ਯੋਹਨ 1
1
ਸ਼ਬਦ ਦਾ ਸਰੀਰ ਧਾਰਨ ਕਰਨਾ
1ਸ਼ਰੂਆਤ ਵਿੱਚ ਸ਼ਬਦ ਸੀ ਅਤੇ ਸ਼ਬਦ ਪਰਮੇਸ਼ਵਰ ਦੇ ਨਾਲ ਸੀ ਅਤੇ ਸ਼ਬਦ ਹੀ ਪਰਮੇਸ਼ਵਰ ਸੀ। 2ਇਹੀ ਸ਼ਬਦ ਸ਼ਰੂਆਤ ਵਿੱਚ ਪਰਮੇਸ਼ਵਰ ਦੇ ਨਾਲ ਸੀ। 3ਸਾਰੀਆਂ ਚੀਜ਼ਾਂ ਉਸ ਦੇ ਦੁਆਰਾ ਬਣਾਈਆਂ ਗਈਆਂ ਉਸ ਦੇ ਬਿਨਾਂ ਕੁਝ ਵੀ ਨਹੀਂ ਬਣਿਆ। 4ਜੀਵਨ ਉਸੇ ਸ਼ਬਦ ਵਿੱਚ ਸੀ ਅਤੇ ਉਹ ਜੀਵਨ ਮਨੁੱਖ ਦੇ ਲਈ ਜੋਤੀ ਸੀ। 5ਉਹ ਜੋਤੀ ਹਨੇਰੇ ਵਿੱਚ ਚਮਕਦੀ ਹੈ, ਹਨੇਰਾ ਉਸ ਉੱਤੇ ਭਾਰੀ ਨਹੀਂ ਹੋ ਸਕਿਆ।
6ਪਰਮੇਸ਼ਵਰ ਨੇ ਯੋਹਨ ਨਾਮ ਦੇ ਇੱਕ ਵਿਅਕਤੀ ਨੂੰ ਭੇਜਿਆ। 7ਉਹ ਜੋਤੀ ਦੇ ਬਾਰੇ ਗਵਾਹੀ ਦੇਣ ਆਇਆ ਤਾਂ ਜੋ ਹਰ ਕੋਈ ਉਸ ਦੇ ਰਾਹੀਂ ਜੋਤੀ ਤੇ ਵਿਸ਼ਵਾਸ ਕਰਨ। 8ਯੋਹਨ ਆਪ ਜੋਤੀ ਤਾਂ ਨਹੀਂ ਸੀ ਪਰ ਉਹ ਜੋਤੀ ਦੀ ਗਵਾਹੀ ਦੇਣ ਆਇਆ ਸੀ।
9ਸੱਚੀ ਜੋਤੀ ਇਸ ਸੰਸਾਰ ਵਿੱਚ ਆਉਣ ਵਾਲੀ ਸੀ, ਜੋ ਹਰ ਇੱਕ ਵਿਅਕਤੀ ਨੂੰ ਰੋਸ਼ਨੀ ਦਿੰਦੀ ਹੈ। 10ਸ਼ਬਦ ਪਹਿਲਾਂ ਸੰਸਾਰ ਵਿੱਚ ਸੀ ਅਤੇ ਸ਼ਬਦ ਦੇ ਰਾਹੀਂ ਸੰਸਾਰ ਬਣਾਇਆ ਗਿਆ ਪਰ ਸੰਸਾਰ ਨੇ ਉਸ ਨੂੰ ਨਹੀਂ ਪਹਿਚਾਣਿਆ। 11ਉਹ ਆਪਣੇ ਲੋਕਾਂ ਕੋਲ ਆਇਆ ਪਰ ਲੋਕਾਂ ਨੇ ਉਸ ਨੂੰ ਕਬੂਲ ਨਹੀਂ ਕੀਤਾ। 12ਪਰ ਜਿੰਨ੍ਹਿਆਂ ਲੋਕਾਂ ਨੇ ਉਸ ਨੂੰ ਕਬੂਲ ਕੀਤਾ ਅਤੇ ਉਸ ਦੇ ਨਾਮ ਉੱਤੇ ਵਿਸ਼ਵਾਸ ਕੀਤਾ, ਉਹਨਾਂ ਸਾਰਿਆਂ ਨੂੰ ਉਸ ਨੇ ਪਰਮੇਸ਼ਵਰ ਦੀ ਔਲਾਦ ਹੋਣ ਦਾ ਹੱਕ ਦਿੱਤਾ; 13ਉਸ ਦਾ ਜਨਮ ਨਾ ਤਾਂ ਲਹੂ ਤੋਂ, ਨਾ ਸਰੀਰਕ ਇੱਛਾ ਤੋਂ ਅਤੇ ਨਾ ਹੀ ਮਨੁੱਖਾਂ ਦੀ ਇੱਛਾ ਤੋਂ, ਪਰ ਉਹ ਪਰਮੇਸ਼ਵਰ ਤੋਂ ਪੈਦਾ ਹੋਇਆ ਹੈ।
14ਸ਼ਬਦ ਨੇ ਸਰੀਰ ਧਾਰਨ ਕਰਕੇ ਸਾਡੇ ਵਿੱਚਕਾਰ ਤੰਬੂ ਦੇ ਸਮਾਨ ਵਾਸ ਕੀਤਾ ਅਤੇ ਅਸੀਂ ਉਸ ਦੇ ਪ੍ਰਤਾਪ ਨੂੰ ਵੇਖਿਆ, ਅਜਿਹਾ ਪ੍ਰਤਾਪ, ਜੋ ਪਿਤਾ ਦੇ ਇੱਕਲੌਤੇ ਪੁੱਤਰ ਦਾ ਹੈ, ਜੋ ਕਿਰਪਾ ਅਤੇ ਸੱਚਾਈ ਨਾਲ ਭਰਪੂਰ ਸੀ।
15ਯੋਹਨ ਨੇ ਉਸ ਦੇ ਬਾਰੇ ਵੇਖ ਕੇ ਗਵਾਹੀ ਦਿੱਤੀ ਅਤੇ ਉੱਚੀ ਆਵਾਜ਼ ਵਿੱਚ ਆਖਿਆ, “ਇਹ ਉਹੀ ਹੈ ਜਿਨ੍ਹਾਂ ਦੇ ਵਿਸ਼ੇ ਵਿੱਚ ਮੈਂ ਕਿਹਾ ਸੀ, ‘ਉਹ ਜੋ ਮੇਰੇ ਬਾਅਦ ਆ ਰਿਹਾ ਹੈ ਅਸਲ ਵਿੱਚ ਮੇਰੇ ਤੋਂ ਮਹਾਨ ਹਨ ਕਿਉਂਕਿ ਉਹ ਮੇਰੇ ਤੋਂ ਪਹਿਲਾਂ ਮੌਜੂਦ ਸੀ।’ ” 16ਉਸ ਦੀ ਭਰਪੂਰੀ ਦੇ ਕਾਰਨ ਅਸੀਂ ਸਾਰਿਆਂ ਨੇ ਕਿਰਪਾ ਤੇ ਕਿਰਪਾ ਪਾਈ ਹੈ। 17ਬਿਵਸਥਾ ਮੋਸ਼ੇਹ ਦੇ ਦੁਆਰਾ ਦਿੱਤੀ ਗਈ ਸੀ ਪਰ ਕਿਰਪਾ ਅਤੇ ਸੱਚਾਈ ਯਿਸ਼ੂ ਮਸੀਹ ਦੇ ਦੁਆਰਾ ਆਈ। 18ਪਰਮੇਸ਼ਵਰ ਦੇ ਪੁੱਤਰ ਤੋਂ ਇਲਾਵਾ ਪਰਮੇਸ਼ਵਰ ਨੂੰ ਕਿਸੇ ਨੇ ਕਦੀ ਨਹੀਂ ਵੇਖਿਆ, ਉਹ ਪੁੱਤਰ ਪਿਤਾ ਵੱਲੋਂ ਹੈ, ਉਹਨਾਂ ਨੇ ਸਾਨੂੰ ਪਰਮੇਸ਼ਵਰ ਨਾਲ ਜਾਣੂ ਕਰਾਇਆ।
ਪਹਿਲਾਂ ਪਸਾਹ ਦਾ ਤਿਉਹਾਰ, ਬਪਤਿਸਮਾ ਦੇਣ ਵਾਲੇ ਯੋਹਨ ਦਾ ਜੀਵਨ
19ਯੋਹਨ ਦੀ ਗਵਾਹੀ ਇਸ ਤਰ੍ਹਾਂ ਹੈ ਕਿ ਜਦੋਂ ਯਹੂਦੀ ਆਗੂਆਂ ਨੇ ਯੇਰੂਸ਼ਲੇਮ ਦੇ ਕੁਝ ਜਾਜਕਾਂ ਅਤੇ ਲੇਵੀਆਂ ਨੂੰ ਯੋਹਨ ਕੋਲ ਇਹ ਪੁੱਛਣ ਲਈ ਭੇਜਿਆ, “ਤੁਸੀਂ ਕੌਣ ਹੋ?” 20ਤਾਂ ਯੋਹਨ ਨੇ ਸਾਫ਼ ਸ਼ਬਦਾਂ ਵਿੱਚ ਆਖਿਆ, “ਮੈਂ ਮਸੀਹ ਨਹੀਂ ਹਾਂ।”
21ਤਦ ਯਹੂਦੀ ਆਗੂਆਂ ਨੇ ਯੋਹਨ ਤੋਂ ਦੁਬਾਰਾ ਪੁੱਛਿਆ, “ਤਾਂ ਤੁਸੀਂ ਕੌਣ ਹੋ? ਕੀ ਤੁਸੀਂ ਏਲੀਯਾਹ ਹੋ?”
ਯੋਹਨ ਨੇ ਜਵਾਬ ਦਿੱਤਾ, “ਨਹੀਂ।”
ਤਦ ਉਹਨਾਂ ਨੇ ਪੁੱਛਿਆ, “ਕੀ ਤੁਸੀਂ ਨਬੀ ਹੋ?”
ਯੋਹਨ ਨੇ ਜਵਾਬ ਦਿੱਤਾ, “ਨਹੀਂ।”
22ਅਖੀਰ ਵਿੱਚ ਉਹਨਾਂ ਨੇ ਪੁੱਛਿਆ, “ਤਾਂ ਸਾਨੂੰ ਦੱਸੋ ਕੀ ਤੁਸੀਂ ਕੌਣ ਹੋ? ਤੁਸੀਂ ਆਪਣੇ ਬਾਰੇ ਵਿੱਚ ਕੀ ਕਹਿੰਦੇ ਹੋ ਤਾਂ ਕੀ ਅਸੀਂ ਉਹਨਾਂ ਨੂੰ ਦੱਸ ਸਕੀਏ, ਜਿਨ੍ਹਾਂ ਨੇ ਸਾਨੂੰ ਭੇਜਿਆ ਹੈ?”
23ਯੋਹਨ ਨੇ ਯਸ਼ਾਯਾਹ ਨਬੀ ਦੀ ਲਿਖਤ ਵਿੱਚੋਂ ਜਵਾਬ ਦਿੱਤਾ, “ਮੈਂ ਉਜਾੜ ਵਿੱਚ ਇੱਕ ਪੁਕਾਰਨ ਵਾਲੇ ਦੀ ਆਵਾਜ਼ ਹਾਂ, ‘ਪ੍ਰਭੂ ਲਈ ਰਸਤਾ ਸਿੱਧਾ ਬਣਾਓ।’ ”#1:23 ਯਸ਼ਾ 40:3
24ਉਹ ਫ਼ਰੀਸੀ#1:24 ਫ਼ਰੀਸੀ ਯਹੂਦੀਆਂ ਦਾ ਇੱਕ ਸਮੂਹ ਸੀ, ਜੋ ਕਾਨੂੰਨ ਬਿਵਸਥਾ ਦੀ ਸਖ਼ਤ ਪਾਲਣਾ ਕਰਨ ਵਿੱਚ ਵਿਸ਼ਵਾਸ ਰੱਖਦਾ ਸੀ ਜੋ ਭੇਜੇ ਗਏ ਸਨ। 25ਉਹਨਾਂ ਨੇ ਯੋਹਨ ਨੂੰ ਪ੍ਰਸ਼ਨ ਕੀਤਾ, “ਜੇ ਤੁਸੀਂ ਨਾ ਤਾਂ ਮਸੀਹ ਹੋ, ਤੇ ਨਾ ਹੀ ਏਲੀਯਾਹ ਅਤੇ ਨਾ ਹੀ ਨਬੀ ਹੋ, ਤਾਂ ਤੁਸੀਂ ਬਪਤਿਸਮਾ ਕਿਉਂ ਦਿੰਦੇ ਹੋ?”
26ਯੋਹਨ ਨੇ ਉਹਨਾਂ ਨੂੰ ਜਵਾਬ ਦਿੱਤਾ, “ਮੈਂ ਤਾਂ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ, ਪਰ ਤੁਹਾਡੇ ਵਿੱਚਕਾਰ ਇੱਕ ਅਜਿਹੇ ਖੜ੍ਹਾ ਹੈ, ਜਿਸ ਨੂੰ ਤੁਸੀਂ ਨਹੀਂ ਜਾਣਦੇ। 27ਇਹ ਉਹੀ ਹੈ ਜੋ ਮੇਰੇ ਤੋਂ ਬਾਅਦ ਆ ਰਿਹਾ ਹੈ, ਮੈਂ ਉਸ ਦੀ ਜੁੱਤੀ ਦਾ ਤਸਮਾ ਖੋਲ੍ਹਣ ਦੇ ਯੋਗ ਵੀ ਨਹੀਂ ਹਾਂ।”
28ਇਹ ਸਭ ਗੱਲਾਂ ਬੈਥਨੀਆ ਦੇ ਪਿੰਡ ਵਿੱਚ ਹੋਈਆਂ, ਜੋ ਯਰਦਨ ਨਦੀ ਦੇ ਪਾਰ ਸੀ ਜਿਸ ਵਿੱਚ ਯੋਹਨ ਬਪਤਿਸਮਾ ਦਿੰਦਾ ਸੀ।
ਯੋਹਨ ਦੁਆਰਾ ਯਿਸ਼ੂ ਦੇ ਮਸੀਹ ਹੋਣ ਦੀ ਗਵਾਹੀ
29ਅਗਲੇ ਦਿਨ ਯੋਹਨ ਨੇ ਯਿਸ਼ੂ ਨੂੰ ਆਪਣੇ ਵੱਲ ਆਉਂਦੇ ਹੋਏ ਵੇਖ ਕੇ ਭੀੜ ਨੂੰ ਕਿਹਾ, “ਉਹ ਵੇਖੋ! ਪਰਮੇਸ਼ਵਰ ਦਾ ਮੇਮਣਾ, ਜੋ ਸੰਸਾਰ ਦੇ ਪਾਪਾਂ ਨੂੰ ਚੁੱਕਣ ਵਾਲਾ ਹੈ! 30ਇਹ ਉਹੀ ਹਨ, ਜਿਨ੍ਹਾਂ ਦੇ ਵਿਸ਼ੇ ਵਿੱਚ ਮੈਂ ਕਿਹਾ ਸੀ, ‘ਮੇਰੇ ਤੋਂ ਬਾਅਦ ਉਹ ਆ ਰਹੇ ਹਨ, ਜੋ ਮੇਰੇ ਤੋਂ ਮਹਾਨ ਹਨ ਕਿਉਂਕਿ ਉਹ ਮੇਰੇ ਤੋਂ ਪਹਿਲਾਂ ਮੌਜੂਦ ਸਨ।’ 31ਮੈਂ ਵੀ ਉਹਨਾਂ ਨੂੰ ਨਹੀਂ ਜਾਣਦਾ ਸੀ, ਮੈਂ ਪਾਣੀ ਵਿੱਚ ਬਪਤਿਸਮਾ ਦਿੰਦਾ ਹੋਇਆ ਇਸ ਲਈ ਆਇਆ ਕਿ ਉਹ ਇਸਰਾਏਲ ਉੱਤੇ ਪ੍ਰਗਟ ਹੋਣ।”
32ਇਸ ਦੇ ਇਲਾਵਾ ਯੋਹਨ ਨੇ ਇਹ ਗਵਾਹੀ ਵੀ ਦਿੱਤੀ, “ਮੈਂ ਸਵਰਗ ਤੋਂ ਪਵਿੱਤਰ ਆਤਮਾ ਨੂੰ ਕਬੂਤਰ ਦੇ ਸਮਾਨ ਉੱਤਰਦਾ ਅਤੇ ਉਸ ਦੇ ਉੱਤੇ ਠਹਿਰਦਾ ਹੋਇਆ ਵੇਖਿਆ। 33ਮੈਂ ਉਹਨਾਂ ਨੂੰ ਨਹੀਂ ਜਾਣਦਾ ਸੀ ਪਰ ਪਰਮੇਸ਼ਵਰ, ਜਿਨ੍ਹਾਂ ਨੇ ਮੈਨੂੰ ਪਾਣੀ ਨਾਲ ਬਪਤਿਸਮਾ ਦੇਣ ਲਈ ਭੇਜਿਆ, ਉਹਨਾਂ ਨੇ ਮੈਨੂੰ ਦੱਸਿਆ, ‘ਜਿਸ ਉੱਤੇ ਤੂੰ ਆਤਮਾ ਨੂੰ ਉੱਤਰਦੇ ਅਤੇ ਠਹਿਰਦੇ ਹੋਏ ਦੇਖੇਗਾ ਉਹੀ ਪਵਿੱਤਰ ਆਤਮਾ ਨਾਲ ਬਪਤਿਸਮਾ ਦੇਵੇਗਾ।’ 34ਆਪ ਮੈਂ ਇਹ ਵੇਖਿਆ ਅਤੇ ਮੈਂ ਇਸਦਾ ਗਵਾਹ ਹਾਂ ਕਿ ਇਹੀ ਪਰਮੇਸ਼ਵਰ ਦਾ ਪੁੱਤਰ ਹੈ।”#1:34 ਯਸ਼ਾ 42:1
ਯੋਹਨ ਦੇ ਚੇਲਿਆਂ ਦਾ ਯਿਸ਼ੂ ਦੇ ਪਿੱਛੇ ਚੱਲਣਾ
35ਅਗਲੇ ਦਿਨ ਜਦੋਂ ਯੋਹਨ ਆਪਣੇ ਦੋ ਚੇਲਿਆਂ ਦੇ ਨਾਲ ਖੜ੍ਹੇ ਸੀ, 36ਉਹਨਾਂ ਨੇ ਯਿਸ਼ੂ ਨੂੰ ਜਾਂਦੇ ਹੋਏ ਵੇਖ ਕੇ ਕਿਹਾ, “ਉਹ ਵੇਖੋ! ਪਰਮੇਸ਼ਵਰ ਦਾ ਮੇਮਣਾ!”
37ਇਹ ਗੱਲ ਸੁਣ ਕੇ ਦੋਵੇਂ ਚੇਲੇ ਯਿਸ਼ੂ ਦੇ ਮਗਰ ਤੁਰ ਪਏ। 38ਯਿਸ਼ੂ ਨੇ ਉਹਨਾਂ ਨੂੰ ਆਪਣੇ ਮਗਰ ਆਉਂਦੇ ਵੇਖ ਕੇ ਪੁੱਛਿਆ, “ਤੁਸੀਂ ਕੀ ਚਾਹੁੰਦੇ ਹੋ?”
ਉਹਨਾਂ ਨੇ ਕਿਹਾ, “ਹੇ ਰੱਬੀ (ਅਰਥਾਤ ਹੇ ਗੁਰੂ), ਤੁਸੀਂ ਕਿੱਥੇ ਰਹਿੰਦੇ ਹੋ?”
39ਯਿਸ਼ੂ ਨੇ ਉਹਨਾਂ ਨੂੰ ਕਿਹਾ, “ਆਓ ਅਤੇ ਵੇਖ ਲਓ।”
ਇਸ ਲਈ ਚੇਲਿਆਂ ਨੇ ਜਾ ਕੇ ਮਸੀਹ ਯਿਸ਼ੂ ਦਾ ਘਰ ਵੇਖਿਆ ਅਤੇ ਉਹ ਪੂਰਾ ਦਿਨ ਉਹਨਾਂ ਦੇ ਨਾਲ ਰਹੇ। ਉਸ ਵੇਲੇ ਲਗਭਗ ਦੁਪਹਿਰ ਦੇ ਚਾਰ ਵਜੇ ਸਨ।
40ਦੋ ਚੇਲੇ ਜਿਹੜੇ ਯੋਹਨ ਦੀ ਗੱਲ ਸੁਣ ਕੇ ਯਿਸ਼ੂ ਦੇ ਪਿੱਛੇ ਚੱਲ ਪਏ ਸਨ। ਉਹਨਾਂ ਵਿੱਚੋਂ ਇੱਕ ਸ਼ਿਮਓਨ ਪਤਰਸ ਦਾ ਭਰਾ ਆਂਦਰੇਯਾਸ ਸੀ। 41ਆਂਦਰੇਯਾਸ ਨੇ ਸਭ ਤੋਂ ਪਹਿਲਾਂ ਆਪਣੇ ਭਰਾ ਸ਼ਿਮਓਨ ਨੂੰ ਲੱਭਿਆ ਅਤੇ ਉਸ ਨੂੰ ਦੱਸਿਆ, “ਕਿ ਸਾਨੂੰ ਮਸੀਹ, ਜੋ ਕਿ ਪਰਮੇਸ਼ਵਰ ਦੇ ਅਭਿਸ਼ਿਕਤ ਹੈ ਉਹ ਮਿਲ ਗਏ ਹਨ।” 42ਤਦ ਆਂਦਰੇਯਾਸ ਉਹਨਾਂ ਨੂੰ ਮਸੀਹ ਯਿਸ਼ੂ ਦੇ ਕੋਲ ਲਿਆਇਆ।
ਮਸੀਹ ਯਿਸ਼ੂ ਨੇ ਸ਼ਿਮਓਨ ਦੇ ਵੱਲ ਵੇਖ ਕੇ ਕਿਹਾ, “ਤੂੰ ਯੋਹਨ ਦਾ ਪੁੱਤਰ ਸ਼ਿਮਓਨ ਹੈ, ਤੂੰ ਕੈਫ਼ਾਸ ਅਰਥਾਤ ਪਤਰਸ ਅਖਵਾਏਂਗਾ।”
ਫਿਲਿੱਪਾਸ ਅਤੇ ਨਾਥਾਨਇਲ ਦਾ ਬੁਲਾਇਆ ਜਾਣਾ
43ਅਗਲੇ ਦਿਨ ਗਲੀਲ ਦੇ ਸੂਬੇ ਨੂੰ ਜਾਂਦੇ ਹੋਏ ਯਿਸ਼ੂ ਦੀ ਮੁਲਾਕਾਤ ਫਿਲਿੱਪਾਸ ਨਾਲ ਹੋਈ। ਯਿਸ਼ੂ ਨੇ ਫਿਲਿੱਪਾਸ ਨੂੰ ਕਿਹਾ, “ਤੂੰ ਮੇਰੇ ਪਿੱਛੇ ਚੱਲ।”
44ਫਿਲਿੱਪਾਸ ਬੈਥਸੈਦਾ ਸ਼ਹਿਰ ਦਾ ਸੀ, ਜੋ ਆਂਦਰੇਯਾਸ ਅਤੇ ਪਤਰਸ ਦਾ ਨਗਰ ਵੀ ਸੀ। 45ਫਿਲਿੱਪਾਸ ਨੇ ਨਾਥਾਨਇਲ ਨੂੰ ਲੱਭ ਕੇ ਉਸ ਨੂੰ ਕਿਹਾ, “ਜਿਨ੍ਹਾਂ ਦਾ ਜ਼ਿਕਰ ਬਿਵਸਥਾ ਵਿੱਚ ਮੋਸ਼ੇਹ ਅਤੇ ਨਬੀਆਂ ਨੇ ਕੀਤਾ ਹੈ, ਉਹ ਸਾਨੂੰ ਮਿਲ ਗਏ ਹਨ, ਉਹ ਨਾਜ਼ਰੇਥ ਦੇ ਨਿਵਾਸੀ ਯੋਸੇਫ਼ ਦੇ ਪੁੱਤਰ ਯਿਸ਼ੂ ਹਨ।”
46ਇਹ ਸੁਣ ਨਾਥਾਨਇਲ ਨੇ ਤੁਰੰਤ ਉਹਨਾਂ ਨੂੰ ਪੁੱਛਿਆ, “ਕੀ ਨਾਜ਼ਰੇਥ ਵਿੱਚੋਂ ਵੀ ਕੁਝ ਚੰਗਾ ਨਿਕਲ ਸਕਦਾ ਹੈ?”
ਫਿਲਿੱਪਾਸ ਨੇ ਜਵਾਬ ਦਿੱਤਾ। “ਆ ਤੇ ਵੇਖ।”
47ਯਿਸ਼ੂ ਨੇ ਨਾਥਾਨਇਲ ਨੂੰ ਆਪਣੀ ਵੱਲ ਆਉਂਦੇ ਵੇਖ ਉਸ ਦੇ ਵਿਸ਼ੇ ਵਿੱਚ ਕਿਹਾ, “ਵੇਖੋ! ਇਹ ਇੱਕ ਸੱਚਾ ਇਸਰਾਏਲੀ ਹੈ, ਜਿਸ ਵਿੱਚ ਕੋਈ ਬੇਈਮਾਨੀ ਨਹੀਂ ਹੈ।”
48ਨਾਥਾਨਇਲ ਨੇ ਯਿਸ਼ੂ ਨੂੰ ਪੁੱਛਿਆ, “ਤੁਸੀਂ ਮੈਨੂੰ ਕਿਵੇਂ ਜਾਣਦੇ ਹੋ?”
ਯਿਸ਼ੂ ਨੇ ਉਸ ਨੂੰ ਜਵਾਬ ਦਿੱਤਾ, “ਇਸ ਤੋਂ ਪਹਿਲਾਂ ਕਿ ਫਿਲਿੱਪਾਸ ਨੇ ਤੈਨੂੰ ਬੁਲਾਇਆ, ਮੈਂ ਤੈਨੂੰ ਹੰਜ਼ੀਰ ਦੇ ਰੁੱਖ ਦੇ ਹੇਠਾਂ ਵੇਖਿਆ ਸੀ।”
49ਨਾਥਾਨਇਲ ਨੇ ਕਿਹਾ, “ਰੱਬੀ,#1:49 ਰੱਬੀ ਮਤਲਬ ਗੁਰੂ ਜੀ ਤੁਸੀਂ ਪਰਮੇਸ਼ਵਰ ਦੇ ਪੁੱਤਰ ਹੋ! ਤੁਸੀਂ ਇਸਰਾਏਲ ਦੇ ਰਾਜੇ ਹੋ!”
50ਤਦ ਯਿਸ਼ੂ ਨੇ ਉਸ ਨੂੰ ਕਿਹਾ, “ਤੂੰ ਵਿਸ਼ਵਾਸ ਇਸ ਲਈ ਕਰਦਾ ਹੈ ਕਿਉਂਕਿ ਮੈਂ ਤੈਨੂੰ ਇਹ ਕਿਹਾ ਕਿ ਮੈਂ ਤੈਨੂੰ ਹੰਜ਼ੀਰ ਦੇ ਰੁੱਖ ਦੇ ਹੇਠਾਂ ਵੇਖਿਆ। ਤੂੰ ਇਸ ਤੋਂ ਵੀ ਜ਼ਿਆਦਾ ਵੱਡੇ-ਵੱਡੇ ਕੰਮ ਦੇਖੇਗਾ।” 51ਤਦ ਯਿਸ਼ੂ ਨੇ ਇਹ ਵੀ ਕਿਹਾ, “ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ: ਤੁਸੀਂ ਸਵਰਗ ਨੂੰ ਖੁੱਲ੍ਹਾ ਹੋਇਆ ਅਤੇ ਪਰਮੇਸ਼ਵਰ ਦੇ ਸਵਰਗਦੂਤਾਂ ਨੂੰ ਮਨੁੱਖ ਦੇ ਪੁੱਤਰ#1:51 ਮਨੁੱਖ ਦੇ ਪੁੱਤਰ ਦਾ ਅਰਥ ਹੈ ਪ੍ਰਭੂ ਯਿਸ਼ੂ ਦਾ ਆਪਣੇ ਆਪ ਨੂੰ ਸੰਬੋਧਤ ਕਰਨ ਦਾ ਤਰੀਕਾ ਦੇ ਲਈ ਹੇਠਾਂ ਆਉਂਦੇ ਅਤੇ ਉੱਤੇ ਜਾਂਦੇ ਹੋਏ ਦੇਖੋਗੇ।”
Aktualisht i përzgjedhur:
ਯੋਹਨ 1: PMT
Thekso
Ndaje
Copy
A doni që theksimet tuaja të jenë të ruajtura në të gjitha pajisjet që keni? Regjistrohu ose hyr
ਨਵਾਂ ਨੇਮ, ਪੰਜਾਬੀ ਮੌਜੂਦਾ ਤਰਜਮਾ™
ਕਾਪੀਰਾਈਟ ਅਧਿਕਾਰ © 2022 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ।
ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
New Testament, Punjabi Contemporary Version™
Copyright © 2022 by Biblica, Inc.
Used with permission. All rights reserved worldwide.