ਯੋਹਨ 2

2
ਪਾਣੀ ਨੂੰ ਦਾਖਰਸ ਵਿੱਚ ਬਦਲਣਾ
1ਤੀਸਰੇ ਦਿਨ ਗਲੀਲ ਦੇ ਕਾਨਾ ਨਗਰ ਵਿੱਚ ਇੱਕ ਵਿਆਹ ਸੀ। ਯਿਸ਼ੂ ਦੀ ਮਾਤਾ ਉੱਥੇ ਮੌਜੂਦ ਸੀ। 2ਯਿਸ਼ੂ ਅਤੇ ਉਹਨਾਂ ਦੇ ਚੇਲਿਆਂ ਨੂੰ ਵੀ ਉੱਥੇ ਸੱਦਿਆ ਗਿਆ ਸੀ। 3ਜਦੋਂ ਉੱਥੇ ਦਾਖਰਸ ਮੁੱਕ ਗਈ ਤਾਂ ਮਸੀਹ ਯਿਸ਼ੂ ਦੀ ਮਾਤਾ ਨੇ ਯਿਸ਼ੂ ਨੂੰ ਕਿਹਾ, “ਉਹਨਾਂ ਕੋਲ ਦਾਖਰਸ ਮੁੱਕ ਗਈ ਹੈ।”
4ਯਿਸ਼ੂ ਨੇ ਕਿਹਾ, “ਹੇ ਮਾਤਾ, ਇਸ ਤੋਂ ਤੁਹਾਨੂੰ ਕੀ ਅਤੇ ਮੈਨੂੰ ਕੀ? ਮੇਰਾ ਸਮਾਂ ਅਜੇ ਨਹੀਂ ਆਇਆ।”
5ਫਿਰ ਯਿਸ਼ੂ ਦੀ ਮਾਤਾ ਨੇ ਨੌਕਰਾਂ ਨੂੰ ਕਿਹਾ, “ਜਿਸ ਤਰ੍ਹਾਂ ਯਿਸ਼ੂ ਤੁਹਾਨੂੰ ਕਹਿਣ, ਤੁਸੀਂ ਉਸੇ ਤਰ੍ਹਾਂ ਕਰਨਾ।”
6ਉੱਥੇ ਯਹੂਦੀ ਰਸਮ ਦੇ ਅਨੁਸਾਰ ਸ਼ੁੱਧ ਕਰਨ ਲਈ ਪਾਣੀ ਦੇ ਛੇ ਪੱਥਰ ਦੇ ਬਰਤਨ ਰੱਖੇ ਹੋਏ ਸਨ। ਹਰ ਇੱਕ ਬਰਤਨ ਵਿੱਚ ਲਗਭਗ ਸੌ ਸਵਾ ਸੌ ਲੀਟਰ ਪਾਣੀ ਪੈ ਸਕਦਾ ਸੀ।
7ਯਿਸ਼ੂ ਨੇ ਨੌਕਰਾਂ ਨੂੰ ਕਿਹਾ, “ਬਰਤਨਾਂ ਨੂੰ ਪਾਣੀ ਨਾਲ ਭਰ ਦਿਓ।” ਉਹਨਾਂ ਨੇ ਬਰਤਨਾਂ ਨੂੰ ਪਾਣੀ ਨਾਲ ਮੂੰਹ ਤੱਕ ਭਰ ਦਿੱਤਾ।
8ਇਸ ਦੇ ਬਾਅਦ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਹੁਣ ਇਸ ਵਿੱਚੋਂ ਥੋੜ੍ਹਾ ਜਿਹਾ ਕੱਢ ਕੇ ਭੋਜਨ ਦੇ ਪ੍ਰਧਾਨ ਦੇ ਕੋਲ ਲੈ ਜਾਓ।”
ਅਤੇ ਨੌਕਰ ਲੈ ਗਏ। 9ਜਦੋਂ ਭੋਜਨ ਦੇ ਪ੍ਰਧਾਨ ਨੇ ਉਸ ਪਾਣੀ ਨੂੰ ਚਖਿਆ ਤੇ ਉਹ ਪਾਣੀ ਦਾਖਰਸ ਵਿੱਚ ਬਦਲ ਗਿਆ ਸੀ। ਉਸਨੂੰ ਪਤਾ ਨਹੀਂ ਸੀ ਕਿ ਇਹ ਦਾਖਰਸ ਕਿੱਥੋਂ ਆਇਆ ਹੈ, ਪਰ ਜਿਨ੍ਹਾਂ ਨੌਕਰਾਂ ਨੇ ਉਸਨੂੰ ਕੱਢਿਆ ਸੀ, ਉਹ ਜਾਣਦੇ ਸਨ ਤਦ ਭੋਜਨ ਦੇ ਪ੍ਰਧਾਨ ਨੇ ਲਾੜੇ ਨੂੰ ਬੁਲਵਾਇਆ 10ਅਤੇ ਉਸ ਨੂੰ ਕਿਹਾ, “ਹਰ ਇੱਕ ਵਿਅਕਤੀ ਪਹਿਲਾਂ ਵਧੀਆ ਦਾਖਰਸ ਦਿੰਦਾ ਹੈ ਅਤੇ ਜਦ ਲੋਕ ਪੀ ਚੁੱਕੇ ਹੁੰਦੇ ਹਨ, ਤਦ ਮਾੜੀ ਦਾਖਰਸ ਦਿੰਦੇ ਹਨ, ਪਰ ਤੁਸੀਂ ਤਾਂ ਵਧੀਆ ਦਾਖਰਸ ਹੁਣ ਤੱਕ ਰੱਖ ਛੱਡੀ ਹੈ!”
11ਇਹ ਯਿਸ਼ੂ ਦੇ ਅਨੋਖੇ ਚਿੰਨ੍ਹਾਂ ਨੂੰ ਕਰਨ ਦੀ ਸ਼ੁਰੂਆਤ ਸੀ, ਜੋ ਗਲੀਲ ਦੇ ਕਾਨਾ ਨਗਰ ਵਿੱਚ ਹੋਈ, ਜਿਸਦੇ ਦੁਆਰਾ ਯਿਸ਼ੂ ਨੇ ਆਪਣਾ ਪ੍ਰਤਾਪ ਪ੍ਰਗਟ ਕੀਤਾ ਅਤੇ ਉਹਨਾਂ ਦੇ ਚੇਲਿਆਂ ਨੇ ਉਹਨਾਂ ਤੇ ਵਿਸ਼ਵਾਸ ਕੀਤਾ।
12ਇਸ ਦੇ ਬਾਅਦ ਯਿਸ਼ੂ ਆਪਣੀ ਮਾਤਾ ਅਤੇ ਭਰਾਵਾਂ ਅਤੇ ਚੇਲਿਆਂ ਨਾਲ ਕਫ਼ਰਨਹੂਮ ਸ਼ਹਿਰ ਨੂੰ ਗਿਆ। ਉੱਥੇ ਉਹ ਕੁਝ ਦਿਨਾਂ ਲਈ ਠਹਰੇ।
ਯੇਰੂਸ਼ਲੇਮ ਦੀ ਹੈਕਲ ਨੂੰ ਸ਼ੁੱਧ ਕਰਨਾ
13ਜਦੋਂ ਯਹੂਦੀਆਂ ਦੇ ਪਸਾਹ#2:13 ਪਸਾਹ ਯਹੂਦੀਆਂ ਦਾ ਸੱਭ ਤੋਂ ਵੱਡਾ ਤਿਉਹਾਰ, ਜਿਸ ਵਿੱਚ ਓਹ ਮਿਸਰ ਵਿੱਚੋਂ 430 ਸਾਲਾਂ ਦੀ ਗੁਲਾਮੀ ਤੋਂ ਮਿਲੀ ਅਜ਼ਾਦੀ ਨੂੰ ਯਾਦ ਕਰਦੇ ਹਨ ਦਾ ਤਿਉਹਾਰ ਨੇੜੇ ਸੀ ਤਾਂ ਯਿਸ਼ੂ ਯੇਰੂਸ਼ਲੇਮ ਵਿੱਚ ਗਏ। 14ਉਹਨਾਂ ਨੇ ਹੈਕਲ ਦੇ ਵਿਹੜੇ ਵਿੱਚ ਪਸ਼ੂਆਂ, ਭੇਡਾਂ ਅਤੇ ਕਬੂਤਰ ਵੇਚਣ ਵਾਲਿਆਂ ਅਤੇ ਸਾਹੂਕਾਰਾਂ ਨੂੰ ਵਪਾਰ ਕਰਦੇ ਹੋਏ ਵੇਖਿਆ। 15ਇਸ ਲਈ ਯਿਸ਼ੂ ਨੇ ਰੱਸੀ ਦਾ ਇੱਕ ਕੋਰੜਾ ਬਣਾਇਆ ਅਤੇ ਉਹਨਾਂ ਸਾਰਿਆਂ ਨੂੰ, ਤੇ ਪਸ਼ੂਆਂ ਨੂੰ ਅਤੇ ਭੇਡਾਂ ਨੂੰ ਹੈਕਲ ਦੇ ਵਿਹੜੇ ਵਿੱਚੋਂ ਬਾਹਰ ਕੱਢ ਦਿੱਤਾ ਅਤੇ ਸਾਹੂਕਾਰਾਂ ਦੇ ਪੈਸੇ ਨੂੰ ਖਿੱਲਾਰ ਦਿੱਤਾ ਅਤੇ ਗੱਦੀਆਂ ਨੂੰ ਉਲਟਾ ਦਿੱਤਾ। 16ਅਤੇ ਕਬੂਤਰ ਵੇਚਣ ਵਾਲਿਆਂ ਨੂੰ ਕਿਹਾ, “ਇਨ੍ਹਾਂ ਨੂੰ ਇੱਥੋਂ ਲੈ ਜਾਓ। ਮੇਰੇ ਪਿਤਾ ਦੇ ਘਰ ਨੂੰ ਵਪਾਰ ਦੀ ਮੰਡੀ ਨਾ ਬਣਾਓ।” 17ਇਹ ਸੁਣ ਕੇ ਉਹਨਾਂ ਦੇ ਚੇਲਿਆਂ ਨੂੰ ਪਵਿੱਤਰ ਸ਼ਾਸਤਰ ਦਾ ਇਹ ਸ਼ਬਦ ਯਾਦ ਆਇਆ: “ਤੇਰੇ ਘਰ ਦੀ ਲਗਨ ਮੈਨੂੰ ਖਾ ਗਈ ਹੈ।”#2:17 ਜ਼ਬੂ 69:9
18ਤਦ ਯਹੂਦੀਆਂ ਨੇ ਯਿਸ਼ੂ ਨੂੰ ਕਿਹਾ, “ਇਹ ਜੋ ਤੁਸੀਂ ਕਰ ਰਹੇ ਹੋ ਇਸ ਦੇ ਲਈ ਤੁਸੀਂ ਸਾਨੂੰ ਕਿਹੜਾ ਚਿੰਨ੍ਹ ਵਿਖਾ ਸੱਕਦੇ ਹੋ?”
19ਯਿਸ਼ੂ ਨੇ ਉਹਨਾਂ ਨੂੰ ਜਵਾਬ ਦਿੱਤਾ, “ਇਸ ਹੈਕਲ ਨੂੰ ਢਾਹ ਦਿਓ, ਮੈਂ ਇਸ ਨੂੰ ਫਿਰ ਤਿੰਨਾਂ ਦਿਨਾਂ ਵਿੱਚ ਦੁਬਾਰਾ ਬਣਾ ਦੇਵਾਂਗਾ।”
20ਤਦ ਯਹੂਦੀਆਂ ਨੇ ਕਿਹਾ, “ਇਸ ਹੈਕਲ ਨੂੰ ਬਣਾਉਣ ਲਈ ਛਿਆਲੀ ਸਾਲ ਲੱਗੇ ਹਨ, ਕੀ ਤੁਸੀਂ ਇਸ ਨੂੰ ਤਿੰਨ ਦਿਨ ਵਿੱਚ ਖੜ੍ਹਾ ਕਰ ਸੱਕਦੇ ਹੋ?” 21ਪਰ ਯਿਸ਼ੂ ਇੱਥੇ ਆਪਣੇ ਸਰੀਰ ਰੂਪੀ ਹੈਕਲ ਦੀ ਗੱਲ ਕਰ ਰਹੇ ਸਨ। 22ਇਸ ਲਈ ਜਦੋਂ ਯਿਸ਼ੂ ਮੁਰਦਿਆਂ ਵਿੱਚੋਂ ਜੀ ਉੱਠੇ ਤੇ ਉਹਨਾਂ ਦੇ ਚੇਲਿਆਂ ਨੂੰ ਯਾਦ ਆਇਆ ਜੋ ਉਹਨਾਂ ਨੇ ਕਿਹਾ ਸੀ। ਇਸ ਲਈ ਚੇਲਿਆਂ ਨੇ ਪਵਿੱਤਰ ਸ਼ਾਸਤਰ ਦੇ ਬਚਨਾਂ ਉੱਤੇ, ਅਤੇ ਉਹਨਾਂ ਬਚਨਾਂ ਤੇ ਜੋ ਯਿਸ਼ੂ ਨੇ ਕਹੇ ਸਨ ਵਿਸ਼ਵਾਸ ਕੀਤਾ।
23ਪਸਾਹ ਤਿਉਹਾਰ ਦੇ ਸਮੇਂ ਜਦੋਂ ਯਿਸ਼ੂ ਯੇਰੂਸ਼ਲੇਮ ਵਿੱਚ ਸਨ ਤਾਂ ਉਹਨਾਂ ਦੇ ਦੁਆਰਾ ਕੀਤੇ ਗਏ ਅਨੋਖੇ ਚਿੰਨ੍ਹਾਂ ਨੂੰ ਵੇਖ ਕੇ ਬਹੁਤ ਲੋਕਾਂ ਨੇ ਉਹਨਾਂ ਦੇ ਨਾਮ ਤੇ ਵਿਸ਼ਵਾਸ ਕੀਤਾ। 24ਪਰ ਯਿਸ਼ੂ ਨੇ ਆਪਣੇ ਆਪ ਨੂੰ ਉਹਨਾਂ ਨੂੰ ਨਹੀਂ ਸੌਂਪਿਆ ਕਿਉਂਕਿ ਉਹ ਮਨੁੱਖ ਦੇ ਸੁਭਾਉ ਨੂੰ ਜਾਣਦੇ ਸਨ। 25ਯਿਸ਼ੂ ਨੂੰ ਇਸ ਗੱਲ ਦੀ ਲੋੜ ਨਹੀਂ ਸੀ ਕਿ ਕੋਈ ਮਨੁੱਖ ਉਹਨਾਂ ਦੇ ਬਾਰੇ ਗਵਾਹੀ ਦੇਵੇ। ਯਿਸ਼ੂ ਜਾਣਦੇ ਸਨ ਕਿ ਮਨੁੱਖ ਦੇ ਅੰਦਰ ਕੀ ਹੈ।

موجودہ انتخاب:

ਯੋਹਨ 2: PMT

سرخی

شئیر

کاپی

None

کیا آپ جاہتے ہیں کہ آپ کی سرکیاں آپ کی devices پر محفوظ ہوں؟ Sign up or sign in