Logótipo YouVersion
Ícone de pesquisa

ਲੂਕਾ 16

16
ਧਨੀ ਤੇ ਲਾਜ਼ਰ
1ਉਸ ਨੇ ਚੇਲਿਆਂ ਨੂੰ ਵੀ ਆਖਿਆ ਕਿ ਇੱਕ ਧਨਵਾਨ ਮਨੁੱਖ ਸੀ ਜਿਹ ਦਾ ਇੱਕ ਮੁਖ਼ਤਿਆਰ ਹੈਸੀ ਅਤੇ ਇਹ ਦਾ ਗਿਲਾ ਉਹ ਦੇ ਕੋਲ ਕੀਤਾ ਗਿਆ ਜੋ ਉਹ ਤੇਰਾ ਮਾਲ ਉਡਾਉਂਦਾ ਹੈ 2ਤਾਂ ਉਸ ਨੇ ਉਹ ਨੂੰ ਸੱਦ ਕੇ ਉਹ ਨੂੰ ਆਖਿਆ ਭਈ ਇਹ ਕੀ ਹੈ ਜੋ ਮੈਂ ਤੇਰੇ ਵਿਖੇ ਸੁਣਦਾ ਹਾਂ? ਆਪਣੀ ਮੁਖ਼ਤਿਆਰੀ ਦਾ ਹਿਸਾਬ ਦਿਹ ਕਿਉਂ ਜੋ ਤੂੰ ਅੱਗੇ ਨੂੰ ਮੁਖ਼ਤਿਆਰ ਨਹੀਂ ਰਹਿ ਸੱਕਦਾ 3ਉਸ ਮੁਖ਼ਤਿਆਰ ਨੇ ਆਪਣੇ ਜੀ ਵਿੱਚ ਕਿਹਾ, ਮੈਂ ਕੀ ਕਰਾਂ ਕਿਉ ਜੋ ਮੇਰਾ ਮਾਲਕ ਮੁਖ਼ਤਿਆਰੀ ਮੈਥੋਂ ਖੋਹਣ ਲੱਗਾ ਹੈ? ਕਹੀ ਮੇਰੇ ਕੋਲੋਂ ਮਾਰੀ ਨਹੀਂ ਜਾਂਦੀ ਅਤੇ ਭਿੱਖਿਆ ਮੰਗਣ ਤੋਂ ਮੈਨੂੰ ਲਾਜ ਆਉਂਦੀ ਹੈ 4ਮੈਂ ਜਾਣ ਗਿਆ ਭਈ ਕੀ ਕਰਾਂਗਾ ਤਾਂ ਜਿਸ ਵੇਲੇ ਮੈਂ ਮੁਖ਼ਤਿਆਰੀਓਂ ਹਟਾਇਆ ਜਾਵਾਂ ਓਹ ਮੈਨੂੰ ਆਪਣਿਆਂ ਘਰਾਂ ਵਿੱਚ ਕਬੂਲ ਕਰਨ 5ਤਾਂ ਉਸ ਨੇ ਆਪਣੇ ਮਾਲਕ ਦੇ ਕਰਜਾਈਆਂ ਨੂੰ ਇੱਕ ਇੱਕ ਕਰਕੇ ਕੋਲ ਸੱਦਿਆ ਅਤੇ ਪਹਿਲੇ ਨੂੰ ਕਿਹਾ, ਤੈਂ ਮੇਰੇ ਮਾਲਕ ਦਾ ਕਿੰਨਾ ਦੇਣਾ ਹੈ? 6ਉਹ ਬੋਲਿਆ, ਸੌ ਮਣ ਤੇਲ, ਫੇਰ ਓਨ ਉਸ ਨੂੰ ਆਖਿਆ, ਭਈ ਆਪਣੀ ਬਹੀ ਲੈ ਅਤੇ ਬੈਠ ਕੇ ਛੇਤੀ ਪੰਜਾਹ ਲਿਖ 7ਫੇਰ ਦੂਏ ਨੇ ਕਿਹਾ, ਤੈਂ ਕਿੰਨਾ ਦੇਣਾ ਹੈ? ਓਸ ਆਖਿਆ, ਸੌ ਮਾਣੀ ਕਣਕ। ਓਨ ਉਸ ਨੂੰ ਆਖਿਆ ਭਈ ਆਪਣੀ ਬਹੀ ਲੈ ਕੇ ਅੱਸੀ ਲਿਖ 8ਤਾਂ ਮਾਲਕ ਨੇ ਉਸ ਨਿਮਕਹਰਾਮ ਮੁਖ਼ਤਿਆਰ ਦੀ ਵਡਿਆਈ ਕੀਤੀ ਇਸ ਲਈ ਜੋ ਉਹ ਨੇ ਚਤੁਰਾਈ ਕੀਤੀ ਸੀ ਕਿਉਂ ਜੋ ਐਸ ਜੁਗ ਦੇ ਪੁੱਤ੍ਰ ਆਪਣੀ ਪੀਹੜੀ ਵਿੱਚ ਚਾਨਣ ਦੇ ਪੁੱਤ੍ਰਾਂ ਨਾਲੋਂ ਚਾਤਰ ਹਨ 9ਮੈਂ ਤੁਹਾਨੂੰ ਆਖਦਾ ਹਾਂ ਭਈ ਕੁਧਰਮ ਦੀ ਮਾਯਾ ਨਾਲ ਆਪਣੇ ਲਈ ਮਿੱਤਰ ਬਣਾਓ ਤਾਂ ਜਿਸ ਵੇਲੇ ਉਹ ਜਾਂਦੀ ਰਹੇ ਓਹ ਤੁਹਾਨੂੰ ਸਦੀਵਕਾਲ ਦੇ ਰਹਿਣ ਵਾਲੇ ਡੇਰਿਆਂ ਵਿੱਚ ਕਬੂਲ ਕਰਨ 10ਜੋ ਥੋੜੇ ਤੋਂ ਥੋੜੇ ਵਿੱਚ ਦਿਆਨਤਦਾਰ ਹੈ ਸੋ ਬਹੁਤ ਵਿੱਚ ਵੀ ਦਿਆਨਤਦਾਰ ਹੈ, ਅਤੇ ਜੋ ਥੋੜੇ ਤੋਂ ਥੋੜੇ ਵਿੱਚ ਬੇਈਮਾਨ ਹੈ ਸੋ ਬਹੁਤ ਵਿੱਚ ਵੀ ਬੇਈਮਾਨ ਹੈ 11ਸੋ ਜੇ ਤੁਸੀਂ ਕੁਧਰਮ ਦੀ ਮਾਯਾ ਵਿੱਚ ਦਿਆਨਤਦਾਰ ਨਾ ਹੋਏ ਤਾਂ ਸੱਚਾ ਧਨ ਕੌਣ ਤੁਹਾਨੂੰ ਸੌਂਪੇਗਾ? 12ਅਰ ਜੇ ਤੁਸੀਂ ਪਰਾਏ ਮਾਲ ਵਿੱਚ ਦਿਆਨਤਦਾਰ ਨਾ ਹੋਏ ਤਾਂ ਤੁਹਾਡਾ ਆਪਣਾ ਹੀ ਕੌਣ ਤੁਹਾਨੂੰ ਦੇਵੇਗਾ? 13ਕੋਈ ਟਹਿਲੂਆ ਦੋ ਮਾਲਕਾਂ ਦੀ ਟਹਿਲ ਨਹੀਂ ਕਰ ਸੱਕਦਾ ਕਿਉਂ ਜੋ ਉਹ ਇੱਕ ਨਾਲ ਵੈਰ ਅਤੇ ਦੂਏ ਨਾਲ ਪ੍ਰੀਤ ਰੱਖੇਗਾ, ਯਾ ਇੱਕ ਨਾਲ ਮਿਲਿਆ ਰਹੇਗਾ ਅਤੇ ਦੂਏ ਨੂੰ ਤੁੱਛ ਜਾਣੇਗਾ। ਤੁਸੀਂ ਪਰਮੇਸ਼ੁਰ ਅਤੇ ਮਾਯਾ ਦੋਹਾਂ ਦੀ ਸੇਵਾ ਨਹੀਂ ਕਰ ਸੱਕਦੇ ਹੋ।।
14ਫ਼ਰੀਸੀਆਂ ਨੇ ਜਿਹੜੇ ਰੁਪਿਆਂ ਦੇ ਲੋਭੀ ਸਨ ਏਹ ਸਾਰੀਆਂ ਗੱਲਾਂ ਸੁਣੀਆਂ ਅਤੇ ਉਸ ਉੱਤੇ ਮਖੌਲ ਕਰਲ ਲੱਗੇ 15ਉਸ ਨੇ ਉਨ੍ਹਾਂ ਨੂੰ ਆਖਿਆ ਕਿ ਤੁਸੀਂ ਉਹੋ ਹੋ ਜਿਹੜੇ ਮਨੁੱਖਾਂ ਦੇ ਅੱਗੇ ਆਪਣੇ ਆਪ ਨੂੰ ਧਰਮੀ ਠਹਿਰਾਉਂਦੇ ਹੋ ਪਰ ਪਰਮੇਸ਼ੁਰ ਤੁਹਾਡੇ ਦਿਲਾਂ ਨੂੰ ਜਾਣਦਾ ਹੈ ਕਿਉਂਕਿ ਜੋ ਮਨੁੱਖਾਂ ਦੇ ਲੇਖੇ ਉੱਤਮ ਹੈ ਸੋ ਪਰਮੇਸ਼ੁਰ ਦੀ ਦਰਗਾਹੇ ਘਿਣਾਉਣਾ ਹੈ 16ਤੁਰੇਤ ਅਰ ਨਬੀ ਯੂਹੰਨਾ ਤੀਕੁਰ ਸਨ । ਉਸ ਵੇਲੇ ਤੋਂ ਪਰਮੇਸ਼ੁਰ ਦੇ ਰਾਜ ਦੀ ਖੁਸ਼ ਖਬਰੀ ਸੁਣਾਈ ਜਾਂਦੀ ਹੈ ਅਤੇ ਹਰ ਕੋਈ ਜ਼ੋਰ ਮਾਰ ਕੇ ਉਸ ਵਿੱਚ ਵੜਦਾ ਹੈ 17ਪਰ ਅਕਾਸ਼ ਅਤੇ ਧਰਤੀ ਦਾ ਟਲ ਜਾਣਾ ਤੁਰੇਤ ਦੀ ਇੱਕ ਬਿੰਦੀ ਦੇ ਮਿਟ ਜਾਣ ਨਾਲੋਂ ਸਹਿਜ ਹੈ 18ਹਰੇਕ ਜੋ ਆਪਣੀ ਤੀਵੀਂ ਨੂੰ ਤਿਆਗ ਕੇ ਦੂਈ ਨੂੰ ਵਿਆਹੇ ਸੋ ਜ਼ਨਾਹ ਕਰਦਾ ਹੈ ਅਤੇ ਜਿਹੜਾ ਖਸਮ ਦੀ ਤਿਆਗੀ ਹੋਈ ਤੀਵੀਂ ਨੂੰ ਵਿਆਹੇ ਉਹ ਜ਼ਨਾਹ ਕਰਦਾ ਹੈ।।
19ਇੱਕ ਧਨਵਾਨ ਮਨੁੱਖ ਸੀ ਜੋ ਬੈਂਗਣੀ ਅਰ ਬਰੀਕ ਕੱਪੜਾ ਪਹਿਨਦਾ ਅਤੇ ਨਿੱਤ ਭੋਗ ਬਿਲਾਸ ਕਰਦਾ ਅਤੇ ਸ਼ਾਨ ਨਾਲ ਰਹਿੰਦਾ ਸੀ 20ਅਰ ਲਾਜ਼ਰ ਨਾਉਂ ਦਾ ਇੱਕ ਕੰਗਾਲ ਫੋੜਿਆਂ ਨਾਲ ਭਰਿਆ ਹੋਇਆ ਉਹ ਦੀ ਡਿਉੜ੍ਹੀ ਦੇ ਅੱਗੇ ਸੁੱਟਿਆ ਪਿਆ ਹੁੰਦਾ ਸੀ 21ਅਰ ਜਿਹੜੇ ਚੂਰੇ ਭੂਰੇ ਉਸ ਧਨਵਾਨ ਦੀ ਮੇਜ਼ ਦੇ ਉੱਤੋਂ ਡਿੱਗਦੇ ਸਨ ਉਹ ਉਨ੍ਹਾਂ ਨਾਲ ਆਪਣਾ ਢਿੱਡ ਭਰਨਾ ਚਾਹੁੰਦਾ ਸੀ ਸਗੋਂ ਕੁੱਤੇ ਵੀ ਆਣ ਕੇ ਉਹ ਦੇ ਫੋੜ੍ਹਿਆਂ ਨੂੰ ਚੱਟਦੇ ਸਨ 22ਅਤੇ ਇਉਂ ਹੋਇਆ ਜੋ ਉਹ ਕੰਗਾਲ ਮਰ ਗਿਆ ਅਰ ਦੂਤਾਂ ਨੇ ਉਹ ਨੂੰ ਅਬਰਾਹਾਮ ਦੀ ਗੋਦ ਵਿੱਚ ਲੈ ਜਾ ਰੱਖਿਆ, ਅਤੇ ਉਹ ਧਨਵਾਨ ਵੀ ਮਰਿਆ ਅਤੇ ਦੱਬਿਆ ਗਿਆ 23ਅਰ ਪਤਾਲ ਵਿੱਚ ਦੁਖੀ ਹੋ ਕੇ ਉਸ ਨੇ ਆਪਣੀਆਂ ਅੱਖੀਆਂ ਚੁੱਕੀਆਂ ਅਤੇ ਦੂਰੋਂ ਅਬਰਾਹਾਮ ਨੂੰ ਅਰ ਉਹ ਦੀ ਗੋਦ ਵਿੱਚ ਲਾਜ਼ਰ ਨੂੰ ਡਿੱਠਾ 24ਤਾਂ ਉਸ ਨੇ ਅਵਾਜ਼ ਮਾਰ ਕੇ ਕਿਹਾ, ਹੇ ਪਿਤਾ ਅਬਰਾਹਾਮ ਮੇਰੇ ਉੱਤੇ ਦਯਾ ਕਰ ਅਤੇ ਲਾਜ਼ਰ ਨੂੰ ਘੱਲ ਜੋ ਆਪਣੀ ਉਂਗਲ ਦਾ ਪੋਟਾ ਪਾਣੀ ਵਿੱਚ ਡੁੱਬੋ ਕੇ ਮੇਰੀ ਜੀਭ ਠੰਢੀ ਕਰੇ ਕਿਉਂ ਜੋ ਮੈਂ ਇਸ ਲੰਬ ਵਿੱਚ ਕਲਪਦਾ ਹਾਂ! 25ਪਰ ਅਬਰਾਹਾਮ ਬੋਲਿਆ, ਬੱਚਾ ਯਾਦ ਕਰ ਜੋ ਤੂੰ ਆਪਣੇ ਜੀਉਂਦੇ ਜੀ ਆਪਣੀਆਂ ਚੰਗੀਆਂ ਚੀਜ਼ਾਂ ਪਾ ਚੁੱਕਾ ਅਰ ਇਸੇ ਤਰਾਂ ਲਾਜ਼ਰ ਮੰਦੀਆਂ ਚੀਜ਼ਾਂ ਪਰ ਹੁਣ ਉਹ ਐੱਥੇ ਸ਼ਾਂਤ ਪਾਉਂਦਾ ਅਤੇ ਤੂੰ ਕਲਪਦਾ ਹੈਂ 26ਅਰ ਇਸ ਤੋਂ ਬਾਝ ਸਾਡੇ ਅਤੇ ਤੁਹਾਡੇ ਵਿੱਚ ਇੱਕ ਵੱਡੀ ਖੱਡ ਪਈ ਹੈ ਤਾਂ ਜੋ ਓਹ ਜਿਹੜੇ ਐਥੋਂ ਤੁਹਾਡੇ ਕੋਲ ਪਾਰ ਲੰਘਣਾ ਚਾਹੁਣ ਓਹ ਨਾ ਲੰਘ ਸੱਕਣ, ਨਾ ਉੱਧਰੋਂ ਕੋਈ ਸਾਡੇ ਕੋਲ ਏਸ ਪਾਸੇ ਆਉਣ 27ਤਾਂ ਉਸ ਆਖਿਆ, ਹੇ ਪਿਤਾ ਤਦ ਮੈਂ ਤੇਰੀ ਮਿੰਨਤ ਕਰਦਾ ਹਾਂ ਜੋ ਤੂੰ ਉਹ ਨੂੰ ਮੇਰੇ ਪਿਉ ਦੇ ਘਰ ਭੇਜ 28ਕਿਉਂਕਿ ਮੇਰੇ ਪੰਜ ਭਰਾ ਹਨ ਤਾਂ ਜੋ ਉਹ ਉਨ੍ਹਾਂ ਦੇ ਅੱਗੇ ਸਾਖੀ ਦੇਵੇ ਭਈ ਕਿਤੇ ਓਹ ਭੀ ਇਸ ਕਸ਼ਟ ਦੇ ਥਾਂ ਵਿੱਚ ਨਾ ਆਉਣ 29ਪਰ ਅਬਰਾਹਾਮ ਨੇ ਆਖਿਆ, ਕਿ ਉਨ੍ਹਾਂ ਦੇ ਕੋਲ ਮੂਸਾ ਅਤੇ ਨਬੀ ਹਨ, ਉਹ ਉਨ੍ਹਾਂ ਦੀ ਸੁਣਨ 30ਪਰ ਓਸ ਆਖਿਆ, ਨਾ ਜੀ ਹੇ ਪਿਤਾ ਅਬਰਾਹਾਮ ਪਰ ਜੇ ਕੋਈ ਮੁਰਦਿਆਂ ਵਿੱਚੋਂ ਉਨ੍ਹਾਂ ਦੇ ਕੋਲ ਜਾਵੇ ਤਾਂ ਓਹ ਤੋਬਾ ਕਰਨਗੇ 31ਪਰ ਉਹ ਨੇ ਉਸ ਨੂੰ ਕਿਹਾ, ਜੇ ਮੂਸਾ ਅਤੇ ਨਬੀਆਂ ਦੀ ਨਾ ਸੁਣਨ ਤਾਂ ਭਾਵੇਂ ਮੁਰਦਿਆਂ ਵਿੱਚੋਂ ਭੀ ਕੋਈ ਜੀ ਉੱਠੇ ਪਰ ਓਹ ਨਾ ਮੰਨਣਗੇ।।

Atualmente selecionado:

ਲੂਕਾ 16: PUNOVBSI

Destaque

Partilhar

Copiar

None

Quer salvar os seus destaques em todos os seus dispositivos? Faça o seu registo ou inicie sessão