਿੱਚ ਉਸ ਕੋਲੋਂ ਬਪਤਿਸਮਾ ਲੈਣ ਲੱਗੇ।
7ਪਰ ਜਦੋਂ ਉਸ ਨੇ ਬਹੁਤ ਸਾਰੇ ਫ਼ਰੀਸੀਆਂ ਅਤੇ ਸਦੂਕੀਆਂ ਨੂੰ ਬਪਤਿਸਮਾ ਲੈਣ ਲਈ ਆਪਣੇ ਕੋਲ ਆਉਂਦੇ ਵੇਖਿਆ ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, “ਹੇ ਸੱਪਾਂ ਦੇ ਬੱਚਿਓ, ਤੁਹਾਨੂੰ ਆਉਣ ਵਾਲੇ ਕਹਿਰ ਤੋਂ ਭੱਜਣ ਦੀ ਚਿਤਾਵਨੀ ਕਿਸ ਨੇ ਦਿੱਤੀ? 8ਇਸ ਲਈ ਤੋਬਾ ਦੇ ਯੋਗ ਫਲ ਦਿਓ 9ਅਤੇ ਆਪਣੇ ਮਨਾਂ ਵਿੱਚ ਇਹ ਨਾ ਸੋਚੋ, ‘ਅਬਰਾਹਾਮ ਸਾਡਾ ਪਿਤਾ ਹੈ’, ਕਿਉਂਕਿ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਪਰਮੇਸ਼ਰ ਅਬਰਾਹਾਮ ਦੇ ਲਈ ਇਨ੍ਹਾਂ ਪੱਥਰਾਂ ਵਿੱਚੋਂ ਸੰਤਾਨ ਪੈਦਾ ਕਰ ਸਕਦਾ ਹੈ। 10ਹੁਣ ਕੁਹਾੜਾ ਦਰਖ਼ਤਾਂ ਦੀ ਜੜ੍ਹ ਉੱਤੇ ਰੱਖਿਆ ਹੋਇਆ ਹੈ, ਇਸ ਲਈ ਹਰੇਕ ਦਰਖ਼ਤ ਜੋ ਚੰਗਾ ਫਲ ਨਹੀਂ ਦਿੰਦਾ, ਵੱਢਿਆ ਅਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ। 11ਮੈਂ ਤਾਂ ਤੁਹਾਨੂੰ ਤੋਬਾ ਲਈ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ, ਪਰ ਜਿਹੜਾ ਮੇਰੇ ਤੋਂ ਬਾਅਦ ਆ ਰਿਹਾ ਹੈ ਉਹ ਮੇਰੇ ਤੋਂ ਵੱਧ ਸਾਮਰਥੀ ਹੈ; ਮੈਂ ਉਸ ਦੀ ਜੁੱਤੀ ਚੁੱਕਣ ਦੇ ਵੀ ਯੋਗ ਨਹੀਂ ਹਾਂ। ਉਹ ਤੁਹਾਨੂੰ ਪਵਿੱਤਰ ਆਤਮਾ ਅਤੇ ਅੱਗ ਨਾਲ ਬਪਤਿਸਮਾ ਦੇਵੇਗਾ; 12ਉਸ ਦੀ ਤੰਗਲੀ ਉਸ ਦੇ ਹੱਥ ਵਿੱਚ ਹੈ ਅਤੇ ਉਹ ਆਪਣੇ ਪਿੜ ਨੂੰ ਚੰਗੀ ਤਰ੍ਹਾਂ ਸਾਫ ਕਰੇਗਾ ਅਤੇ ਆਪਣੀ ਕਣਕ ਨੂੰ ਕੋਠੇ ਵਿੱਚ ਜਮ੍ਹਾ ਕਰੇਗਾ ਪਰ ਤੂੜੀ ਨੂੰ ਨਾ ਬੁਝਣ ਵਾਲੀ ਅੱਗ ਵਿੱਚ ਸਾੜੇਗਾ।”
ਯਿਸੂ ਦਾ ਬਪਤਿਸਮਾ
13ਫਿਰ ਯਿਸੂ ਗਲੀਲ ਤੋਂ ਯਰਦਨ ਨਦੀ 'ਤੇ ਯੂਹੰਨਾ ਕੋਲ ਆਇਆ ਕਿ ਉਸ ਤੋਂ ਬਪਤਿਸਮਾ ਲਵੇ। 14ਪਰ ਯੂਹੰਨਾ ਨੇ ਉਸ ਨੂੰ ਇਹ ਕਹਿ ਕੇ ਰੋਕਣਾ ਚਾਹਿਆ, “ਮੈਨੂੰ ਤਾਂ ਤੇਰੇ ਕੋਲੋਂ ਬਪਤਿਸਮਾ ਲੈਣ ਦੀ ਜ਼ਰੂਰਤ ਹੈ ਅਤੇ ਤੂੰ ਮੇਰੇ ਕੋਲ ਆਇਆ ਹੈਂ?” 15ਪਰ ਯਿਸੂ ਨੇ ਉਸ ਨੂੰ ਕਿਹਾ,“ਹੁਣ ਇਹ ਹੋਣ ਦੇ, ਕਿਉਂਕਿ ਸਾਡੇ ਲਈ ਉਚਿਤ ਹੈ ਕਿ ਇਸੇ ਤਰ੍ਹਾਂ ਸਾਰੀ ਧਾਰਮਿਕਤਾ ਨੂੰ ਪੂਰਾ ਕਰੀਏ।” ਤਦ ਯੂਹੰਨਾ ਨੇ ਉਸ ਦੀ ਗੱਲ ਮੰਨ ਲਈ। 16ਫਿਰ ਯਿਸੂ ਬਪਤਿਸਮਾ ਲੈ ਕੇ ਤੁਰੰਤ ਪਾਣੀ ਵਿੱਚੋਂ ਉਤਾਂਹ ਆਇਆ ਅਤੇ ਵੇਖੋ, ਅਕਾਸ਼ ਉਸ ਦੇ ਲਈ ਖੁੱਲ੍ਹ ਗਿਆ। ਉਸ ਨੇ ਪਰਮੇਸ਼ਰ ਦੇ ਆਤਮਾ ਨੂੰ ਕਬੂਤਰ ਵਾਂਗ ਉੱਤਰਦੇ ਅਤੇ ਆਪਣੇ ਉੱਤੇ ਆਉਂਦੇ ਵੇਖਿਆ 17ਅਤੇ ਵੇਖੋ, ਇੱਕ ਸਵਰਗੀ ਬਾਣੀ ਆਈ, “ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਬਹੁਤ ਪ੍ਰਸੰਨ ਹਾਂ।”
PUNJABI STANDARD BIBLE©
Copyright © 2023 by Global Bible Initiative