Logotip YouVersion
Search Icon

ਯੂਹੰਨਾ 6

6
ਪੰਜ ਹਜ਼ਾਰ ਨੂੰ ਖੁਆਉਣਾ । "ਜੀਉਣ ਦੀ ਰੋਟੀ ਮੈਂ ਹਾਂ"
1ਇਹ ਦੇ ਪਿੱਛੋਂ ਯਿਸੂ ਗਲੀਲ ਦੀ ਅਰਥਾਤ ਤਿਬਿਰਿਯਾਸ ਦੀ ਝੀਲੋਂ ਪਾਰ ਚੱਲਿਆ ਗਿਆ 2ਅਤੇ ਵੱਡੀ ਭੀੜ ਉਹ ਦੇ ਮਗਰ ਹੋ ਤੁਰੀ ਕਿਉਂਕਿ ਉਨ੍ਹਾਂ ਨੇ ਓਹ ਨਿਸ਼ਾਨ ਡਿੱਠੇ ਜਿਹੜੇ ਉਸ ਨੇ ਰੋਗੀਆਂ ਉੱਤੇ ਵਿਖਾਏ ਸਨ 3ਫੇਰ ਯਿਸੂ ਪਹਾੜ ਉੱਤੇ ਚੜ੍ਹਿਆ ਅਰ ਉੱਥੇ ਆਪਣੇ ਚੇਲਿਆਂ ਦੇ ਸੰਗ ਬੈਠ ਗਿਆ 4ਯਹੂਦੀਆਂ ਦਾ ਪਸਾਹ ਨਾਮੇ ਤਿਉਹਾਰ ਨੇੜੇ ਸੀ 5ਉਪਰੰਤ ਯਿਸੂ ਨੇ ਜਾਂ ਅੱਖੀਆਂ ਚੁੱਕ ਕੇ ਇੱਕ ਵੱਡੀ ਭੀੜ ਆਪਣੀ ਵੱਲ ਆਉਂਦੀ ਡਿੱਠੀ ਤਾਂ ਫ਼ਿਲਿਪੁੱਸ ਨੂੰ ਆਖਿਆ ਕਿ ਅਸੀਂ ਇਨ੍ਹਾਂ ਦੇ ਖਾਣ ਲਈ ਰੋਟੀਆਂ ਕਿੱਥੋਂ ਮੁੱਲ ਲਈਏ? 6ਪਰ ਉਸ ਨੇ ਉਹ ਦੇ ਪਰਤਾਵੇ ਲਈ ਇਹ ਆਖਿਆ ਕਿਉਂਕਿ ਉਹ ਆਪ ਜਾਣਦਾ ਸੀ ਜੋ ਮੈਂ ਕੀ ਕਰਾਂਗਾ 7ਫ਼ਿਲਿਪੁੱਸ ਨੇ ਉਸ ਨੂੰ ਉੱਤਰ ਦਿੱਤਾ ਕਿ ਸੌ ਰੁਪਏ ਦੀਆਂ ਰੋਟੀਆਂ ਨਾਲ ਭੀ ਉਨ੍ਹਾਂ ਦਾ ਪੂਰਾ ਨਹੀਂ ਪਟਣਾ ਜੋ ਹਰੇਕ ਨੂੰ ਥੋੜਾ ਜਿਹਾ ਭੀ ਮਿਲੇ 8ਉਸ ਨੇ ਚੇਲਿਆਂ ਵਿੱਚੋਂ ਇੱਕ ਸ਼ਮਊਨ ਪਤਰਸ ਦੇ ਭਰਾ ਅੰਦ੍ਰਿਯਾਸ ਨੇ ਉਸ ਨੂੰ ਕਿਹਾ 9ਐਥੇ ਇੱਕ ਮੁੰਡਾ ਹੈ ਜਿਹ ਦੇ ਕੋਲ ਜਵਾਂ ਦੀਆਂ ਪੰਜ ਰੋਟੀਆਂ ਅਤੇ ਦੋ ਛੋਟੀਆਂ ਜਹੀਆਂ ਮੱਛੀਆਂ ਹਨ ਪਰ ਇੰਨਿਆਂ ਲੋਕਾਂ ਲਈ ਏਹ ਕੀ ਹਨ ? 10ਤਾਂ ਯਿਸੂ ਨੇ ਆਖਿਆ, ਲੋਕਾਂ ਨੂੰ ਬਿਠਾਲ ਦਿਓ । ਉਸ ਥਾਂ ਬਹੁਤ ਘਾਹ ਸੀ ਸੋ ਮਰਦ ਜੋ ਗਿਣਤੀ ਵਿੱਚ ਪੰਜਕੁ ਹਜ਼ਾਰ ਸਨ ਬੈਠ ਗਏ 11ਤਦ ਯਿਸੂ ਨੇ ਰੋਟੀਆਂ ਲੈ ਲਈਆਂ ਅਤੇ ਸ਼ੁਕਰ ਕਰ ਕੇ ਉਨ੍ਹਾਂ ਬੈਠਿਆਂ ਹੋਇਆਂ ਨੂੰ ਵੰਡ ਦਿੱਤੀਆਂ ਅਰ ਉਸੇ ਤਰਾਂ ਮੱਛੀਆਂ ਵਿੱਚੋਂ ਵੀ ਜਿੰਨੀਆਂ ਓਹ ਚਾਹੁੰਦੇ ਸਨ 12ਅਤੇ ਜਾਂ ਓਹ ਰੱਜ ਗਏ ਤਾਂ ਉਹ ਨੇ ਆਪਣੇ ਚੇਲਿਆਂ ਨੂੰ ਆਖਿਆ ਕਿ ਬਚਿਆਂ ਹੋਇਆਂ ਟੁਕੜਿਆਂ ਨੂੰ ਇੱਕਠੇ ਕਰੋ ਭਈ ਕੁਝ ਖਰਾਬ ਨਾ ਹੋ ਜਾਵੇ 13ਸੋ ਉਨ੍ਹਾਂ ਨੇ ਇਕੱਠੇ ਕੀਤਾ ਅਤੇ ਜਵਾਂ ਦੀਆਂ ਉਨ੍ਹਾਂ ਪੰਜਾਂ ਰੋਟੀਆਂ ਦੇ ਟੁਕੜਿਆਂ ਨਾਲ ਜਿਹੜੇ ਖਾਣ ਵਾਲਿਆਂ ਤੋਂ ਬਚ ਰਹੇ ਸਨ ਬਾਰਾਂ ਟੋਕਰੀਆਂ ਭਰ ਦਿੱਤੀਆਂ 14ਉਪਰੰਤ ਉਨ੍ਹਾਂ ਲੋਕਾਂ ਨੇ ਇਹ ਨਿਸ਼ਾਨ ਜਿਹੜੀ ਉਸ ਨੇ ਵਿਖਾਇਆ ਸੀ ਵੇਖ ਕੇ ਕਿਹਾ ਕਿ ਸੱਚੀ ਮੁੱਚੀ ਇਹ ਉਹੋ ਨਬੀ ਹੈ ਜਿਹੜਾ ਜਗਤ ਵਿੱਚ ਆਉਣ ਵਾਲਾ ਹੈ!।।
15ਸੋ ਜਾਂ ਯਿਸੂ ਨੂੰ ਮਲੂਮ ਹੋਇਆ ਜੋ ਉਹ ਮੈਨੂੰ ਬਦੋ ਬਦੀ ਫੜ ਕੇ ਪਾਤਸ਼ਾਹ ਬਣਾਉਣ ਲਈ ਆਉਣ ਲੱਗੇ ਹਨ ਤਾਂ ਆਪ ਇਕੱਲਾ ਫੇਰ ਪਹਾੜ ਨੂੰ ਚੱਲਿਆ ਗਿਆ।।
16ਜਾਂ ਸੰਝ ਹੋਈ ਤਾਂ ਉਸ ਦੇ ਚੇਲੇ ਝੀਲ ਵੱਲ ਉੱਤਰ ਗਏ 17ਅਤੇ ਬੇੜੀ ਉੱਤੇ ਚੜ੍ਹ ਕੇ ਝੀਲ ਦੇ ਪਾਰ ਕਫ਼ਰਨਾਹੂਮ ਵੱਲ ਚੱਲੇ। ਉਸ ਵੇਲੇ ਅਨ੍ਹੇਰਾ ਹੋ ਗਿਆ ਸੀ ਅਤੇ ਯਿਸੂ ਉਨ੍ਹਾਂ ਦੇ ਕੋਲ ਅਜੇ ਨਹੀਂ ਸੀ ਆਇਆ 18ਅਰ ਵੱਡੀ ਅਨ੍ਹੇਰੀ ਵਗਣ ਕਰਕੇ ਝੀਲ ਬਹੁਤ ਠਾਠਾਂ ਮਾਰਨ ਲੱਗੀ 19ਫੇਰ ਜਦ ਓਹ ਢਾਈ ਯਾ ਤਿੰਨ ਕੋਹ ਤੀਕੁਰ ਨਿੱਕਲ ਗਏ ਸਨ ਤਦ ਯਿਸੂ ਨੂੰ ਝੀਲ ਦੇ ਉੱਤੋਂ ਦੀ ਤੁਰਦਾ ਅਤੇ ਬੇੜੀ ਦੇ ਨੇੜੇ ਢੁਕਦਾ ਵੇਖਿਆ ਅਤੇ ਡਰ ਗਏ 20ਤਾਂ ਉਸ ਨੇ ਉਨ੍ਹਾਂ ਨੂੰ ਆਖਿਆ, ਮੈਂ ਹਾਂ ਡਰੋ ਨਾ! 21ਤਾਂ ਓਹ ਉਸ ਨੂੰ ਬੇੜੀ ਉੱਤੇ ਚੜ੍ਹਾ ਲੈਣ ਨੂੰ ਰਾਜ਼ੀ ਹੋਏ ਅਤੇ ਬੇੜੀ ਉਵੇਂ ਉਸ ਥਾਂ ਨੂੰ ਜਿੱਥੇ ਉਨ੍ਹਾਂ ਜਾਣਾ ਸੀ ਜਾ ਪੁੱਜੀ ।। 22ਦੂਏ ਦਿਨ ਉਸ ਭੀੜ ਨੇ ਜੋ ਝੀਲ ਦੇ ਉਸ ਪਾਰ ਖੜੀ ਸੀ ਇਹ ਡਿੱਠਾ ਜੋ ਐਥੇ ਇੱਕ ਬੇੜੀ ਤੋਂ ਬਿਨਾ ਕੋਈ ਹੋਰ ਨਹੀਂ ਹੈ ਅਤੇ ਯਿਸੂ ਆਪਣੇ ਚੇਲਿਆਂ ਨਾਲ ਉਸ ਬੇੜੀ ਉੱਤੇ ਨਾ ਗਿਆ ਪਰ ਇਕੱਲੇ ਉਹ ਦੇ ਚੇਲੇ ਹੀ ਗਏ ਸਨ 23ਪਰ ਹੋਰ ਬੇੜੀਆਂ ਤਿਬਿਰਿਯਾਸ ਵੱਲੋਂ ਆਈਆਂ ਉਸ ਥਾਂ ਦੇ ਨੇੜੇ ਜਿੱਥੇ ਉਨ੍ਹਾਂ ਨੇ ਪ੍ਰਭੁ ਦੇ ਸ਼ੁਕਰ ਕਰਨ ਦੇ ਪਿੱਛੋ ਰੋਟੀ ਖਾਧੀ ਸੀ 24ਸੋ ਜਾਂ ਉਨ੍ਹਾਂ ਲੋਕਾਂ ਨੇ ਵੇਖਿਆ ਜੋ ਐਥੇ ਨਾ ਯਿਸੂ ਹੈ ਅਤੇ ਨਾ ਉਸ ਦੇ ਚੇਲੇ ਹਨ ਤਾਂ ਉਨ੍ਹਾਂ ਬੇੜੀਆਂ ਉੱਤੇ ਚੜ੍ਹੇ ਅਰ ਯਿਸੂ ਦੀ ਭਾਲ ਵਿੱਚ ਕਫ਼ਰਨਾਹੂਮ ਨੂੰ ਆਏ 25ਅਤੇ ਉਨ੍ਹਾਂ ਨੇ ਉਸ ਨੂੰ ਝੀਲ ਦੇ ਪਾਰ ਲੱਭ ਕੇ ਉਸ ਨੂੰ ਆਖਿਆ, ਸੁਆਮੀ ਜੀ ਤੁਸੀਂ ਐਥੇ ਕਦੋਂ ਆਏ? 26ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ, ਤੁਸੀਂ ਮੈਨੂੰ ਇਸ ਲਈ ਨਹੀਂ ਭਾਲਦੇ ਜੋ ਤੁਸੀਂ ਨਿਸ਼ਾਨ ਵੇਖੇ ਪਰ ਇਸ ਲਈ ਜੋ ਤੁਸੀਂ ਉਨ੍ਹਾਂ ਰੋਟੀਆਂ ਵਿੱਚੋਂ ਖਾ ਕੇ ਰੱਜ ਗਏ 27ਨਾਸ ਹੋਣ ਵਾਲੇ ਭੋਜਨ ਦੇ ਲਈ ਮਿਹਨਤ ਨਾ ਕਰੋ ਸਗੋਂ ਉਸ ਭੋਜਨ ਲਈ ਜੋ ਸਦੀਪਕ ਜੀਉਣ ਤੀਕਰ ਰਹਿੰਦਾ ਹੈ ਜਿਹੜਾ ਮਨੁੱਖ ਦਾ ਪੁੱਤ੍ਰ ਤੁਹਾਨੂੰ ਦੇਵੇਗਾ ਕਿਉਂਕਿ ਪਿਤਾ ਪਰਮੇਸ਼ੁਰ ਨੇ ਉਸ ਉੱਤੇ ਮੋਹਰ ਕਰ ਦਿੱਤੀ ਹੈ 28ਤਾਂ ਉਨ੍ਹਾਂ ਉਸ ਨੂੰ ਆਖਿਆ ਕਿ ਪਰਮੇਸ਼ੁਰ ਦੇ ਕੰਮ ਕਰਨ ਨੂੰ ਅਸੀਂ ਕੀ ਕਰੀਏ? 29ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਪਰਮੇਸ਼ੁਰ ਦਾ ਕੰਮ ਇਹ ਹੈ ਕਿ ਜਿਸ ਨੂੰ ਉਨ ਭੇਜਿਆ ਹੈ ਉਸ ਉੱਤੇ ਤੁਸੀਂ ਨਿਹਚਾ ਕਰੋ 30ਤਾਂ ਉਨ੍ਹਾਂ ਉਸ ਨੂੰ ਆਖਿਆ, ਫੇਰ ਤੂੰ ਕਿਹੜੀ ਨਿਸ਼ਾਨ ਵਿਖਾਲਦਾ ਹੈਂ ਜੋ ਅਸੀ ਵੇਖ ਕੇ ਪਰਤੀਤ ਕਰੀਏ? ਤੂੰ ਕੀ ਕਰਮ ਕਰਦਾ ਹੈਂ? 31ਸਾਡੇ ਵਡਿਆਂ ਨੇ ਉਜਾੜ ਵਿੱਚ ਮੰਨ ਖਾਧਾ ਜਿਵੇਂ ਲਿਖਿਆ ਹੋਇਆ ਹੈ ਕਿ ਉਸ ਨੇ ਉਨ੍ਹਾਂ ਨੂੰ ਅਕਾਸ਼ੋਂ ਰੋਟੀ ਖਾਣ ਨੂੰ ਦਿੱਤੀ 32ਉਪਰੰਤ ਯਿਸੂ ਨੇ ਉਨ੍ਹਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਮੂਸਾ ਨੇ ਤੁਹਾਨੂੰ ਅਕਾਸ਼ੋਂ ਰੋਟੀ ਨਹੀਂ ਦਿੱਤੀ ਪਰ ਮੇਰਾ ਪਿਤਾ ਤੁਹਾਨੂੰ ਸੁਰਗੋਂ ਸੱਚੀ ਰੋਟੀ ਦਿੰਦਾ ਹੈ 33ਕਿਉਂਕਿ ਪਰਮੇਸ਼ੁਰ ਦੀ ਰੋਟੀ ਉਹ ਹੈ ਜੋ ਸੁਰਗੋਂ ਉੱਤਰਦੀ ਹੈ ਅਤੇ ਸੰਸਾਰ ਨੂੰ ਜੀਉਣ ਦਿੰਦੀ ਹੈ 34ਤਾਂ ਉਨ੍ਹਾਂ ਨੇ ਉਸ ਨੂੰ ਆਖਿਆ, ਪ੍ਰਭੁ ਜੀ ਸਾਨੂੰ ਸਦਾ ਇਹ ਰੋਟੀ ਦਿਆ ਕਰੋ 35ਯਿਸੂ ਨੇ ਉਨ੍ਹਾਂ ਨੂੰ ਆਖਿਆ, ਜੀਉਣ ਦੀ ਰੋਟੀ ਮੈਂ ਹਾਂ । ਜੋ ਮੇਰੇ ਕੋਲ ਆਉਂਦਾ ਹੈ ਉਹ ਮੂਲੋਂ ਭੁੱਖਾ ਨਾ ਹੋਵੇਗਾ ਅਤੇ ਜੋ ਮੇਰੇ ਉੱਤੇ ਨਿਹਚਾ ਕਰਦਾ ਹੈ ਸੋ ਕਦੇ ਤਿਹਾਇਆ ਨਾ ਹੋਵੇਗਾ 36ਪਰ ਮੈਂ ਤੁਹਾਨੂੰ ਆਖਿਆ ਸੀ ਜੋ ਤੁਸਾਂ ਮੈਨੂੰ ਡਿੱਠਾ ਹੈ ਅਰ ਤਾਂ ਵੀ ਨਿਹਚਾ ਨਹੀਂ ਕਰਦੇ 37ਜੋ ਕੁਝ ਪਿਤਾ ਮੈਨੂੰ ਦਿੰਦਾ ਹੈ ਮੇਰੇ ਕੋਲ ਆਵੇਗਾ ਅਤੇ ਜੋ ਮੇਰੇ ਕੋਲ ਆਉਂਦਾ ਹੈ ਮੈਂ ਕਦੇ ਵੀ ਉਹ ਨੂੰ ਕੱਢ ਨਾ ਦਿਆਂਗਾ 38ਕਿਉਂਕਿ ਮੈਂ ਸੁਰਗੋਂ ਉੱਤਰਿਆ ਹਾਂ ਇਸ ਲਈ ਨਹੀਂ ਜੋ ਆਪਣੀ ਮਰਜ਼ੀ ਸਗੋਂ ਉਹ ਦੀ ਮਰਜ਼ੀ ਦੇ ਅਨੁਸਾਰ ਚੱਲਾਂ ਜਿਹ ਨੇ ਮੈਨੂੰ ਘੱਲਿਆ 39ਅਤੇ ਜਿਹ ਨੇ ਮੈਨੂੰ ਘੱਲਿਆ ਉਹ ਦੀ ਇਹ ਮਰਜ਼ੀ ਹੈ ਭਈ ਸਭ ਕੁਝ ਜੋ ਉਹ ਨੇ ਮੈਨੂੰ ਦਿੱਤਾ ਹੈ ਉਸ ਵਿੱਚੋਂ ਮੈਂ ਕੁਝ ਨਾ ਗੁਆਵਾਂ ਸਗੋਂ ਉਸ ਨੂੰ ਅੰਤ ਦੇ ਦਿਨ ਜੀਉਂਦਾ ਉਠਾਵਾਂ 40ਮੇਰੇ ਪਿਤਾ ਦੀ ਇਹ ਮਰਜ਼ੀ ਹੈ ਕਿ ਹਰ ਕੋਈ ਜੋ ਪੁੱਤ੍ਰ ਨੂੰ ਵੇਖੇ ਅਤੇ ਉਸ ਉੱਤੇ ਨਿਹਚਾ ਕਰੇ ਸੋ ਸਦੀਪਕ ਜੀਉਣ ਪਾਵੇ ਅਤੇ ਮੈਂ ਉਹ ਨੂੰ ਅੰਤ ਦੇ ਦਿਨ ਜੀਉਂਦਾ ਉਠਾਵਾਂਗਾ।।
41ਉਪਰੰਤ ਯਹੂਦੀ ਉਸ ਉੱਤੇ ਬੁੜ ਬੁੜਾਉਣ ਲੱਗੇ ਇਸ ਲਈ ਜੋ ਉਹ ਨੇ ਇਹ ਆਖਿਆ ਸੀ ਭਈ ਜਿਹੜੀ ਰੋਟੀ ਸੁਰਗੋਂ ਉੱਤਰੀ ਹੈ ਉਹ ਮੈਂ ਹਾਂ 42ਅਤੇ ਓਹ ਬੋਲੇ, ਭਲਾ ਇਹ ਯੂਸੁਫ਼ ਦਾ ਪੁੱਤ੍ਰ ਯਿਸੂ ਨਹੀਂ ਜਿਹ ਦੇ ਮਾਂ ਪਿਉ ਨੂੰ ਅਸੀਂ ਜਾਣਦੇ ਹਾਂ? ਹੁਣ ਉਹ ਕਿਸ ਤਰਾਂ ਆਖਦਾ ਹੈ ਜੋ ਸੁਰਗੋਂ ਉੱਤਰਿਆ ਹਾਂ? 43ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਆਪਸ ਵਿੱਚ ਨਾ ਬੁੜਬੁੜਾਓ 44ਕੋਈ ਮੇਰੇ ਕੋਲ ਆ ਨਹੀਂ ਸੱਕਦਾ ਜੇ ਪਿਤਾ ਜਿਹ ਨੇ ਮੈਨੂੰ ਘੱਲਿਆ ਉਹ ਨੂੰ ਨਾ ਖਿੱਚੇ ਅਤੇ ਮੈਂ ਅੰਤ ਦੇ ਦਿਨ ਉਹ ਨੂੰ ਜੀਉਂਦਾ ਉਠਾਵਾਂਗਾ 45ਨਬੀਆਂ ਦੀਆਂ ਪੋਥੀਆਂ ਵਿੱਚ ਇਹ ਲਿਖਿਆ ਹੋਇਆ ਹੈ ਭਈ ਓਹ ਸੱਭੇ ਪਰਮੇਸ਼ੁਰ ਦੇ ਸਿਖਾਏ ਹੋਏ ਹੋਣਗੇ। ਹਰੇਕ ਜਿਸ ਨੇ ਪਿਤਾ ਤੋਂ ਸੁਣਿਆ ਅਤੇ ਸਿੱਖਿਆ ਹੈ ਸੋ ਮੇਰੇ ਕੋਲ ਆਉਂਦਾ ਹੈ 46ਇਹ ਨਹੀਂ ਭਈ ਕਿਸੇ ਨੇ ਪਿਤਾ ਨੂੰ ਡਿੱਠਾ ਹੋਵੇ, ਬਿਨਾ ਉਹ ਦੇ ਜਿਹੜਾ ਪਰਮੇਸ਼ੁਰ ਦੀ ਵੱਲੋਂ ਹੈ ਓਨ ਤਾਂ ਪਿਤਾ ਨੂੰ ਡਿੱਠਾ ਹੈ 47ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਜੋ ਨਿਹਚਾ ਕਰਦਾ ਹੈ ਸਦੀਪਕ ਜੀਉਣ ਉਸੇ ਦਾ ਹੈ 48ਜੀਉਣ ਦੀ ਰੋਟੀ ਮੈਂ ਹਾਂ 49ਤੁਹਾਡਿਆਂ ਪਿਉ ਦਾਦਿਆਂ ਨੇ ਉਜਾੜ ਵਿੱਚ ਮੰਨ ਖਾਧਾ ਅਤੇ ਮਰ ਗਏ 50ਜਿਹੜੀ ਰੋਟੀ ਸੁਰਗੋਂ ਉਤਰਦੀ ਹੈ ਭਈ ਮਨੁੱਖ ਉਸ ਵਿੱਚੋਂ ਖਾ ਕੇ ਨਾ ਮਰੇ ਸੋ ਇਹੋ ਹੈ 51ਉਹ ਜੀਉਂਦੀ ਰੋਟੀ ਜੋ ਸੁਰਗੋਂ ਉਤਰੀ ਸੋ ਮੈਂ ਹਾਂ । ਜੇ ਕੋਈ ਇਸ ਰੋਟੀਓਂ ਕੁਝ ਖਾਵੇ ਤਾਂ ਉਹ ਸਦਾ ਤੀਕੁ ਜੀਉਂਦਾ ਰਹੇਗਾ ਅਤੇ ਜੋ ਰੋਟੀ ਮੈਂ ਦਿਆਂਗਾ ਸੋ ਮੇਰਾ ਮਾਸ ਹੈ ਜਿਹੜਾ ਜਗਤ ਦੇ ਜੀਉਣ ਲਈ ਮੈਂ ਦਿਆਂਗਾ।।
52ਇਸ ਲਈ ਯਹੂਦੀ ਆਪਸ ਵਿੱਚ ਇਹ ਕਹਿ ਕੇ ਬਹਿਸਣ ਲੱਗੇ ਜੋ ਇਹ ਆਪਣਾ ਮਾਸ ਕਿੱਕਰ ਸਾਨੂੰ ਖਾਣ ਲਈ ਦੇ ਸੱਕਦਾ ਹੈ? 53ਤਦ ਯਿਸੂ ਨੇ ਉਨ੍ਹਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਜੇ ਤੁਸੀਂ ਮਨੁੱਖ ਦੇ ਪੁੱਤ੍ਰ ਦਾ ਮਾਸ ਨਾ ਖਾਓ ਅਤੇ ਉਹ ਦਾ ਲਹੂ ਨਾ ਪੀਓ ਤਾਂ ਤੁਹਾਡੇ ਵਿੱਚ ਜੀਉਣ ਨਹੀਂਹੈ 54ਜੋ ਕੋਈ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ ਸਦੀਪਕ ਜੀਉਣ ਉਸੇ ਦਾ ਹੈ ਅਤੇ ਮੈਂ ਅੰਤ ਦੇ ਦਿਨ ਉਹ ਨੂੰ ਜੀਉਂਦਾ ਉਠਾਵਾਂਗਾ 55ਕਿਉਂਕਿ ਮੇਰਾ ਮਾਸ ਸੱਚ ਮੁੱਚ ਖਾਣ ਦੀ ਅਤੇ ਮੇਰਾ ਲਹੂ ਸੱਚ ਮੁੱਚ ਪੀਣ ਦੀ ਵਸਤੂ ਹੈ 56ਜੋ ਮਾਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ ਸੋ ਮੇਰੇ ਵਿੱਚ ਰਹਿੰਦਾ ਹੈ ਅਰ ਮੈਂ ਉਸ ਵਿੱਚ 57ਜਿਸ ਤਰਾਂ ਜੀਉਂਦੇ ਪਿਤਾ ਨੇ ਮੈਨੂੰ ਭੇਜਿਆ ਅਤੇ ਮੈਂ ਪਿਤਾ ਦੇ ਕਾਰਨ ਜੀਉਂਦਾ ਹਾਂ ਉਸੇ ਤਰਾਂ ਜਿਹੜਾ ਮੈਨੂੰ ਖਾਂਦਾ ਹੈ ਸੋ ਮੇਰੇ ਕਾਰਨ ਜੀਏਗਾ 58ਜੋ ਰੋਟੀ ਸੁਰਗੋਂ ਉੱਤਰੀ ਸੋ ਇਹੋ ਹੈ। ਜਿਵੇਂ ਵਡਿਆਂ ਨੇ ਖਾਧੀ ਅਤੇ ਮਰ ਗਏ ਸੋ ਨਹੀਂ ਪਰ ਜਿਹੜਾ ਇਹ ਰੋਟੀ ਖਾਂਦਾ ਹੈ ਉਹ ਸਦਾ ਜੀਉਂਦਾ ਰਹੇਗਾ 59ਉਹ ਨੇ ਕਫ਼ਰਨਾਹੁਮ ਦੀ ਇੱਕ ਸਮਾਜ ਵਿੱਚ ਉਪਦੇਸ਼ ਦਿੰਦਿਆ ਏਹ ਗੱਲਾਂ ਆਖੀਆਂ।।
60ਇਸ ਲਈ ਉਹ ਦੇ ਚੇਲਿਆਂ ਵਿੱਚੋਂ ਬਹੁਤਿਆਂ ਨੇ ਸੁਣ ਕੇ ਆਖਿਆ ਜੋ ਇਹ ਔਖੀ ਗੱਲ ਹੈ, ਇਹ ਨੂੰ ਕੌਣ ਸੁਣ ਸੱਕਦਾ ਹੈ? 61ਪਰ ਯਿਸੂ ਨੇ ਜੋ ਆਪਣੇ ਮਨ ਵਿੱਚ ਜਾਣਿਆ ਭਈ ਮੇਰੇ ਚੇਲੇ ਇਸ ਗੱਲ ਉੱਤੇ ਬੁੜਬੁੜਾਉਂਦੇ ਹਨ ਉਨ੍ਹਾਂ ਨੂੰ ਆਖਿਆ ਕਿ ਇਸ ਤੋਂ ਤੁਹਾਨੂੰ ਠੋਕਰ ਲੱਗਦੀ ਹੈ? 62ਫੇਰ ਕੀ ਹੋਵੇਗਾ ਜੇਕਰ ਤੁਸੀਂ ਮਨੁੱਖ ਦੇ ਪੁੱਤ੍ਰ ਨੂੰ ਉਤਾਹਾਂ ਚੜ੍ਹਦਾ ਵੇਖੋਗੇ ਜਿੱਥੇ ਉਹ ਪਹਿਲਾਂ ਸੀ? 63ਜੀਉਂਦਾਤਾ ਤਾਂ ਆਤਮਾ ਹੈ। ਮਾਸ ਤੋਂ ਕੁਝ ਲਾਭ ਨਹੀਂ। ਜਿਹੜੀਆਂ ਗੱਲਾਂ ਮੈਂ ਤੁਹਾਨੂੰ ਆਖੀਆਂ ਹਨ ਓਹ ਆਤਮਾ ਨਾਲ ਹਨ ਅਤੇ ਜੀਉਣ ਹਨ 64ਪਰ ਤੁਹਾਡੇ ਵਿੱਚੋਂ ਕਿੰਨੇ ਹੀ ਹਨ ਜੋ ਨਿਹਚਾ ਨਹੀਂ ਕਰਦੇ ਕਿਉਂਕਿ ਯਿਸੂ ਮੁੱਢੋਂ ਜਾਣਦਾ ਸੀ ਕਿ ਕਿਹੜੇ ਹਨ ਜਿਹੜੇ ਨਿਹਚਾ ਨਹੀਂ ਕਰਦੇ ਅਤੇ ਕੌਣ ਹੈ ਜੋ ਮੈਨੂੰ ਫੜਾਵੇਗਾ 65ਉਸ ਨੇ ਆਖਿਆ, ਇਸ ਕਾਰਨ ਮੈਂ ਤੁਹਾਨੂੰ ਇਹ ਆਖਿਆ ਹੈ ਕਿ ਕੋਈ ਮੇਰੇ ਕੋਲ ਨਹੀਂ ਆ ਸੱਕਦਾ ਜੇਕਰ ਇਹ ਪਿਤਾ ਦੀ ਵੱਲੋਂ ਉਹ ਨੂੰ ਬਖ਼ਸ਼ਿਆ ਨਾ ਗਿਆ ਹੋਵੇ।।
66ਇਸ ਗੱਲ ਤੋਂ ਉਹ ਦੇ ਚੇਲਿਆਂ ਵਿੱਚੋਂ ਬਹੁਤੇ ਪਿਛਾਹਾਂ ਨੂੰ ਫਿਰ ਗਏ ਅਤੇ ਮੁੜ ਉਹ ਦੇ ਨਾਲ ਨਾ ਚੱਲੇ 67ਉਪਰੰਤ ਯਿਸੂ ਨੇ ਉਨ੍ਹਾਂ ਬਾਰਾਂ ਨੂੰ ਆਖਿਆ, ਕੀ ਤੁਸੀਂ ਵੀ ਜਾਣਾ ਚਾਹੁੰਦੇ ਹੋ? 68ਸ਼ਮਊਨ ਪਤਰਸ ਨੇ ਉਹ ਨੂੰ ਉੱਤਰ ਦਿੱਤਾ, ਪ੍ਰਭੁ ਜੀ ਅਸੀਂ ਕਿਹ ਦੇ ਕੋਲ ਜਾਈਏ? ਸਦੀਪਕ ਜੀਉਣ ਦੀਆਂ ਗੱਲਾਂ ਤਾਂ ਤੇਰੇ ਕੋਲ ਹਨ 69ਅਰ ਅਸਾਂ ਤਾਂ ਨਿਹਚਾ ਕੀਤੀ ਅਤੇ ਜਾਣਿਆ ਹੈ ਕਿ ਤੂੰ ਪਰਮੇਸ਼ੁਰ ਦਾ ਪਵਿੱਤ੍ਰ ਪੁਰਖ ਹੈਂ 70ਯਿਸੂ ਨੇ ਉਨ੍ਹਾਂ ਨੂੰ ਅੱਗੇ ਆਖਿਆ, ਕੀ ਮੈਂ ਤੁਸਾਂ ਬਾਰਾਂ ਨੂੰ ਨਹੀਂ ਚੁਣਿਆ? ਅਤੇ ਤੁਹਾਡੇ ਵਿੱਚੋਂ ਇੱਕ ਜਣਾ ਸ਼ਤਾਨ ਹੈ! 71ਇਹ ਉਸ ਨੇ ਸ਼ਮਊਨ ਇਸਕਰਿਯੋਤੀ ਦੇ ਪੁੱਤ੍ਰ ਯਹੂਦਾ ਦੇ ਵਿਖੇ ਆਖਿਆ ਕਿਉਂਕਿ ਉਹੋ ਉਸ ਨੂੰ ਫੜਵਾਉਣਾ ਚਾਹੁੰਦਾ ਅਤੇ ਉਨ੍ਹਾਂ ਬਾਰਾਂ ਵਿੱਚੋਂ ਇੱਕ ਸੀ।।

Označeno

Share

Copy

None

Want to have your highlights saved across all your devices? Sign up or sign in