ਮੱਤੀ 9

9
ਪ੍ਰਭੂ ਯਿਸੂ ਇੱਕ ਅਧਰੰਗੀ ਨੂੰ ਚੰਗਾ ਕਰਦੇ ਹਨ
1ਫਿਰ ਯਿਸੂ ਕਿਸ਼ਤੀ ਵਿੱਚ ਚੜ੍ਹ ਗਏ ਅਤੇ ਝੀਲ ਦੇ ਦੂਜੇ ਪਾਸੇ ਆਪਣੇ ਸ਼ਹਿਰ ਵਿੱਚ ਆ ਗਏ । 2ਉੱਥੇ ਕੁਝ ਲੋਕ ਇੱਕ ਅਧਰੰਗੀ ਨੂੰ ਮੰਜੀ ਉੱਤੇ ਪਾ ਕੇ ਉਹਨਾਂ ਦੇ ਕੋਲ ਲੈ ਆਏ । ਯਿਸੂ ਨੇ ਉਹਨਾਂ ਲੋਕਾਂ ਦਾ ਵਿਸ਼ਵਾਸ ਦੇਖ ਕੇ ਉਸ ਅਧਰੰਗੀ ਨੂੰ ਕਿਹਾ, “ਧੀਰਜ ਰੱਖ, ਮੇਰੇ ਬੱਚੇ, ਤੇਰੇ ਪਾਪ ਮਾਫ਼ ਹੋਏ ।” 3ਇਹ ਸੁਣ ਕੇ ਵਿਵਸਥਾ ਦੇ ਕੁਝ ਸਿੱਖਿਅਕ ਆਪਸ ਵਿੱਚ ਕਹਿਣ ਲੱਗੇ, “ਇਹ ਪਰਮੇਸ਼ਰ ਦੀ ਨਿੰਦਾ ਕਰਦਾ ਹੈ ।” 4ਉਹਨਾਂ ਦੀਆਂ ਇਹਨਾਂ ਸੋਚਾਂ ਨੂੰ ਜਾਣਦੇ ਹੋਏ, ਯਿਸੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਆਪਣੇ ਦਿਲਾਂ ਵਿੱਚ ਇਸ ਤਰ੍ਹਾਂ ਦੇ ਬੁਰੇ ਵਿਚਾਰ ਕਿਉਂ ਲਿਆ ਰਹੇ ਹੋ ? 5ਸੌਖਾ ਕੀ ਹੈ ? ਇਹ ਕਹਿਣਾ, ‘ਤੇਰੇ ਪਾਪ ਮਾਫ਼ ਹੋਏ’ ਜਾਂ ਇਹ ਕਹਿਣਾ, ‘ਉੱਠ ਅਤੇ ਚੱਲ ਫਿਰ ।’ 6ਪਰ ਇਸ ਤੋਂ ਤੁਸੀਂ ਜਾਣੋ ਕਿ ਮਨੁੱਖ ਦੇ ਪੁੱਤਰ ਨੂੰ ਇਸ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਅਧਿਕਾਰ ਹੈ ।” ਫਿਰ ਯਿਸੂ ਨੇ ਅਧਰੰਗੀ ਨੂੰ ਕਿਹਾ, “ਉੱਠ, ਆਪਣੀ ਮੰਜੀ ਚੁੱਕ ਅਤੇ ਆਪਣੇ ਘਰ ਨੂੰ ਜਾ ।” 7ਉਹ ਆਦਮੀ ਉਸੇ ਸਮੇਂ ਉੱਠਿਆ ਅਤੇ ਆਪਣੇ ਘਰ ਨੂੰ ਚਲਾ ਗਿਆ । 8ਪਰ ਜਦੋਂ ਲੋਕਾਂ ਨੇ ਇਹ ਦੇਖਿਆ ਤਾਂ ਉਹ ਡਰ ਗਏ ਅਤੇ ਉਹਨਾਂ ਨੇ ਪਰਮੇਸ਼ਰ ਦੀ ਵਡਿਆਈ ਕੀਤੀ ਕਿ ਪਰਮੇਸ਼ਰ ਨੇ ਮਨੁੱਖਾਂ ਨੂੰ ਅਜਿਹਾ ਅਧਿਕਾਰ ਦਿੱਤਾ ਹੈ ।
ਪ੍ਰਭੂ ਯਿਸੂ ਮੱਤੀ ਨੂੰ ਬੁਲਾਉਂਦੇ ਹਨ
9ਯਿਸੂ ਉਸ ਥਾਂ ਤੋਂ ਚੱਲ ਪਏ । ਜਦੋਂ ਉਹ ਜਾ ਰਹੇ ਸਨ ਤਾਂ ਉਹਨਾਂ ਨੇ ਮੱਤੀ ਨਾਂ ਦੇ ਇੱਕ ਟੈਕਸ ਲੈਣ ਵਾਲੇ ਨੂੰ ਆਪਣੇ ਦਫ਼ਤਰ ਵਿੱਚ ਬੈਠੇ ਦੇਖਿਆ । ਯਿਸੂ ਨੇ ਉਸ ਨੂੰ ਕਿਹਾ, “ਮੇਰੇ ਪਿੱਛੇ ਚੱਲ ।” ਮੱਤੀ ਇਹ ਸੁਣ ਕੇ ਉੱਠਿਆ ਅਤੇ ਉਹਨਾਂ ਦਾ ਚੇਲਾ ਬਣ ਗਿਆ । 10#ਲੂਕਾ 15:1-2ਜਦੋਂ ਯਿਸੂ ਮੱਤੀ ਦੇ ਘਰ ਭੋਜਨ ਕਰਨ ਦੇ ਲਈ ਬੈਠੇ ਤਾਂ ਬਹੁਤ ਸਾਰੇ ਟੈਕਸ ਲੈਣ ਵਾਲੇ ਅਤੇ ਪਾਪੀ ਯਿਸੂ ਅਤੇ ਉਹਨਾਂ ਦੇ ਚੇਲਿਆਂ ਦੇ ਨਾਲ ਭੋਜਨ ਕਰਨ ਲਈ ਬੈਠੇ । 11ਪਰ ਕੁਝ ਫ਼ਰੀਸੀਆਂ ਨੇ ਇਹ ਦੇਖ ਕੇ ਯਿਸੂ ਦੇ ਚੇਲਿਆਂ ਨੂੰ ਕਿਹਾ, “ਤੁਹਾਡਾ ਗੁਰੂ ਟੈਕਸ ਲੈਣ ਵਾਲਿਆਂ ਅਤੇ ਪਾਪੀਆਂ ਨਾਲ ਬੈਠ ਕੇ ਕਿਉਂ ਖਾਂਦਾ ਹੈ ?” 12ਯਿਸੂ ਨੇ ਇਹ ਸੁਣ ਕੇ ਉੱਤਰ ਦਿੱਤਾ, “ਨਰੋਇਆਂ ਨੂੰ ਵੈਦ ਦੀ ਲੋੜ ਨਹੀਂ ਸਗੋਂ ਰੋਗੀਆਂ ਨੂੰ ਹੈ । 13#ਮੱਤੀ 12:7, ਹੋਸ਼ੇ 6:6ਜਾਓ, ਅਤੇ ਇਸ ਦਾ ਅਰਥ ਸਮਝੋ, ‘ਮੈਂ ਬਲੀਦਾਨ ਨਹੀਂ ਸਗੋਂ ਦਇਆ ਦਾ ਚਾਹਵਾਨ ਹਾਂ ।’ ਮੈਂ ਨੇਕਾਂ ਨੂੰ ਨਹੀਂ ਸਗੋਂ ਪਾਪੀਆਂ ਨੂੰ ਸੱਦਣ ਆਇਆ ਹਾਂ ।”
ਵਰਤ ਸੰਬੰਧੀ ਪ੍ਰਸ਼ਨ
14ਤਦ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਚੇਲੇ ਯਿਸੂ ਕੋਲ ਆਏ ਅਤੇ ਪੁੱਛਣ ਲੱਗੇ, “ਇਹ ਕਿਉਂ, ਕਿ ਅਸੀਂ ਅਤੇ ਫ਼ਰੀਸੀ ਤਾਂ ਅਕਸਰ ਵਰਤ ਰੱਖਦੇ ਹਾਂ ਪਰ ਤੁਹਾਡੇ ਚੇਲੇ ਬਿਲਕੁਲ ਵਰਤ ਨਹੀਂ ਰੱਖਦੇ ?” 15ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਕੀ ਲਾੜੇ ਦੇ ਨਾਲ ਹੁੰਦੇ ਹੋਏ ਬਰਾਤੀ ਸੋਗ ਕਰ ਸਕਦੇ ਹਨ ? ਨਹੀਂ, ਇਹ ਨਹੀਂ ਹੋ ਸਕਦਾ ਪਰ ਉਹ ਦਿਨ ਆਉਣਗੇ ਜਦੋਂ ਲਾੜਾ ਉਹਨਾਂ ਤੋਂ ਵੱਖ ਕੀਤਾ ਜਾਵੇਗਾ, ਤਦ ਉਹ ਵਰਤ ਰੱਖਣਗੇ ।
16“ਕੋਈ ਪੁਰਾਣੇ ਕੱਪੜੇ ਨੂੰ ਨਵੇਂ ਕੱਪੜੇ ਦੀ ਟਾਕੀ ਨਹੀਂ ਲਾਉਂਦਾ, ਇਸ ਤਰ੍ਹਾਂ ਨਵੀਂ ਟਾਕੀ ਦੀ ਖਿੱਚ ਨਾਲ ਪੁਰਾਣਾ ਕੱਪੜਾ ਹੋਰ ਪਾਟ ਜਾਂਦਾ ਹੈ । 17ਕੋਈ ਮਨੁੱਖ ਨਵੀਂ ਮੈਅ ਪੁਰਾਣੀਆਂ ਮਸ਼ਕਾਂ ਵਿੱਚ ਨਹੀਂ ਭਰਦਾ । ਜੇਕਰ ਉਹ ਇਸ ਤਰ੍ਹਾਂ ਕਰਦਾ ਹੈ ਤਾਂ ਨਵੀਂ ਮੈਅ ਪੁਰਾਣੀਆਂ ਮਸ਼ਕਾਂ ਨੂੰ ਪਾੜ ਦੇਵੇਗੀ । ਮੈਅ ਵਗ ਜਾਵੇਗੀ ਅਤੇ ਮਸ਼ਕਾਂ ਵੀ ਨਾਸ਼ ਹੋ ਜਾਣਗੀਆਂ । ਇਸ ਲਈ ਨਵੀਂ ਮੈਅ ਨਵੀਆਂ ਮਸ਼ਕਾਂ ਵਿੱਚ ਹੀ ਭਰੀ ਜਾਂਦੀ ਹੈ, ਜਿਸ ਨਾਲ ਦੋਵੇਂ ਨਾਸ਼ ਹੋਣ ਤੋਂ ਬਚੀਆਂ ਰਹਿ ਸਕਦੀਆਂ ਹਨ ।”
ਜੈਰੁਸ ਦੀ ਬੇਟੀ ਅਤੇ ਰਤਵਾਹਣ ਦੀ ਬਿਮਾਰ ਔਰਤ
18 # ਲੂਕਾ 8:40-56 ਜਦੋਂ ਯਿਸੂ ਉਹਨਾਂ ਨੂੰ ਇਹ ਗੱਲਾਂ ਕਹਿ ਹੀ ਰਹੇ ਸਨ ਤਾਂ ਇੱਕ ਯਹੂਦੀ ਅਧਿਕਾਰੀ ਉਹਨਾਂ ਕੋਲ ਆਇਆ । ਉਸ ਅਧਿਕਾਰੀ ਨੇ ਯਿਸੂ ਨੂੰ ਮੱਥਾ ਟੇਕ ਕੇ ਬੇਨਤੀ ਕੀਤੀ, “ਮੇਰੀ ਬੇਟੀ ਹੁਣੇ ਹੀ ਮਰੀ ਹੈ, ਤੁਸੀਂ ਆਓ ਅਤੇ ਉਸ ਉੱਤੇ ਆਪਣਾ ਹੱਥ ਰੱਖੋ ਕਿ ਉਹ ਫਿਰ ਜੀਵਨ ਪ੍ਰਾਪਤ ਕਰੇ ।” 19ਇਸ ਲਈ ਯਿਸੂ ਉੱਠ ਕੇ ਆਪਣੇ ਚੇਲਿਆਂ ਸਮੇਤ ਉਸ ਦੇ ਨਾਲ ਗਏ ।
20ਇੱਕ ਔਰਤ ਜਿਸ ਨੂੰ ਬਾਰ੍ਹਾਂ ਸਾਲਾਂ ਤੋਂ ਖ਼ੂਨ ਵਹਿਣ ਦਾ ਰੋਗ ਸੀ, ਉਹ ਯਿਸੂ ਦੇ ਪਿੱਛੋਂ ਦੀ ਹੋ ਕੇ ਆਈ ਅਤੇ ਉਹਨਾਂ ਦੇ ਚੋਗੇ ਦੇ ਪੱਲੇ ਨੂੰ ਛੂਹ ਲਿਆ । 21ਉਸ ਨੇ ਆਪਣੇ ਮਨ ਵਿੱਚ ਨਿਸ਼ਚਾ ਕੀਤਾ ਸੀ, “ਜੇਕਰ ਕੇਵਲ ਮੈਂ ਉਹਨਾਂ ਦਾ ਚੋਗਾ ਹੀ ਛੂਹ ਲਵਾਂਗੀ, ਤਾਂ ਚੰਗੀ ਹੋ ਜਾਵਾਂਗੀ ।” 22ਇਸ ਲਈ ਯਿਸੂ ਨੇ ਪਿੱਛੇ ਮੁੜ ਕੇ ਉਸ ਨੂੰ ਦੇਖਿਆ ਅਤੇ ਕਿਹਾ, “ਧੀਰਜ ਰੱਖ ਬੇਟੀ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ ।” ਉਸੇ ਘੜੀ ਉਹ ਔਰਤ ਚੰਗੀ ਹੋ ਗਈ ।
23ਇਸ ਦੇ ਬਾਅਦ ਯਿਸੂ ਉਸ ਅਧਿਕਾਰੀ ਦੇ ਘਰ ਗਏ । ਉਹਨਾਂ ਨੇ ਉੱਥੇ ਸੋਗ ਕਰਨ ਵਾਲੇ ਲੋਕਾਂ ਨੂੰ ਦੇਖਿਆ#9:23 ਮੂਲ ਲਿਖਤਾਂ ਵਿੱਚ ਬਾਂਸਰੀ ਬਜਾਉਣ ਵਾਲੇ ਵੀ ਕਿਹਾ ਗਿਆ ਹੈ । । ਸਾਰੇ ਘਰ ਵਿੱਚ ਰੌਲਾ ਪਿਆ ਹੋਇਆ ਸੀ । 24ਇਸ ਲਈ ਯਿਸੂ ਨੇ ਕਿਹਾ, “ਸਾਰੇ ਬਾਹਰ ਚਲੇ ਜਾਓ । ਛੋਟੀ ਲੜਕੀ ਮਰੀ ਨਹੀਂ ਹੈ ਕੇਵਲ ਸੌਂ ਰਹੀ ਹੈ ।” ਉਹ ਸਾਰੇ ਯਿਸੂ ਨੂੰ ਮਖ਼ੌਲ ਕਰਨ ਲੱਗੇ । 25ਪਰ ਜਦੋਂ ਸਾਰੇ ਲੋਕ ਬਾਹਰ ਚਲੇ ਗਏ ਤਾਂ ਯਿਸੂ ਲੜਕੀ ਦੇ ਕਮਰੇ ਵਿੱਚ ਗਏ, ਲੜਕੀ ਦਾ ਹੱਥ ਫੜਿਆ ਅਤੇ ਉਹ ਉੱਠ ਕੇ ਬੈਠ ਗਈ । 26ਇਸ ਘਟਨਾ ਦਾ ਸਮਾਚਾਰ ਦੇਸ਼ ਦੇ ਉਸ ਹਿੱਸੇ ਵਿੱਚ ਸਾਰੇ ਪਾਸੇ ਫੈਲ ਗਿਆ ।
ਪ੍ਰਭੂ ਯਿਸੂ ਦੋ ਅੰਨ੍ਹਿਆਂ ਨੂੰ ਚੰਗਾ ਕਰਦੇ ਹਨ
27ਯਿਸੂ ਉਸ ਥਾਂ ਤੋਂ ਚੱਲ ਪਏ । ਰਾਹ ਵਿੱਚ ਉਹਨਾਂ ਨੂੰ ਦੋ ਅੰਨ੍ਹੇ ਮਿਲੇ । ਉਹ ਦੋਵੇਂ ਉਹਨਾਂ ਦੇ ਪਿੱਛੇ ਪਿੱਛੇ ਚੱਲਣ ਲੱਗੇ ਅਤੇ ਪੁਕਾਰ ਕੇ ਕਹਿਣ ਲੱਗੇ, “ਹੇ ਦਾਊਦ ਦੇ ਪੁੱਤਰ, ਸਾਡੇ ਉੱਤੇ ਰਹਿਮ ਕਰੋ !” 28ਫਿਰ ਜਦੋਂ ਯਿਸੂ ਘਰ ਦੇ ਅੰਦਰ ਚਲੇ ਗਏ ਤਾਂ ਉਹ ਦੋਵੇਂ ਅੰਨ੍ਹੇ ਉਹਨਾਂ ਦੇ ਕੋਲ ਆਏ । ਯਿਸੂ ਨੇ ਉਹਨਾਂ ਦੋਨਾਂ ਤੋਂ ਪੁੱਛਿਆ, “ਕੀ ਤੁਹਾਡਾ ਵਿਸ਼ਵਾਸ ਹੈ ਕਿ ਮੈਂ ਇਹ ਕੰਮ ਕਰ ਸਕਦਾ ਹਾਂ ?” ਉਹਨਾਂ ਦੋਨਾਂ ਨੇ ਉੱਤਰ ਦਿੱਤਾ, “ਸ੍ਰੀਮਾਨ ਜੀ, ਹਾਂ ।” 29ਤਦ ਯਿਸੂ ਨੇ ਦੋਨਾਂ ਦੀਆਂ ਅੱਖਾਂ ਨੂੰ ਛੂਹਿਆ ਅਤੇ ਕਿਹਾ, “ਜਿਸ ਤਰ੍ਹਾਂ ਤੁਸੀਂ ਵਿਸ਼ਵਾਸ ਕੀਤਾ ਹੈ ਤੁਹਾਡੇ ਨਾਲ ਉਸੇ ਤਰ੍ਹਾਂ ਹੋਵੇ ।” 30ਉਹਨਾਂ ਦੋਨਾਂ ਦੀਆਂ ਅੱਖਾਂ ਉਸੇ ਸਮੇਂ ਖੁੱਲ੍ਹ ਗਈਆਂ । ਫਿਰ ਯਿਸੂ ਨੇ ਉਹਨਾਂ ਨੂੰ ਬੜੀ ਸਖ਼ਤੀ ਨਾਲ ਮਨ੍ਹਾਂ ਕਰਦੇ ਹੋਏ ਕਿਹਾ, “ਖ਼ਬਰਦਾਰ, ਇਸ ਗੱਲ ਦਾ ਕਿਸੇ ਨੂੰ ਪਤਾ ਨਾ ਲੱਗੇ !” 31ਪਰ ਉਹ ਉੱਥੋਂ ਬਾਹਰ ਆਏ ਅਤੇ ਉਹਨਾਂ ਨੇ ਯਿਸੂ ਦੇ ਬਾਰੇ ਆਪਣੇ ਦੇਸ਼ ਦੇ ਉਸ ਸਾਰੇ ਇਲਾਕੇ ਵਿੱਚ ਇਸ ਸਮਾਚਾਰ ਦਾ ਪ੍ਰਚਾਰ ਕੀਤਾ ।
ਪ੍ਰਭੂ ਯਿਸੂ ਇੱਕ ਗੂੰਗੇ ਨੂੰ ਚੰਗਾ ਕਰਦੇ ਹਨ
32ਜਦੋਂ ਉਹ ਜਾ ਹੀ ਰਹੇ ਸਨ ਤਾਂ ਕੁਝ ਲੋਕ ਇੱਕ ਗੂੰਗੇ ਆਦਮੀ ਨੂੰ ਯਿਸੂ ਕੋਲ ਲਿਆਏ । ਉਸ ਆਦਮੀ ਵਿੱਚ ਅਸ਼ੁੱਧ ਆਤਮਾ ਹੋਣ ਦੇ ਕਾਰਨ ਉਹ ਬੋਲ ਨਹੀਂ ਸਕਦਾ ਸੀ 33ਪਰ ਅਸ਼ੁੱਧ ਆਤਮਾ ਦੇ ਨਿਕਲਦੇ ਹੀ ਉਹ ਆਦਮੀ ਬੋਲਣ ਲੱਗ ਪਿਆ । ਇਹ ਦੇਖ ਕੇ ਭੀੜ ਦੇ ਸਾਰੇ ਲੋਕ ਹੈਰਾਨ ਰਹਿ ਗਏ । ਉਹ ਕਹਿਣ ਲੱਗੇ, “ਅਸੀਂ ਇਸਰਾਏਲ ਵਿੱਚ ਇਸ ਤਰ੍ਹਾਂ ਹੁੰਦਾ ਕਦੇ ਵੀ ਨਹੀਂ ਦੇਖਿਆ !” 34#ਮੱਤੀ 10:25, 12:24, ਮਰ 3:22, ਲੂਕਾ 11:15ਪਰ ਫ਼ਰੀਸੀ ਕਹਿਣ ਲੱਗੇ, “ਯਿਸੂ ਅਸ਼ੁੱਧ ਆਤਮਾਵਾਂ ਦੇ ਹਾਕਮ ਦੀ ਮਦਦ ਨਾਲ ਉਹਨਾਂ ਨੂੰ ਕੱਢਦਾ ਹੈ ।”
ਪ੍ਰਭੂ ਯਿਸੂ ਦੇ ਦਿਲ ਵਿੱਚ ਲੋਕਾਂ ਲਈ ਤਰਸ
35 # ਮੱਤੀ 4:23, ਮਰ 1:39, ਲੂਕਾ 4:44 ਫਿਰ ਯਿਸੂ ਸਾਰੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਗਏ । ਉਹਨਾਂ ਨੇ ਯਹੂਦੀਆਂ ਦੇ ਪ੍ਰਾਰਥਨਾ ਘਰਾਂ ਵਿੱਚ ਸਿੱਖਿਆਵਾਂ ਦਿੱਤੀਆਂ, ਲੋਕਾਂ ਨੂੰ ਪਰਮੇਸ਼ਰ ਦੇ ਰਾਜ ਦਾ ਸ਼ੁਭ ਸਮਾਚਾਰ ਸੁਣਾਇਆ ਅਤੇ ਹਰ ਤਰ੍ਹਾਂ ਦੇ ਕਮਜ਼ੋਰਾਂ ਅਤੇ ਬਿਮਾਰਾਂ ਨੂੰ ਚੰਗਾ ਕੀਤਾ । 36#ਗਿਣ 27:17, 1 ਰਾਜਾ 22:17, 2 ਇਤਿ 18:16, ਹਿਜ਼ 34:5, ਮਰ 6:34ਜਦੋਂ ਯਿਸੂ ਨੇ ਲੋਕਾਂ ਦੀ ਭੀੜ ਦੇਖੀ ਤਾਂ ਉਹਨਾਂ ਨੂੰ ਲੋਕਾਂ ਉੱਤੇ ਬਹੁਤ ਤਰਸ ਆਇਆ, ਕਿਉਂਕਿ ਉਹ ਲੋਕ ਬਿਨਾਂ ਚਰਵਾਹੇ ਦੀਆਂ ਭੇਡਾਂ ਵਾਂਗ ਸਨ । ਉਹ ਦੁਖੀ ਅਤੇ ਬੇਸਹਾਰਾ ਸਨ । 37#ਲੂਕਾ 10:2ਇਸ ਲਈ ਉਹਨਾਂ ਨੇ ਆਪਣੇ ਚੇਲਿਆਂ ਨੂੰ ਕਿਹਾ, “ਪੱਕੀ ਹੋਈ ਫ਼ਸਲ ਤਾਂ ਬਹੁਤ ਹੈ ਪਰ ਵਾਢੇ ਬਹੁਤ ਘੱਟ ਹਨ । 38ਇਸ ਲਈ ਫ਼ਸਲ ਦੇ ਮਾਲਕ ਅੱਗੇ ਬੇਨਤੀ ਕਰੋ ਕਿ ਉਹ ਫ਼ਸਲ ਵੱਢਣ ਦੇ ਲਈ ਹੋਰ ਵਾਢੇ ਭੇਜਣ ।”

ప్రస్తుతం ఎంపిక చేయబడింది:

ਮੱਤੀ 9: CL-NA

హైలైట్

షేర్ చేయి

కాపీ

None

మీ పరికరాలన్నింటి వ్యాప్తంగా మీ హైలైట్స్ సేవ్ చేయబడాలనుకుంటున్నారా? సైన్ అప్ చేయండి లేదా సైన్ ఇన్ చేయండి