Logótipo YouVersion
Ícone de pesquisa

ਯੂਹੰਨਾ 3

3
ਪ੍ਰਭੁ ਅਤੇ ਨਿਕੁਦੇਮੁਸ
1ਫ਼ਰੀਸੀਆਂ ਵਿੱਚੋਂ ਨਿਕੁਦੇਮਸ ਨਾਉਂ ਦਾ ਇੱਕ ਮਨੁੱਖ ਯਹੂਦੀਆਂ ਦਾ ਇੱਕ ਸਰਦਾਰ ਸੀ 2ਉਹ ਰਾਤ ਨੂੰ ਯਿਸੂ ਦੇ ਕੋਲ ਆਇਆ ਅਤੇ ਉਸ ਨੂੰ ਆਖਿਆ, ਸੁਆਮੀ ਜੀ ਅਸੀਂ ਜਾਣਦੇ ਹਾਂ ਜੋ ਤੁਸੀਂ ਗੁਰੂ ਹੋ ਕੇ ਪਰਮੇਸ਼ੁਰ ਦੀ ਵੱਲੋਂ ਆਏ ਹੋ ਕਿਉਂਕਿ ਏਹ ਨਿਸ਼ਾਨ ਜਿਹੜੇ ਤੁਸੀਂ ਵਿਖਾਲਦੇ ਹੋ ਕੋਈ ਭੀ ਨਹੀਂ ਵਿਖਾ ਸੱਕਦਾ ਜੇ ਪਰਮੇਸ਼ੁਰ ਉਹ ਦੇ ਨਾਲ ਨਾ ਹੋਵੇ 3ਯਿਸੂ ਨੇ ਉਹ ਨੂੰ ਉੱਤਰ ਦਿੱਤਾ, ਮੈਂ ਤੈਨੂੰ ਸੱਚ ਸੱਚ ਆਖਦਾ ਹਾਂ ਕਿ ਕੋਈ ਮਨੁੱਖ ਜੇਕਰ ਨਵੇਂ ਸਿਰਿਓਂ#3:3 ਅਥਵਾ ਉੱਪਰੋਂ ਨਾ ਜੰਮੇ ਪਰਮੇਸ਼ੁਰ ਦੇ ਰਾਜ ਨੂੰ ਵੇਖ ਨਹੀਂ ਸੱਕਦਾ 4ਨਿਕੁਦੇਮਸ ਨੇ ਉਸ ਨੂੰ ਆਖਿਆ, ਮਨੁੱਖ ਜਾਂ ਬੁੱਢਾ ਹੋ ਗਿਆ ਤਾਂ ਕਿੱਕਰ ਜੰਮ ਸੱਕਦਾ ਹੈ? ਕੀ ਇਹ ਹੋ ਸੱਕਦਾ ਹੈ ਕਿ ਜੋ ਉਹ ਆਪਣੀ ਮਾਂ ਦੀ ਕੁੱਖ ਵਿੱਚ ਦੂਈ ਵਾਰੀ ਜਾਵੇ ਅਤੇ ਜੰਮੇ? 5ਯਿਸੂ ਨੇ ਉੱਤਰ ਦਿੱਤਾ, ਮੈਂ ਤੈਨੂੰ ਸੱਚ ਸੱਚ ਆਖਦਾ ਹਾਂ ਕਿ ਕੋਈ ਮਨੁੱਖ ਜੇਕਰ ਜਲ ਅਰ ਆਤਮਾ ਤੋਂ ਨਾ ਜੰਮੇ ਤਾਂ ਪਰਮੇਸ਼ੁਰ ਦੇ ਰਾਜ ਵਿੱਚ ਵੜ ਨਹੀਂ ਸੱਕਦਾ 6ਜਿਹੜਾ ਸਰੀਰ ਤੋਂ ਜੰਮਿਆ ਉਹ ਸਰੀਰ ਅਤੇ ਜਿਹੜਾ ਆਤਮਾ ਤੋਂ ਜੰਮਿਆ ਉਹ ਆਤਮਾ ਹੈ 7ਅਚਰਜ ਨਾ ਮੰਨੀਂ ਜੋ ਮੈਂ ਤੈਨੂੰ ਆਖਿਆ ਭਈ ਤੁਹਾਨੂੰ ਨਵੇਂ ਸਿਰੇ ਜੰਮਣਾ ਜਰੂਰੀ ਹੈ 8ਪੌਣ ਜਿੱਧਰ ਚਾਹੁੰਦੀ ਹੈ ਵਗਦੀ ਹੈ ਅਤੇ ਤੂੰ ਉਹ ਦੀ ਅਵਾਜ਼ ਸੁਣਦਾ ਹੈਂ ਪਰ ਇਹ ਨਹੀਂ ਜਾਣਦਾ ਜੋ ਉਹ ਕਿੱਧਰੋਂ ਆਈ ਅਤੇ ਕਿੱਧਰ ਨੂੰ ਜਾਂਦੀ ਹੈ । ਹਰ ਕੋਈ ਜੋ ਆਤਮਾ ਤੋਂ ਜੰਮਿਆ ਸੋ ਇਹੋ ਜਿਹਾ ਹੈ 9ਨਿਕੁਦੇਮਸ ਨੇ ਉਸ ਨੂੰ ਉੱਤਰ ਦਿੱਤਾ, ਏਹ ਗੱਲਾਂ ਕਿੱਕਰ ਹੋ ਸੱਕਦੀਆਂ ਹਨ? 10ਯਿਸੂ ਨੇ ਉਹ ਨੂੰ ਉੱਤਰ ਦਿੱਤਾ, ਕੀ ਤੂੰ ਇਸਰਾਏਲ ਦਾ ਗੁਰੂ ਹੋਕੇ ਏਹ ਗੱਲਾਂ ਨਹੀਂ ਸਮਝਦਾ? 11ਮੈਂ ਤੈਨੂੰ ਸੱਚ ਸੱਚ ਆਖਦਾ ਹਾਂ ਕਿ ਜਿਹੜੀ ਗੱਲ ਅਸੀਂ ਜਾਣਦੇ ਹਾਂ ਸੋਈ ਕਹਿੰਦੇ ਹਾਂ ਅਤੇ ਜੋ ਅਸਾਂ ਵੇਖਿਆ ਹੈ ਉਸੇ ਦੀ ਸਾਖੀ ਦਿੰਦੇ ਹਾਂ ਅਰ ਤੁਸੀਂ ਸਾਡੀ ਸਾਖੀ ਨਹੀਂ ਮੰਨਦੇ 12ਜਦ ਮੈਂ ਤੁਹਾਨੂੰ ਸੰਸਾਰੀ ਗੱਲਾਂ ਦੱਸੀਆਂ ਅਤੇ ਤੁਸਾਂ ਪਰਤੀਤ ਨਾ ਕੀਤੀ ਫੇਰ ਜੇ ਮੈਂ ਤੁਹਾਨੂੰ ਸੁਰਗੀ ਗੱਲਾਂ ਦੱਸਾਂ ਤਾਂ ਤੁਸੀਂ ਕਿੱਕਰ ਪਰਤੀਤ ਕਰੋਗੇ? 13ਸੁਰਗ ਨੂੰ ਕੋਈ ਨਹੀਂ ਚੜ੍ਹਿਆ ਪਰ ਉਹ ਜਿਹੜਾ ਸੁਰਗ ਤੋਂ ਉੱਤਰਿਆ ਅਰਥਾਤ ਮਨੁੱਖ ਦਾ ਪੁੱਤ੍ਰ 14ਜਿਸ ਤਰਾਂ ਮੂਸਾ ਨੇ ਉਜਾੜ ਵਿੱਚ ਸੱਪ ਨੂੰ ਉੱਚਾ ਕੀਤਾ ਇਸੇ ਤਰਾਂ ਜਰੂਰ ਹੈ ਜੋ ਮਨੁੱਖ ਦਾ ਪੁੱਤ੍ਰ ਵੀ ਉੱਚਾ ਕੀਤਾ ਜਾਵੇ 15ਭਈ ਜੋ ਕੋਈ ਨਿਹਚਾ ਕਰੇ ਸੋ ਉਸ ਵਿੱਚ ਸਦੀਪਕ ਜੀਉਣ ਪ੍ਰਾਪਤ ਕਰੇ 16ਕਿਉਂਕਿ ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣੇ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ 17ਪਰਮੇਸ਼ੁਰ ਨੇ ਪੁੱਤ੍ਰ ਨੂੰ ਜਗਤ ਵਿੱਚ ਇਸ ਲਈ ਨਹੀਂ ਘੱਲਿਆ ਜੋ ਉਹ ਜਗਤ ਨੂੰ ਦੋਸ਼ੀ ਠਹਿਰਾਵੇ ਸਗੋਂ ਇਸ ਲਈ ਜੋ ਜਗਤ ਉਹ ਦੇ ਰਾਹੀਂ ਬਚਾਇਆ ਜਾਵੇ 18ਜਿਹੜਾ ਉਸ ਉੱਤੇ ਨਿਹਚਾ ਕਰਦਾ ਹੈ ਉਹ ਦੋਸ਼ੀ ਨਹੀਂ ਠਹਿਰਦਾ ਪਰ ਜਿਹੜਾ ਨਿਹਚਾ ਨਹੀਂ ਕਰਦਾ ਉਹ ਦੋਸ਼ੀ ਠਹਿਰ ਚੁੱਕਿਆ ਕਿਉਂਕਿ ਉਸ ਨੇ ਪਰਮੇਸ਼ੁਰ ਦੇ ਇਕਲੌਤੇ ਪੁੱਤ੍ਰ ਦੇ ਨਾਮ ਉੱਤੇ ਨਿਹਚਾ ਨਹੀਂ ਕੀਤੀ ਹੈ 19ਅਤੇ ਦੋਸ਼ੀ ਠਹਿਰਨ ਦਾ ਇਹ ਕਾਰਨ ਹੈ ਕਿ ਚਾਨਣ ਜਗਤ ਵਿੱਚ ਆਇਆ ਅਤੇ ਮਨੁੱਖਾਂ ਨੇ ਏਸ ਲਈ ਭਈ ਉਨ੍ਹਾਂ ਦੇ ਕੰਮ ਭੈੜੇ ਸਨ ਅਨ੍ਹੇਰੇ ਨੂੰ ਚਾਨਣ ਨਾਲੋਂ ਵਧੀਕ ਪਿਆਰ ਕੀਤਾ 20ਹਰੇਕ ਜੋ ਮੰਦੇ ਕੰਮ ਕਰਦਾ ਹੈ ਸੋ ਚਾਨਣ ਨਾਲ ਵੈਰ ਰੱਖਦਾ ਹੈ ਅਤੇ ਚਾਨਣ ਕੋਲ ਨਹੀਂ ਆਉਂਦਾ ਕਿਤੇ ਐਉਂ ਨਾ ਹੋਵੇ ਜੋ ਉਹ ਦੇ ਕੰਮ ਜ਼ਾਹਰ ਹੋਣ 21ਪਰ ਜਿਹੜਾ ਸਤ ਕਰਦਾ ਹੈ ਉਹ ਚਾਨਣ ਕੋਲ ਆਉਂਦਾ ਹੈ ਇਸ ਲਈ ਜੋ ਉਹ ਦੇ ਕੰਮ ਪਰਗਟ ਹੋਣ ਭਈ ਓਹ ਪਰਮੇਸ਼ੁਰ ਵਿੱਚ ਕੀਤੇ ਹੋਏ ਹਨ।।
22ਇਹ ਦੇ ਪਿੱਛੋਂ ਯਿਸੂ ਅਤੇ ਉਹ ਦੇ ਚੇਲੇ ਯਹੂਦਿਯਾ ਦੇ ਦੇਸ ਵਿੱਚ ਆਏ ਅਰ ਉਹ ਉੱਥੇ ਉਨ੍ਹਾਂ ਦੇ ਨਾਲ ਟਿਕਿਆ ਅਤੇ ਬਪਤਿਸਮਾ ਦਿੰਦਾ ਰਿਹਾ 23ਯੂਹੰਨਾ ਵੀ ਸਲੀਮ ਦੇ ਨੇੜੇ ਐਨੋਨ ਵਿੱਚ ਬਪਤਿਮਸਾ ਦਿੰਦਾ ਸੀ ਕਿਉਂਕਿ ਉੱਥੇ ਜਲ ਬਹੁਤ ਸੀ ਅਤੇ ਲੋਕ ਆਉਂਦੇ ਅਤੇ ਬਪਤਿਸਮਾ ਲੈਂਦੇ ਸਨ 24ਯੂਹੰਨਾ ਅਜੇ ਤਾਂ ਕੈਦ ਵਿੱਚ ਨਹੀਂ ਸੁੱਟਿਆ ਗਿਆ ਸੀ 25ਤਦੋਂ ਯੂਹੰਨਾ ਦੇ ਚੇਲਿਆਂ ਦਾ ਕਿਸੇ ਯਹੂਦੀ ਨਾਲ ਸ਼ੁੱਧ ਅਸ਼ੁੱਧ ਹੋਣ ਦੇ ਵਿਖੇ ਵਾਦ ਹੋਇਆ 26ਅਤੇ ਉਨ੍ਹਾਂ ਨੇ ਯੂਹੰਨਾ ਕੋਲ ਆਣ ਕੇ ਉਹ ਨੂੰ ਕਿਹਾ, ਸੁਆਮੀ ਜੀ ਜਿਹੜਾ ਯਰਦਨ ਦੇ ਪਾਰ ਤੇਰੇ ਨਾਲ ਸੀ ਜਿਹ ਦੇ ਉੱਤੇ ਤੈਂ ਸਾਖੀ ਦਿੱਤੀ ਸੋ ਵੇਖ ਉਹ ਬਪਤਿਸਮਾ ਦਿੰਦਾ ਹੈ ਅਤੇ ਸਭ ਲੋਕ ਉਹ ਦੇ ਕੋਲ ਆਉਂਦੇ ਹਨ 27ਯੂਹੰਨਾ ਨੇ ਉੱਤਰ ਦਿੱਤਾ ਕਿ ਮਨੁੱਖ ਜੇ ਉਹ ਨੂੰ ਸੁਰਗੋਂ ਦਿੱਤਾ ਨਾ ਜਾਵੇ ਤਾਂ ਕੁਝ ਨਹੀਂ ਪਾ ਸੱਕਦਾ 28ਤੁਸੀਂ ਆਪ ਮੇਰੇ ਲਈ ਸਾਖੀ ਦਿੰਦੇ ਹੋ ਜੋ ਮੈਂ ਆਖਿਆ ਕਿ ਮੈਂ ਮਸੀਹ ਨਹੀਂ ਪਰ ਉਹ ਦੇ ਅੱਗੇ ਭੇਜਿਆ ਹੋਇਆ ਹਾਂ 29ਜਿਹ ਦੀ ਵਹੁਟੀ ਹੈ ਉਹੋ ਲਾੜਾ ਹੁੰਦਾ ਹੈ ਪਰ ਲਾੜੇ ਦੇ ਮਿੱਤਰ ਜੋ ਖੜੇ ਹੋ ਕੇ ਉਹ ਦੀ ਸੁਣਦਾ ਹੈ ਲਾੜੇ ਦੀ ਅਵਾਜ਼ ਨਾਲ ਵੱਡਾ ਅਨੰਦ ਹੁੰਦਾ ਹੈ ਸੋ ਮੇਰਾ ਇਹ ਅਨੰਦ ਪੂਰਾ ਹੋਇਆ ਹੈ 30ਜਰੂਰ ਹੈ ਜੋ ਉਹ ਵਧੇ ਅਤੇ ਮੈਂ ਘਟਾਂ ।।
31ਜਿਹੜਾ ਉੱਪਰੋਂ ਆਉਂਦਾ ਹੈ ਉਹ ਸਭਨਾਂ ਤੋਂ ਉੱਪਰ ਹੈ । ਜਿਹੜਾ ਧਰਤੀਓਂ ਹੁੰਦਾ ਹੈ ਉਹ ਧਰਤੀ ਹੀ ਦਾ ਹੈ ਅਤੇ ਧਰਤੀ ਦੀ ਬੋਲਦਾ ਹੈ । ਜਿਹੜਾ ਸੁਰਗੋਂ ਆਉਂਦਾ ਹੈ ਉਹ ਸਭਨਾਂ ਤੋਂ ਉੱਪਰ ਹੈ 32ਜੋ ਕੁਝ ਉਹ ਨੇ ਵੇਖਿਆ ਅਤੇ ਸੁਣਿਆ ਹੈ ਉਹ ਉਸ ਦੀ ਸਾਖੀ ਦਿੰਦਾ ਹੈ ਅਤੇ ਉਹ ਦੀ ਸਾਖੀ ਕੋਈ ਨਹੀਂ ਮੰਨਦਾ 33ਜਿਸ ਨੇ ਉਹ ਦੀ ਸਾਖੀ ਮੰਨ ਲਈ ਉਸ ਨੇ ਮੋਹਰ ਕੀਤੀ ਹੈ ਜੋ ਪਰਮੇਸ਼ੁਰ ਸਤ ਹੈ 34ਜਿਹ ਨੂੰ ਪਰਮੇਸ਼ੁਰ ਨੇ ਭੇਜਿਆ ਹੈ ਸੋ ਪਰਮੇਸ਼ੁਰ ਦੀਆਂ ਗੱਲਾਂ ਬੋਲਦਾ ਹੈ ਇਸ ਲਈ ਜੋ ਉਹ ਆਤਮਾ ਮਿਣ ਕੇ ਨਹੀਂ ਦਿੰਦਾ 35ਪਿਤਾ ਪੁੱਤ੍ਰ ਨਾਲ ਪਿਆਰ ਕਰਦਾ ਹੈ ਅਤੇ ਸੱਭੋ ਕੁਝ ਉਹ ਦੇ ਹੱਥ ਸੌਂਪ ਦਿੱਤਾ ਹੈ 36ਜਿਹੜਾ ਪੁੱਤ੍ਰ ਉੱਤੇ ਨਿਹਚਾ ਕਰਦਾ ਹੈ ਸਦੀਪਕ ਜੀਉਣ ਉਸ ਦਾ ਹੈ ਪਰ ਜੋ ਪੁੱਤ੍ਰ ਨੂੰ ਨਹੀਂ ਮੰਨਦਾ ਸੋ ਜੀਉਣ ਨਾ ਵੇਖੇਗਾ ਸਗੋਂ ਪਰਮੇਸ਼ੁਰ ਦਾ ਕ੍ਰੋਧ ਉਸ ਉੱਤੇ ਰਹਿੰਦਾ ਹੈ।।

Atualmente selecionado:

ਯੂਹੰਨਾ 3: PUNOVBSI

Destaque

Partilhar

Copiar

None

Quer salvar os seus destaques em todos os seus dispositivos? Faça o seu registo ou inicie sessão