ਲੂਕਾ 19
19
ਜ਼ੱਕੀ ਦੀ ਤਬਦੀਲੀ । ਅਸ਼ਰਫ਼ੀਆਂ ਦਾ ਦ੍ਰਿਸ਼ਟਾਂਤ ਸ਼ਾਹੀ ਦਾਖਲਾ
1ਉਹ ਯਰੀਹੋ ਦੇ ਅੰਦਰ ਜਾ ਕੇ ਵਿੱਚੋਂ ਦੀ ਲੰਘ ਰਿਹਾ ਸੀ 2ਅਰ ਵੇਖੋ ਜ਼ੱਕੀ ਨਾਉਂ ਦਾ ਇੱਕ ਪੁਰਖ ਸੀ ਜਿਹੜਾ ਮਸੂਲੀਆਂ ਦਾ ਸਰਦਾਰ ਅਤੇ ਧਨਵਾਨ ਸੀ 3ਅਤੇ ਉਸ ਨੇ ਯਿਸੂ ਨੂੰ ਵੇਖਣ ਦਾ ਜਤਨ ਕੀਤਾ ਭਈ ਉਹ ਕੌਣ ਹੈ ਪਰ ਭੀੜ ਦੇ ਕਾਰਨ ਵੇਖ ਨਾ ਸੱਕਿਆ ਕਿਉਂ ਜੋ ਉਹ ਕੱਦ ਦਾ ਮਧਰਾ ਹੈਸੀ 4ਸੋ ਉਹ ਅੱਗੇ ਦੌੜ ਕੇ ਇੱਕ ਗੁੱਲਰ ਦੇ ਬਿਰਛ ਉੱਤੇ ਚੜ੍ਹ ਗਿਆ ਭਈ ਉਸ ਨੂੰ ਦੇਖੇ ਕਿਉਂ ਜੋ ਉਸ ਨੇ ਉਸੇ ਰਸਤਿਓਂ ਲੰਘਣਾ ਸੀ 5ਪਰ ਯਿਸੂ ਜਾਂ ਉਸ ਥਾਂ ਆਇਆ ਤਾਂ ਉਤਾਹਾਂ ਨਜ਼ਰ ਮਾਰ ਕੇ ਉਹ ਨੂੰ ਆਖਿਆ, ਹੇ ਜ਼ੱਕੀ ਛੇਤੀ ਨਾਲ ਉੱਤਰ ਆ ਕਿਉਂਕਿ ਅੱਜ ਮੈਂ ਤੇਰੇ ਹੀ ਘਰ ਰਹਿਣਾ ਹੈ 6ਤਾਂ ਉਹ ਛੇਤੀ ਉੱਤਰ ਆਇਆ ਅਤੇ ਖੁਸ਼ੀ ਨਾਲ ਉਸ ਦਾ ਆਦਰ ਭਾਉ ਕੀਤਾ 7ਤਾਂ ਸਭ ਵੇਖ ਕੇ ਕੁੜ੍ਹਨ ਲੱਗੇ ਅਤੇ ਬੋਲੇ ਜੋ ਉਹ ਇੱਕ ਪਾਪੀ ਮਨੁੱਖ ਦੇ ਘਰ ਜਾ ਉੱਤਰਿਆ ਹੈ 8ਪਰ ਜ਼ੱਕੀ ਨੇ ਖੜੋ ਕੇ ਪ੍ਰਭੁ ਨੂੰ ਕਿਹਾ, ਪ੍ਰਭੁ ਜੀ ਵੇਖ ਮੈਂ ਆਪਣਾ ਅੱਧਾ ਮਾਲ ਕੰਗਾਲਾਂ ਨੂੰ ਦਿੰਦਾ ਹਾਂ ਅਰ ਜੇ ਮੈਂ ਕਿਸੇ ਉੱਤੇ ਊਜ ਲਾਕੇ ਕੁਝ ਲੈ ਲਿਆ ਹੈ ਤਾਂ ਚੌਗੁਣਾ ਮੋੜ ਦਿੰਦਾ ਹਾਂ 9ਯਿਸੂ ਨੇ ਉਹ ਨੂੰ ਆਖਿਆ, ਅੱਜ ਇਸ ਘਰ ਵਿੱਚ ਮੁਕਤੀ ਆਈ ਇਸ ਲਈ ਜੋ ਇਹ ਵੀ ਅਬਰਾਹਾਮ ਦਾ ਪੁੱਤ੍ਰ ਹੈ 10ਕਿਉਂ ਜੋ ਮਨੁੱਖ ਦਾ ਪੁੱਤ੍ਰ ਗੁਆਚੇ ਹੋਏ ਨੂੰ ਭਾਲਣ ਅਤੇ ਬਚਾਉਣ ਲਈ ਆਇਆ ਹੈ।।
11ਜਦ ਓਹ ਇਹ ਗੱਲਾਂ ਸੁਣਦੇ ਸਨ ਉਸ ਨੇ ਹੋਰ ਇੱਕ ਦ੍ਰਿਸ਼ਟਾਂਤ ਦਿੱਤਾ ਇਸ ਲਈ ਜੋ ਉਹ ਯਰੂਸ਼ਲਮ ਦੇ ਨੇੜੇ ਸੀ ਅਤੇ ਓਹ ਸਮਝੇ ਭਈ ਪਰਮੇਸ਼ੁਰ ਦਾ ਰਾਜ ਹੁਣੇ ਪਰਗਟ ਹੋਣ ਵਾਲਾ ਹੈ 12ਸੋ ਉਸ ਨੇ ਆਖਿਆ ਕਿ ਇੱਕ ਅਮੀਰ ਦੂਰ ਦੇਸ ਨੂੰ ਗਿਆ ਜੋ ਆਪਣੇ ਲਈ ਪਾਤਸ਼ਾਹੀ ਲੈ ਕੇ ਮੁੜ ਆਵੇ 13ਅਤੇ ਉਸ ਨੇ ਆਪਣੇ ਦਸਾਂ ਨੌਕਰਾਂ ਨੂੰ ਸੱਦ ਕੇ ਉਨ੍ਹਾਂ ਨੂੰ ਦਸ ਅਸ਼ਰਫ਼ੀਆਂ ਦਿੱਤੀਆਂ ਅਤੇ ਉਨ੍ਹਾਂ ਨੂੰ ਕਿਹਾ, ਜਦ ਤੀਕੁਰ ਮੈਂ ਨਾ ਆਵਾਂ ਤੁਸੀਂ ਬਣਜ ਬੁਪਾਰ ਕਰੋ 14ਪਰ ਉਹ ਦੇ ਸ਼ਹਿਰ ਦੇ ਰਹਿਣ ਵਾਲੇ ਉਸ ਨਾਲ ਵੈਰ ਰੱਖਦੇ ਸਨ ਅਤੇ ਉਹ ਦੇ ਪਿੱਛੇ ਕਾਸਦਾਂ ਦੀ ਜਬਾਨੀ ਕਹਾ ਭੇਜਿਆ ਭਈ ਅਸੀਂ ਨਹੀਂ ਚਾਹੁੰਦੇ ਜੋ ਇਹ ਸਾਡੇ ਉੱਤੇ ਰਾਜ ਕਰੇ 15ਐਉਂ ਹੋਇਆ ਕਿ ਜਾਂ ਉਹ ਪਾਤਸ਼ਾਹੀ ਲੈ ਕੇ ਮੁੜ ਆਇਆ ਤਾਂ ਓਹਨਾਂ ਨੌਕਰਾਂ ਨੂੰ ਜਿਨ੍ਹਾਂ ਨੂੰ ਉਸ ਨੇ ਰੁਪਏ ਦਿੱਤੇ ਸਨ ਸੱਦਣ ਦਾ ਹੁਕਮ ਕੀਤਾ ਤਾਂ ਜੋ ਮਲੂਮ ਕਰੇ ਭਈ ਉਨ੍ਹਾਂ ਬੁਪਾਰ ਕਰ ਕੇ ਕੀ ਖੱਟਿਆ 16ਤਦ ਪਹਿਲੇ ਆਣ ਕੇ ਕਿਹਾ, ਸੁਆਮੀ ਜੀ, ਤੁਹਾਡੀ ਅਸ਼ਰਫ਼ੀ ਨੇ ਦਸ ਅਸ਼ਰਫ਼ੀਆਂ ਹੋਰ ਕਮਾਈਆਂ 17ਤਾਂ ਓਨ ਉਸ ਨੂੰ ਆਖਿਆ, ਹੇ ਅੱਛੇ ਨੌਕਰ ਸ਼ਾਬਾਸ਼ੇ! ਇਸ ਲਈ ਜੋ ਤੂੰ ਬਹੁਤ ਥੋੜੇ ਵਿੱਚ ਮਾਤਬਰ ਨਿੱਕਲਿਆ ਤੂੰ ਦਸਾਂ ਨਗਰਾਂ ਉੱਤੇ ਇਖ਼ਤਿਆਰ ਰੱਖ 18ਅਤੇ ਦੂਏ ਨੇ ਆਣ ਕੇ ਕਿਹਾ, ਸੁਆਮੀ ਜੀ, ਤੁਹਾਡੀ ਅਸ਼ਰਫ਼ੀ ਨੇ ਪੰਜ ਅਸ਼ਰਫ਼ੀਆਂ ਹੋਰ ਕਮਾਈਆਂ 19ਤਾਂ ਉਸ ਨੇ ਉਹ ਨੂੰ ਵੀ ਆਖਿਆ ਕਿ ਤੂੰ ਵੀ ਪੰਜਾਂ ਨਗਰਾਂ ਉੱਤੇ ਹੋ 20ਅਤੇ ਹੋਰ ਨੇ ਆਣ ਕੇ ਕਿਹਾ, ਸੁਆਮੀ ਜੀ ਵੇਖੋ, ਏਹ ਤੁਹਾਡੀ ਅਸ਼ਰਫ਼ੀ ਹੈ ਜਿਹ ਨੂੰ ਮੈਂ ਰੁਮਾਲ ਵਿੱਚ ਰੱਖ ਛੱਡਿਆ ਹੈ 21ਇਸ ਲਈ ਜੋ ਮੈਂ ਤੁਹਾਥੋਂ ਡਰਿਆ ਕਿਉਂ ਜੋ ਤੁਸੀਂ ਕਰੜੇ ਆਦਮੀ ਹੋ। ਜੋ ਤੁਸਾਂ ਨਹੀਂ ਧਰਿਆ ਸੋ ਚੁੱਕਦੇ ਅਤੇ ਜੋ ਨਹੀਂ ਬੀਜਿਆ ਸੋ ਵੱਢਦੇ ਹੋ 22ਓਨ ਉਸ ਨੂੰ ਆਖਿਆ, ਉਇ ਦੁਸ਼ਟ ਨੌਕਰ! ਤੇਰੇ ਹੀ ਮੂੰਹੋਂ ਮੈਂ ਤੈਨੂੰ ਦੋਸ਼ੀ ਠਹਿਰਾਉਂਦਾ ਹਾਂ। ਤੈਂ ਮੈਨੂੰ ਜਾਣਿਆ ਜੋ ਮੈਂ ਕਰੜਾ ਆਦਮੀ ਹਾਂ ਅਤੇ ਜੋ ਮੈਂ ਨਹੀਂ ਧਰਿਆ ਸੋ ਚੁੱਕਦਾ ਹਾਂ ਅਰ ਜੋ ਨਹੀਂ ਬੀਜਿਆ ਸੋ ਵੱਢਦਾ ਹਾਂ 23ਫੇਰ ਤੈਂ ਮੇਰੇ ਰੁਪਏ ਸ਼ਰਾਫ਼ ਦੀ ਹੱਟੀ ਕਿਉਂ ਨਾ ਰੱਖੇ ਜੋ ਮੈਂ ਆਣ ਕੇ ਉਨ੍ਹਾਂ ਨੂੰ ਬਿਆਜ ਸੁੱਧਾ ਲੈਂਦਾ? 24ਅਤੇ ਉਸ ਨੇ ਉਨ੍ਹਾਂ ਨੂੰ ਜਿਹੜੇ ਕੋਲ ਖੜੇ ਸਨ ਆਖਿਆ, ਅਸ਼ਰਫ਼ੀ ਉਸ ਕੋਲੋਂ ਲੈ ਲਓ ਅਤੇ ਜਿਸ ਕੋਲ ਦਸ ਅਸ਼ਰਫ਼ੀਆਂ ਹਨ ਉਹ ਨੂੰ ਦਿਓ 25ਤਾਂ ਉਨ੍ਹਾਂ ਉਸ ਨੂੰ ਕਿਹਾ, ਸੁਆਮੀ ਜੀ ਉਹ ਦੇ ਕੋਲ ਦਸ ਅਸ਼ਰਫ਼ੀਆਂ ਹਨ 26ਮੈਂ ਤੁਹਾਨੂੰ ਆਖਦਾ ਹਾਂ ਭਈ ਜਿਸ ਕਿਸੇ ਕੋਲ ਕੁਝ ਹੈ ਉਹ ਨੂੰ ਦਿੱਤਾ ਜਾਵੇਗਾ ਪਰ ਉਸ ਤੋਂ ਜਿਹ ਦੇ ਕੋਲ ਨਹੀਂ ਉਸ ਕੋਲੋਂ ਜੋ ਉਸ ਦਾ ਹੈ ਸੋ ਵੀ ਲੈ ਲਿਆ ਜਾਵੇਗਾ 27ਮੇਰੇ ਇਨ੍ਹਾਂ ਵੈਰੀਆਂ ਨੂੰ ਜਿਹੜੇ ਨਹੀਂ ਸੀ ਚਾਹੁੰਦੇ ਭਈ ਮੈਂ ਉਨ੍ਹਾਂ ਉੱਤੇ ਰਾਜ ਕਰਾਂ ਐੱਥੇ ਲਿਆਓ ਅਤੇ ਮੇਰੇ ਸਾਹਮਣੇ ਮਾਰ ਸੁੱਟੋ!।।
28ਏਹ ਗੱਲਾਂ ਕਰ ਕੇ ਉਹ ਯਰੂਸ਼ਲਮ ਨੂੰ ਜਾਂਦਿਆਂ ਹੋਇਆਂ ਅੱਗੇ ਅੱਗੇ ਤੁਰਿਆ ਜਾਂਦਾ ਸੀ 29ਅਤੇ ਐਉਂ ਹੋਇਆ ਕਿ ਜਾਂ ਉਹ ਉਸ ਪਹਾੜ ਕੋਲ ਜਿਹੜਾ ਜ਼ੈਤੂਨ ਦਾ ਕਹਾਉਂਦਾ ਹੈ ਬੈਤਫ਼ਗਾ ਅਤੇ ਬੈਤਅਨਿਯਾ ਦੇ ਨੇੜੇ ਪਹੁੰਚਿਆ ਤਾਂ ਉਸ ਨੇ ਚੇਲਿਆਂ ਵਿੱਚੋਂ ਦੋਹਾਂ ਨੂੰ ਇਹ ਕਹਿ ਕੇ ਘੱਲਿਆ 30ਭਈ ਸਾਹਮਣੇ ਪਿੰਡ ਨੂੰ ਜਾਓ ਅਤੇ ਉਸ ਵਿੱਚ ਵੜ ਕੇ ਤੁਸੀਂ ਇੱਕ ਗਧੀ ਦਾ ਬੱਚਾ ਬੰਨ੍ਹਿਆ ਹੋਇਆ ਵੇਖੋਗੇ ਜਿਹ ਦੇ ਉੱਤੇ ਕਦੇ ਕੋਈ ਸਵਾਰ ਨਹੀਂ ਹੋਇਆ। ਉਹ ਨੂੰ ਖੋਲ੍ਹ ਲਿਆਓ 31ਅਰ ਜੇ ਕੋਈ ਤੁਹਾਨੂੰ ਪੁੱਛੇ ਭਈ ਤੁਸੀਂ ਕਾਹ ਨੂੰ ਖੋਲ੍ਹਦੇ ਹੋ? ਤਾਂ ਇਉਂ ਕਹਿਣਾ ਜੋ ਪ੍ਰਭੁ ਨੂੰ ਇਹ ਦੀ ਲੋੜ ਹੈ 32ਸੋ ਜਿਹੜੇ ਭੇਜੇ ਗਏ ਉਨ੍ਹਾਂ ਜਾ ਕੇ ਜਿਸ ਤਰਾਂ ਉਸ ਨੇ ਉਨ੍ਹਾਂ ਨੂੰ ਕਿਹਾ ਸੀ ਓਸੇ ਤਰਾਂ ਵੇਖਿਆ 33ਅਤੇ ਜਾਂ ਬੱਚੇ ਨੂੰ ਖੋਲ੍ਹਦੇ ਸਨ ਤਾਂ ਉਹ ਦੇ ਮਾਲਕਾਂ ਨੇ ਉਨ੍ਹਾਂ ਨੂੰ ਕਿਹਾ, ਤੁਸੀਂ ਬੱਚੇ ਨੂੰ ਕਿਉਂ ਖੋਲ੍ਹਦੇ ਹੋ? 34ਫੇਰ ਉਨ੍ਹਾਂ ਆਖਿਆ ਜੋ ਪ੍ਰਭੁ ਨੂੰ ਇਹ ਦੀ ਲੋੜ ਹੈ 35ਤਾਂ ਓਹ ਉਸ ਨੂੰ ਯਿਸੂ ਦੇ ਕੋਲ ਲਿਆਏ ਅਤੇ ਆਪਣੇ ਲੀੜੇ ਬੱਚੇ ਤੇ ਪਾ ਕੇ ਯਿਸੂ ਨੂੰ ਚੜ੍ਹਾ ਦਿੱਤਾ 36ਜਿਉਂ ਉਹ ਅੱਗੇ ਵਧਿਆ ਜਾਂਦਾ ਸੀ ਤਿਉਂ ਲੋਕ ਆਪਣੇ ਲੀੜੇ ਰਾਹ ਵਿੱਚ ਵਿਛਾਉਂਦੇ ਸਨ 37ਅਤੇ ਜਾਂ ਉਹ ਨੇੜੇ ਜ਼ੈਤੂਨ ਦੀ ਉਤਰਾਈ ਤੇ ਪਹੁੰਚਿਆ ਤਾਂ ਚੇਲਿਆਂ ਦੀ ਸਾਰੀ ਟੋਲੀ ਅਨੰਦ ਹੋ ਕੇ ਉਨ੍ਹਾਂ ਸਭਨਾਂ ਕਰਾਮਾਤਾਂ ਦੇ ਲਈ ਜੋ ਉਨ੍ਹਾਂ ਨੇ ਵੇਖੀਆਂ ਸਨ ਉੱਚੀ ਅਵਾਜ਼ ਨਾਲ ਇਹ ਕਹਿ ਕੇ ਪਰਮੇਸ਼ੁਰ ਦੀ ਉਸਤਤ ਕਰਨ ਲੱਗੀ 38ਭਈ ਮੁਬਾਰਕ ਉਹ ਪਾਤਸ਼ਾਹ ਜਿਹੜਾ ਪ੍ਰਭੁ ਦੇ ਨਾਮ ਉੱਤੇ ਆਉਂਦਾ ਹੈ! ਸੁਰਗ ਵਿੱਚ ਸ਼ਾਂਤੀ ਅਤੇ ਪਰਮਧਾਮ ਵਿੱਚ ਵਡਿਆਈ! 39ਤਦ ਭੀੜ ਵਿੱਚੋਂ ਕਿੰਨਿਆਂ ਫ਼ਰੀਸੀਆਂ ਨੇ ਉਹ ਨੂੰ ਕਿਹਾ, ਗੁਰੂ ਜੀ ਆਪਣਿਆਂ ਚੇਲਿਆਂ ਨੂੰ ਵਰਜ! 40ਓਸ ਉੱਤਰ ਦਿੱਤਾ, ਮੈਂ ਤੁਹਾਨੂੰ ਆਖਦਾ ਹਾਂ ਕਿ ਜੇ ਏਹ ਚੁੱਪ ਕਰ ਜਾਣ ਤਾਂ ਪੱਥਰ ਬੋਲ ਉੱਠਣਗੇ! ।।
41ਜਾਂ ਨੇੜੇ ਆਇਆ ਤਾਂ ਸ਼ਹਿਰ ਨੂੰ ਵੇਖ ਕੇ ਉਸ ਉੱਤੇ ਰੋਇਆ, 42ਅਤੇ ਆਖਿਆ, ਕਾਸ਼ ਕਿ ਤੂੰ ਅੱਜ ਸ਼ਾਂਤੀ ਦੀਆਂ ਗੱਲਾਂ ਜਾਣਦਾ ਪਰ ਹੁਣ ਓਹ ਤੇਰੀਆਂ ਅੱਖੀਆਂ ਤੋਂ ਲੁਕੀਆਂ ਹੋਈਆਂ ਹਨ 43ਕਿਉਂਕਿ ਓਹ ਦਿਨ ਤੇਰੇ ਉੱਤੇ ਆਉਣਗੇ ਜਾਂ ਤੇਰੇ ਵੈਰੀ ਤੇਰੇ ਗਿਰਦੇ ਮੋਰਚਾ ਬੰਨ੍ਹਣਗੇ ਅਤੇ ਤੈਨੂੰ ਘੇਰ ਲੈਣਗੇ ਅਤੇ ਚੁਫੇਰਿਓਂ ਤੈਨੂੰ ਰੋਕਣਗੇ 44ਅਰ ਤੇਰੇ ਬੱਚਿਆਂ ਸਣੇ ਜੋ ਤੇਰੇ ਵਿੱਚ ਹਨ ਤੈਨੂੰ ਧਰਤੀ ਉੱਤੇ ਪਟਕਾ ਦੇਣਗੇ ਅਰ ਤੇਰੇ ਵਿੱਚ ਪੱਥਰ ਉੱਤੇ ਪੱਥਰ ਨਾ ਛੱਡਣਗੇ ਇਸ ਲਈ ਜੋ ਤੈਂ ਆਪਣੀ ਭਲਿਆਈ ਦੇ ਮੌਕੇ ਨੂੰ ਨਾ ਜਾਣਿਆ।।
45ਉਹ ਹੈਕਲ ਵਿੱਚ ਵੜ ਕੇ ਉਨ੍ਹਾਂ ਨੂੰ ਜਿਹੜੇ ਵੇਚਦੇ ਸਨ ਕੱਢਣ ਲੱਗਾ 46ਅਰ ਉਨ੍ਹਾਂ ਨੂੰ ਆਖਿਆ ਕਿ ਲਿਖਿਆ ਹੈ ਕਿ ਮੇਰਾ ਘਰ ਪ੍ਰਾਰਥਨਾ ਦਾ ਘਰ ਹੋਵੇਗਾ ਪਰ ਤੁਸਾਂ ਉਹ ਨੂੰ ਡਾਕੂਆਂ ਦੀ ਖੋਹ ਬਣਾ ਛੱਡਿਆ।।
47ਉਹ ਹੈਕਲ ਵਿੱਚ ਰੋਜ਼ ਦਿਹਾੜੇ ਉਪਦੇਸ਼ ਕਰਦਾ ਸੀ ਪਰ ਪਰਧਾਨ ਜਾਜਕ ਅਤੇ ਗ੍ਰੰਥੀ ਅਤੇ ਲੋਕਾਂ ਦੇ ਸਰਦਾਰ ਉਹ ਦਾ ਨਾਸ ਕਰਨ ਦੇ ਖੋਜ ਵਿੱਚ ਸਨ 48ਪਰ ਇਹ ਕਰਨ ਦੀ ਕੋਈ ਬਿਧ ਨਾ ਪਾਈਂ ਕਿਉਂ ਜੋ ਸਭ ਲੋਕ ਉਹ ਦੀ ਸੁਣਨ ਵਿੱਚ ਲੀਨ ਸਨ।।
موجودہ انتخاب:
ਲੂਕਾ 19: PUNOVBSI
سرخی
شئیر
کاپی
کیا آپ جاہتے ہیں کہ آپ کی سرکیاں آپ کی devices پر محفوظ ہوں؟ Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.