ਯੂਹੰਨਾ 10

10
ਚਰਵਾਹਾ ਅਤੇ ਉਸ ਦੀਆਂ ਭੇਡਾਂ
1 “ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ: ਜਿਹੜਾ ਦਰਵਾਜ਼ੇ ਰਾਹੀਂ ਭੇਡਾਂ ਦੇ ਵਾੜੇ ਵਿੱਚ ਪ੍ਰਵੇਸ਼ ਨਹੀਂ ਕਰਦਾ ਪਰ ਹੋਰ ਪਾਸਿਓਂ ਚੜ੍ਹਦਾ ਹੈ, ਉਹ ਚੋਰ ਅਤੇ ਡਾਕੂ ਹੈ। 2ਪਰ ਜਿਹੜਾ ਦਰਵਾਜ਼ੇ ਰਾਹੀਂ ਪ੍ਰਵੇਸ਼ ਕਰਦਾ ਹੈ, ਉਹ ਭੇਡਾਂ ਦਾ ਚਰਵਾਹਾ ਹੈ। 3ਉਹ ਦੇ ਲਈ ਦਰਬਾਨ ਦਰਵਾਜ਼ਾ ਖੋਲ੍ਹ ਦਿੰਦਾ ਹੈ ਅਤੇ ਭੇਡਾਂ ਉਸ ਦੀ ਅਵਾਜ਼ ਸੁਣਦੀਆਂ ਹਨ। ਤਦ ਉਹ ਆਪਣੀਆਂ ਭੇਡਾਂ ਨੂੰ ਨਾਮ ਲੈ ਲੈ ਕੇ ਬੁਲਾਉਂਦਾ ਹੈ ਅਤੇ ਉਨ੍ਹਾਂ ਨੂੰ ਬਾਹਰ ਲੈ ਜਾਂਦਾ ਹੈ। 4ਜਦੋਂ ਉਹ ਆਪਣੀਆਂ ਸਾਰੀਆਂ ਭੇਡਾਂ ਨੂੰ ਬਾਹਰ ਕੱਢ ਲੈਂਦਾ ਹੈ ਤਾਂ ਉਨ੍ਹਾਂ ਦੇ ਅੱਗੇ-ਅੱਗੇ ਚੱਲਦਾ ਹੈ ਅਤੇ ਭੇਡਾਂ ਉਸ ਦੇ ਪਿੱਛੇ-ਪਿੱਛੇ ਚੱਲ ਪੈਂਦੀਆਂ ਹਨ, ਕਿਉਂਕਿ ਉਹ ਉਸ ਦੀ ਅਵਾਜ਼ ਨੂੰ ਪਛਾਣਦੀਆਂ ਹਨ। 5ਉਹ ਪਰਾਏ ਦੇ ਪਿੱਛੇ ਕਦੇ ਨਾ ਜਾਣਗੀਆਂ ਸਗੋਂ ਉਸ ਤੋਂ ਭੱਜ ਜਾਣਗੀਆਂ, ਕਿਉਂਕਿ ਉਹ ਪਰਾਇਆਂ ਦੀ ਅਵਾਜ਼ ਨਹੀਂ ਪਛਾਣਦੀਆਂ।” 6ਯਿਸੂ ਨੇ ਇਹ ਦ੍ਰਿਸ਼ਟਾਂਤ ਉਨ੍ਹਾਂ ਲਈ ਕਿਹਾ ਸੀ, ਪਰ ਉਹ ਨਾ ਸਮਝੇ ਕਿ ਇਹ ਕੀ ਗੱਲਾਂ ਹਨ ਜਿਹੜੀਆਂ ਉਹ ਉਨ੍ਹਾਂ ਨੂੰ ਕਹਿ ਰਿਹਾ ਸੀ।
ਚੰਗਾ ਚਰਵਾਹਾ
7ਇਸ ਲਈ ਯਿਸੂ ਨੇ ਫੇਰ ਕਿਹਾ,“ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਭੇਡਾਂ ਦਾ ਦਰਵਾਜ਼ਾ ਮੈਂ ਹਾਂ।
8 “ਜਿੰਨੇ ਮੇਰੇ ਤੋਂ ਪਹਿਲਾਂ ਆਏ ਉਹ ਚੋਰ ਅਤੇ ਡਾਕੂ ਹਨ! ਪਰ ਭੇਡਾਂ ਨੇ ਉਨ੍ਹਾਂ ਦੀ ਨਾ ਸੁਣੀ। 9ਦਰਵਾਜ਼ਾ ਮੈਂ ਹਾਂ। ਜੇ ਕੋਈ ਮੇਰੇ ਰਾਹੀਂ ਪ੍ਰਵੇਸ਼ ਕਰੇ ਤਾਂ ਉਹ ਬਚਾਇਆ ਜਾਵੇਗਾ ਤੇ ਅੰਦਰ ਬਾਹਰ ਆਇਆ-ਜਾਇਆ ਕਰੇਗਾ ਅਤੇ ਚਾਰਾ ਪਾਵੇਗਾ। 10ਚੋਰ ਕੇਵਲ ਚੋਰੀ ਕਰਨ, ਮਾਰਨ ਅਤੇ ਨਾਸ ਕਰਨ ਲਈ ਆਉਂਦਾ ਹੈ; ਮੈਂ ਇਸ ਲਈ ਆਇਆ ਕਿ ਉਹ ਜੀਵਨ ਪ੍ਰਾਪਤ ਕਰਨ ਅਤੇ ਭਰਪੂਰੀ ਨਾਲ ਪ੍ਰਾਪਤ ਕਰਨ।
11 “ਚੰਗਾ ਚਰਵਾਹਾ ਮੈਂ ਹਾਂ। ਚੰਗਾ ਚਰਵਾਹਾ ਭੇਡਾਂ ਲਈ ਆਪਣੀ ਜਾਨ ਦਿੰਦਾ ਹੈ। 12ਮਜ਼ਦੂਰ ਤਾਂ ਚਰਵਾਹਾ ਨਹੀਂ ਹੈ, ਨਾ ਹੀ ਭੇਡਾਂ ਉਸ ਦੀਆਂ ਆਪਣੀਆਂ ਹਨ; ਉਹ ਬਘਿਆੜ ਨੂੰ ਆਉਂਦਾ ਵੇਖਦਾ ਅਤੇ ਭੇਡਾਂ ਨੂੰ ਛੱਡ ਕੇ ਭੱਜ ਜਾਂਦਾ ਹੈ ਅਤੇ ਬਘਿਆੜ ਉਨ੍ਹਾਂ ਨੂੰ ਫੜ ਲੈਂਦਾ ਅਤੇ ਖਿੰਡਾ ਦਿੰਦਾ ਹੈ। 13ਉਹ ਇਸ ਲਈ ਭੱਜ ਜਾਂਦਾ ਹੈ, ਕਿਉਂਕਿ ਉਹ ਮਜ਼ਦੂਰ ਹੈ ਅਤੇ ਭੇਡਾਂ ਦੀ ਪਰਵਾਹ ਨਹੀਂ ਕਰਦਾ। 14ਚੰਗਾ ਚਰਵਾਹਾ ਮੈਂ ਹਾਂ ਅਤੇ ਮੈਂ ਆਪਣੀਆਂ ਭੇਡਾਂ ਨੂੰ ਜਾਣਦਾ ਹਾਂ ਅਤੇ ਮੇਰੀਆਂ ਭੇਡਾਂ ਮੈਨੂੰ ਜਾਣਦੀਆਂ ਹਨ, 15ਜਿਵੇਂ ਪਿਤਾ ਮੈਨੂੰ ਜਾਣਦਾ ਹੈ ਅਤੇ ਮੈਂ ਪਿਤਾ ਨੂੰ ਜਾਣਦਾ ਹਾਂ। ਮੈਂ ਭੇਡਾਂ ਦੇ ਲਈ ਆਪਣੀ ਜਾਨ ਦਿੰਦਾ ਹਾਂ। 16ਮੇਰੀਆਂ ਹੋਰ ਵੀ ਭੇਡਾਂ ਹਨ ਜਿਹੜੀਆਂ ਇਸ ਵਾੜੇ ਦੀਆਂ ਨਹੀਂ ਹਨ! ਮੇਰਾ ਉਨ੍ਹਾਂ ਨੂੰ ਲਿਆਉਣਾ ਵੀ ਜ਼ਰੂਰੀ ਹੈ ਅਤੇ ਉਹ ਮੇਰੀ ਅਵਾਜ਼ ਸੁਣਨਗੀਆਂ। ਤਦ ਇੱਕੋ ਇੱਜੜ ਅਤੇ ਇੱਕੋ ਚਰਵਾਹਾ ਹੋਵੇਗਾ।
17 “ਪਿਤਾ ਮੈਨੂੰ ਇਸ ਲਈ ਪਿਆਰ ਕਰਦਾ ਹੈ, ਕਿਉਂਕਿ ਮੈਂ ਆਪਣੀ ਜਾਨ ਦਿੰਦਾ ਹਾਂ ਕਿ ਇਸ ਨੂੰ ਫੇਰ ਲੈ ਲਵਾਂ। 18ਕੋਈ ਇਸ ਨੂੰ ਮੇਰੇ ਤੋਂ ਨਹੀਂ ਲੈਂਦਾ, ਪਰ ਮੈਂ ਆਪੇ ਇਸ ਨੂੰ ਦਿੰਦਾ ਹਾਂ। ਮੇਰੇ ਕੋਲ ਇਸ ਨੂੰ ਦੇਣ ਦਾ ਅਧਿਕਾਰ ਹੈ ਅਤੇ ਇਸ ਨੂੰ ਫੇਰ ਲੈਣ ਦਾ ਅਧਿਕਾਰ ਵੀ ਹੈ। ਇਹ ਹੁਕਮ ਮੈਂ ਆਪਣੇ ਪਿਤਾ ਤੋਂ ਪਾਇਆ ਹੈ।”
19ਇਨ੍ਹਾਂ ਗੱਲਾਂ ਦੇ ਕਾਰਨ ਯਹੂਦੀਆਂ ਵਿੱਚ ਫੇਰ ਫੁੱਟ ਪੈ ਗਈ। 20ਉਨ੍ਹਾਂ ਵਿੱਚੋਂ ਬਹੁਤ ਸਾਰੇ ਕਹਿਣ ਲੱਗੇ, “ਇਸ ਵਿੱਚ ਦੁਸ਼ਟ ਆਤਮਾ ਹੈ ਅਤੇ ਇਹ ਕਮਲਾ ਹੈ! ਤੁਸੀਂ ਇਸ ਦੀ ਕਿਉਂ ਸੁਣਦੇ ਹੋ?” 21ਕੁਝ ਨੇ ਕਿਹਾ, “ਇਹ ਗੱਲਾਂ ਕਿਸੇ ਦੁਸ਼ਟ ਆਤਮਾ ਨਾਲ ਜਕੜੇ ਹੋਏ ਮਨੁੱਖ ਦੀਆਂ ਨਹੀਂ ਹਨ! ਕੀ ਕੋਈ ਦੁਸ਼ਟ ਆਤਮਾ ਅੰਨ੍ਹਿਆਂ ਦੀਆਂ ਅੱਖਾਂ ਖੋਲ੍ਹ ਸਕਦੀ ਹੈ?”
ਯਹੂਦੀਆਂ ਵੱਲੋਂ ਯਿਸੂ ਦਾ ਵਿਰੋਧ
22ਉਸ ਸਮੇਂ ਯਰੂਸ਼ਲਮ ਵਿੱਚ ਸਮਰਪਣ ਦਾ ਤਿਉਹਾਰ ਮਨਾਇਆ ਜਾ ਰਿਹਾ ਸੀ। ਇਹ ਸਰਦੀ ਦੀ ਰੁੱਤ ਸੀ 23ਅਤੇ ਯਿਸੂ ਹੈਕਲ ਵਿੱਚ ਸੁਲੇਮਾਨ ਦੇ ਦਲਾਨ ਵਿੱਚ ਟਹਿਲ ਰਿਹਾ ਸੀ। 24ਤਦ ਯਹੂਦੀ ਉਸ ਦੇ ਦੁਆਲੇ ਇਕੱਠੇ ਹੋ ਕੇ ਉਸ ਨੂੰ ਕਹਿਣ ਲੱਗੇ, “ਤੂੰ ਸਾਡੇ ਮਨ ਨੂੰ ਕਦੋਂ ਤੱਕ ਦੁਬਿਧਾ ਵਿੱਚ ਰੱਖੇਂਗਾ? ਜੇ ਤੂੰ ਮਸੀਹ ਹੈਂ ਤਾਂ ਸਾਨੂੰ ਸਪਸ਼ਟ ਦੱਸ।” 25ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ,“ਮੈਂ ਤੁਹਾਨੂੰ ਦੱਸਿਆ ਪਰ ਤੁਸੀਂ ਵਿਸ਼ਵਾਸ ਨਹੀਂ ਕਰਦੇ। ਜਿਹੜੇ ਕੰਮ ਮੈਂ ਆਪਣੇ ਪਿਤਾ ਦੇ ਨਾਮ ਵਿੱਚ ਕਰਦਾ ਹਾਂ, ਉਹੀ ਮੇਰੇ ਵਿਖੇ ਗਵਾਹੀ ਦਿੰਦੇ ਹਨ। 26ਪਰ ਤੁਸੀਂ ਵਿਸ਼ਵਾਸ ਨਹੀਂ ਕਰਦੇ ਕਿਉਂਕਿ ਤੁਸੀਂ ਮੇਰੀਆਂ ਭੇਡਾਂ ਵਿੱਚੋਂ ਨਹੀਂ ਹੋ। 27ਮੇਰੀਆਂ ਭੇਡਾਂ ਮੇਰੀ ਅਵਾਜ਼ ਸੁਣਦੀਆਂ ਹਨ; ਮੈਂ ਉਨ੍ਹਾਂ ਨੂੰ ਜਾਣਦਾ ਹਾਂ ਅਤੇ ਉਹ ਮੇਰੇ ਪਿੱਛੇ ਚੱਲਦੀਆਂ ਹਨ। 28ਮੈਂ ਉਨ੍ਹਾਂ ਨੂੰ ਸਦੀਪਕ ਜੀਵਨ ਦਿੰਦਾ ਹਾਂ ਅਤੇ ਉਹ ਕਦੇ ਨਾਸ ਨਾ ਹੋਣਗੀਆਂ ਅਤੇ ਨਾ ਹੀ ਕੋਈ ਉਨ੍ਹਾਂ ਨੂੰ ਮੇਰੇ ਹੱਥੋਂ ਖੋਹ ਸਕੇਗਾ। 29ਮੇਰਾ ਪਿਤਾ ਜਿਸ ਨੇ ਮੈਨੂੰ ਉਹ ਦਿੱਤੀਆਂ ਹਨ, ਸਭ ਤੋਂ ਵੱਡਾ ਹੈ ਅਤੇ ਕੋਈ ਵੀ ਉਨ੍ਹਾਂ ਨੂੰ ਪਿਤਾ ਦੇ ਹੱਥੋਂ ਖੋਹ ਨਹੀਂ ਸਕਦਾ। 30ਮੈਂ ਅਤੇ ਪਿਤਾ ਇੱਕ ਹਾਂ।”
ਯਿਸੂ ਉੱਤੇ ਪਥਰਾਓ ਕਰਨ ਦੀ ਕੋਸ਼ਿਸ਼
31ਤਦ ਯਹੂਦੀਆਂ ਨੇ ਉਸ ਨੂੰ ਪਥਰਾਓ ਕਰਨ ਲਈ ਫੇਰ ਪੱਥਰ ਚੁੱਕ ਲਏ। 32ਯਿਸੂ ਨੇ ਉਨ੍ਹਾਂ ਨੂੰ ਕਿਹਾ,“ਮੈਂ ਤੁਹਾਨੂੰ ਪਿਤਾ ਦੀ ਵੱਲੋਂ ਬਹੁਤ ਸਾਰੇ ਚੰਗੇ ਕੰਮ ਵਿਖਾਏ! ਉਨ੍ਹਾਂ ਵਿੱਚੋਂ ਕਿਹੜੇ ਕੰਮ ਦੇ ਕਾਰਨ ਤੁਸੀਂ ਮੈਨੂੰ ਪਥਰਾਓ ਕਰਦੇ ਹੋ?” 33ਯਹੂਦੀਆਂ ਨੇ ਉਸ ਨੂੰ ਉੱਤਰ ਦਿੱਤਾ, “ਅਸੀਂ ਚੰਗੇ ਕੰਮ ਲਈ ਨਹੀਂ, ਪਰ ਪਰਮੇਸ਼ਰ ਦੀ ਨਿੰਦਾ ਦੇ ਕਾਰਨ ਤੈਨੂੰ ਪਥਰਾਓ ਕਰਦੇ ਹਾਂ, ਕਿਉਂਕਿ ਤੂੰ ਮਨੁੱਖ ਹੁੰਦੇ ਹੋਏ ਆਪਣੇ ਆਪ ਨੂੰ ਪਰਮੇਸ਼ਰ ਬਣਾਉਂਦਾ ਹੈਂ।” 34ਯਿਸੂ ਨੇ ਉਨ੍ਹਾਂ ਨੂੰ ਕਿਹਾ,“ਕੀ ਤੁਹਾਡੀ ਬਿਵਸਥਾ ਵਿੱਚ ਇਹ ਨਹੀਂ ਲਿਖਿਆ ਹੈ,
‘ਮੈਂ ਕਿਹਾ, ਤੁਸੀਂ ਦੇਵਤੇ ਹੋ’? # ਜ਼ਬੂਰ 82:6
35 “ਜੇ ਉਸ ਨੇ ਉਨ੍ਹਾਂ ਨੂੰ ਜਿਨ੍ਹਾਂ ਕੋਲ ਪਰਮੇਸ਼ਰ ਦਾ ਵਚਨ ਆਇਆ, ਦੇਵਤੇ ਕਿਹਾ (ਅਤੇ ਲਿਖਤ ਨੂੰ ਟਾਲਿਆ ਨਹੀਂ ਜਾ ਸਕਦਾ), 36ਤਾਂ ਜਿਸ ਨੂੰ ਪਿਤਾ ਨੇ ਪਵਿੱਤਰ ਠਹਿਰਾਇਆ ਅਤੇ ਸੰਸਾਰ ਵਿੱਚ ਭੇਜਿਆ, ਕੀ ਤੁਸੀਂ ਉਸ ਨੂੰ ਇਹ ਕਹਿੰਦੇ ਹੋ, ‘ਤੂੰ ਪਰਮੇਸ਼ਰ ਦੀ ਨਿੰਦਾ ਕਰਦਾ ਹੈਂ’। ਕਿਉਂਕਿ ਮੈਂ ਕਿਹਾ ਸੀ, ‘ਮੈਂ ਪਰਮੇਸ਼ਰ ਦਾ ਪੁੱਤਰ ਹਾਂ’? 37ਜੇ ਮੈਂ ਆਪਣੇ ਪਿਤਾ ਦੇ ਕੰਮ ਨਹੀਂ ਕਰਦਾ ਤਾਂ ਮੇਰੇ 'ਤੇ ਵਿਸ਼ਵਾਸ ਨਾ ਕਰੋ। 38ਪਰ ਜੇ ਮੈਂ ਕਰਦਾ ਹਾਂ ਤਾਂ ਭਾਵੇਂ ਤੁਸੀਂ ਮੇਰੇ 'ਤੇ ਵਿਸ਼ਵਾਸ ਨਾ ਕਰੋ, ਪਰ ਕੰਮਾਂ 'ਤੇ ਵਿਸ਼ਵਾਸ ਕਰੋ ਤਾਂਕਿ ਤੁਸੀਂ ਜਾਣੋ ਅਤੇ ਸਮਝ ਲਵੋ ਕਿ ਪਿਤਾ ਮੇਰੇ ਵਿੱਚ ਅਤੇ ਮੈਂ ਪਿਤਾ ਵਿੱਚ ਹਾਂ।” 39ਤਦ ਉਨ੍ਹਾਂ ਨੇ ਉਸ ਨੂੰ ਫੇਰ ਫੜਨਾ ਚਾਹਿਆ, ਪਰ ਉਹ ਉਨ੍ਹਾਂ ਦੇ ਹੱਥੋਂ ਨਿੱਕਲ ਗਿਆ।
ਯਰਦਨ ਤੋਂ ਪਾਰ ਬਹੁਤਿਆਂ ਦਾ ਯਿਸੂ ਉੱਤੇ ਵਿਸ਼ਵਾਸ ਕਰਨਾ
40ਯਿਸੂ ਫੇਰ ਯਰਦਨ ਦੇ ਪਾਰ ਉਸ ਥਾਂ ਨੂੰ ਚਲਾ ਗਿਆ ਜਿੱਥੇ ਯੂਹੰਨਾ ਪਹਿਲਾਂ ਬਪਤਿਸਮਾ ਦਿੰਦਾ ਸੀ ਅਤੇ ਉੱਥੇ ਹੀ ਠਹਿਰਿਆ ਰਿਹਾ। 41ਬਹੁਤ ਸਾਰੇ ਲੋਕ ਉਸ ਦੇ ਕੋਲ ਆਏ। ਉਹ ਕਹਿੰਦੇ ਸਨ, “ਯੂਹੰਨਾ ਨੇ ਤਾਂ ਕੋਈ ਚਿੰਨ੍ਹ ਨਹੀਂ ਵਿਖਾਇਆ, ਪਰ ਜੋ ਕੁਝ ਯੂਹੰਨਾ ਨੇ ਇਸ ਦੇ ਵਿਖੇ ਕਿਹਾ ਉਹ ਸੱਚ ਸੀ।” 42ਸੋ ਉੱਥੇ ਬਹੁਤਿਆਂ ਨੇ ਉਸ ਉੱਤੇ ਵਿਸ਼ਵਾਸ ਕੀਤਾ।

Märk

Dela

Kopiera

None

Vill du ha dina höjdpunkter sparade på alla dina enheter? Registrera dig eller logga in