ਉਤਪਤ 18

18
ਯਹੋਵਾਹ ਦੇ ਦੂਤ ਅਰ ਅਬਰਾਹਾਮ
1ਫੇਰ ਯਹੋਵਾਹ ਨੇ ਉਹ ਨੂੰ ਮਮਰੇ ਦਿਆਂ ਬਲੂਤਾਂ ਵਿੱਚ ਦਰਸ਼ਨ ਦਿੱਤਾ ਜਾਂ ਉਹ ਆਪਣੇ ਤੰਬੂ ਦੇ ਬੂਹੇ ਵਿੱਚ ਦਿਨ ਦੀ ਧੁੱਪ ਦੇ ਵੇਲੇ ਬੈਠਾ ਹੋਇਆ ਸੀ 2ਉਸ ਨੇ ਆਪਣੀਆਂ ਅੱਖੀਆਂ ਚੁੱਕਕੇ ਨਿਗਾਹ ਮਾਰੀ ਅਰ ਵੇਖੋ ਤਿੰਨ ਮਨੁੱਖ ਉਹ ਦੇ ਸਾਹਮਣੇ ਖਲੋਤੇ ਸਨ ਅਤੇ ਉਨ੍ਹਾਂ ਨੂੰ ਵੇਖਦੇ ਹੀ ਉਹ ਉਨ੍ਹਾਂ ਦੇ ਮਿਲਣ ਲਈ ਤੰਬੂ ਦੇ ਬੂਹਿਓਂ ਨੱਸਿਆ ਅਤੇ ਧਰਤੀ ਤੀਕ ਝੁਕਿਆ 3ਉਸ ਨੇ ਆਖਿਆ, ਹੇ ਪ੍ਰਭੁ ਜੇ ਮੇਰੇ ਉੱਤੇ ਤੇਰੀ ਕਿਰਪਾ ਦੀ ਨਿਗਾਹ ਹੋਈ ਹੈ ਤਾਂ ਆਪਣੇ ਦਾਸ ਦੇ ਕੋਲੋਂ ਚੱਲਿਆ ਨਾ ਜਾਣਾ 4ਥੋਹੜਾ ਜਿਹਾ ਪਾਣੀ ਲਿਆਇਆ ਜਾਵੇ ਤਾਂਜੋ ਤੁਸੀਂ ਆਪਣੇ ਚਰਨ ਧੋਕੇ ਰੁੱਖ ਹੇਠ ਅਰਾਮ ਕਰੋ 5ਮੈਂ ਥੋਹੜੀ ਜਿਹੀ ਰੋਟੀ ਵੀ ਲਿਆਉਂਦਾ ਹਾਂ ਸੋ ਆਪਣੇ ਮਨਾਂ ਨੂੰ ਤਰਿਪਤ ਕਰੋ। ਫੇਰ ਤੁਸੀਂ ਅੱਗੇ ਲੰਘ ਜਾਇਓ ਕਿਉਂਕਿ ਏਸੇ ਲਈ ਤੁਸੀਂ ਆਪਣੇ ਦਾਸ ਕੋਲ ਆਏ ਹੋ। ਤਾਂ ਉਨ੍ਹਾਂ ਨੇ ਆਖਿਆ, ਓਵੇਂ ਹੀ ਕਰ ਜਿਵੇਂ ਤੂੰ ਬੋਲਿਆ 6ਤਦ ਅਬਰਾਹਾਮ ਨੇ ਸਾਰਾਹ ਕੋਲ ਤੰਬੂ ਵਿੱਚ ਛੇਤੀ ਜਾਕੇ ਆਖਿਆ, ਝੱਟ ਕਰ ਅਰ ਤਿੰਨ ਮਾਪ ਮੈਦਾ ਗੁੰਨ੍ਹਕੇ ਫੁਲਕੇ ਪਕਾ 7ਅਤੇ ਅਬਰਾਹਾਮ ਨੱਸਕੇ ਚੌਣੇ ਵਿੱਚ ਗਿਆ ਅਤੇ ਇੱਕ ਵੱਛਾ ਨਰਮ ਅਰ ਚੰਗਾ ਲੈਕੇ ਇੱਕ ਜੁਆਨ ਨੂੰ ਦਿੱਤਾ ਅਤੇ ਉਸ ਨੇ ਛੇਤੀ ਉਹ ਨੂੰ ਤਿਆਰ ਕੀਤਾ 8ਫੇਰ ਉਸ ਨੇ ਦਹੀ ਅਰ ਦੁੱਧ ਅਰ ਉਹ ਵੱਛਾ ਜਿਹ ਨੂੰ ਉਸ ਨੇ ਤਿਆਰ ਕਰਵਾਇਆ ਸੀ ਲੈਕੇ ਉਨ੍ਹਾਂ ਦੇ ਅੱਗੇ ਪਰੋਸ ਦਿੱਤਾ ਅਤੇ ਆਪ ਉਨ੍ਹਾਂ ਦੇ ਕੋਲ ਰੁੱਖ ਹੇਠ ਖੜਾ ਰਿਹਾ ਅਤੇ ਉਨ੍ਹਾਂ ਨੇ ਖਾਧਾ 9ਫੇਰ ਉਨ੍ਹਾਂ ਨੇ ਉਹ ਨੂੰ ਆਖਿਆ, ਸਾਰਾਹ ਤੇਰੀ ਪਤਨੀ ਕਿੱਥੇ ਹੈ? ਉਸ ਨੇ ਆਖਿਆ, ਵੇਖੋ ਤੰਬੂ ਵਿੱਚ ਹੈ 10ਤਾਂ ਓਸ ਨੇ ਆਖਿਆ, ਮੈਂ ਜ਼ਰੂਰ ਬਹਾਰ ਦੀ ਰੁੱਤੇ ਤੇਰੇ ਕੋਲ ਮੁੜ ਆਵਾਂਗਾ ਅਤੇ ਵੇਖ ਸਾਰਾਹ ਤੇਰੀ ਪਤਨੀ ਪੁੱਤ੍ਰ ਜਣੇਗੀ ਅਤੇ ਸਾਰਾਹ ਤੰਬੂ ਦੇ ਬੂਹੇ ਵਿੱਚ ਜਿਹੜਾ ਉਹ ਦੇ ਪਿੱਛੇ ਸੀ ਸੁਣ ਰਹੀ ਸੀ 11ਅਬਰਾਹਾਮ ਅਰ ਸਾਰਾਹ ਬੁੱਢੇ ਅਰ ਵੱਡੀ ਉਮਰ ਦੇ ਸਨ ਅਤੇ ਸਾਰਾਹ ਤੋਂ ਤੀਵੀਆਂ ਵਾਲੀ ਹਾਲਤ ਬੰਦ ਹੋ ਗਈ ਸੀ 12ਤਾਂ ਸਾਰਾਹ ਆਪਣੇ ਮਨ ਵਿੱਚ ਹੱਸੀ ਤੇ ਆਖਿਆ ਕਿ ਜਦੋਂ ਮੈਂ ਪੁਰਾਣੀ ਪੈ ਗਈ ਹਾਂ ਤਾਂ ਮੈਨੂੰ ਮਜ਼ਾ ਆਵੇਗਾ? ਨਾਲੇ ਮੇਰਾ ਸਵਾਮੀ ਵੀ ਬੁੱਢਾ ਹੈ 13ਤਾਂ ਯਹੋਵਾਹ ਨੇ ਅਬਰਾਹਾਮ ਨੂੰ ਆਖਿਆ ਕਿ ਸਾਰਾਹ ਕਿਉਂ ਇਹ ਆਖਕੇ ਹੱਸੀ ਭਈ ਜਦ ਮੈਂ ਬੁੱਢੀ ਹੋ ਗਈ ਕੀ ਮੈਂ ਸੱਚੀ ਮੁੱਚੀ ਪੁੱਤ੍ਰ ਜਣਾਂਗੀ? ਭਲਾ, ਕੋਈ ਗੱਲ ਯਹੋਵਾਹ ਲਈ ਔਖੀ ਹੈ? 14ਮਿਥੇ ਹੋਏ ਵੇਲੇ ਸਿਰ ਮੈਂ ਤੇਰੇ ਕੋਲ ਮੁੜ ਆਵਾਂਗਾ ਅਰ ਸਾਰਾਹ ਪੁੱਤ੍ਰ ਜਣੇਗੀ 15ਪਰ ਸਾਰਾਹ ਇਹ ਆਖਕੇ ਮੁੱਕਰ ਗਈ, ਕਿ ਮੈਂ ਨਹੀਂ ਹੱਸੀ ਕਿਉਂਜੋ ਉਹ ਡਰ ਗਈ ਪਰੰਤੂ ਉਸ ਨੇ ਆਖਿਆ, ਨਹੀਂ ਤੂੰ ਜ਼ਰੂਰ ਹੱਸੀ ਹੈਂ 16ਤਦ ਉਨ੍ਹਾਂ ਮਨੁੱਖਾਂ ਨੇ ਉੱਥੋਂ ਉੱਠਕੇ ਸਦੂਮ ਵੱਲ ਮੂੰਹ ਕੀਤਾ ਅਤੇ ਅਬਰਾਹਾਮ ਉਨ੍ਹਾਂ ਦੇ ਰਾਹੇ ਪਾਉਣ ਲਈ ਨਾਲ ਤੁਰ ਪਿਆ 17ਤਾਂ ਯਹੋਵਾਹ ਨੇ ਆਖਿਆ, ਮੈਂ ਅਬਰਾਹਾਮ ਤੋਂ ਉਹ ਜੋ ਮੈਂ ਕਰਨ ਨੂੰ ਹਾਂ ਕਿਉਂ ਲੁਕਾਵਾਂ? 18ਅਬਰਾਹਾਮ ਇੱਕ ਵੱਡੀ ਅਰ ਬਲਵੰਤ ਕੌਮ ਹੋਵੇਗਾ ਅਰ ਧਰਤੀ ਦੀਆੰ ਸਾਰੀਆਂ ਕੌਮਾਂ ਉਸ ਤੋਂ ਬਰਕਤ ਪਾਉਣਗੀਆਂ 19ਕਿਉਂਕਿ ਮੈਂ ਉਹ ਨੂੰ ਜਾਣ ਲਿਆ ਹੈ ਤਾਂਜੋ ਉਹ ਆਪਣੇ ਪੁੱਤ੍ਰਾਂ ਨੂੰ ਅਰ ਆਪਣੇ ਘਰਾਣੇ ਨੂੰ ਆਪਣੇ ਪਿੱਛੇ ਆਗਿਆ ਦੇਵੇ ਅਤੇ ਉਹ ਧਰਮ ਅਰ ਨਿਆਉਂ ਕਰਦੇ ਹੋਏ ਯਹੋਵਾਹ ਦੇ ਰਾਹ ਦੀ ਪਾਲਣਾ ਕਰਨ ਅਤੇ ਯਹੋਵਾਹ ਅਬਰਾਹਾਮ ਲਈ ਜੋ ਕੁਝ ਉਹ ਉਸ ਦੇ ਸੰਬੰਧ ਵਿੱਚ ਬੋਲਿਆ ਹੈ ਪੂਰਾ ਕਰੇ 20ਉਪਰੰਤ ਯਹੋਵਾਹ ਨੇ ਆਖਿਆ, ਸਦੂਮ ਅਰ ਅਮੂਰਾਹ ਦਾ ਰੌਲਾ ਬਹੁਤ ਵਧ ਗਿਆ ਹੈ ਅਰ ਉਨ੍ਹਾਂ ਦਾ ਪਾਪ ਵੀ ਬਹੁਤ ਭਾਰੀ ਹੈ 21ਤਾਂ ਮੈਂ ਉੱਤਰ ਕੇ ਵੇਖਾਂਗਾ ਕਿ ਉਨ੍ਹਾਂ ਨੇ ਉਸ ਰੌਲੇ ਅਨੁਸਾਰ ਜੋ ਮੇਰੇ ਕੋਲ ਆਇਆ ਹੈ ਸਭ ਕੁਝ ਕੀਤਾ ਹੈ ਅਰ ਜੇ ਨਹੀਂ ਤਾਂ ਮੈਂ ਜਣਾਂਗਾ 22ਤਾਂ ਓਹ ਮਨੁੱਖ ਉੱਥੋਂ ਮੁੜਕੇ ਸਦੂਮ ਵੱਲ ਤੁਰ ਪਏ ਪਰ ਅਬਰਾਹਾਮ ਅਜੇ ਤੀਕ ਯਹੋਵਾਹ ਦੇ ਸਨਮੁਖ ਖਲੋਤਾ ਰਿਹਾ।।
23ਤਾਂ ਅਬਰਾਹਾਮ ਨੇ ਨੇੜੇ ਹੋਕੇ ਆਖਿਆ, ਕੀ ਤੂੰ ਧਰਮੀ ਨੂੰ ਕੁਧਰਮੀ ਨਾਲ ਨਾਸ ਕਰੇਂਗਾ? 24ਸ਼ਾਇਤ ਉਸ ਨਗਰ ਵਿੱਚ ਪੰਜਾਹ ਧਰਮੀ ਹੋਣ। ਕੀ ਤੂੰ ਜ਼ਰੂਰ ਉਸ ਥਾਂ ਨੂੰ ਮਿਟਾ ਦੇਵੇਂਗਾ ਅਰ ਉਹ ਨੂੰ ਉਨ੍ਹਾਂ ਪੰਜਾਹਾਂ ਧਰਮੀਆਂ ਦੇ ਕਾਰਨ ਜੋ ਉਸ ਵਿੱਚ ਹਨ ਛੱਡ ਨਾ ਦੇਵੇਂਗਾ? 25ਐਉਂ ਕਰਨਾ ਅਰਥਾਤ ਧਰਮੀ ਨੂੰ ਕੁਧਰਮੀ ਨਾਲ ਮਾਰਨਾ ਤੈਥੋਂ ਦੂਰ ਹੋਵੇ ਤਾਂ ਧਰਮੀ ਕੁਧਰਮੀ ਦੇ ਤੁੱਲ ਹੋ ਜਾਵੇਗਾ। ਇਹ ਤੈਥੋਂ ਦੂਰ ਹੋਵੇ 26ਕੀ ਸਾਰੀ ਧਰਤੀ ਦਾ ਨਿਆਈ ਨਿਆਉਂ ਨਾ ਕਰੇਗਾ? ਤਾਂ ਯਹੋਵਾਹ ਨੇ ਆਖਿਆ, ਜੇ ਸਦੂਮ ਵਿੱਚ ਪੰਜਾਹ ਧਰਮੀ ਨਗਰ ਦੇ ਵਿਚਕਾਰ ਮੈਨੂੰ ਲੱਭਣ ਤਾਂ ਮੈਂ ਸਾਰੀ ਥਾਂ ਉਨ੍ਹਾਂ ਦੇ ਕਾਰਨ ਛੱਡ ਦਿਆਂਗਾ 27ਫੇਰ ਅਬਾਰਾਹਾਮ ਉੱਤਰ ਦੇਕੇ ਆਖਿਆ ਵੇਖ ਮੈਂ ਆਪਣੇ ਪ੍ਰਭੁ ਨਾਲ ਗੱਲ ਕਰਨ ਦਿਲੇਰੀ ਕੀਤੀ ਹੈ ਭਾਵੇਂ ਮੈਂ ਧੂੜ ਅਰ ਖੇਹ ਹੀ ਹਾਂ 28ਸ਼ਾਇਤ ਪੰਜਾਹ ਧਰਮੀਆਂ ਵਿੱਚੋਂ ਪੰਜ ਘੱਟ ਹੋਣ। ਕੀ ਉਨ੍ਹਾਂ ਪੰਜਾਂ ਦੇ ਕਾਰਨ ਤੂੰ ਸਾਰਾ ਨਗਰ ਨਸ਼ਟ ਕਰੇਂਗਾ? ਉਸ ਨੇ ਆਖਿਆ, ਜੇ ਉੱਥੇ ਮੈਨੂੰ ਪੈਂਤਾਲੀ ਲੱਭਣ ਮੈਂ ਉਸ ਨੂੰ ਨਸ਼ਟ ਨਹੀਂ ਕਰਾਂਗਾ 29ਫੇਰ ਉਸ ਨੇ ਇੱਕ ਵਾਰੀ ਹੋਰ ਉਹ ਦੇ ਨਾਲ ਗੱਲ ਕਰਕੇ ਆਖਿਆ, ਸ਼ਾਇਤ ਉੱਥੇ ਚਾਲੀ ਲੱਭਣ। ਉਸ ਨੇ ਆਖਿਆ, ਮੈਂ ਉਨ੍ਹਾਂ ਚਾਲੀਆਂ ਦੇ ਕਾਰਨ ਇਹ ਨਹੀਂ ਕਰਾਂਗਾ 30ਤਦ ਉਸ ਨੇ ਆਖਿਆ, ਪ੍ਰਭੁ ਕਰੋਧਵਾਨ ਨਾ ਹੋਵੇ ਤਾਂ ਮੈਂ ਗੱਲ ਕਰਾਂ। ਸ਼ਇਤ ਉੱਥੇ ਤੀਹ ਲੱਭਣ। ਉਸ ਨੇ ਆਖਿਆ, ਜੇ ਉੱਥੇ ਤੀਹ ਮੈਨੂੰ ਲੱਭਣ ਮੈਂ ਇਹ ਨਹੀਂ ਕਰਾਂਗਾ 31ਫੇਰ ਉਸ ਨੇ ਆਖਿਆ, ਵੇਖ ਮੈਂ ਪ੍ਰਭੁ ਨਾਲ ਗੱਲ ਕਰਨ ਦੀ ਦਿਲੇਰੀ ਕੀਤੀ ਹੈ । ਸ਼ਾਇਤ ਉੱਥੇ ਵੀਹ ਲੱਭਣ। ਉਸ ਨੇ ਆਖਿਆ, ਮੈਂ ਉਨ੍ਹਾਂ ਵੀਹਾਂ ਦੇ ਕਾਰਨ ਨਸ਼ਟ ਨਹੀਂ ਕਰਾਂਗਾ 32ਫੇਰ ਉਸ ਨੇ ਆਖਿਆ, ਪ੍ਰਭੁ ਕਰੋਧਵਾਨ ਨਾ ਹੋਵੇ ਤਾਂ ਮੈਂ ਇੱਕੋਈ ਵਾਰ ਫੇਰ ਗੱਲ ਕਰਾਂਗਾ। ਸ਼ਾਇਤ ਉੱਥੇ ਦਸ ਲੱਭਣ। ਤਾਂ ਉਸ ਨੇ ਆਖਿਆ, ਮੈਂ ਉਨ੍ਹਾਂ ਦਸਾਂ ਦੇ ਕਾਰਨ ਨਸ਼ਟ ਨਹੀਂ ਕਰਾਂਗਾ 33ਜਦ ਯਹੋਵਾਹ ਅਬਰਾਹਾਮ ਨਾਲ ਗੱਲਾਂ ਕਰ ਚੁੱਕਿਆ ਤਾਂ ਉਹ ਚੱਲਿਆ ਗਿਆ ਅਰ ਅਬਰਾਹਾਮ ਆਪਣੀ ਥਾਂ ਨੂੰ ਮੁੜ ਪਿਆ।।

Märk

Dela

Kopiera

None

Vill du ha dina höjdpunkter sparade på alla dina enheter? Registrera dig eller logga in