ਯੂਹੰਨਾ 6
6
ਪੰਜ ਹਜ਼ਾਰ ਨੂੰ ਰਜਾਉਣਾ
ਮੱਤੀ 14:13-21; ਮਰਕੁਸ 6:30-44; ਲੂਕਾ 9:10-17
1ਇਸ ਤੋਂ ਬਾਅਦ ਯਿਸੂ ਗਲੀਲ ਦੀ ਝੀਲ ਅਰਥਾਤ ਤਿਬਿਰਿਯਾਸ ਦੀ ਝੀਲ ਦੇ ਪਾਰ ਚੱਲਿਆ ਗਿਆ। 2ਬਹੁਤ ਸਾਰੇ ਲੋਕ ਉਸ ਦੇ ਨਾਲ ਗਏ, ਕਿਉਂਕਿ ਉਨ੍ਹਾਂ ਨੇ ਯਿਸੂ ਦੇ ਚੰਗਾ ਕਰਨ ਦੇ ਚਮਤਕਾਰ ਵੇਖੇ ਸਨ। 3ਯਿਸੂ ਪਹਾੜ ਉੱਤੇ ਗਿਆ ਅਤੇ ਉੱਥੇ ਆਪਣੇ ਚੇਲਿਆਂ ਨਾਲ ਬੈਠ ਗਿਆ। 4ਯਹੂਦੀਆਂ ਦੇ ਪਸਾਹ ਦੇ ਤਿਉਹਾਰ ਦਾ ਸਮਾਂ ਨੇੜੇ ਸੀ। 5ਯਿਸੂ ਨੇ ਉੱਪਰ ਵੇਖਿਆ, ਅਤੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਵੱਲ ਆਉਂਦਿਆਂ ਵੇਖਿਆ। ਯਿਸੂ ਨੇ ਫ਼ਿਲਿਪੁੱਸ ਨੂੰ ਆਖਿਆ “ਅਸੀਂ ਕਿੱਥੋਂ ਭੋਜਨ ਖਰੀਦ ਸਕਦੇ ਹਾਂ ਤਾਂ ਜੋ ਉਹ ਸਾਰੇ ਖਾ ਸਕਣ।” 6ਯਿਸੂ ਨੇ ਇਹ ਫ਼ਿਲਿਪੁੱਸ ਨੂੰ ਪਰਖਣ ਦੇ ਲਈ ਹੀ ਪੁੱਛਿਆ ਸੀ। ਜੋ ਉਹ ਕਰਨ ਵਾਲਾ ਸੀ ਯਿਸੂ ਪਹਿਲਾਂ ਹੀ ਜਾਣਦਾ ਸੀ। 7ਫ਼ਿਲਿਪੁੱਸ ਨੇ ਉੱਤਰ ਦਿੱਤਾ, “ਭਾਵੇਂ ਅਸੀਂ ਦੋ ਸੋ ਦੀਨਾਰ (ਇੱਕ ਦੀਨਾਰ ਇੱਕ ਦਿਨ ਦੀ ਮਜ਼ਦੂਰੀ ਦੇ ਬਰਾਬਰ) ਦੀਆਂ ਰੋਟੀਆਂ ਵੀ ਲੈ ਆਈਏ ਤਾਂ ਵੀ ਅਸੀਂ ਇੰਨ੍ਹਾਂ ਸਾਰਿਆਂ ਨੂੰ ਰੋਟੀ ਦਾ ਇੱਕ ਛੋਟਾ ਜਿਹਾ ਟੁੱਕੜਾ ਹੀ ਦੇਣ ਯੋਗ ਹੋਵਾਂਗੇ।” 8ਉੱਥੇ ਇੱਕ ਹੋਰ ਚੇਲਾ ਸੀ ਅੰਦ੍ਰਿਯਾਸ, ਜੋ ਕਿ ਸ਼ਮਊਨ ਪਤਰਸ ਦਾ ਭਰਾ ਸੀ, ਉਸ ਨੇ ਕਿਹਾ, 9“ਇੱਥੇ ਇੱਕ ਬੱਚਾ ਹੈ, ਜਿਸ ਕੋਲ ਪੰਜ ਰੋਟੀਆਂ ਅਤੇ ਦੋ ਮੱਛੀਆਂ ਹਨ, ਪਰ ਇਹ ਇੰਨ੍ਹੇ ਸਾਰੇ ਲੋਕਾਂ ਲਈ ਕਿਵੇਂ ਪੂਰੀਆਂ ਹੋਣਗੀਆਂ?” 10ਯਿਸੂ ਨੇ ਆਖਿਆ, “ਲੋਕਾਂ ਨੂੰ ਕਹੋ ਕਿ ਉਹ ਬੈਠ ਜਾਣ।” ਉਸ ਥਾਂ ਤੇ ਬਹੁਤ ਸਾਰਾ ਘਾਹ ਸੀ, ਪੰਜ ਹਜ਼ਾਰ ਆਦਮੀ ਉੱਥੇ ਬੈਠ ਗਏ। 11ਤਦ ਯਿਸੂ ਨੇ ਰੋਟੀਆਂ ਆਪਣੇ ਹੱਥਾਂ ਵਿੱਚ ਲਈਆਂ ਅਤੇ ਉਨ੍ਹਾਂ ਲਈ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਬੈਠੇ ਹੋਏ ਲੋਕਾਂ ਨੂੰ ਦਿੱਤੀਆਂ। ਉਨ੍ਹਾਂ ਮੱਛੀਆਂ ਨਾਲ ਵੀ ਇਹੀ ਕੀਤਾ। ਯਿਸੂ ਨੇ ਲੋਕਾਂ ਨੂੰ ਓਨਾ ਦਿੱਤਾ ਜਿੰਨੇ ਦੀ ਉਨ੍ਹਾਂ ਨੂੰ ਜ਼ਰੂਰਤ ਸੀ। 12ਸਾਰੇ ਲੋਕਾਂ ਨੇ ਉਦੋਂ ਤੱਕ ਖਾਧਾ ਜਦੋਂ ਤੱਕ ਉਹ ਰੱਜ ਨਾ ਗਏ। ਫਿਰ ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ, “ਬਚੇ ਹੋਏ ਰੋਟੀ ਅਤੇ ਮੱਛੀਆਂ ਦੇ ਟੁੱਕੜੇ ਇਕੱਠੇ ਕਰ ਲਓ, ਕੁਝ ਵੀ ਖ਼ਰਾਬ ਨਾ ਕਰੋ।” 13ਤਾਂ ਚੇਲਿਆਂ ਨੇ ਬਚੇ ਹੋਏ ਟੁੱਕੜਿਆਂ ਨੂੰ ਇਕੱਠਾ ਕੀਤਾ। ਚੇਲਿਆਂ ਨੇ ਲੋਕਾਂ ਦੁਆਰਾ ਬਚਿਆਂ ਹੋਈਆਂ ਪੰਜ ਜੌਂ ਦੀਆਂ ਰੋਟੀਆਂ ਦੇ ਟੁੱਕੜਿਆਂ ਨਾਲ ਬਾਰਾਂ ਟੋਕਰੀਆਂ ਭਰੀਆਂ। 14ਯਿਸੂ ਦੇ ਚਮਤਕਾਰ ਨੂੰ ਲੋਕਾਂ ਨੇ ਵੇਖਿਆ ਅਤੇ ਆਖਿਆ, “ਸੱਚ-ਮੁੱਚ ਇਹ ਓਹੀ ਨਬੀ ਹੈ, ਜਿਸ ਦਾ ਦੁਨੀਆਂ ਵਿੱਚ ਆਉਣ ਦਾ ਅਨੁਮਾਨ ਸੀ।” 15ਜਦੋਂ ਯਿਸੂ ਨੂੰ ਪਤਾ ਲੱਗਾ ਕਿ ਲੋਕ ਬਦੋ-ਬਦੀ ਉਸ ਨੂੰ ਆਪਣਾ ਰਾਜਾ ਬਣਾਉਣਾ ਚਾਹੁੰਦੇ ਹਨ। ਤਾਂ ਯਿਸੂ ਉੱਥੋਂ ਵਿਦਾ ਹੋ ਕੇ ਇਕੱਲਾ ਹੀ ਪਹਾੜ ਵੱਲ ਚਲਿਆ ਗਿਆ।
ਯਿਸੂ ਪਾਣੀ ਉੱਤੇ ਚੱਲਦਾ ਹੈ
ਮੱਤੀ 14:22-33; ਮਰਕੁਸ 6:45-52
16ਸ਼ਾਮ ਨੂੰ, ਯਿਸੂ ਦੇ ਚੇਲੇ ਝੀਲ ਵਿੱਚ ਚਲੇ ਗਏ। 17ਪਹਿਲਾਂ ਤੋਂ ਹੀ ਹਨ੍ਹੇਰਾ ਸੀ ਤੇ ਅਜੇ ਤੱਕ ਯਿਸੂ ਉਨ੍ਹਾਂ ਕੋਲ ਨਹੀਂ ਪਹੁੰਚੇ ਸੀ। ਚੇਲੇ ਬੇੜੀ ਉੱਤੇ ਚੜ੍ਹ ਕੇ ਬੈਠੇ ਅਤੇ ਕਫ਼ਰਨਾਹੂਮ ਵੱਲ ਨੂੰ ਚੱਲ ਪਏ ਜੋ ਕਿ ਝੀਲ ਦੇ ਪਾਰ ਸੀ। 18ਤੇਜ ਹਨੇਰੀ ਚੱਲ ਰਹੀ ਸੀ ਦਰਿਆ ਦੀਆਂ ਲਹਿਰਾਂ ਵੱਡੀਆਂ ਤੋਂ ਵਡੇਰੀਆਂ ਹੋ ਗਈਆਂ। 19ਚੇਲੇ ਲੱਗਭਗ ਤਿੰਨ ਚਾਰ ਮੀਲ ਝੀਲ ਵਿੱਚ ਜਾ ਚੁੱਕੇ ਸਨ। ਤਦ ਉਨ੍ਹਾਂ ਨੇ ਯਿਸੂ ਨੂੰ ਵੇਖਿਆ, ਉਹ ਪਾਣੀ ਉੱਤੇ ਤੁਰ ਰਿਹਾ ਸੀ। ਚੇਲੇ ਯਿਸੂ ਨੂੰ ਬੇੜੀ ਦੇ ਨੇੜੇ ਆਉਂਦਾ ਵੇਖ ਡਰ ਗਏ। 20ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਨਾ ਡਰੋ, ਮੈਂ ਹਾਂ।” 21ਜਦੋਂ ਯਿਸੂ ਨੇ ਇਹ ਆਖਿਆ, ਤਾਂ ਉਹ ਯਿਸੂ ਨੂੰ ਬੇੜੀ ਉੱਤੇ ਚੜ੍ਹਾਉਣ ਲਈ ਖੁਸ਼ ਹੋ ਗਏ। ਉਸ ਤੋਂ ਬਾਦ ਜਿੱਥੇ ਉਨ੍ਹਾਂ ਨੇ ਜਾਣਾ ਸੀ, ਬੇੜੀ ਉੱਥੇ ਪਹੁੰਚੀ। 22ਅਗਲੀ ਸਵੇਰ ਜੋ ਲੋਕ ਝੀਲ ਦੇ ਦੂਜੇ ਕੰਢੇ ਤੇ ਠਹਿਰੇ ਹੋਏ ਸਨ, ਉਹ ਜਾਣਦੇ ਸਨ ਕਿ ਯਿਸੂ ਆਪਣੇ ਚੇਲਿਆਂ ਨਾਲ ਬੇੜੀ ਵਿੱਚ ਨਹੀਂ ਗਿਆ ਅਤੇ ਉਹ ਜਾਣਦੇ ਸਨ ਕਿ ਯਿਸੂ ਦੇ ਚੇਲੇ ਇਕੱਲੇ ਹੀ ਬੇੜੀ ਵਿੱਚ ਗਏ ਸਨ। ਅਤੇ ਉਹ ਇਹ ਵੀ ਜਾਣਦੇ ਸਨ ਕਿ ਉੱਥੇ ਕੇਵਲ ਇਹੀ ਇੱਕ ਬੇੜੀ ਸੀ।
ਲੋਕ ਯਿਸੂ ਨੂੰ ਲੱਭਦੇ ਹਨ
23ਪਰ ਤਦ ਤਿਬਿਰਿਯਾਸ ਵੱਲੋਂ ਕੁਝ ਬੇੜੀਆਂ ਉਸ ਥਾਂ ਤੇ ਆਈਆਂ ਜਿੱਥੇ ਉਨ੍ਹਾਂ ਨੇ ਪ੍ਰਭੂ ਦੇ ਸ਼ੁਕਰ ਕਰਨ ਤੋਂ ਬਾਅਦ ਰੋਟੀ ਖਾਧੀ ਸੀ। 24ਫਿਰ ਭੀੜ ਨੇ ਉੱਥੇ ਨਾ ਤਾਂ ਯਿਸੂ ਨੂੰ ਵੇਖਿਆ ਅਤੇ ਨਾ ਹੀ ਉਸ ਦੇ ਚੇਲਿਆਂ ਨੂੰ। ਇਸ ਲਈ ਉਹ ਉਨ੍ਹਾਂ ਕਿਸ਼ਤੀਆਂ ਵਿੱਚ ਚੜ੍ਹੇ ਅਤੇ ਯਿਸੂ ਨੂੰ ਲੱਭਣ ਲਈ ਕਫ਼ਰਨਾਹੂਮ ਨੂੰ ਆ ਗਏ।
ਜੀਵਨ ਦੀ ਰੋਟੀ
25ਜਦੋਂ ਲੋਕਾਂ ਨੇ ਯਿਸੂ ਨੂੰ ਝੀਲ ਦੇ ਪਾਰ ਲੱਭਿਆ, ਉਨ੍ਹਾਂ ਨੇ ਉਸ ਨੂੰ ਪੁੱਛਿਆ, ਗੁਰੂ ਜੀ, “ਤੁਸੀਂ ਇੱਥੇ ਕਦੋਂ ਆਏ?” 26ਯਿਸੂ ਨੇ ਆਖਿਆ, “ਤੁਸੀਂ ਮੇਰੀ ਭਾਲ ਕਿਉਂ ਕਰ ਰਹੇ ਹੋ? ਕੀ ਇਸ ਲਈ ਕਿ ਤੁਸੀਂ ਮੈਨੂੰ ਚਮਤਕਾਰ ਕਰਦਿਆਂ ਵੇਖਿਆ ਹੈ ਜਿਹੜੇ ਕਿ ਮੇਰੀ ਸ਼ਕਤੀ ਨੂੰ ਸਾਬਤ ਕਰਦੇ ਹਨ? ਨਹੀਂ! ਮੈਂ ਤੁਹਾਨੂੰ ਸੱਚ-ਸੱਚ ਦੱਸਦਾ ਹਾਂ ਕਿ ਤੁਸੀਂ ਮੇਰੀ ਭਾਲ ਇਸ ਲਈ ਕਰ ਰਹੇ ਸੀ, ਕਿਉਂਕਿ ਤੁਸੀਂ ਰੋਟੀ ਖਾਧੀ ਤੇ ਤੁਸੀਂ ਸੰਤੁਸ਼ਟ ਹੋ ਗਏ ਸੀ। 27ਨਾਸ ਹੋਣ ਵਾਲਾ ਭੋਜਨ ਪ੍ਰਾਪਤ ਕਰਨ ਲਈ ਕੰਮ ਨਾ ਕਰੋ। ਪਰ ਉਸ ਭੋਜਨ ਲਈ ਕੰਮ ਕਰੋ ਜੋ ਹਮੇਸ਼ਾਂ ਲਈ ਰਹਿੰਦਾ ਅਤੇ ਜੋ ਤੁਹਾਨੂੰ ਸਦੀਪਕ ਜੀਵਨ ਦਿੰਦਾ ਹੈ। ਮਨੁੱਖ ਦਾ ਪੁੱਤਰ ਉਹ ਭੋਜਨ ਦੇਵੇਗਾ। ਪਿਤਾ ਪਰਮੇਸ਼ੁਰ ਨੇ ਆਪਣੀ ਪਰਵਾਨਗੀ ਦੀ ਮੋਹਰ ਆਦਮੀ ਦੇ ਪੁੱਤਰ ਉੱਤੇ ਲਾ ਦਿੱਤੀ ਹੈ।” 28ਭੀੜ ਨੇ ਪੁੱਛਿਆ, “ਉਹ ਕਿਹੜੇ ਕੰਮ ਹਨ, ਜਿਹੜੇ ਪਰਮੇਸ਼ੁਰ ਸਾਡੇ ਕੋਲੋਂ ਕਰਨ ਦੀ ਆਸ ਰੱਖਦਾ ਹੈ?” 29ਯਿਸੂ ਨੇ ਉੱਤਰ ਦਿੱਤਾ, “ਪਰਮੇਸ਼ੁਰ ਤੁਹਾਡੇ ਤੋਂ ਇਸ ਗੱਲ ਦੀ ਆਸ ਰੱਖਦਾ ਹੈ ਕਿ, ਜਿਸ ਨੂੰ ਉਸ ਨੇ ਭੇਜਿਆ ਤੁਸੀਂ ਉਸ ਤੇ ਵਿਸ਼ਵਾਸ ਕਰੋ।” 30ਭੀੜ ਨੇ ਪੁੱਛਿਆ, “ਤੂੰ ਕਿਹੜਾ ਚਮਤਕਾਰ ਕਰੇਂਗਾ ਕਿ ਅਸੀਂ ਵੇਖ ਸਕੀਏ ਅਤੇ ਵਿਸ਼ਵਾਸ ਕਰ ਸਕੀਏ? ਤੂੰ ਕੀ ਕਰਨ ਵਾਲਾ ਹੈ? 31ਸਾਡੇ ਪਿਉ-ਦਾਦਿਆਂ ਨੇ ਜੰਗਲ ਵਿੱਚ ਮੰਨਾ ਖਾਧਾ ਜਿਵੇਂ ਕਿ ਪੋਥੀਆਂ ਵਿੱਚ ਲਿਖਿਆ ਹੋਇਆ ਹੈ, ਉਸ ਨੇ ਸਵਰਗ ਤੋਂ ਉਨ੍ਹਾਂ ਨੂੰ ਰੋਟੀ ਖਾਣ ਨੂੰ ਦਿੱਤੀ।” 32ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ। ਇਹ ਮੂਸਾ ਨਹੀਂ ਸੀ ਜਿਸ ਨੇ ਤੁਹਾਨੂੰ ਸਵਰਗ, ਤੋਂ ਰੋਟੀ ਖਾਣ ਨੂੰ ਦਿੱਤੀ। ਇਹ ਮੇਰਾ ਪਿਤਾ ਹੈ ਜੋ ਤੁਹਾਨੂੰ ਸਵਰਗੋਂ ਸੱਚੀ ਰੋਟੀ ਦਿੰਦਾ ਹੈ। 33ਪਰਮੇਸ਼ੁਰ ਦੀ ਰੋਟੀ ਉਹ ਹੈ ਜੋ ਸਵਰਗ ਤੋਂ ਆਉਂਦੀ ਹੈ ਅਤੇ ਸੰਸਾਰ ਨੂੰ ਜੀਵਨ ਦਿੰਦੀ ਹੈ।” 34ਲੋਕਾਂ ਨੇ ਆਖਿਆ, “ਪ੍ਰਭੂ, ਉਹ ਰੋਟੀ ਸਾਨੂੰ ਹਮੇਸ਼ਾਂ ਦੇਣਾ।” 35ਯਿਸੂ ਨੇ ਉਨ੍ਹਾਂ ਨੂੰ ਕਿਹਾ “ਮੈਂ ਹੀ ਜੀਵਨ ਦੀ ਰੋਟੀ ਹਾਂ। ਜਿਹੜਾ ਕੋਈ ਮੇਰੇ ਕੋਲ ਆਉਂਦਾ ਹੈ ਕਦੇ ਭੁੱਖਾ ਨਹੀਂ ਰਹੇਗਾ ਅਤੇ ਜਿਹੜਾ ਮੇਰੇ ਤੇ ਵਿਸ਼ਵਾਸ ਕਰਦਾ ਹੈ, ਕਦੇ ਪਿਆਸਾ ਨਹੀਂ ਰਹੇਗਾ। 36ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਤੁਸੀਂ ਮੈਨੂੰ ਵੇਖਿਆ ਹੈ, ਪਰ ਤਾਂ ਵੀ ਤੁਸੀਂ ਵਿਸ਼ਵਾਸ ਨਹੀਂ ਕਰਦੇ। 37ਜਿਨ੍ਹਾਂ ਲੋਕਾਂ ਨੂੰ ਪਰਮੇਸ਼ੁਰ ਭੇਜਦਾ ਹੈ ਉਹ ਮੇਰੇ ਕੋਲ ਆਉਣਗੇ ਅਤੇ ਮੈਂ ਉਸ ਹਰ ਮਨੁੱਖ ਨੂੰ ਸਵੀਕਾਰ ਕਰਾਂਗਾ, ਬਲਕਿ ਉਸ ਨੂੰ ਕੱਢਾਂਗਾ ਨਹੀਂ। 38ਕਿਉਂਕਿ ਮੈਂ ਸਵਰਗ ਤੋਂ ਆਪਣੀ ਮਰਜ਼ੀ ਅਨੁਸਾਰ ਕਰਨ ਨਹੀਂ ਆਇਆ ਸਗੋਂ ਪਰਮੇਸ਼ੁਰ ਦੀ ਇੱਛਾ ਅਨੁਸਾਰ ਕਰਨ ਆਇਆ ਹਾਂ। 39ਮੈਨੂੰ ਉਨ੍ਹਾਂ ਵਿੱਚੋਂ ਇੱਕ ਵੀ ਵਿਅਕਤੀ ਨਹੀਂ ਗੁਆਉਣਾ ਚਾਹੀਦਾ, ਜੋ ਪਰਮੇਸ਼ੁਰ ਨੇ ਮੈਨੂੰ ਦਿੱਤੇ ਹਨ। ਪਰ ਮੈਂ ਉਨ੍ਹਾਂ ਨੂੰ ਅੰਤ ਦੇ ਦਿਨ ਜ਼ਰੂਰ ਜਿਵਾਂਲਾਗਾ। ਉਹ, ਜਿਸ ਨੇ ਮੈਨੂੰ ਭੇਜਿਆ ਹੈ, ਇਹੀ ਆਸ ਕਰਦਾ ਹਾਂ। 40ਮੇਰੇ ਪਿਤਾ ਦੀ ਇੱਛਾ ਹੈ: ਹਰ ਕੋਈ ਜੋ ਪੁੱਤਰ ਨੂੰ ਵੇਖਦਾ ਅਤੇ ਉਸ ਵਿੱਚ ਵਿਸ਼ਵਾਸ ਰੱਖਦਾ ਹੈ, ਸੋ ਸਦੀਪਕ ਜੀਵਨ ਪਾਵੇਗਾ। ਮੈਂ ਉਸ ਨੂੰ ਅੰਤ ਦੇ ਦਿਨ ਜਿਉਂਦਾ ਕਰਾਂਗਾ।” 41ਫੇਰ ਯਹੂਦੀ ਉਸ ਬਾਰੇ ਬੁੜ-ਬੁੜਾਉਣ ਲੱਗੇ ਕਿਉਂਕਿ ਉਸ ਨੇ ਕਿਹਾ, “ਮੈਂ ਹੀ ਰੋਟੀ ਹਾਂ ਜੋ ਸਵਰਗ ਤੋਂ ਹੇਠਾਂ ਉੱਤਰੀ ਹੈ।” 42ਯਹੂਦੀਆਂ ਨੇ ਕਿਹਾ, “ਉਹ ਯਿਸੂ ਹੈ। ਉਹ ਯੂਸੁਫ਼ ਦਾ ਪੁੱਤਰ ਹੈ। ਅਸੀਂ ਉਸ ਦੇ ਮਾਤਾ-ਪਿਤਾ ਨੂੰ ਜਾਣਦੇ ਹਾਂ। ਤਾਂ ਭਲਾ ਉਹ ਕਿਵੇਂ ਕਹਿ ਸਕਦਾ ਹੈ, ‘ਮੈਂ ਸਵਰਗੋਂ ਉੱਤਰਿਆ ਹਾਂ।’” 43ਪਰ ਯਿਸੂ ਨੇ ਕਿਹਾ, “ਆਪਣੇ ਆਪ ਵਿੱਚ ਬੁੜ-ਬੁੜਾਉਣਾ ਬੰਦ ਕਰੋ। 44ਕੋਈ ਵੀ ਮਨੁੱਖ ਮੇਰੇ ਕੋਲ ਨਹੀਂ ਆ ਸਕਦਾ ਜਦੋਂ ਤੱਕ ਕਿ ਪਿਤਾ ਜਿਸ ਨੇ ਮੈਨੂੰ ਭੇਜਿਆ ਹੈ ਉਸ ਨੂੰ ਮੇਰੇ ਕੋਲ ਨਹੀਂ ਲਿਆਉਂਦਾ। ਮੈਂ ਉਸ ਮਨੁੱਖ ਨੂੰ ਅੰਤ ਦੇ ਦਿਨ ਉੱਠਾਵਾਗਾਂ। 45ਇਹ ਨਬੀਆਂ ਦੀਆਂ ਲਿਖਤਾਂ ਵਿੱਚ ਲਿਖਿਆ ਹੋਇਆ ਹੈ: ਉਹ ਪਰਮੇਸ਼ੁਰ ਦੁਆਰਾ ਸਿੱਖੇ ਹੋਏ ਹੋਣਗੇ। ਹਰ ਕੋਈ ਜਿਹੜਾ ਆਪਣੇ ਪਿਤਾ ਨੂੰ ਸੁਣਦਾ ਅਤੇ ਉਸ ਕੋਲੋਂ ਸਿੱਖਦਾ ਹੈ, ਮੇਰੇ ਕੋਲ ਆਉਂਦਾ ਹੈ। 46ਕਿਸੇ ਨੇ ਵੀ ਪਿਤਾ ਨੂੰ ਨਹੀਂ ਵੇਖਿਆ। ਉਹ ਇੱਕ, ਜਿਹੜਾ ਪਰਮੇਸ਼ੁਰ ਵਲੋਂ ਆਇਆ ਹੈ, ਉਹੀ ਹੈ ਜਿਸ ਨੇ ਪਿਤਾ ਨੂੰ ਵੇਖਿਆ। 47ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ, ਜੋ ਮਨੁੱਖ ਵਿਸ਼ਵਾਸ ਕਰਦਾ ਹੈ ਸਦੀਪਕ ਜੀਵਨ ਪਾਉਂਦਾ ਹੈ। 48ਮੈਂ ਹੀ ਜਿੰਦਗੀ ਦੀ ਰੋਟੀ ਹਾਂ। 49ਤੁਹਾਡੇ ਪਿਓ ਦਾਦਿਆਂ ਨੇ ਜੰਗਲ ਵਿੱਚ ਮੰਨਾ ਖਾਧਾ ਅਤੇ ਮਰ ਗਏ। 50ਮੈਂ ਉਹ ਰੋਟੀ ਹਾਂ, ਜੋ ਸਵਰਗ ਤੋਂ ਹੇਠਾਂ ਆਉਂਦੀ ਹੈ, ਜੇਕਰ ਕੋਈ ਵੀ ਇਸ ਨੂੰ ਰੋਟੀ ਖਾਂਦਾ ਹੈ ਉਹ ਕਦੇ ਨਹੀਂ ਮਰੇਗਾ। 51ਮੈਂ ਜੀਵਨ ਦੀ ਰੋਟੀ ਹਾਂ, ਜੋ ਸਵਰਗ ਤੋਂ ਹੇਠਾਂ ਆਈ ਹੈ। ਉਹ ਜਿਹੜਾ ਇਸ ਰੋਟੀ ਨੂੰ ਖਾਂਦਾ ਹੈ, ਸਦਾ ਜੀਵੇਗਾ। ਇਹ ਰੋਟੀ ਮੇਰਾ ਸਰੀਰ ਹੈ। ਮੈਂ ਆਪਣਾ ਸਰੀਰ ਦਿੰਦਾ ਹਾਂ ਤਾਂ ਜੋ ਇਸ ਸੰਸਾਰ ਦੇ ਲੋਕਾਂ ਨੂੰ ਜੀਵਨ ਮਿਲ ਸਕੇ।” 52ਫੇਰ ਯਹੂਦੀਆਂ ਨੇ ਆਪਸ ਵਿੱਚ ਬਹਿਸ ਕਰਨੀ ਸ਼ੁਰੂ ਕਰ ਦਿੱਤੀ, “ਭਲਾ ਇਹ ਆਦਮੀ ਸਾਨੂੰ ਆਪਣਾ ਸਰੀਰ ਖਾਣ ਨੂੰ ਕਿਵੇਂ ਦੇ ਸਕਦਾ ਹੈ?” 53ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜਦੋਂ ਤੱਕ ਤੁਸੀਂ ਮਨੁੱਖ ਦੇ ਪੁੱਤਰ ਦਾ ਸਰੀਰ ਨਹੀਂ ਖਾਂਦੇ ਅਤੇ ਲਹੂ ਨਹੀਂ ਪੀਂਦੇ, ਤੁਹਾਡੇ ਕੋਲ ਸੱਚਾ ਜੀਵਨ ਨਹੀਂ ਹੋਵੇਗਾ। 54ਉਹ ਮਨੁੱਖ ਜਿਹੜਾ ਮੇਰਾ ਮਾਸ ਖਾਂਦਾ ਹੈ ਅਤੇ ਲਹੂ ਪੀਂਦਾ ਹੈ ਸਦੀਪਕ ਜੀਵਨ ਉਸੇ ਦਾ ਹੈ ਅਤੇ ਮੈਂ ਉਸ ਨੂੰ ਆਖਰੀ ਦਿਨ ਪ੍ਰਗਟ ਕਰਾਂਗਾ। 55ਮੇਰਾ ਸਰੀਰ ਸੱਚ-ਮੁੱਚ ਖਾਣ ਅਤੇ ਮੇਰਾ ਲਹੂ ਸੱਚ-ਮੁੱਚ ਪੀਣ ਦੀ ਵਸਤੂ ਹੈ। 56ਉਹ ਜਿਹੜਾ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਮੇਰੇ ਵਿੱਚ ਮੈਂ ਉਸ ਵਿੱਚ ਅਤੇ ਉਹ ਮੇਰੇ ਵਿੱਚ ਰਹਿੰਦਾ ਹੈ। 57ਜਿਉਂਦੇ ਪਿਤਾ ਨੇ ਮੈਨੂੰ ਭੇਜਿਆ ਅਤੇ ਮੈਂ ਪਿਤਾ ਰਾਹੀਂ ਜਿਉਂਦਾ ਹਾਂ। ਇਸ ਲਈ ਜੋ ਮੈਨੂੰ ਖਾਂਦਾ ਹੈ ਮੇਰੇ ਰਾਹੀਂ ਜੀਵੇਗਾ। 58ਮੈਂ ਉਸ ਰੋਟੀ ਵਰਗਾ ਨਹੀਂ ਹਾਂ, ਜਿਹੜੀ ਸਾਡੇ ਵੱਡਿਆਂ ਨੇ ਉਜਾੜ ਵਿੱਚ ਖਾਧੀ ਸੀ। ਉਨ੍ਹਾਂ ਨੇ ਉਹ ਰੋਟੀ ਖਾਧੀ ਪਰ ਬਾਕੀ ਲੋਕਾਂ ਵਾਂਗੂੰ, ਉਹ ਵੀ ਮਰ ਗਏ ਮੈਂ ਸਵਰਗ ਤੋਂ ਉੱਤਰੀ ਰੋਟੀ ਹਾਂ ਅਤੇ ਜੋ ਇਹ ਰੋਟੀ ਖਾਵੇਗਾ ਉਹ ਸਦੀਪਕ ਜੀਵੇਗਾ।” 59ਜਦੋਂ ਯਿਸੂ ਕਫ਼ਰਨਾਹੂਮ ਦੇ ਪ੍ਰਾਰਥਨਾ ਘਰ ਵਿੱਚ ਉਪਦੇਸ਼ ਦੇ ਰਿਹਾ ਸੀ ਉਸ ਨੇ ਇਹ ਸਭ ਗੱਲਾਂ ਆਖੀਆਂ।
ਸਦੀਪਕ ਜੀਵਨ ਦੇ ਵਚਨ
60ਉਸ ਦੇ ਬਹੁਤ ਸਾਰੇ ਚੇਲਿਆਂ ਨੇ ਇਹ ਸੁਣ ਕੇ ਆਖਿਆ, “ਇਹ ਉਪਦੇਸ਼ ਬਹੁਤ ਮੁਸ਼ਕਿਲ ਹੈ। ਕੌਣ ਇਸ ਉਪਦੇਸ਼ ਨੂੰ ਕਬੂਲ ਕਰ ਸਕਦਾ ਹੈ?” 61ਯਿਸੂ ਜਾਣਦਾ ਸੀ ਕਿ ਉਸ ਦੇ ਚੇਲੇ ਇਸ ਬਾਰੇ ਬੁੜਬੁੜਾ ਰਹੇ ਸਨ ਇਸ ਲਈ ਉਸ ਨੇ ਕਿਹਾ, “ਕੀ ਇਹ ਉਪਦੇਸ਼ ਤੋਂ ਤੁਹਾਨੂੰ ਠੋਕਰ ਲੱਗਦੀ ਹੈ? 62ਤਾਂ ਕੀ ਤੁਸੀਂ ਉਦੋਂ ਹੋਰ ਵੀ ਵਧੇਰੇ ਪਰੇਸ਼ਾਨ ਨਹੀਂ ਹੋਵੋਂਗੇ ਜਦੋਂ ਤੁਸੀਂ ਮਨੁੱਖ ਦੇ ਪੁੱਤਰ ਨੂੰ ਸਵਰਗ ਵਿੱਚ ਜਾਂਦਿਆਂ ਵੇਖੋਂਗੇ, ਜਿੱਥੋਂ ਉਹ ਆਇਆ ਸੀ? 63ਇਹ ਸਰੀਰ ਨਹੀਂ ਹੈ ਜੋ ਜੀਵਨ ਦਿੰਦਾ ਹੈ ਸਗੋਂ ਇਹ ਆਤਮਾ ਹੈ ਜੋ ਜੀਵਨ ਦਿੰਦਾ ਹੈ। ਜੋ ਗੱਲਾਂ ਮੈਂ ਤੁਹਾਨੂੰ ਆਖੀਆਂ ਹਨ ਉਹ ਆਤਮਾ ਹਨ, ਇਸ ਲਈ ਇਹ ਗੱਲਾਂ ਜੀਵਨ ਦਿੰਦੀਆਂ ਹਨ। 64ਪਰ ਤੁਹਾਡੇ ਵਿੱਚੋਂ ਕੁਝ ਵਿਸ਼ਵਾਸ ਨਹੀਂ ਕਰਦੇ।” ਯਿਸੂ ਉਨ੍ਹਾਂ ਲੋਕਾਂ ਨੂੰ ਸ਼ੁਰੂ ਤੋਂ ਹੀ ਜਾਣਦਾ ਸੀ ਜਿਨ੍ਹਾਂ ਨੇ ਵਿਸ਼ਵਾਸ ਨਹੀਂ ਕੀਤਾ। ਅਤੇ ਉਹ ਇਹ ਵੀ ਜਾਣਦਾ ਸੀ ਕਿ ਉਹ ਕੌਣ ਹੈ ਜੋ ਉਸ ਦੇ ਵਿਰੁੱਧ ਹੋਵੇਗਾ। 65ਯਿਸੂ ਨੇ ਕਿਹਾ “ਇਸੇ ਲਈ ਮੈਂ ਤੁਹਾਨੂੰ ਕਿਹਾ ਸੀ, ਕਿ ਜਦੋਂ ਤੱਕ ਪਿਤਾ ਕਿਸੇ ਮਨੁੱਖ ਨੂੰ ਮੇਰੇ ਕੋਲ ਆਉਣ ਨਹੀਂ ਦਿੰਦਾ, ਉਹ ਮੇਰੇ ਕੋਲ ਨਹੀਂ ਆ ਸਕਦਾ।”
ਪਤਰਸ ਦਾ ਵਿਸ਼ਵਾਸ
66ਇਸੇ ਕਰਕੇ ਯਿਸੂ ਦੇ ਬਹੁਤੇ ਚੇਲਿਆਂ ਨੇ ਉਸ ਨੂੰ ਛੱਡ ਦਿੱਤਾ ਅਤੇ ਭਵਿੱਖ ਵਿੱਚ ਉਸ ਦੇ ਨਾਲ ਨਾ ਚਲੇ। 67ਯਿਸੂ ਨੇ ਬਾਰ੍ਹਾਂ ਚੇਲਿਆਂ ਨੂੰ ਆਖਿਆ, “ਕੀ ਤੁਸੀਂ ਵੀ ਜਾਣਾ ਚਾਹੁੰਦੇ ਹੋ?” 68ਸ਼ਮਊਨ ਪਤਰਸ ਨੇ ਉਸ ਨੂੰ ਆਖਿਆ, “ਪ੍ਰਭੂ! ਅਸੀਂ ਕਿਸ ਦੇ ਕੋਲ ਜਾਈਏ? ਤੇਰੇ ਕੋਲ ਸਦੀਪਕ ਜੀਵਨ ਦੀਆਂ ਗੱਲਾਂ ਹਨ। 69ਸਾਨੂੰ ਤੇਰੇ ਤੇ ਵਿਸ਼ਵਾਸ ਹੈ, ਅਸੀਂ ਜਾਣਦੇ ਹਾਂ ਕਿ ਤੁਸੀਂ ਪਰਮੇਸ਼ੁਰ ਦੇ ਪਵਿੱਤਰ ਪੁਰਖ ਹੋ” 70ਤਾਂ ਯਿਸੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਬਾਰ੍ਹਾਂ ਨੂੰ ਚੁਣਿਆ ਹੈ ਪਰ ਤੁਹਾਡੇ ਵਿੱਚੋਂ ਇੱਕ ਸ਼ੈਤਾਨ ਹੈ।” 71ਯਿਸੂ ਸ਼ਮਊਨ ਇਸਕਰਿਯੋਤੀ ਦੇ ਪੁੱਤਰ ਯਹੂਦਾ ਬਾਰੇ ਆਖ ਰਿਹਾ ਸੀ, ਉਹ ਬਾਰ੍ਹਾਂ ਵਿੱਚੋਂ ਇੱਕ ਸੀ ਪਰ ਉਸ ਨੇ ਯਿਸੂ ਨੂੰ ਫੜਾਉਣਾ ਸੀ।
Kasalukuyang Napili:
ਯੂਹੰਨਾ 6: IRVPun
Haylayt
Ibahagi
Kopyahin
Gusto mo bang ma-save ang iyong mga hinaylayt sa lahat ng iyong device? Mag-sign up o mag-sign in
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.