Logo YouVersion
Ikona Hľadať

ਲੂਕਾ 20

20
ਪਰਤਾਵੇ ਲਈ ਪ੍ਰਸ਼ਨ
1ਉਨ੍ਹਾਂ ਦਿਨਾਂ ਵਿੱਚੋਂ ਇੱਕ ਦਿਨ ਇਉਂ ਹੋਇਆ ਕਿ ਜਾਂ ਉਹ ਹੈਕਲ ਵਿੱਚ ਲੋਕਾਂ ਨੂੰ ਉਪਦੇਸ਼ ਕਰਦਾ ਅਤੇ ਖੁਸ਼ ਖਬਰੀ ਸੁਣਾਉਂਦਾ ਸੀ ਪਰਧਾਨ ਜਾਜਕ ਅਤੇ ਗ੍ਰੰਥੀ ਬਜ਼ੁਰਗਾਂ ਦੇ ਨਾਲ ਚੜ੍ਹ ਆਏ 2ਅਰ ਉਹ ਨੂੰ ਕਹਿਣ ਲੱਗੇ ਭਈ ਸਾਨੂੰ ਦੱਸ, ਤੂੰ ਕਿਹੜੇ ਇਖ਼ਤਿਆਰ ਨਾਲ ਏਹ ਕੰਮ ਕਰਦਾ ਹੈਂ ਯਾ ਉਹ ਕੌਣ ਹੈ ਜਿਹ ਨੇ ਤੈਨੂੰ ਇਹ ਇਖ਼ਤਿਆਰ ਦਿੱਤਾ? 3ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਮੈਂ ਵੀ ਤੁਹਾਥੋਂ ਇੱਕ ਗੱਲ ਪੁੱਛਣਾ ਹਾਂ ਸੋ ਮੈਨੂੰ ਦੱਸੋ 4ਯੂਹੰਨਾ ਦਾ ਬਪਤਿਸਮਾ ਸੁਰਗ ਵੱਲੋਂ ਸੀ ਯਾ ਮਨੁੱਖਾਂ ਵੱਲੋਂ? 5ਉਨ੍ਹਾਂ ਨੇ ਆਪੋ ਵਿੱਚ ਵਿਚਾਰ ਕਰ ਕੇ ਕਿਹਾ, ਜੇ ਕਹੀਏ ਸੁਰਗ ਵੱਲੋਂ ਤਾਂ ਉਹ ਆਖੂ, ਤੁਸਾਂ ਉਹ ਦੀ ਪਰਤੀਤ ਕਿਉਂ ਨਾ ਕੀਤੀ? 6ਅਰ ਜੇ ਕਹੀਏ ਮਨੁੱਖਾਂ ਵੱਲੋਂ ਤਾਂ ਸਭ ਲੋਕ ਸਾਨੂੰ ਪਥਰਾਉ ਕਰਨਗੇ ਕਿਉਂਕਿ ਓਹ ਯਕੀਨ ਨਾਲ ਜਾਣਦੇ ਹਨ ਜੋ ਯੂਹੰਨਾ ਨਬੀ ਸੀ 7ਤਾਂ ਉਨ੍ਹਾਂ ਉੱਤਰ ਦਿੱਤਾ, ਅਸੀਂ ਨਹੀਂ ਜਾਣਦੇ ਭਈ ਕਿੱਥੋਂ ਸੀ 8ਯਿਸੂ ਨੇ ਉਨ੍ਹਾਂ ਨੂੰ ਆਖਿਆ, ਮੈਂ ਵੀ ਤੁਹਾਨੂੰ ਨਹੀਂ ਦੱਸਦਾ ਜੋ ਕਿਹੜੇ ਇਖ਼ਤਿਆਰ ਨਾਲ ਇਹ ਕੰਮ ਕਰਦਾ ਹਾਂ।।
9ਉਹ ਲੋਕਾਂ ਨੂੰ ਇਹ ਦ੍ਰਿਸ਼ਟਾਂਤ ਸੁਣਾਉਣ ਲੱਗਾ ਭਈ ਇੱਕ ਮਨੁੱਖ ਨੇ ਅੰਗੂਰੀ ਬਾਗ ਲਾਇਆ ਅਤੇ ਉਸ ਨੂੰ ਮਾਲੀਆਂ ਦੇ ਹੱਥ ਸੌਂਪ ਕੇ ਬਹੁਤ ਦਿਨਾਂ ਲਈ ਪਰਦੇਸ਼ ਚੱਲਿਆ ਗਿਆ 10ਅਰ ਉਸ ਨੇ ਰੁੱਤ ਸਿਰ ਇੱਕ ਨੌਕਰ ਨੂੰ ਮਾਲੀਆਂ ਕੋਲ ਘੱਲਿਆ ਜੋ ਓਹ ਬਾਗ ਦੇ ਫਲ ਵਿੱਚੋਂ ਉਹ ਨੂੰ ਕੁਝ ਦੇਣ, ਪਰ ਮਾਲੀਆਂ ਨੇ ਉਹ ਨੂੰ ਮਾਰ ਕੁੱਟ ਕੇ ਸੱਖਣੇ ਹੱਥ ਤਾਹ ਦਿੱਤਾ 11ਉਸਨੇ ਇੱਕ ਹੋਰ ਨੌਕਰ ਘੱਲਿਆ ਅਤੇ ਉਨ੍ਹਾਂ ਉਹ ਨੂੰ ਵੀ ਮਾਰਿਆ ਕੁੱਟਿਆ ਅਤੇ ਉਹ ਦੀ ਪਤ ਲਾਹ ਕੇ ਸੱਖਣੇ ਹੱਥ ਤਾਹ ਦਿੱਤਾ 12ਉਸ ਨੇ ਤੀਏ ਨੂੰ ਘੱਲਿਆ ਅਤੇ ਉਨ੍ਹਾਂ ਨੇ ਉਸ ਨੂੰ ਵੀ ਘਾਇਲ ਕਰ ਕੇ ਬਾਹਰ ਕੱਢ ਦਿੱਤਾ 13ਤਦ ਬਾਗ ਦੇ ਮਾਲਕ ਨੇ ਕਿਹਾ, ਮੈਂ ਕੀ ਕਰਾਂ? ਮੈਂ ਆਪਣੇ ਪਿਆਰੇ ਪੁੱਤ੍ਰ ਨੂੰ ਘੱਲਾਂਗਾ, ਕੀ ਜਾਣੀਏ ਭਈ ਓਹ ਉਸ ਦਾ ਲਿਹਾਜ਼ ਕਰਨ 14ਪਰ ਜਾਂ ਮਾਲੀਆਂ ਨੇ ਉਹ ਨੂੰ ਡਿੱਠਾ ਤਾਂ ਆਪੋ ਵਿੱਚ ਸਲਾਹ ਕਰ ਕੇ ਬੋਲੇ, ਵਾਰਸ ਇਹੋ ਹੈ। ਇਹ ਨੂੰ ਮਾਰ ਸੁੱਟੀਏ ਤਾਂ ਜੋ ਵਿਰਸਾ ਸਾਡਾ ਹੋ ਜਾਵੇ 15ਤਾਂ ਉਨ੍ਹਾਂ ਨੇ ਉਸ ਨੂੰ ਬਾਗੋਂ ਬਾਹਰ ਕੱਢ ਕੇ ਮਾਰ ਸੁੱਟਿਆ। ਸੋ ਬਾਗ ਦਾ ਮਾਲਕ ਉਨ੍ਹਾਂ ਨਾਲ ਕੀ ਕਰੇਗਾ? 16ਉਹ ਆਵੇਗਾ ਅਤੇ ਉਨ੍ਹਾਂ ਮਾਲੀਆਂ ਦਾ ਨਾਸ ਕਰੇਗਾ ਅਤੇ ਬਾਗ ਹੋਰਨਾਂ ਨੂੰ ਸੌਂਪੇਗਾ। ਪਰ ਉਨ੍ਹਾਂ ਇਹ ਸੁਣ ਕੇ ਕਿਹਾ, ਰੱਬ ਨਾ ਕਰੇ! 17ਤਾਂ ਉਸ ਨੇ ਉਨ੍ਹਾਂ ਵੱਲ ਧਿਆਨ ਕਰ ਕੇ ਆਖਿਆ, ਫੇਰ ਉਹ ਜੋ ਲਿਖਿਆ ਹੋਇਆ ਹੈ ਸੋ ਕੀ #ਜ਼. 118:22
ਹੈ ਕਿ ਜਿਸ ਪੱਥਰ ਨੂੰ ਰਾਜਾਂ ਨੇ ਰੱਦਿਆ,
ਸੋਈ ਖੂੰਜੇ ਦਾ ਸਿਰਾ ਹੋ ਗਿਆ।।
18ਹਰੇਕ ਜੋ ਉਸ ਪੱਥਰ ਉੱਤੇ ਡਿੱਗੇਗਾ ਸੋ ਚੂਰ ਹੋ ਜਾਵੇਗਾ ਪਰ ਜਿਹ ਦੇ ਉੱਤੇ ਉਹ ਡਿੱਗੇਗਾ ਉਹ ਉਸ ਨੂੰ ਪੀਹ ਸੁੱਟੇਗਾ।।
19ਗ੍ਰੰਥੀ ਅਤੇ ਪਰਧਾਨ ਜਾਜਕ ਉਹ ਦੀ ਟੋਹ ਵਿੱਚ ਸਨ ਜੋ ਉਸੇ ਘੜੀ ਉਸ ਉੱਤੇ ਹੱਥ ਪਾਉਣ ਪਰ ਓਹ ਲੋਕਾਂ ਤੋਂ ਡਰਦੇ ਸਨ ਕਿਉਂ ਜੋ ਉਨ੍ਹਾਂ ਜਾਣ ਲਿਆ ਭਈ ਉਸ ਨੇ ਸਾਡੇ ਉੱਤੇ ਇਹ ਦ੍ਰਿਸ਼ਟਾਂਤ ਕਿਹਾ ਹੈ 20ਅਰ ਓਹ ਉਸ ਦੀ ਤੱਕ ਵਿੱਚ ਲੱਗੇ ਰਹੇ ਅਤੇ ਭੇਤੀਆਂ ਨੂੰ ਘੱਲਿਆ ਜਿਹੜੇ ਕਪਟ ਨਾਲ ਆਪਣੇ ਆਪ ਨੂੰ ਧਰਮੀ ਵਿਖਾਉਂਦੇ ਸਨ ਭਈ ਉਹ ਦੀ ਕੋਈ ਗੱਲ ਫੜਨ ਇਸ ਲਈ ਜੋ ਉਹ ਨੂੰ ਹਾਕਮ ਦੇ ਵੱਸ ਅਤੇ ਇਖ਼ਤਿਆਰ ਵਿੱਚ ਕਰਨ 21ਤਾਂ ਉਨ੍ਹਾਂ ਉਸ ਤੋਂ ਪੁੱਛਿਆ, ਗੁਰੂ ਜੀ ਅਸੀਂ ਜਾਣਦੇ ਹਾਂ ਜੋ ਤੁਸੀਂ ਠੀਕ ਬੋਲਦੇ ਅਤੇ ਸਿਖਾਉਂਦੇ ਹੋ ਅਰ ਕਿਸੇ ਦੀ ਰਈ ਨਹੀਂ ਕਰਦੇ ਸਗੋਂ ਸਚਿਆਈ ਨਾਲ ਪਰਮੇਸ਼ੁਰ ਦਾ ਰਾਹ ਦੱਸਦੇ ਹੋ 22ਕੈਸਰ ਨੂੰ ਜ਼ਜ਼ੀਯਾ ਦੇਣਾ ਸਾਨੂੰ ਜੋਗ ਹੈ ਕਿ ਨਹੀਂ? 23ਪਰ ਉਸ ਨੇ ਉਨ੍ਹਾਂ ਦੀ ਖਚਰ ਵਿੱਦਿਆ ਜਾਣ ਕੇ ਉਨ੍ਹਾਂ ਨੂੰ ਆਖਿਆ 24ਮੈਨੂੰ ਇੱਕ ਅਠੰਨੀ ਵਿਖਾਓ। ਏਸ ਉੱਤੇ ਕਿਹ ਦੀ ਮੂਰਤ ਅਤੇ ਲਿਖਤ ਹੈ? ਉਨ੍ਹਾਂ ਆਖਿਆ, ਕੈਸਰ ਦੀ 25ਤਦ ਉਸ ਨੇ ਉਨ੍ਹਾਂ ਨੂੰ ਕਿਹਾ, ਫੇਰ ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ ਓਹ ਕੈਸਰ ਨੂੰ ਅਤੇ ਜਿਹੜੀਆਂ ਪਰਮੇਸ਼ੁਰ ਦੀਆਂ ਹਨ ਓਹ ਪਰਮੇਸ਼ੁਰ ਨੂੰ ਦਿਓ 26ਉਹ ਲੋਕਾਂ ਦੇ ਸਾਹਮਣੇ ਉਸ ਗੱਲ ਨੂੰ ਫੜ ਨਾ ਸੱਕੇ ਅਰ ਉਹ ਦੇ ਉੱਤਰ ਤੋਂ ਹੈਰਾਨ ਹੋ ਕੇ ਚੁੱਪ ਹੀ ਰਹਿ ਗਏ।।
27ਤਾਂ ਸਦੂਕੀਆਂ ਵਿੱਚੋਂ ਜਿਹੜੇ ਆਖਦੇ ਹਨ ਭਈ ਕਿਆਮਤ ਨਹੀਂ ਹੋਣੀ ਕਿੰਨੇਕੁ ਉਹ ਦੇ ਕੋਲ ਆਏ ਅਤੇ ਉਨ੍ਹਾਂ ਉਸ ਨੂੰ ਪੁੱਛਿਆ 28ਗੁਰੂ ਜੀ ਮੂਸਾ ਨੇ ਸਾਡੇ ਲਈ ਲਿਖਿਆ ਹੈ ਭਈ ਜੇ ਕਿਸੇ ਦਾ ਭਰਾ ਤੀਵੀਂ ਕਰ ਕੇ ਔਂਤ ਮਰ ਜਾਵੇ ਤਾਂ ਉਹ ਦਾ ਭਰਾ ਉਸ ਤੀਵੀਂ ਨੂੰ ਕਰ ਲਵੇ ਅਤੇ ਆਪਣੇ ਭਰਾ ਲਈ ਵੰਸ ਉਤਪੰਨ ਕਰੇ 29ਸੋ ਸੱਤ ਭਰਾ ਸਨ ਅਤੇ ਪਹਿਲਾ ਤੀਵੀਂ ਕਰ ਕੇ ਔਂਤ ਮਰ ਗਿਆ 30ਅਰ ਦੂਏ ਅਤੇ ਤੀਏ ਨੇ ਉਹ ਨੂੰ ਕਰ ਲਿਆ 31ਅਤੇ ਇਸੇ ਤਰਾਂ ਸੱਤਾਂ ਦੇ ਸੱਤ ਔਂਤ ਮਰ ਗਏ 32ਪਿੱਛੋਂ ਉਹ ਤੀਵੀਂ ਭੀ ਮਰ ਗਈ 33ਸੋ ਕਿਆਮਤ ਨੂੰ ਉਹ ਉਨ੍ਹਾਂ ਵਿੱਚੋਂ ਕਿਹ ਦੀ ਤੀਵੀਂ ਹੋਊਗੀ ਕਿਉਂ ਜੋ ਸੱਤਾ ਨੇ ਉਹ ਨੂੰ ਤੀਵੀਂ ਕਰ ਕੇ ਵਸਾਇਆ ਸੀ? 34ਤਦ ਯਿਸੂ ਨੇ ਉਨ੍ਹਾਂ ਨੂੰ ਆਖਿਆ ਕਿ ਇਸ ਜੁਗ ਦੇ ਪੁੱਤ੍ਰ ਵਿਆਹ ਕਰਦੇ ਅਤੇ ਵਿਆਹੇ ਜਾਂਦੇ ਹਨ 35ਪਰ ਓਹ ਜਿਹੜੇ ਉਸ ਜੁਗ ਅਤੇ ਮੁਰਦਿਆਂ ਵਿੱਚੋਂ ਜੀ ਉੱਠਣ ਵਿਖੇ ਸਾਂਝੀ ਹੋਣ ਦੇ ਲਾਇਕ ਗਿਣੇ ਜਾਂਦੇ ਉਹ ਨਾ ਵਿਆਹ ਕਰਦੇ ਅਤੇ ਨਾ ਵਿਆਹੇ ਜਾਂਦੇ ਹਨ 36ਕਿਉਂ ਜੋ ਓਹ ਫੇਰ ਮਰ ਵੀ ਨਹੀਂ ਸੱਕਦੇ ਇਸ ਲਈ ਜੋ ਦੂਤਾਂ ਦੇ ਤੁੱਲ ਹਨ ਅਤੇ ਕਿਆਮਤ ਦੇ ਪੁੱਤ੍ਰ ਹੋ ਕੇ ਪਰਮੇਸ਼ੁਰ ਦੇ ਪੁੱਤ੍ਰ ਹਨ 37ਪਰ ਇਹ ਗੱਲ ਕਿ ਮੁਰਦੇ ਜਿਵਾਲੇ ਜਾਂਦੇ ਹਨ ਮੂਸਾ ਨੇ ਵੀ ਝਾੜੀ ਦੀ ਕਥਾ ਵਿੱਚ ਪਰਗਟ ਕੀਤੀ ਹੈ ਜਦੋਂ ਉਹ ਪ੍ਰਭੁ ਨੂੰ ਅਬਰਾਹਾਮ ਦਾ ਪਰਮੇਸ਼ੁਰ ਅਤੇ ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਆਖਦਾ ਹੈ 38ਪਰ ਉਹ ਮੁਰਦਿਆਂ ਦਾ ਪਰਮੇਸ਼ੁਰ ਨਹੀਂ ਸਗੋਂ ਜੀਉਂਦਿਆਂ ਦਾ ਹੈ ਕਿਉਂ ਜੋ ਉਹ ਦੇ ਲੇਖੇ ਸੱਭੇ ਜੀਉਂਦੇ ਹਨ 39ਤਦ ਗ੍ਰੰਥੀਆਂ ਵਿੱਚੋਂ ਕਿੰਨਿਆਂ ਨੇ ਅੱਗੋਂ ਆਖਿਆ, ਗੁਰੂ ਜੀ ਤੈਂ ਭਲਾ ਕਿਹਾ 40ਤਾਂ ਉਨ੍ਹਾਂ ਨੂੰ ਫੇਰ ਕੁਝ ਪ੍ਰਸ਼ਨ ਕਰਨ ਨਾ ਹਿਆਉ ਨਾ ਪਿਆ।।
41ਉਸ ਨੇ ਉਨ੍ਹਾਂ ਨੂੰ ਆਖਿਆ ਕਿ ਮਸੀਹ ਨੂੰ ਦਾਊਦ ਦਾ ਪੁੱਤ੍ਰ ਕਿੱਕੁਰ ਆਖਦੇ ਹਨ? 42ਕਿਉਂ ਜੋ ਦਾਊਦ ਜ਼ਬੂਰ ਦੇ ਪੁਸਤਕ ਵਿੱਚ ਆਪੇ ਕਹਿੰਦਾ ਹੈ ਭਈ#ਜ਼. 110:1
ਪ੍ਰਭੁ ਨੇ ਮੇਰੇ ਪ੍ਰਭੁ ਨੂੰ ਆਖਿਆ,
ਤੂੰ ਮੇਰੇ ਸੱਜੇ ਪਾਸੇ ਬੈਠ,
43ਜਦ ਤੀਕੁਰ ਮੈਂ ਤੇਰੇ ਵੈਰੀਆਂ ਨੂੰ
ਤੇਰੇ ਪੈਰ ਰੱਖਣ ਦੀ ਚੌਂਕੀ ਨਾ ਕਰਾਂ।।
44ਸੋ ਦਾਊਦ ਉਹ ਨੂੰ ਪ੍ਰਭੁ ਕਹਿੰਦਾ ਹੈ, ਫੇਰ ਉਹ ਉਸ ਦਾ ਪੁੱਤ੍ਰ ਕਿੱਕੁਰ ਹੋਇਆ?।। 45ਜਾਂ ਸਭ ਲੋਕ ਸੁਣ ਰਹੇ ਸਨ ਤਾਂ ਉਸ ਨੇ ਆਪਣਿਆਂ ਚੇਲਿਆਂ ਨੂੰ ਕਿਹਾ 46ਕਿ ਗ੍ਰੰਥੀਆਂ ਤੋਂ ਹੁਸ਼ਿਆਰ ਰਹੋ ਜਿਹੜੇ ਲੰਮੇ ਬਸਤ੍ਰ ਪਹਿਨੇ ਫਿਰਨਾ ਪਸਿੰਦ ਕਰਦੇ ਅਤੇ ਬਜ਼ਾਰਾਂ ਵਿੱਚ ਸਲਾਮ ਲੈਣ ਅਤੇ ਸਮਾਜਾਂ ਵਿੱਚ ਅਗਲੀਆਂ ਕੁਰਸੀਆਂ ਅਰ ਜ਼ਿਆਫ਼ਤਾਂ ਵਿੱਚ ਉੱਚੀਆਂ ਥਾਵਾਂ ਨੂੰ ਲੋਚਦੇ ਹਨ 47ਓਹ ਵਿਧਵਾਂ ਦੇ ਘਰਾਂ ਨੂੰ ਚਟ ਕਰ ਜਾਂਦੇ ਹਨ ਅਤੇ ਵਿਖਾਲਣ ਲਈ ਲੰਮੀਆਂ ਪ੍ਰਾਰਥਨਾਂ ਕਰਦੇ ਹਨ । ਉਨ੍ਹਾਂ ਨੂੰ ਵਧੀਕ ਸਜ਼ਾ ਮਿਲੇਗੀ।।

Aktuálne označené:

ਲੂਕਾ 20: PUNOVBSI

Zvýraznenie

Zdieľať

Kopírovať

None

Chceš mať svoje zvýraznenia uložené vo všetkých zariadeniach? Zaregistruj sa alebo sa prihlás