ਉਤਪਤ 3

3
ਆਦਮੀ ਦਾ ਆਤਮਿਕ ਡਿੱਗਣ
1ਸੱਪ ਸਭ ਜੰਗਲੀਂ ਜਾਨਵਰਾਂ ਨਾਲੋਂ ਜਿਨ੍ਹਾਂ ਨੂੰ ਯਹੋਵਾਹ ਪਰਮੇਸ਼ੁਰ ਨੇ ਬਣਾਇਆ ਸੀ ਚਾਤਰ ਸੀ ਅਤੇ ਉਸ ਨੇ ਉਸ ਤੀਵੀਂ ਨੂੰ ਆਖਿਆ, ਭਲਾ, ਪਰਮੇਸ਼ੁਰ ਨੇ ਸੱਚ ਮੁੱਚ ਆਖਿਆ ਹੈ ਕਿ ਬਾਗ ਦੇ ਕਿਸੇ ਬਿਰਛ ਤੋਂ ਤੁਸੀਂ ਨਾ ਖਾਓ? 2ਤੀਵੀਂ ਨੇ ਸੱਪ ਨੂੰ ਆਖਿਆ ਕਿ ਬਾਗ ਦੇ ਬਿਰਛਾਂ ਦੇ ਫਲੋਂ ਤਾਂ ਅਸੀਂ ਖਾਂਦੇ ਹਾਂ 3ਪਰ ਜਿਹੜਾ ਬਿਰਛ ਬਾਗ ਦੇ ਵਿਚਕਾਰ ਹੈ ਉਸ ਦੇ ਫਲ ਤੋਂ ਪਰਮੇਸ਼ੁਰ ਨੇ ਆਖਿਆ, ਤੁਸੀਂ ਨਾ ਖਾਓ ਨਾ ਉਹ ਨੂੰ ਹੱਥ ਲਾਓ ਅਜਿਹਾ ਨਾ ਹੋਵੇ ਕਿ ਤੁਸੀਂ ਮਰ ਜਾਓ 4ਪਰ ਸੱਪ ਨੇ ਤੀਵੀਂ ਨੂੰ ਆਖਿਆ ਕਿ ਤੁਸੀਂ ਕਦੀ ਨਾ ਮਰੋਗੇ 5ਸਗੋਂ ਪਰਮੇਸ਼ੁਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਤੋਂ ਖਾਓਗੇ ਤੁਹਾਡੀਆਂ ਅੱਖੀਆਂ ਖੁਲ੍ਹ ਜਾਣਗੀਆਂ ਅਤੇ ਤੁਸੀਂ ਪਰਮੇਸ਼ੁਰ ਵਾਂਙੁ ਭਲੇ ਬੁਰੇ ਦੀ ਸਿਆਣਵਾਲੇ ਹੋ ਜਾਓਗੇ 6ਜਾਂ ਤੀਵੀਂ ਨੇ ਵੇਖਿਆ ਕਿ ਉਹ ਬਿਰਛ ਖਾਣ ਲਈ ਚੰਗਾ ਹੈ ਅਤੇ ਅੱਖੀਆਂ ਨੂੰ ਭਾਉਂਦਾ ਹੈ ਅਤੇ ਉਹ ਬਿਰਛ ਬੁੱਧ ਦੇਣ ਲਈ ਲੋੜੀਂਦਾ ਹੈ ਤਾਂ ਉਸ ਨੇ ਉਹ ਦੇ ਫਲ ਤੋਂ ਲਿਆ ਤੇ ਆਪ ਖਾਧਾ ਨਾਲੇ ਆਪਣੇ ਪਤੀ ਨੂੰ ਵੀ ਦਿੱਤਾ ਅਤੇ ਉਸ ਨੇ ਖਾਧਾ 7ਤਦ ਦੋਹਾਂ ਦੀਆਂ ਅੱਖੀਆਂ ਖੁਲ੍ਹ ਗਈਆਂ ਅਤੇ ਉਨ੍ਹਾਂ ਨੇ ਜਾਣ ਲਿਆ ਭਈ ਅਸੀਂ ਨੰਗੇ ਹਾਂ ਸੋ ਉਨਾਂ ਨੇ ਫਗੂੜੀ ਦੇ ਪੱਤੇ ਸੀਉਂਕੇ ਆਪਣੇ ਲਈ ਤਹਿਮਦ ਬਣਾਏ 8ਤਾਂ ਉਨ੍ਹਾਂ ਨੇ ਯਹੋਵਾਹ ਪਰਮੇਸ਼ੁਰ ਦੀ ਅਵਾਜ਼ ਸੁਣੀ ਜਦ ਉਹ ਬਾਗ ਵਿੱਚ ਠੰਡੇ ਵੇਲੇ ਫਿਰਦਾ ਸੀ ਅਤੇ ਉਸ ਮਰਦ ਅਰ ਉਹ ਦੀ ਤੀਵੀਂ ਨੇ ਬਾਗ ਦੇ ਬਿਰਛਾਂ ਵਿਚਕਾਰ ਯਹੋਵਾਹ ਪਰਮੇਸ਼ੁਰ ਦੇ ਸਾਹਮਣਿਓਂ ਆਪਣੇ ਆਪ ਨੂੰ ਲੁਕਾਇਆ 9ਤਦ ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਪੁਕਾਰਕੇ ਆਖਿਆ ਕਿ ਤੂੰ ਕਿੱਥੇ ਹੈਂ? 10ਉਸ ਨੇ ਆਖਿਆ ਕਿ ਤੇਰੀ ਅਵਾਜ਼ ਬਾਗ ਵਿੱਚ ਸੁਣ ਕੇ ਮੈਂ ਡਰ ਗਿਆ ਕਿਉਂਜੋ ਮੈਂ ਨੰਗਾ ਹਾਂ ਸੋ ਮੈਂ ਆਪਣੇ ਆਪ ਨੂੰ ਲੁਕਾਇਆ 11ਤਾਂ ਉਸ ਨੇ ਆਖਿਆ, ਕਿਨ ਤੈਨੂੰ ਦੱਸਿਆ ਭਈ ਤੂੰ ਨੰਗਾ ਹੈ? ਜਿਸ ਬਿਰਛ ਤੋਂ ਮੈਂ ਤੈਨੂੰ ਹੁਕਮ ਦਿੱਤਾ ਕਿ ਉਸ ਤੋਂ ਨਾ ਖਾਈਂ ਕੀ ਤੂੰ ਉਸ ਤੋਂ ਖਾਧਾ? 12ਫੇਰ ਆਦਮੀ ਨੇ ਆਖਿਆ ਕਿ ਜਿਸ ਤੀਵੀਂ ਨੂੰ ਤੂੰ ਮੈਨੂੰ ਦਿੱਤਾ ਸੀ ਉਸ ਨੇ ਉਸ ਬਿਰਛ ਤੋਂ ਮੈਨੂੰ ਦਿੱਤਾ ਤੇ ਮੈਂ ਖਾਧਾ 13ਤਦ ਯਹੋਵਾਹ ਪਰਮੇਸ਼ੁਰ ਨੇ ਤੀਵੀਂ ਨੂੰ ਆਖਿਆ ਕਿ ਤੈਂ ਇਹ ਕੀ ਕੀਤਾ? ਤੀਵੀਂ ਨੇ ਆਖਿਆ ਕਿ ਸੱਪ ਨੇ ਮੈਨੂੰ ਭਰਮਾਇਆ ਤਾਂ ਮੈਂ ਖਾਧਾ 14ਫੇਰ ਯਹੋਵਾਹ ਪਰਮੇਸ਼ੁਰ ਨੇ ਸੱਪ ਨੂੰ ਆਖਿਆ ਭਈ ਏਸ ਲਈ ਕਿ ਤੂੰ ਇਹ ਕੀਤਾ ਤੂੰ ਸਾਰੇ ਡੰਗਰਾਂ ਨਾਲੋਂ ਅਤੇ ਸਾਰੇ ਜੰਗਲੀ ਜਾਨਵਰਾਂ ਨਾਲੋਂ ਸਰਾਪੀ ਹੈਂ। ਤੂੰ ਆਪਣੇ ਢਿੱਡ ਭਾਰ ਤੁਰੇਂਗਾ ਅਤੇ ਆਪਣੇ ਜੀਵਣ ਦੇ ਸਾਰੇ ਦਿਨ ਤੂੰ ਮਿੱਟੀ ਖਾਇਆ ਕਰੇਂਗਾ 15ਅਤੇ ਤੇਰੇ ਤੇ ਤੀਵੀਂ ਵਿੱਚ ਅਤੇ ਤੇਰੀ ਸੰਤਾਨ ਤੇ ਤੀਵੀਂ ਦੀ ਸੰਤਾਨ ਵਿੱਚ ਮੈਂ ਵੈਰ ਪਾਵਾਂਗਾ। ਉਹ ਤੇਰੇ ਸਿਰ ਨੂੰ ਫੇਵੇਗਾ ਅਤੇ ਤੂੰ ਉਹ ਦੀ ਅੱਡੀ ਨੂੰ ਡੰਗ ਮਾਰੇਂਗਾ।।
16ਉਸ ਨੇ ਤੀਵੀਂ ਨੂੰ ਆਖਿਆ ਕਿ ਮੈਂ ਤੇਰੇ ਗਰਭ ਦੀ ਪੀੜ ਬਹੁਤ ਵਧਾਵਾਂਗਾ। ਪੀੜ ਨਾਲ ਤੂੰ ਬੱਚੇ ਜਣੇਗੀ ਅਤੇ ਤੇਰੇ ਪਤੀ ਵੱਲ ਤੇਰੀ ਚਾਹ ਹੋਵੇਗੀ ਅਤੇ ਉਹ ਤੇਰੇ ਉੱਤੇ ਹੁਕਮ ਚਲਾਵੇਗਾ।।
17ਫੇਰ ਉਸ ਨੇ ਆਦਮੀ ਨੂੰ ਆਖਿਆ ਕਿ ਏਸ ਲਈ ਕਿ ਤੂੰ ਆਪਣੀ ਤੀਵੀਂ ਦੀ ਗੱਲ ਸੁਣੀ ਅਤੇ ਉਸ ਬਿਰਛ ਤੋਂ ਖਾਧਾ ਜਿਸ ਦੇ ਵਿਖੇ ਮੈਂ ਤੈਨੂੰ ਹੁਕਮ ਦਿੱਤਾ ਸੀ ਭਈ ਉਸ ਤੋਂ ਨਾ ਖਾਈਂ ਸੋ ਜ਼ਮੀਨ ਤੇਰੇ ਕਾਰਨ ਸਰਾਪਤ ਹੋਈ। ਤੂੰ ਆਪਣੇ ਜੀਵਣ ਦੇ ਸਾਰੇ ਦਿਨ ਉਸ ਤੋਂ ਦੁੱਖ ਨਾਲ ਖਾਵੇਂਗਾ 18ਉਹ ਕੰਡੇ ਅਰ ਕੰਡਿਆਲੇ ਤੇਰੇ ਲਈ ਉਗਾਵੇਗੀ ਅਤੇ ਤੂੰ ਪੈਲੀ ਦਾ ਸਾਗ ਪੱਤ ਖਾਵੇਂਗਾ 19ਤੂੰ ਆਪਣੇ ਮੂੰਹ ਦੇ ਮੁੜ੍ਹਕੇ ਨਾਲ ਰੋਟੀ ਖਾਵੇਂਗਾ ਜਦ ਤੀਕ ਤੂੰ ਮਿੱਟੀ ਵਿੱਚ ਫੇਰ ਨਾ ਮੁੜੇਂ ਕਿਉਂਜੋ ਤੂੰ ਉਸ ਤੋਂ ਕੱਢਿਆ ਗਿਆ ਸੀ। ਤੂੰ ਮਿੱਟੀ ਹੈਂ ਅਤੇ ਮਿੱਟੀ ਵਿੱਚ ਤੂੰ ਮੁੜ ਜਾਵੇਂਗਾ। 20ਆਦਮੀ ਨੇ ਆਪਣੀ ਤੀਵੀਂ ਦਾ ਨਾਉਂ ਹੱਵਾਹ#3:20 ਜੀਵਣ ਰੱਖਿਆ ਏਸ ਲਈ ਕਿ ਉਹ ਸਾਰੇ ਜੀਉਂਦਿਆਂ ਦੀ ਮਾਤਾ ਹੈ 21ਤਾਂ ਯਹੋਵਾਹ ਪਰਮੇਸ਼ੁਰ ਨੇ ਆਦਮੀ ਤੇ ਉਹ ਦੀ ਤੀਵੀਂ ਲਈ ਚਮੜੇ ਦੇ ਚੋਲੇ ਬਣਾਕੇ ਉਨ੍ਹਾਂ ਨੂੰ ਪਵਾਏ।।
22ਤਦ ਯਹੋਵਾਹ ਪਰਮੇਸ਼ੁਰ ਨੇ ਆਖਿਆ, ਵੇਖੋ ਆਦਮੀ ਭਲੇ ਬੁਰੇ ਦੀ ਸਿਆਣ ਵਿੱਚ ਸਾਡੇ ਵਿੱਚੋਂ ਇੱਕ ਵਰਗਾ ਹੋ ਗਿਆ ਅਤੇ ਹੁਣ ਅਜੇਹਾ ਨਾ ਹੋਵੇ ਕਿ ਉਹ ਆਪਣਾ ਹੱਥ ਵਧਾਕੇ ਜੀਵਣ ਦੇ ਬਿਰਛ ਤੋਂ ਵੀ ਲੈ ਕੇ ਖਾਵੇ ਅਤੇ ਸਦਾ ਜੀਉਂਦਾ ਰਹੇ 23ਸੋ ਯਹੋਵਾਹ ਪਰਮੇਸ਼ੁਰ ਨੇ ਉਹ ਨੂੰ ਅਦਨ ਦੇ ਬਾਗੋਂ ਕੱਢ ਦਿੱਤਾ ਤਾਂਜੋ ਉਹ ਉਸ ਜ਼ਮੀਨ ਨੂੰ ਵਾਹੇ ਜਿਸ ਤੋਂ ਉਹ ਕੱਢਿਆ ਗਿਆ ਸੀ 24ਸੋ ਉਸ ਨੇ ਆਦਮੀ ਨੂੰ ਕੱਢ ਦਿੱਤਾ ਅਤੇ ਉਸ ਨੇ ਅਦਨ ਦੇ ਬਾਗ ਦੇ ਚੜ੍ਹਦੇ ਪਾਸੇ ਦੂਤਾਂ#3:24 ਇਬਰਾਨੀ =ਕਰੂਬੀਮ ਨੂੰ ਅਤੇ ਚੌਪਾਸੇ ਘੁੰਮਣ ਵਾਲੇ ਖੰਡੇ ਦੀ ਲਸ਼ਕ ਨੂੰ ਰੱਖਿਆ ਤਾਂਜੋ ਉਹ ਜੀਵਣ ਦੇ ਬਿਰਛ ਦੇ ਰਾਹ ਦੀ ਰਾਖੀ ਕਰਨ।

Märk

Dela

Kopiera

None

Vill du ha dina höjdpunkter sparade på alla dina enheter? Registrera dig eller logga in