Logotip YouVersion
Search Icon

ਯੂਹੰਨਾ 11

11
ਲਾਜ਼ਰ ਨੂੰ ਜਿਵਾਉਣਾ
1ਮਰਿਯਮ ਅਰ ਉਹ ਦੀ ਭੈਣ ਮਾਰਥਾ ਦੀ ਨਗਰੀ ਬੈਤਅਨਿਯਾ ਦਾ ਲਾਜ਼ਰ ਨਾਮੇ ਇੱਕ ਮਨੁੱਖ ਬਿਮਾਰ ਸੀ 2ਇਹ ਉਹੋ ਮਰਿਯਮ ਸੀ ਜਿਨ੍ਹ ਪ੍ਰਭੁ ਨੂੰ ਅਤਰ ਮਲਿਆ ਅਰ ਆਪਣਿਆਂ ਵਾਲਾਂ ਨਾਲ ਉਹ ਦੇ ਚਰਨ ਪੂੰਝੇ ਸਨ । ਉਸੇ ਦਾ ਭਰਾ ਲਾਜ਼ਰ ਬਿਮਾਰ ਸੀ 3ਇਸ ਲਈ ਦੋਹਾਂ ਭੈਣਾਂ ਨੇ ਉਹ ਨੂੰ ਕਹਾ ਭੇਜਿਆ ਕਿ ਪ੍ਰਭੁ ਜੀ ਵੇਖ ਜਿਸ ਨਾਲ ਤੂੰ ਹਿਤ ਕਰਦਾ ਹੈਂ ਸੋ ਬਿਮਾਰ ਹੈ 4ਯਿਸੂ ਨੇ ਸੁਣ ਕੇ ਕਿਹਾ, ਇਹ ਬਿਮਾਰੀ ਮੌਤ ਦੀ ਨਹੀਂ ਸਗੋਂ ਪਰਮੇਸ਼ੁਰ ਦੀ ਵਡਿਆਈ ਦੇ ਨਿਮਿੱਤ ਹੈ ਜੋ ਇਸ ਤੋਂ ਪਰਮੇਸ਼ੁਰ ਦੇ ਪੁੱਤ੍ਰ ਦੀ ਵਡਿਆਈ ਹੋਵੇ 5ਯਿਸੂ ਮਾਰਥਾ ਨੂੰ ਅਤੇ ਉਹ ਦੀ ਭੈਣ ਅਰ ਲਾਜ਼ਰ ਨੂੰ ਪਿਆਰ ਕਰਦਾ ਸੀ 6ਸੋ ਜਾਂ ਉਸ ਨੇ ਸੁਣਿਆ ਭਈ ਉਹ ਬਿਮਾਰ ਹੈ ਤਾਂ ਉਹ ਜਿੱਥੇ ਸੀ ਉਸ ਵੇਲੇ ਦੋ ਦਿਨ ਉੱਥੇ ਹੀ ਰਿਹਾ 7ਤਦ ਇਹ ਦੇ ਪਿੱਛੇ ਉਸ ਨੇ ਚੇਲਿਆਂ ਨੂੰ ਆਖਿਆ, ਆਓ ਅਸੀਂ ਫੇਰ ਯਹੂਦਿਯਾ ਨੂੰ ਚੱਲੀਏ 8ਚੇਲਿਆਂ ਨੇ ਉਸ ਨੂੰ ਆਖਿਆ, ਸੁਆਮੀਂ ਜੀ ਯਹੂਦੀ ਤੈਨੂੰ ਹੁਣੇ ਪਥਰਾਹ ਕਰਨਾ ਚਾਹੁੰਦੇ ਸਨ ਅਤੇ ਤੂੰ ਫੇਰ ਉੱਥੇ ਜਾਂਦਾ ਹੈਂ? 9ਯਿਸੂ ਨੇ ਉੱਤਰ ਦਿੱਤਾ, ਕੀ ਦਿਨ ਭਰ ਦੇ ਬਾਰਾਂ ਘੰਟੇ ਨਹੀਂ ਹਨ? ਜੇ ਕੋਈ ਦਿਨ ਨੂੰ ਤੁਰੇ ਤਾਂ ਉਹ ਠੋਕਰ ਨਹੀਂ ਖਾਂਦਾ ਕਿਉਂ ਜੋ ਉਹ ਇਸ ਜਗਤ ਦਾ ਚਾਨਣ ਵੇਖਦਾ ਹੈ 10ਪਰ ਜੇ ਕੋਈ ਰਾਤ ਨੂੰ ਤੁਰੇ ਤਾਂ ਠੋਕਰ ਖਾਂਦਾ ਹੈ ਕਿਉਂ ਜੋ ਉਹ ਦੇ ਵਿੱਚ ਚਾਨਣ ਨਹੀਂ ਹੈ 11ਉਸ ਨੇ ਇਹ ਗੱਲਾਂ ਆਖੀਆਂ ਅਤੇ ਇਹ ਦੇ ਮਗਰੋਂ ਉਨ੍ਹਾਂ ਨੂੰ ਕਿਹਾ ਕਿ ਸਾਡਾ ਮਿੱਤ੍ਰ ਲਾਜ਼ਰ ਸੌ ਗਿਆ ਹੈ ਪਰ ਮੈਂ ਜਾਂਦਾ ਹਾਂ ਭਈ ਉਹ ਨੂੰ ਜਗਾਵਾਂ 12ਉਪਰੰਤ ਚੇਲਿਆਂ ਨੇ ਉਸ ਨੂੰ ਆਖਿਆ, ਪ੍ਰਭੁ ਜੀ ਜੇ ਉਹ ਸੌ ਗਿਆ ਹੈ ਤਾਂ ਬਚ ਜਾਊ 13ਯਿਸੂ ਨੇ ਤਾਂ ਉਹ ਦੀ ਮੌਤ ਦੀ ਗੱਲ ਕੀਤੀ ਸੀ ਪਰ ਓਹ ਸਮਝੇ ਜੇ ਉਹ ਨੇ ਨੀਂਦ ਦੇ ਅਰਾਮ ਦੀ ਗੱਲ ਆਖੀ ਹੈ 14ਉਪਰੰਤ ਯਿਸੂ ਨੇ ਉਨ੍ਹਾਂ ਨੂੰ ਸਾਫ਼ ਸਾਫ਼ ਆਖ ਦਿੱਤਾ ਜੋ ਲਾਜ਼ਰ ਮਰ ਗਿਆ ਹੈ 15ਅਤੇ ਮੈਂ ਤੁਹਾਡੀ ਖਾਤਰ ਪਰਸਿੰਨ ਹਾਂ ਜੋ ਮੈਂ ਉੱਥੇ ਨਾ ਸਾਂ ਤਾਂ ਜੋ ਤੁਸੀਂ ਨਿਹਚਾ ਕਰੋ । ਪਰ ਆਓ, ਉਸ ਕੋਲ ਚੱਲੀਏ 16ਤਾਂ ਥੋਮਾਂ ਨੇ ਜਿਹੜਾ ਦੀਦੁਮੁਸ ਕਰਕੇ ਸੱਦੀਦਾ ਹੈ ਆਪਣੇ ਗੁਰਭਾਈਆਂ ਨੂੰ ਕਿਹਾ, ਆਓ ਅਸੀਂ ਭੀ ਚੱਲੀਏ ਭਈ ਉਹ ਦੇ ਨਾਲ ਮਰੀਏ।।
17ਫੇਰ ਯਿਸੂ ਨੇ ਆਣ ਕੇ ਮਲੂਮ ਕੀਤਾ ਜੋ ਉਹ ਨੂੰ ਕਬਰ ਵਿੱਚ ਪਏ ਚਾਰ ਦਿਨ ਹੋ ਚੁੱਕੇ ਹਨ 18ਬੈਤਅਨਿਯਾ ਯਰੂਸ਼ਲਮ ਦੇ ਨੇੜੇ ਕੋਹਕੁ ਵਾਟ ਸੀ 19ਅਰ ਬਹੁਤ ਸਾਰੇ ਯਹੂਦੀ ਮਾਰਥਾ ਅਤੇ ਮਰਿਯਮ ਦੇ ਕੋਲ ਆਏ ਹੋਏ ਸਨ ਜੋ ਉਨ੍ਹਾਂ ਦੇ ਭਰਾ ਦੇ ਵਿਖੇ ਉਨ੍ਹਾਂ ਦਾ ਮਨ ਧਰਾਵਾ ਕਰਨ 20ਉਪਰੰਤ ਮਾਰਥਾ ਨੇ ਜਾਂ ਸੁਣਿਆ ਕਿ ਯਿਸੂ ਆਉਂਦਾ ਹੈ ਤਾਂ ਉਸ ਨੂੰ ਮਿਲਣ ਗਈ ਪਰ ਮਰਿਯਮ ਘਰ ਵਿਚ ਬੈਠੀ ਰਹੀ 21ਤਦ ਮਾਰਥਾ ਨੇ ਯਿਸੂ ਨੂੰ ਆਖਿਆ, ਪ੍ਰਭੁ ਜੀ ਜੇ ਤੂੰ ਐਥੇ ਹੁੰਦਾ ਤਾਂ ਮੇਰਾ ਭਰਾ ਨਾ ਮਰਦਾ 22ਅਤੇ ਮੈਂ ਹੁਣ ਭੀ ਜਾਣਦੀ ਹਾਂ ਭਈ ਜੋ ਕੁਝ ਤੂੰ ਪਰਮੇਸ਼ੁਰ ਤੋਂ ਮੰਗੇਂ ਸੋ ਪਰਮੇਸ਼ੁਰ ਤੈਨੂੰ ਦੇਊ 23ਯਿਸੂ ਨੇ ਉਹ ਨੂੰ ਆਖਿਆ, ਤੇਰਾ ਭਰਾ ਜੀ ਉੱਠੇਗਾ 24ਮਾਰਥਾ ਨੇ ਉਸ ਨੂੰ ਆਖਿਆ, ਮੈਂ ਜਾਣਦੀ ਹਾਂ ਜੋ ਕਿਆਮਤ ਨੂੰ ਅੰਤ ਦੇ ਦਿਨ ਉਹ ਜੀ ਉੱਠੂ 25ਯਿਸੂ ਨੇ ਉਹ ਨੂੰ ਕਿਹਾ ਕਿਆਮਤ ਅਤੇ ਜੀਉਣ ਮੈਂ ਹਾਂ। ਜੋ ਮੇਰੇ ਉੱਤੇ ਨਿਹਚਾ ਕਰਦਾ ਹੈ ਭਾਵੇਂ ਉਹ ਮਰ ਜਾਵੇ ਤਾਂ ਵੀ ਜੀਵੇਗਾ 26ਅਤੇ ਹਰ ਕੋਈ ਜਿਹੜਾ ਜੀਉਂਦਾ ਹੈ ਅਰ ਮੇਰੇ ਉੱਤੇ ਨਿਹਚਾ ਕਰਦਾ ਹੈ ਸੋ ਸਦੀਪਕਾਲ ਤੀਕੁ ਕਦੇ ਨਾ ਮਰੇਗਾ।। ਕੀ ਤੂੰ ਇਸ ਗੱਲ ਦੀ ਪਰਤੀਤ ਕਰਦੀ ਹੈਂ? 27ਉਨ ਉਸ ਨੂੰ ਆਖਿਆ, ਹਾਂ, ਪ੍ਰਭੁ ਮੈਂ ਪਰਤੀਤ ਕੀਤੀ ਹੈ ਜੋ ਤੂੰ ਹੀ ਮਸੀਹ ਹੈਂ ਪਰਮੇਸ਼ੁਰ ਦਾ ਪੁੱਤ੍ਰ ਜਿਹੜਾ ਜਗਤ ਵਿੱਚ ਆਉਣ ਵਾਲਾ ਸੀ 28ਇਹ ਕਹਿ ਕੇ ਉਹ ਚੱਲੀ ਗਈ ਅਤੇ ਆਪਣੀ ਭੈਣ ਮਰਿਯਮ ਨੂੰ ਚੁੱਪ ਕੀਤੀ ਸੱਦ ਕੇ ਬੋਲੀ, ਗੁਰੂ ਆਇਆ ਹੋਇਆ ਹੈ ਅਤੇ ਤੈਨੂੰ ਸੱਦਦਾ ਹੈ 29ਜਾਂ ਉਹ ਨੇ ਇਹ ਗੱਲ ਸੁਣੀ ਤਾਂ ਝੱਟ ਉੱਠ ਕੇ ਉਸ ਦੇ ਕੋਲ ਗਈ 30ਯਿਸੂ ਅਜੇ ਪਿੰਡ ਵਿੱਚ ਨਹੀਂ ਸੀ ਆਇਆ ਪਰ ਉਸੇ ਥਾਂ ਸੀ ਜਿੱਥੇ ਮਾਰਥਾ ਉਸ ਨੂੰ ਮਿਲੀ ਸੀ 31ਫੇਰ ਓਹ ਯਹੂਦੀ ਜਿਹੜੇ ਉਹ ਦੇ ਨਾਲ ਘਰ ਵਿੱਚ ਸਨ ਅਤੇ ਉਹ ਦਾ ਮਨ ਧਰਾਉਂਦੇ ਸਨ ਜਾਂ ਮਰਿਯਮ ਨੂੰ ਵੇਖਿਆ ਜੋ ਉਹ ਛੇਤੀ ਨਾਲ ਉੱਠ ਕੇ ਬਾਹਰ ਨੂੰ ਚੱਲੀ ਗਈ ਹੈ ਤਾਂ ਇਹ ਸਮਝ ਕੇ ਭਈ ਉਹ ਕਬਰ ਉੱਤੇ ਰੋਣ ਜਾਂਦੀ ਹੈ ਉਹ ਦੇ ਮਗਰ ਹੋ ਤੁਰੇ 32ਸੋ ਜਾਂ ਮਰਿਯਮ ਉਸ ਥਾਂ ਆਈ ਜਿੱਥੇ ਯਿਸੂ ਸੀ ਤਾਂ ਉਸ ਨੂੰ ਵੇਖ ਕੇ ਉਸ ਦੇ ਪੈਰੀਂ ਪਈ ਅਤੇ ਉਸ ਨੂੰ ਆਖਿਆ, ਪ੍ਰਭੁ ਜੀ ਜੇ ਤੂੰ ਐਥੇ ਹੁੰਦਾ ਤਾਂ ਮੇਰਾ ਭਰਾ ਨਾ ਮਰਦਾ 33ਉਪਰੰਤ ਜਾਂ ਯਿਸੂ ਨੇ ਉਹ ਨੂੰ ਰੋਦਿਆਂ ਅਤੇ ਉਨ੍ਹਾਂ ਯਹੂਦੀਆਂ ਨੂੰ ਵੀ ਜੋ ਉਹ ਦੇ ਨਾਲ ਆਏ ਸਨ ਰੋਂਦੇ ਵੇਖਿਆ ਤਾਂ ਆਤਮਾ ਵਿੱਚ ਕਲਪਿਆ ਅਤੇ ਘਬਰਾਇਆ 34ਅਰ ਆਖਿਆ, ਤੁਸੀਂ ਉਹ ਨੂੰ ਕਿੱਥੇ ਰੱਖਿਆ ਹੈ? ਉਨ੍ਹਾਂ ਉਸ ਨੂੰ ਆਖਿਆ, ਪ੍ਰਭੁ ਜੀ ਆ ਵੇਖ 35ਯਿਸੂ ਰੋਇਆ 36ਇਸ ਤੇ ਯਹੂਦੀ ਬੋਲੇ ਵੇਖੋ ਇਹ ਉਸ ਨਾਲ ਕੇਡਾ ਹਿਤ ਕਰਦਾ ਸੀ! 37ਪਰ ਕਈ ਉਨ੍ਹਾਂ ਵਿੱਚੋਂ ਬੋਲੇ, ਕੀ ਇਹ ਜਿਹ ਨੇ ਅੰਨ੍ਹੇ ਦੀਆਂ ਅੱਖਾਂ ਖੋਲ੍ਹੀਆਂ ਐੱਨਾ ਭੀ ਨਾ ਕਰ ਸੱਕਿਆ ਜੋ ਇਹ ਮਨੁੱਖ ਨਾ ਮਰਦਾ? 38ਤਾਂ ਯਿਸੂ ਆਪਣੇ ਜੀ ਵਿੱਚ ਫਿਰ ਕਲਪਦਾ ਹੋਇਆ ਕਬਰ ਉੱਤੇ ਆਇਆ। ਉਹ ਇੱਕ ਗੁਫ਼ਾ ਸੀ ਅਤੇ ਉਸ ਉੱਤੇ ਇੱਕ ਪੱਥਰ ਧਰਿਆ ਹੋਇਆ ਸੀ 39ਯਿਸੂ ਨੇ ਆਖਿਆ, ਇਸ ਪੱਥਰ ਨੂੰ ਹਟਾ ਦਿਓ। ਉਸ ਮੁਰਦੇ ਦੀ ਭੈਣ ਮਾਰਥਾ ਨੇ ਉਸ ਨੂੰ ਆਖਿਆ, ਪ੍ਰਭੁ ਜੀ ਉਸ ਕੋਲੋਂ ਤਾਂ ਹੁਣ ਸੜਿਹਾਨ ਆਉਂਦੀ ਹੈ ਕਿਉਂ ਜੋ ਉਹ ਨੂੰ ਚਾਰ ਦਿਨ ਹੋਏ ਹਨ 40ਯਿਸੂ ਨੇ ਉਹ ਨੂੰ ਕਿਹਾ, ਕੀ ਮੈਂ ਤੈਨੂੰ ਨਹੀਂ ਆਖਿਆ ਭਈ ਜੇ ਤੂੰ ਪਰਤੀਤ ਕਰੇਂ ਤਾਂ ਪਰਮੇਸ਼ੁਰ ਦੀ ਵਡਿਆਈ ਵੇਖੇਂਗੀ? 41ਸੋ ਉਨ੍ਹਾਂ ਉਸ ਪੱਥਰ ਨੂੰ ਹਟਾ ਦਿੱਤਾ ਅਤੇ ਯਿਸੂ ਨੇ ਅੱਖਾਂ ਉਤਾਹਾਂ ਕਰ ਕੇ ਆਖਿਆ, ਹੇ ਪਿਤਾ, ਮੈਂ ਤੇਰਾ ਸ਼ੁਕਰ ਕਰਦਾ ਹਾਂ ਜੋ ਤੈਂ ਮੇਰੀ ਸੁਣੀ 42ਅਤੇ ਮੈਂ ਜਾਣਿਆ ਜੋ ਤੂੰ ਮੇਰੀ ਸਦਾ ਸੁਣਦਾ ਹੈਂ ਪਰ ਇਨਾਂ ਲੋਕਾਂ ਦੇ ਕਾਰਨ ਜਿਹੜੇ ਆਲੇ ਦੁਆਲੇ ਖੜੇ ਹਨ ਮੈਂ ਇਹ ਆਖਿਆ ਤਾਂ ਓਹ ਪਰਤੀਤ ਕਰਨ ਜੋ ਤੈਂ ਮੈਨੂੰ ਘੱਲਿਆ 43ਇਹ ਕਹਿ ਕੇ ਉੱਚੀ ਅਵਾਜ਼ ਮਾਰੀ ਕਿ ਲਾਜ਼ਰ, ਬਾਹਰ ਆ! 44ਉਹ ਜਿਹੜਾ ਮੋਇਆ ਹੋਇਆ ਸੀ ਕਫ਼ਨ ਨਾਲ ਹੱਥ ਪੈਰ ਬੱਧੇ ਹੋਏ ਬਾਹਰ ਨਿੱਕਲ ਆਇਆ ਅਰ ਉਹ ਦੇ ਮੂੰਹ ਉੱਤੇ ਰੁਮਾਲ ਵਲ੍ਹੇਟਿਆ ਹੋਇਆ ਸੀ! ਯਿਸੂ ਨੇ ਉਨ੍ਹਾਂ ਨੂੰ ਆਖਿਆ, ਉਹ ਨੂੰ ਖੋਲ੍ਹੋ ਅਤੇ ਜਾਣ ਦਿਓ।।
45ਤਦੋਂ ਬਥੇਰਿਆਂ ਨੇ ਉਨ੍ਹਾਂ ਯਹੂਦੀਆਂ ਵਿੱਚੋਂ ਜਿਹੜੇ ਮਰਿਯਮ ਕੋਲ ਆਏ ਸਨ ਇਹ ਜੋ ਕੁਝ ਯਿਸੂ ਨੇ ਕੀਤਾ ਵੇਖ ਕੇ ਉਸ ਉੱਤੇ ਨਿਹਚਾ ਕੀਤੀ 46ਪਰ ਉਨ੍ਹਾਂ ਵਿੱਚੋਂ ਕਈਆਂ ਨੇ ਫ਼ਰੀਸੀਆਂ ਦੇ ਕੋਲ ਜਾ ਕੇ ਓਹ ਕੰਮ ਜਿਹੜੇ ਯਿਸੂ ਨੇ ਕੀਤੇ ਸਨ ਦੱਸ ਦਿੱਤੇ।।
47ਇਸ ਲਈ ਪਰਧਾਨ ਜਾਜਕਾਂ ਅਤੇ ਫ਼ਰੀਸੀਆਂ ਨੇ ਮਹਾ ਸਭਾ ਇਕੱਠੀ ਕਰ ਕੇ ਕਿਹਾ, ਅਸੀਂ ਕੀ ਕਰਦੇ ਹਾਂ, ਕਿਉਂ ਜੋ ਇਹ ਮਨੁੱਖ ਬਹੁਤ ਨਿਸ਼ਾਨ ਵਿਖਾਉਂਦਾ ਹੈ? 48ਜੇ ਅਸੀਂ ਉਸ ਨੂੰ ਐਵੇਂ ਛੱਡ ਦੇਈਏ ਤਾਂ ਸਭ ਉਸ ਉੱਤੇ ਨਿਹਚਾ ਕਰਨਗੇ ਅਤੇ ਰੋਮੀ ਆ ਜਾਣਗੇ ਅਤੇ ਨਾਲੇ ਸਾਡੀ ਜਗ੍ਹਾ ਅਰ ਨਾਲੇ ਸਾਡੀ ਕੌਮ ਭੀ ਲੈ ਲੈਣਗੇ 49ਅਰ ਉਨ੍ਹਾਂ ਵਿੱਚੋਂ ਕਯਾਫਾ ਨਾਮੇ ਇੱਕ ਨੇ ਜਿਹੜਾ ਉਸ ਸਾਲ ਸਰਦਾਰ ਜਾਜਕ ਸੀ ਉਨ੍ਹਾਂ ਨੂੰ ਆਖਿਆ, ਤੁਸੀਂ ਕੁਝ ਨਹੀਂ ਜਾਣਦੇ 50ਅਤੇ ਨਹੀਂ ਸੋਚਦੇ ਹੋ ਭਈ ਤੁਹਾਡੇ ਲਈ ਇਹੋ ਚੰਗਾ ਹੈ ਜੋ ਇੱਕ ਮਨੁੱਖ ਲੋਕਾਂ ਦੇ ਬਦਲੇ ਮਰੇ, ਨਾ ਕਿ ਸਾਰੀ ਕੌਮ ਦਾ ਨਾਸ ਹੋਵੇ 51ਪਰ ਇਹ ਉਸ ਨੇ ਆਪਣੀ ਵੱਲੋਂ ਨਹੀਂ ਕਿਹਾ ਪਰ ਇਸ ਕਾਰਨ ਜੋ ਉਹ ਉਸ ਸਾਲ ਸਰਦਾਰ ਜਾਜਕ ਸੀ ਅਗੰਮ ਗਿਆਨ ਨਾਲ ਖਬਰ ਦਿੱਤੀ ਜੋ ਯਿਸੂ ਉਸ ਕੌਮ ਦੇ ਬਦਲੇ ਮਰਨ ਨੂੰ ਸੀ 52ਅਤੇ ਨਿਰਾ ਉਸੇ ਕੌਮ ਦੇ ਬਦਲੇ ਨਹੀਂ ਸਗੋਂ ਇਸ ਲਈ ਵੀ ਜੋ ਉਹ ਪਰਮੇਸ਼ੁਰ ਦਿਆਂ ਬਾਲਕਾਂ ਨੂੰ ਜੋ ਖਿੰਡੇ ਹੋਏ ਹਨ ਇਕੱਠਿਆਂ ਕਰ ਕੇ ਇੱਕੋ ਬਣਾਵੇ 53ਸੋ ਉਨ੍ਹਾਂ ਨੇ ਉਸੇ ਦਿਨ ਤੋਂ ਮਤਾ ਪਕਾਇਆ ਭਈ ਉਸ ਨੂੰ ਜਾਨੋਂ ਮਾਰਨ।।
54ਇਸ ਕਾਰਨ ਯਿਸੂ ਫੇਰ ਯਹੂਦੀਆਂ ਵਿੱਚ ਖੁਲ੍ਹਮਖੁਲ੍ਹਾ ਨਾ ਫਿਰਿਆ ਪਰ ਉੱਥੋਂ ਉਜਾੜ ਦੇ ਲਾਗੇ ਦੇ ਦੇਸ ਵਿੱਚ ਇਫ਼ਰਾਈਮ ਕਰਕੇ ਇੱਕ ਨਗਰ ਨੂੰ ਗਿਆ। ਅਤੇ ਚੇਲਿਆਂ ਸਣੇ ਉੱਥੇ ਰਿਹਾ 55ਪਰ ਯਹੂਦੀਆਂ ਦਾ ਪਸਾਹ ਨਾਮੇ ਤਿਉਹਾਰ ਨੇੜੇ ਸੀ ਅਤੇ ਅਨੇਕ ਲੋਕ ਆਪ ਨੂੰ ਸ਼ੁੱਧ ਕਰਨ ਲਈ ਤਿਉਹਾਰ ਤੋਂ ਪਹਿਲਾਂ ਪਿੰਡ ਪਿੰਡ ਤੋਂ ਯਰੂਸ਼ਲਮ ਨੂੰ ਗਏ 56ਸੋ ਉਨ੍ਹਾਂ ਨੇ ਯਿਸੂ ਦੀ ਭਾਲ ਕੀਤੀ ਅਤੇ ਹੈਕਲ ਵਿੱਚ ਖੜੇ ਹੋ ਕੇ ਆਪੋ ਵਿੱਚੀਂ ਕਹਿਣ ਲੱਗੇ, ਤੁਸੀਂ ਕੀ ਸਮਝਦੇ ਹੋ ਕਿ ਉਹ ਇਸ ਤਿਉਹਾਰ ਉੱਤੇ ਨਹੀਂ ਆਊਗਾ? 57ਅਤੇ ਪਰਧਾਨ ਜਾਜਕਾਂ ਅਰ ਫ਼ਰੀਸੀਆਂ ਨੇ ਹੁਕਮ ਕੀਤਾ ਸੀ ਕਿ ਜੇ ਕੋਈ ਜਾਣਦਾ ਹੋਵੇ ਜੋ ਉਹ ਕਿੱਥੇ ਹੈ ਤਾਂ ਦੱਸ ਦੇਵੇ ਭਈ ਓਹ ਉਸ ਨੂੰ ਫੜ ਲੈਣ।।

Označeno

Share

Copy

None

Want to have your highlights saved across all your devices? Sign up or sign in