ਲੂਕਾ 22
22
ਪ੍ਰਭੁ ਦਾ ਫੜਿਆ ਜਾਣਾ ਤੇ ਪੇਸ਼ੀ
1ਪਤੀਰੀ ਰੋਟੀ ਤਾ ਤਿਉਹਾਰ ਜਿਹ ਨੂੰ ਪਸਾਹ ਕਹਿੰਦੇ ਹਨ ਨੇੜੇ ਆ ਪੁੱਜਿਆ 2ਅਰ ਪਰਧਾਨ ਜਾਜਕ ਅਤੇ ਗ੍ਰੰਥੀ ਇਸ ਗੱਲ ਦੇ ਪਿੱਛੇ ਲੱਗੇ ਭਈ ਉਹ ਨੂੰ ਕਿੱਕੁਰ ਜਾਨੋਂ ਮਾਰੀਏ? ਕਿਉਂ ਜੋ ਓਹ ਲੋਕਾਂ ਤੋਂ ਡਰਦੇ ਸਨ।।
3ਤਦ ਸ਼ਤਾਨ ਯਹੂਦਾ ਵਿੱਚ ਸਮਾਇਆ ਜਿਹੜਾ ਇਸਕਰਿਯੋਤੀ ਕਰਕੇ ਆਖੀਦਾ ਹੈ ਅਤੇ ਉਹ ਉਨ੍ਹਾਂ ਬਾਰਾਂ ਦੀ ਗਿਣਤੀ ਵਿੱਚ ਸੀ 4ਅਰ ਉਸ ਨੇ ਜਾ ਕੇ ਪਰਧਾਨ ਜਾਜਕਾਂ ਅਤੇ ਸਰਦਾਰਾ ਦੇ ਨਾਲ ਮਤਾ ਪਕਾਇਆ ਜੋ ਉਹ ਨੂੰ ਉਨ੍ਹਾਂ ਦੇ ਹੱਥ ਕਿਸ ਬਿੱਧ ਫੜਵਾ ਦੇਵੇ 5ਓਹ ਬਹੁਤ ਖੁਸ਼ ਹੋਏ ਅਤੇ ਰੁਪਏ ਦੇਣ ਦਾ ਉਸ ਨਾਲ ਕਰਾਰ ਕੀਤਾ 6ਉਸ ਨੇ ਮੰਨ ਲਿਆ ਅਰ ਦਾਉ ਲੱਭਦਾ ਸੀ ਭਈ ਉਹ ਨੂੰ ਭੀੜ ਦੇ ਨਾ ਹੁੰਦਿਆਂ ਉਨ੍ਹਾਂ ਦੇ ਹੱਥ ਫੜਵਾਏ।।
7ਪਤੀਰੀ ਰੋਟੀ ਦਾ ਦਿਨ ਆਇਆ ਜਿਸ ਵਿੱਚ ਪਸਾਹ ਦੇ ਲਈ ਬਲੀਦਾਨ ਕਰਨਾ ਸੀ 8ਅਤੇ ਉਸ ਨੇ ਪਤਰਸ ਅਤੇ ਯੂਹੰਨਾ ਨੂੰ ਇਹ ਕਹਿ ਕੇ ਘੱਲਿਆ ਭਈ ਜਾ ਕੇ ਸਾਡੇ ਲਈ ਪਸਾਹ ਤਿਆਰ ਕਰੋ ਤਾਂ ਅਸੀਂ ਖਾਈਏ 9ਉਨ੍ਹਾਂ ਉਸ ਨੂੰ ਆਖਿਆ, ਤੂੰ ਕਿੱਥੇ ਚਾਹੁੰਦਾ ਹੈਂ ਜੋ ਅਸੀਂ ਤਿਆਰ ਕਰੀਏ? 10ਉਸ ਨੇ ਉਨ੍ਹਾਂ ਨੂੰ ਆਖਿਆ, ਵੇਖੋ ਜਾਂ ਤੁਸੀਂ ਸ਼ਹਿਰ ਵਿੱਚ ਵੜੋਗੇ ਤਾਂ ਇੱਕ ਮਨੁੱਖ ਪਾਣੀ ਦਾ ਘੜਾ ਚੁੱਕਿਆ ਤੁਹਾਨੂੰ ਮਿਲੇਗਾ। ਉਹ ਜਿਸ ਘਰ ਵਿੱਚ ਜਾਵੇ ਉਹ ਦੇ ਮਗਰ ਜਾਇਓ 11ਅਤੇ ਘਰ ਦੇ ਮਾਲਕ ਨੂੰ ਕਹਿਓ ਭਈ ਗੁਰੂ ਜੀ ਤੈਨੂੰ ਆਖਦਾ ਹੈ, ਉਹ ਉਤਾਰੇ ਦਾ ਥਾਂ ਕਿੱਥੇ ਹੈ ਜਿੱਥੇ ਮੈਂ ਆਪਣੇ ਚੇਲਿਆਂ ਸਣੇ ਪਸਾਹ ਖਾਵਾਂ? 12ਉਹ ਤੁਹਾਨੂੰ ਇੱਕ ਵੱਡਾ ਚੁਬਾਰਾ ਫ਼ਰਸ਼ ਵਿਛਿਆ ਹੋਇਆ ਵਿਖਾਵੇਗਾ। ਉੱਥੇ ਤਿਆਰ ਕਰੋ 13ਸੋ ਉਨ੍ਹਾਂ ਜਾ ਕੇ ਜਿਹੋ ਜਿਹਾ ਉਸ ਨੇ ਉਨ੍ਹਾਂ ਨੂੰ ਦੱਸਿਆ ਸੀ ਤਿਹੋ ਜਿਹਾ ਡਿੱਠਾ ਅਤੇ ਪਸਾਹ ਤਿਆਰ ਕੀਤੀ ।।
14ਜਾਂ ਘੜੀ ਆ ਪਹੁੰਚੀ ਤਾਂ ਉਹ ਖਾਣ ਬੈਠਾ ਅਤੇ ਰਸੂਲ ਉਹ ਦੇ ਨਾਲ ਬੈਠੇ 15ਉਸ ਨੇ ਉਨ੍ਹਾਂ ਨੂੰ ਕਿਹਾ ਕਿ ਮੈਂ ਵੱਡੀ ਇੱਛਿਆ ਨਾਲ ਚਾਹਿਆ ਜੋ ਆਪਣੇ ਕਸ਼ਟ ਭੋਗਣ ਤੋਂ ਪਹਿਲਾਂ ਇਹ ਪਸਾਹ ਤੁਹਾਡੇ ਨਾਲ ਖਾਵਾਂ 16ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਭਈ ਮੈਂ ਇਹ ਨੂੰ ਨਾ ਖਾਵਾਂਗਾ ਜਦ ਤੀਕੁਰ ਇਹ ਪਰਮੇਸ਼ੁਰ ਦੇ ਰਾਜ ਵਿੱਚ ਸੰਪੂਰਨ ਨਾ ਹੋਵੇ 17ਉਸ ਨੇ ਪਿਆਲਾ ਲਿਆ ਅਰ ਸ਼ੁਕਰ ਕਰ ਕੇ ਆਖਿਆ, ਇਹ ਨੂੰ ਲੈ ਕੇ ਆਪੋ ਵਿੱਚ ਵੰਡ ਲਓ 18ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਕਿ ਏਦੋਂ ਅੱਗੇ ਮੈਂ ਦਾਖ ਰਸ ਕਦੇ ਨਾ ਪੀਆਂਗਾ ਜਦ ਤੀਕੁਰ ਪਰਮੇਸ਼ੁਰ ਦਾ ਰਾਜ ਨਾ ਆਵੇ 19ਤਾਂ ਉਸ ਨੇ ਰੋਟੀ ਲਈ ਅਤੇ ਸ਼ੁਕਰ ਕਰ ਕੇ ਤੋੜੀ ਅਤੇ ਇਹ ਕਹਿ ਕੇ ਉਨ੍ਹਾਂ ਨੂੰ ਦਿੱਤੀ ਕਿ ਇਹ ਮੇਰਾ ਸ਼ਰੀਰ ਹੈ ਜੋ ਤੁਹਾਡੇ ਬਦਲੇ ਦਿੱਤਾ ਜਾਂਦਾ ਹੈ, ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ 20ਅਤੇ ਖਾਣ ਦੇ ਪਿੱਛੋਂ ਇਸੇ ਤਰਾਂ ਉਸ ਨੇ ਪਿਆਲਾ ਦੇ ਕੇ ਕਿਹਾ ਕਿ ਇਹ ਪਿਆਲਾ ਮੇਰੇ ਲਹੂ ਵਿੱਚ ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ ਨਵਾਂ ਨੇਮ ਹੈ 21ਪਰ ਵੇਖੋ ਮੇਰੇ ਫੜਵਾਉਣ ਵਾਲੇ ਦਾ ਹੱਥ ਮੇਰੇ ਨਾਲ ਮੇਜ਼ ਉੱਤੇ ਹੈ 22ਕਿਉਂ ਜੋ ਮਨੁੱਖ ਦਾ ਪੁੱਤ੍ਰ ਤਾਂ ਜਾਂਦਾ ਹੈ ਜਿਵੇਂ ਠਹਿਰਾਇਆ ਹੋਇਆ ਹੈ ਪਰ ਹਾਇ ਉਸ ਮਨੁੱਖ ਉੱਤੇ ਜਿਹ ਦੇ ਰਾਹੀਂ ਉਹ ਫੜਵਾਇਆ ਜਾਂਦਾ ਹੈ! 23ਤਾਂ ਓਹ ਆਪੋ ਵਿੱਚ ਇਹ ਪੁੱਛਣ ਲੱਗੇ ਭਈ ਅਸਾਂ ਵਿੱਚੋਂ ਉਹ ਕਿਹੜਾ ਹੈ ਜੋ ਇਹ ਕੰਮ ਕਰੇਗਾ।।
24ਉਨ੍ਹਾਂ ਵਿੱਚ ਇਹ ਤਕਰਾਰ ਵੀ ਹੋਇਆ ਭਈ ਸਾਡੇ ਵਿੱਚੋਂ ਕੌਣ ਵੱਡਾ ਕਰਕੇ ਮੰਨੀਦਾ ਹੈ? 25ਪਰ ਉਸ ਨੇ ਉਨ੍ਹਾਂ ਨੂੰ ਆਖਿਆ ਕਿ ਪਰਾਈਆਂ ਕੌਮਾਂ ਦੇ ਰਾਜੇ ਉਨ੍ਹਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਜਿਹੜੇ ਉਨ੍ਹਾਂ ਉੱਤੇ ਇਖ਼ਤਿਆਰ ਰੱਖਦੇ ਹਨ ਸੋ ਗਰੀਬਨਵਾਜ ਕਹਾਉਂਦੇ ਹਨ 26ਪਰ ਤੁਸੀਂ ਏਹੋ ਜੇਹੇ ਨਾ ਹੋਵੋ ਸਗੋਂ ਤੁਹਾਡੇ ਵਿੱਚ ਜਿਹੜਾ ਵੱਡਾ ਹੈ ਉਹ ਛੋਟੇ ਵਰਗਾ ਅਤੇ ਜਿਹੜਾ ਸਰਦਾਰ ਉਹ ਟਹਿਲੂ ਵਰਗਾ ਬਣੇ 27ਕਿਉਂਕਿ ਵੱਡਾ ਕੌਣ ਹੈ, ਉਹ ਜਿਹੜਾ ਖਾਣ ਨੂੰ ਬੈਠਦਾ ਹੈ ਯਾ ਉਹ ਜਿਹੜਾ ਟਹਿਲ ਕਰਦਾ ਹੈ? ਭਲਾ, ਉਹ ਨਹੀਂ ਜਿਹੜਾ ਖਾਣ ਨੂੰ ਬੈਠਦਾ ਹੈ? ਪਰ ਮੈਂ ਤੁਹਾਡੇ ਵਿੱਚ ਟਹਿਲੂਏ ਵਰਗਾ ਹਾਂ 28ਅਤੇ ਤੁਸੀਂ ਉਹੋ ਹੀ ਹੋ ਜੋ ਮੇਰੇ ਪਰਤਾਵਿਆਂ ਵਿੱਚ ਸਦਾ ਮੇਰੇ ਨਾਲ ਰਹੇ 29ਜਿਵੇਂ ਮੇਰੇ ਪਿਤਾ ਨੇ ਮੇਰੇ ਲਈ ਇੱਕ ਰਾਜ ਠਹਿਰਾਇਆ ਹੈ ਤਿਵੇਂ ਮੈਂ ਤੁਹਾਡੇ ਲਈ ਇੱਕ ਰਾਜ ਠਹਿਰਾਉਂਦਾ ਹਾਂ 30ਤਾਂ ਜੋ ਤੁਸੀਂ ਮੇਰੇ ਰਾਜ ਵਿੱਚ ਮੇਰੀ ਮੇਜ਼ ਉੱਤੇ ਖਾਓ ਪੀਓ ਅਤੇ ਤੁਸੀਂ ਸਿੰਘਾਸਣਾਂ ਤੇ ਬੈਠ ਕੇ ਇਸਰਾਏਲ ਦੀਆਂ ਬਾਰਾਂ ਗੋਤਾਂ ਦਾ ਨਿਆਉਂ ਕਰੋਗੇ 31ਹੇ ਸ਼ਮਊਨ, ਸ਼ਮਊਨ ! ਵੇਖ ਸ਼ਤਾਨ ਨੇ ਤੁਹਾਨੂੰ ਮੰਗਿਆ ਹੈ ਭਈ ਕਣਕ ਦੀ ਤਰਾਂ ਤੁਹਾਨੂੰ ਫਟਕੇ 32ਪਰ ਮੈਂ ਤੇਰੇ ਲਈ ਬੇਨਤੀ ਕੀਤੀ ਹੈ ਜੋ ਤੇਰੀ ਨਿਹਚਾ ਜਾਂਦੀ ਨਾ ਰਹੇ ਅਰ ਜਾਂ ਤੂੰ ਮੁੜੇਂ ਤਾਂ ਆਪਣਿਆਂ ਭਾਈਆਂ ਨੂੰ ਤਕੜੇ ਕਰੀਂ 33ਤਦ ਉਸ ਨੇ ਉਹ ਨੂੰ ਕਿਹਾ, ਪ੍ਰਭੁ ਜੀ ਮੈਂ ਤੇਰੇ ਨਾਲ ਕੈਦ ਵਿੱਚ ਅਤੇ ਮਰਨ ਲਈ ਵੀ ਜਾਣ ਨੂੰ ਤਿਆਰ ਹਾਂ 34ਉਹ ਨੇ ਕਿਹਾ, ਪਤਰਸ ਮੈਂ ਤੈਨੂੰ ਆਖਦਾ ਹਾਂ ਕਿ ਅੱਜ ਕੁੱਕੜ ਬਾਂਗ ਨਾ ਦੇਵੇਗਾ ਜਦ ਤੀਕਰ ਤੂੰ ਤਿੰਨ ਵਾਰੀ ਮੁੱਕਰ ਕੇ ਨਾ ਕਹੇਂ ਭਈ ਮੈਂ ਉਹ ਨੂੰ ਨਹੀਂ ਜਾਣਦਾ।।
35ਉਸ ਨੇ ਉਨ੍ਹਾਂ ਨੂੰ ਆਖਿਆ, ਜਦ ਮੈਂ ਤੁਹਾਨੂੰ ਬਟੂਏ ਅਤੇ ਝੋਲੇ ਅਤੇ ਜੁੱਤੀ ਬਿਨਾ ਘੱਲਿਆ ਤਦ ਤੁਹਾਨੂੰ ਕਾਸੇ ਦੀ ਥੁੜ ਤਾਂ ਨਹੀਂ ਸੀ? ਓਹ ਬੋਲੇ, ਕਾਸੇ ਦੀ ਨਹੀਂ 36ਤਦ ਉਸ ਨੇ ਉਨ੍ਹਾਂ ਨੂੰ ਕਿਹਾ, ਪਰ ਹੁਣ ਜਿਹ ਦੇ ਕੋਲ ਬਟੂਆ ਹੋਵੇ ਸੋ ਲਵੇ ਅਰ ਇਸੇ ਤਰਾਂ ਝੋਲਾ ਵੀ ਅਤੇ ਜਿਹ ਦੇ ਕੋਲ ਤਲਵਾਰ ਨਾ ਹੋਵੇ ਸੋ ਆਪਣਾ ਲੀੜਾ ਵੇਚ ਕੇ ਮੁੱਲ ਲਵੇ 37ਮੈਂ ਤੁਹਾਨੂੰ ਆਖਦਾ ਹਾਂ ਕਿ ਇਹ ਜੋ ਲਿਖਿਆ ਹੋਇਆ ਹੈ ਭਈ ਉਹ ਬੁਰਿਆਰਾਂ ਵਿੱਚ ਗਿਣਿਆ ਗਿਆ ਸੋ ਮੇਰੇ ਹੱਕ ਵਿੱਚ ਉਹ ਦਾ ਸੰਪੂਰਨ ਹੋਣਾ ਜਰੂਰ ਹੈ ਕਿਉਂਕਿ ਜੋ ਕੁਝ ਮੇਰੇ ਵਿਖੇ ਹੈ ਸੋ ਉਹ ਨੇ ਪੂਰਾ ਹੋਣਾ ਹੀ ਹੈ 38ਓਹ ਬੋਲੇ, ਪ੍ਰਭੁ ਜੀ ਵੇਖ, ਐੱਥੇ ਦੋ ਤਲਵਾਰਾਂ ਹਨ ਤਾਂ ਉਸ ਨੇ ਉਨ੍ਹਾਂ ਨੂੰ ਆਖਿਆ, ਬੱਸ ਹੈ!।।
39ਉਹ ਬਾਹਰ ਨਿੱਕਲ ਕੇ ਦਸਤੂਰ ਮੂਜਬ ਜ਼ੈਤੂਨ ਦੇ ਪਹਾੜ ਨੂੰ ਗਿਆ ਅਤੇ ਚੇਲੇ ਵੀ ਉਹ ਦੇ ਮਗਰ ਤੁਰੇ 40ਅਰ ਉਸ ਥਾਂ ਅੱਪੜ ਕੇ ਉਸ ਨੇ ਉਨ੍ਹਾਂ ਨੂੰ ਆਖਿਆ, ਪ੍ਰਾਰਥਨਾ ਕਰੋ ਜੋ ਤੁਸੀਂ ਪਰਤਾਵੇ ਵਿੱਚ ਨਾ ਪਵੋ 41ਤਾਂ ਉਸ ਨੇ ਉਨ੍ਹਾਂ ਤੋਂ ਕੋਈ ਢੀਮ ਦੀ ਮਾਰ ਤੇ ਅਲੱਗ ਜਾ ਕੇ ਗੋਡੇ ਨਿਵਾਏ ਅਤੇ ਪ੍ਰਾਰਥਨਾ ਕਰਦਿਆਂ ਆਖਿਆ, 42ਹੇ ਪਿਤਾ, ਜੇ ਤੈਨੂੰ ਭਾਵੇ ਤਾਂ ਇਹ ਪਿਆਲਾ ਮੈਥੋਂ ਹਟਾ ਦਿਹ ਤਾਂ ਵੀ ਮੇਰੀ ਮਰਜ਼ੀ ਨਹੀਂ ਪਰ ਤੇਰੀ ਹੋਵੇ 43ਅਤੇ ਸੁਰਗੋਂ ਇੱਕ ਦੂਤ ਉਹ ਨੂੰ ਵਿਖਾਈ ਦੇ ਕੇ ਉਹ ਨੂੰ ਸਹਾਰਾ ਦਿੰਦਾ ਸੀ 44ਅਤੇ ਉਹ ਮਹਾਂ ਕਸ਼ਟ ਵਿੱਚ ਪੈ ਕੇ ਮਨੋਂ ਤਨੋਂ ਪ੍ਰਾਰਥਨਾ ਕਰਨ ਲੱਗਾ ਅਰ ਉਹ ਦਾ ਮੁੜ੍ਹਕਾ ਲਹੂ ਦੀਆਂ ਬੂੰਦਾਂ ਵਾਂਙੁ ਭੁੰਞੇਂ ਡਿਗਦਾ ਸੀ 45ਫੇਰ ਪ੍ਰਾਰਥਨਾ ਤੋਂ ਉੱਠ ਕੇ ਉਹ ਚੇਲਿਆਂ ਦੇ ਕੋਲ ਆਇਆ ਅਤੇ ਉਨ੍ਹਾਂ ਨੂੰ ਸੋਗ ਦੇ ਮਾਰੇ ਸੁੱਤਿਆਂ ਹੋਇਆ ਡਿੱਠਾ 46ਅਤੇ ਉਨ੍ਹਾਂ ਨੂੰ ਕਿਹਾ, ਤੁਸੀਂ ਕਾਹ ਨੂੰ ਸੌਂਦੇ ਹੋ? ਉੱਠ ਕੇ ਪ੍ਰਾਰਥਨਾ ਕਰੋ ਭਈ ਪਰਤਾਵੇ ਵਿੱਚ ਨਾ ਪਓ।।
47ਉਹ ਅਜੇ ਬੋਲਦਾ ਹੀ ਸੀ ਕਿ ਵੇਖੋ ਇੱਕ ਭੀੜ ਆਈ ਅਤੇ ਉਨ੍ਹਾਂ ਬਾਰਾਂ ਵਿੱਚੋਂ ਇੱਕ ਜਣਾ ਜੋ ਯਹੂਦਾ ਕਰਕੇ ਸੱਦੀਦਾ ਹੈ ਉਨ੍ਹਾਂ ਦੇ ਅੱਗੇ ਅੱਗੇ ਤੁਰ ਕੇ ਯਿਸੂ ਦੇ ਨੇੜੇ ਆਇਆ ਜੋ ਉਹ ਨੂੰ ਚੁੰਮੇ 48ਤਦ ਯਿਸੂ ਨੇ ਉਹ ਨੂੰ ਆਖਿਆ, ਯਹੂਦਾ, ਭਲਾ, ਤੂੰ ਮਨੁੱਖ ਦੇ ਪੁੱਤ੍ਰ ਨੂੰ ਚੁੰਮੇ ਨਾਲ ਫੜਵਾਉਂਦਾ ਹੈ? 49ਜਾਂ ਉਹ ਦੇ ਨਾਲ ਦਿਆਂ ਨੇ ਵੇਖਿਆ ਜੋ ਕੀ ਹੋਣ ਲੱਗਾ ਹੈ ਤਾਂ ਕਿਹਾ, ਪ੍ਰਭੁ ਜੀ ਅਸੀਂ ਤਲਵਾਰ ਚਲਾਈਏ? 50ਅਤੇ ਉਨ੍ਹਾਂ ਵਿੱਚੋਂ ਇੱਕ ਨੇ ਸਰਦਾਰ ਜਾਜਕ ਦੇ ਚਾਕਰ ਨੂੰ ਮਾਰ ਕੇ ਉਹ ਦਾ ਸੱਜਾ ਕੰਨ ਉਡਾ ਦਿੱਤਾ 51ਪਰ ਯਿਸੂ ਨੇ ਅੱਗੋਂ ਆਖਿਆ, ਐਥੇਂ ਤੀਕੁਰ ਛੱਡ ਦਿਓ ਅਤੇ ਉਹ ਦਾ ਕੰਨ ਛੋਹ ਕੇ ਉਸ ਨੂੰ ਚੰਗਾ ਕੀਤਾ 52ਤਾਂ ਯਿਸੂ ਨੇ ਉਨ੍ਹਾਂ ਪਰਧਾਨ ਜਾਜਕਾਂ ਅਤੇ ਹੈਕਲ ਦੇ ਸਰਦਾਰਾਂ ਅਤੇ ਬਜ਼ੁਰਗਾਂ ਨੂੰ ਜਿਹੜੇ ਉਸ ਉੱਤੇ ਚੜ੍ਹ ਆਏ ਸਨ ਆਖਿਆ, ਭਲਾ, ਜਿਵੇਂ ਡਾਕੂ ਉੱਤੇ ਤੁਸੀਂ ਤਲਵਾਰਾਂ ਅਤੇ ਡਾਂਗਾਂ ਫੜੀ ਨਿੱਕਲੇ ਹੋ? 53ਜਾਂ ਮੈਂ ਰੋਜ ਤੁਹਾਡੇ ਕੋਲ ਹੈਕਲ ਵਿੱਚ ਹੁੰਦਾ ਸਾਂ ਤਾਂ ਤੁਸਾਂ ਮੇਰੇ ਉੱਤੇ ਹੱਥ ਨਾ ਪਾਏ ਪਰ ਇਹ ਤੁਹਾਡੀ ਘੜੀ ਅਤੇ ਅਨ੍ਹੇਰੇ ਦਾ ਇਖ਼ਤਿਆਰ ਹੈ।।
54ਤਾਂ ਓਹ ਉਸ ਨੂੰ ਫੜ ਕੇ ਲੈ ਚੱਲੇ ਅਤੇ ਸਰਦਾਰ ਜਾਜਕ ਦੇ ਘਰ ਵਿੱਚ ਲਿਆਏ ਅਰ ਪਤਰਸ ਕੁਝ ਵਿੱਥ ਤੇ ਪਿੱਛੇ ਪਿੱਛੇ ਤੁਰਿ ਆਇਆ 55ਅਤੇ ਜਾਂ ਓਹ ਵੇਹੜੇ ਦੇ ਅੰਦਰ ਅੱਗ ਬਾਲ ਕੇ ਇਕੱਠੇ ਬੈਠੇ ਸਨ ਤਾਂ ਪਤਰਸ ਉਨ੍ਹਾਂ ਦੇ ਵਿੱਚ ਜਾ ਬੈਠਾ 56ਇੱਕ ਗੋੱਲੀ ਨੇ ਉਹ ਨੂੰ ਅੱਗ ਦੀ ਲੋ ਵਿੱਚ ਬੈਠਾ ਵੇਖਿਆ ਅਤੇ ਉਹ ਨੂੰ ਧਿਆਨ ਨਾਲ ਵੇਖ ਕੇ ਬੋਲੀ, ਇਹ ਭੀ ਉਹ ਦੇ ਨਾਲ ਸੀ 57ਪਰ ਉਹ ਮੁੱਕਰ ਗਿਆ ਅਤੇ ਕਿਹਾ, ਹੇ ਤ੍ਰੀਮਤ, ਮੈਂ ਉਹ ਨੂੰ ਜਾਣਦਾ ਹੀ ਨਹੀਂ! 58ਜ਼ਰਾਕੁ ਪਿੱਛੋਂ ਕਿਸੇ ਹੋਰ ਨੇ ਉਹ ਨੂੰ ਵੇਖ ਕੇ ਕਿਹਾ, ਤੂੰ ਵੀ ਉਨ੍ਹਾਂ ਹੀ ਵਿੱਚੋਂ ਹੈਂ, ਪਰ ਪਤਰਸ ਨੇ ਆਖਿਆ, ਸ਼ਖ਼ਸ਼ਾ ਮੈਂ ਨਹੀਂ ਹਾਂ! 59ਇੱਕ ਘੜੀਕੁ ਮਗਰੋਂ ਕਿਸੇ ਹੋਰ ਨੇ ਪੱਕ ਕਰ ਕੇ ਕਿਹਾ ਕਿ ਸੱਚੀ ਮੁੱਚੀ ਇਹ ਉਸ ਦੇ ਨਾਲ ਸੀ ਕਿਉਂ ਜੋ ਇਹ ਗਲੀਲੀ ਹੈ 60ਪਰ ਪਤਰਸ ਨੇ ਆਖਿਆ, ਸ਼ਖ਼ਸ਼ਾ ਮੈਨੂੰ ਪਤਾ ਨਹੀਂ ਭਈ ਤੂੰ ਕੀ ਆਖਦਾ ਹੈਂ! ਅਤੇ ਅਜੇ ਉਹ ਬੋਲਦਾ ਹੀ ਸੀ ਕਿ ਝੱਟ ਕੁੱਕੜ ਨੇ ਬਾਂਗ ਦਿੱਤੀ 61ਤਾਂ ਪ੍ਰਭੁ ਨੇ ਮੁੜ ਕੇ ਪਤਰਸ ਵੱਲ ਨਿਗਾਹ ਕੀਤੀ। ਤਦੋਂ ਪਤਰਸ ਨੂੰ ਪ੍ਰਭੁ ਦੀ ਗੱਲ ਚੇਤੇ ਆਈ ਜੋ ਉਸ ਨੇ ਉਹ ਨੂੰ ਕਹੀ ਸੀ ਭਈ ਅੱਜ ਕੁੱਕੜ ਦੇ ਬਾਂਗ ਦੇਣ ਤੋਂ ਅੱਗੇ ਤਿੰਨ ਵਾਰੀ ਤੂੰ ਮੇਰਾ ਇਨਕਾਰ ਕਰੇਂਗਾ 62ਅਰ ਉਹ ਬਾਹਰ ਗਿਆ ਅਤੇ ਭੁੱਭਾਂ ਮਾਰ ਕੇ ਰੋਇਆ।।
63ਜਿਨ੍ਹਾਂ ਮਨੁੱਖਾਂ ਨੇ ਯਿਸੂ ਨੂੰ ਫੜਿਆ ਹੋਇਆ ਸੀ ਸੋ ਉਹ ਨੂੰ ਠੱਠਾ ਕਰਨ ਅਤੇ ਮਾਰਨ ਲੱਗੇ 64ਅਤੇ ਉਨ੍ਹਾਂ ਉਸ ਦੀਆਂ ਅੱਖੀਆਂ ਬੰਨ੍ਹੀਆਂ ਅਤੇ ਇਹ ਕਹਿ ਕੇ ਉਸ ਤੋਂ ਪੁੱਛਿਆ ਜੋ ਅਗੰਮ ਗਿਆਨ ਨਾਲ ਦੱਸ ਭਈ ਤੈਨੂੰ ਕਿਹ ਨੇ ਮਾਰਿਆ? 65ਅਰ ਉਨ੍ਹਾਂ ਨੇ ਕੁਫ਼ਰ ਬਕਦਿਆਂ ਹੋਰ ਬਹੁਤ ਸਾਰੀਆਂ ਗੱਲਾਂ ਉਸ ਦੇ ਵਿਰੁੱਧ ਆਖੀਆਂ।।
66ਜਾਂ ਦਿਨ ਚੜ੍ਹਿਆ ਤਾਂ ਲੋਕਾਂ ਦੇ ਬਜ਼ੁਰਗਾਂ ਦੀ ਪੰਚਾਇਤ ਅਰਥਾਤ ਪਰਧਾਨ ਜਾਜਕ ਅਰ ਗ੍ਰੰਥੀ ਇਕੱਠੇ ਹੋ ਕੇ ਉਹ ਨੂੰ ਆਪਣੀ ਮਹਾਸਭਾ ਵਿੱਚ ਲੈ ਗਏ ਅਤੇ ਬੋਲੇ, 67ਜੇ ਤੂੰ ਮਸੀਹ ਹੈਂ ਤਾਂ ਸਾਨੂੰ ਦੱਸ। ਤਦ ਉਸ ਨੇ ਉਨ੍ਹਾਂ ਨੂੰ ਕਿਹਾ, ਜੇ ਮੈਂ ਤੁਹਾਨੂੰ ਦੱਸਾਂ ਤੁਸੀਂ ਪਰਤੀਤ ਕਦੇ ਨਾ ਕਰੋਗੇ 68ਅਰ ਜੇ ਮੈਂ ਕੁਝ ਪੁੱਛਾਂ ਤਾਂ ਤੁਸੀਂ ਉੱਤਰ ਕਦੇ ਨਾ ਦੇਓਗੇ 69ਪਰ ਏਦੋਂ ਅੱਗੇ ਮਨੁੱਖ ਦਾ ਪੁੱਤ੍ਰ ਪਰਮੇਸ਼ੁਰ ਦੀ ਕੁਦਰਤ ਦੇ ਸੱਜੇ ਹੱਥ ਬਿਰਾਜਮਾਨ ਹੋਵੇਗਾ 70ਤਦ ਉਨ੍ਹਾਂ ਸਭਨਾਂ ਆਖਿਆ, ਭਲਾ, ਫੇਰ ਤੂੰ ਪਰਮੇਸ਼ੁਰ ਦਾ ਪੁੱਤ੍ਰ ਹੈਂ? ਉਸ ਨੇ ਉਨ੍ਹਾਂ ਨੂੰ ਆਖਿਆ, ਸਤ ਬਚਨ, ਮੈਂ ਉਹੋ ਹਾਂ 71ਤਦ ਉਨ੍ਹਾਂ ਨੇ ਕਿਹਾ, ਹੁਣ ਸਾਨੂੰ ਉਗਾਹੀ ਦੀ ਹੋਰ ਕੀ ਲੋੜ ਹੈ? ਕਿਉਂ ਜੋ ਅਸਾਂ ਆਪ ਉਹ ਦੇ ਮੂੰਹੋਂ ਸੁਣਿਆ ਹੈ।।
Zvasarudzwa nguva ino
ਲੂਕਾ 22: PUNOVBSI
Sarudza vhesi
Pakurirana nevamwe
Sarudza zvinyorwa izvi
Unoda kuti zviratidziro zvako zvichengetedzwe pamidziyo yako yose? Nyoresa kana kuti pinda
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.