ਮਰਕੁਸ 6
6
ਪ੍ਰਭੂ ਯਿਸੂ ਦਾ ਨਾਸਰਤ ਵਿੱਚ ਰੱਦੇ ਜਾਣਾ
(ਮੱਤੀ 13:53-58, ਲੂਕਾ 4:16-30)
1ਯਿਸੂ ਉਸ ਥਾਂ ਤੋਂ ਚੱਲ ਕੇ ਆਪਣੇ ਸ਼ਹਿਰ ਵਿੱਚ ਗਏ ਅਤੇ ਉਹਨਾਂ ਦੇ ਚੇਲੇ ਵੀ ਉਹਨਾਂ ਦੇ ਨਾਲ ਸਨ । 2ਸਬਤ ਦੇ ਦਿਨ ਉਹ ਪ੍ਰਾਰਥਨਾ ਘਰ ਵਿੱਚ ਜਾ ਕੇ ਉਪਦੇਸ਼ ਦੇਣ ਲੱਗੇ ਤਾਂ ਬਹੁਤ ਸਾਰੇ ਲੋਕ ਉਹਨਾਂ ਦੇ ਉਪਦੇਸ਼ ਨੂੰ ਸੁਣ ਕੇ ਹੈਰਾਨ ਹੋ ਗਏ ਅਤੇ ਕਹਿਣ ਲੱਗੇ, “ਇਸ ਨੂੰ ਇਹ ਸਭ ਕੁਝ ਕਿੱਥੋਂ ਮਿਲਿਆ ਹੈ ? ਇਹ ਸਿਆਣਪ ਇਸ ਨੂੰ ਕਿੱਥੋਂ ਮਿਲੀ ਹੈ ? ਇਹ ਕਿਵੇਂ ਸਾਰੇ ਚਮਤਕਾਰ ਕਰਦਾ ਹੈ ? 3ਕੀ ਇਹ ਤਰਖਾਣ ਨਹੀਂ ਜਿਹੜਾ ਮਰਿਯਮ ਦਾ ਪੁੱਤਰ ਅਤੇ ਯਾਕੂਬ, ਯੋਸੇਸ, ਯਹੂਦਾਹ ਅਤੇ ਸ਼ਮਊਨ ਦਾ ਭਰਾ ਹੈ ? ਕੀ ਇਸ ਦੀਆਂ ਭੈਣਾਂ ਇੱਥੇ ਨਹੀਂ ਰਹਿੰਦੀਆਂ ?” ਇਸ ਲਈ ਉਹਨਾਂ ਨੇ ਯਿਸੂ ਨੂੰ ਰੱਦ ਦਿੱਤਾ । 4#ਯੂਹ 4:44ਯਿਸੂ ਨੇ ਉਹਨਾਂ ਨੂੰ ਕਿਹਾ, “ਨਬੀ ਦਾ ਆਪਣੇ ਸ਼ਹਿਰ, ਰਿਸ਼ਤੇਦਾਰਾਂ ਅਤੇ ਘਰ ਨੂੰ ਛੱਡ ਕੇ ਹੋਰ ਕਿਤੇ ਨਿਰਾਦਰ ਨਹੀਂ ਹੁੰਦਾ ।” 5ਉਹ ਉੱਥੇ ਕੁਝ ਬਿਮਾਰਾਂ ਉੱਤੇ ਹੱਥ ਰੱਖ ਕੇ ਉਹਨਾਂ ਨੂੰ ਚੰਗਾ ਕਰਨ ਤੋਂ ਸਿਵਾਏ ਕੋਈ ਚਮਤਕਾਰ ਨਾ ਕਰ ਸਕੇ । 6ਪਰ ਉਹਨਾਂ ਨੂੰ ਲੋਕਾਂ ਦੇ ਅਵਿਸ਼ਵਾਸ ਉੱਤੇ ਬਹੁਤ ਹੈਰਾਨੀ ਹੋਈ । ਫਿਰ ਯਿਸੂ ਨੇੜੇ ਦੇ ਪਿੰਡਾਂ ਵਿੱਚ ਜਾ ਕੇ ਉਪਦੇਸ਼ ਦੇਣ ਲੱਗੇ ।
ਪ੍ਰਭੂ ਯਿਸੂ ਦਾ ਬਾਰ੍ਹਾਂ ਚੇਲਿਆਂ ਨੂੰ ਪ੍ਰਚਾਰ ਲਈ ਭੇਜਣਾ
(ਮੱਤੀ 10:5-15, ਲੂਕਾ 9:1-6)
7ਉਹਨਾਂ ਨੇ ਬਾਰ੍ਹਾਂ ਚੇਲਿਆਂ ਨੂੰ ਆਪਣੇ ਕੋਲ ਸੱਦ ਕੇ ਉਹਨਾਂ ਨੂੰ ਅਸ਼ੁੱਧ ਆਤਮਾਵਾਂ ਉੱਤੇ ਅਧਿਕਾਰ ਦੇ ਕੇ, ਦੋ-ਦੋ ਦੀ ਟੋਲੀ ਵਿੱਚ ਭੇਜਿਆ । 8#ਲੂਕਾ 10:4-11ਉਹਨਾਂ ਨੂੰ ਇਹ ਹੁਕਮ ਦਿੱਤਾ, “ਰਾਹ ਦੇ ਲਈ ਆਪਣੇ ਨਾਲ ਇੱਕ ਲਾਠੀ ਤੋਂ ਸਿਵਾਏ ਹੋਰ ਕੁਝ ਨਾ ਲੈਣਾ, ਨਾ ਰੋਟੀ, ਨਾ ਝੋਲੀ, ਨਾ ਕਮਰਬੰਦ ਵਿੱਚ ਪੈਸੇ । 9ਪੈਰੀਂ ਜੁੱਤੀ ਪਾ ਲੈਣਾ ਪਰ ਇੱਕ ਤੋਂ ਵੱਧ ਕੁੜਤਾ ਨਾ ਲੈਣਾ ।” 10ਯਿਸੂ ਨੇ ਫਿਰ ਕਿਹਾ, “ਜਿਸ ਥਾਂ ਵੀ ਤੁਸੀਂ ਜਾਓ ਜਦੋਂ ਤੱਕ ਤੁਸੀਂ ਉਸ ਥਾਂ ਨੂੰ ਛੱਡ ਨਾ ਦਿਓ ਉੱਥੇ ਇੱਕ ਘਰ ਵਿੱਚ ਹੀ ਠਹਿਰੋ । 11#ਰਸੂਲਾਂ 13:51ਜੇਕਰ ਕਿਸੇ ਥਾਂ ਤੁਹਾਡਾ ਸੁਆਗਤ ਨਾ ਹੋਵੇ ਅਤੇ ਲੋਕ ਤੁਹਾਡਾ ਉਪਦੇਸ਼ ਨਾ ਸੁਣਨ ਤਾਂ ਉਸ ਥਾਂ ਨੂੰ ਛੱਡਣ ਸਮੇਂ ਆਪਣੇ ਪੈਰਾਂ ਦੀ ਧੂੜ ਝਾੜ ਦੇਣਾ ਤਾਂ ਜੋ ਉਹਨਾਂ ਦੇ ਵਿਰੁੱਧ ਗਵਾਹੀ ਹੋਵੇ ।” 12ਇਸ ਲਈ ਉਹ ਜਾ ਕੇ ਲੋਕਾਂ ਵਿੱਚ ਪ੍ਰਚਾਰ ਕਰਨ ਲੱਗੇ ਕਿ ਉਹ ਆਪਣੇ ਪਾਪਾਂ ਤੋਂ ਤੋਬਾ ਕਰਨ । 13#ਯਾਕੂ 5:14ਉਹਨਾਂ ਨੇ ਬਹੁਤ ਸਾਰੀਆਂ ਅਸ਼ੁੱਧ ਆਤਮਾਵਾਂ ਨੂੰ ਕੱਢਿਆ ਅਤੇ ਬਹੁਤ ਸਾਰੇ ਬਿਮਾਰਾਂ ਨੂੰ ਵੀ ਤੇਲ ਮਲ ਕੇ ਚੰਗਾ ਕੀਤਾ ।
ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਮੌਤ
(ਮੱਤੀ 14:1-12, ਲੂਕਾ 9:7-9)
14 #
ਮੱਤੀ 16:14, ਮਰ 8:28, ਲੂਕਾ 9:19 ਰਾਜਾ ਹੇਰੋਦੇਸ ਨੇ ਇਹ ਸਭ ਕੁਝ ਸੁਣਿਆ ਕਿਉਂਕਿ ਯਿਸੂ ਦਾ ਨਾਮ ਬਹੁਤ ਫੈਲ ਗਿਆ ਸੀ । ਕੁਝ ਲੋਕ ਕਹਿੰਦੇ ਸਨ, “ਯੂਹੰਨਾ ਬਪਤਿਸਮਾ ਦੇਣ ਵਾਲਾ ਮੁਰਦਿਆਂ ਵਿੱਚੋਂ ਜੀਅ ਉੱਠਿਆ ਹੈ ਇਸ ਲਈ ਉਸ ਰਾਹੀਂ ਇਹ ਚਮਤਕਾਰ ਹੋ ਰਹੇ ਹਨ ।” 15ਕਈ ਲੋਕ ਕਹਿੰਦੇ ਸਨ, “ਇਹ ਏਲੀਯਾਹ ਹੈ ।” ਫਿਰ ਕੁਝ ਹੋਰਨਾਂ ਦਾ ਕਹਿਣਾ ਸੀ, “ਇਹ ਪਹਿਲੇ ਨਬੀਆਂ ਵਰਗਾ ਇੱਕ ਨਬੀ ਹੈ ।” 16ਪਰ ਜਦੋਂ ਹੇਰੋਦੇਸ ਨੇ ਸੁਣਿਆ ਤਾਂ ਉਸ ਨੇ ਕਿਹਾ, “ਇਹ ਯੂਹੰਨਾ ਹੈ, ਜਿਸ ਦਾ ਸਿਰ ਮੈਂ ਵਢਵਾਇਆ ਸੀ, ਉਹ ਮੁਰਦਿਆਂ ਵਿੱਚੋਂ ਜੀਅ ਉੱਠਿਆ ਹੈ !”
17 #
ਲੂਕਾ 3:19-20
ਹੇਰੋਦੇਸ ਨੇ ਹੁਕਮ ਦੇ ਕੇ ਯੂਹੰਨਾ ਨੂੰ ਫੜਵਾਇਆ ਸੀ ਅਤੇ ਉਸ ਨੂੰ ਬੰਨ੍ਹ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੀ । ਇਹ ਉਸ ਨੇ ਆਪਣੇ ਭਰਾ ਫ਼ਿਲਿੱਪੁਸ ਦੀ ਪਤਨੀ ਹੇਰੋਦਿਯਾਸ ਦੇ ਕਾਰਨ ਕੀਤਾ ਸੀ ਜਿਸ ਨਾਲ ਉਸ ਨੇ ਵਿਆਹ ਕਰ ਲਿਆ ਸੀ । 18ਯੂਹੰਨਾ ਨੇ ਹੇਰੋਦੇਸ ਨੂੰ ਕਿਹਾ ਸੀ, “ਤੇਰੇ ਲਈ ਆਪਣੇ ਭਰਾ ਦੀ ਪਤਨੀ ਨਾਲ ਰਹਿਣਾ ਜਾਇਜ਼ ਨਹੀਂ ।” 19ਇਸ ਕਾਰਨ ਹੇਰੋਦਿਯਾਸ ਯੂਹੰਨਾ ਨਾਲ ਵੈਰ ਰੱਖਦੀ ਸੀ । ਉਹ ਉਸ ਨੂੰ ਜਾਨ ਤੋਂ ਮਰਵਾ ਦੇਣਾ ਚਾਹੁੰਦੀ ਸੀ । ਪਰ ਉਸ ਦੀ ਕੋਈ ਵਾਹ ਨਹੀਂ ਚੱਲਦੀ ਸੀ 20ਕਿਉਂਕਿ ਹੇਰੋਦੇਸ ਯੂਹੰਨਾ ਨੂੰ ਇੱਕ ਭਲਾ ਅਤੇ ਨੇਕ ਆਦਮੀ ਮੰਨਦਾ ਸੀ । ਇਸੇ ਕਾਰਨ ਉਹ ਯੂਹੰਨਾ ਤੋਂ ਡਰਦਾ ਸੀ ਅਤੇ ਉਸ ਦੀ ਸੁਰੱਖਿਆ ਵੀ ਕਰਦਾ ਸੀ । ਉਹ ਯੂਹੰਨਾ ਦਾ ਉਪਦੇਸ਼ ਸੁਣਨਾ ਪਸੰਦ ਕਰਦਾ ਸੀ ਪਰ ਹਮੇਸ਼ਾ ਉਸ ਨੂੰ ਸੁਣ ਕੇ ਉਲਝਣ ਵਿੱਚ ਪੈ ਜਾਂਦਾ ਸੀ ।
21ਅਖ਼ੀਰ ਹੇਰੋਦਿਯਾਸ ਦੇ ਹੱਥ ਇੱਕ ਮੌਕਾ ਆ ਗਿਆ । ਇਹ ਹੇਰੋਦੇਸ ਦਾ ਜਨਮ ਦਿਨ ਸੀ । ਉਸ ਨੇ ਆਪਣੇ ਸਾਰੇ ਵੱਡੇ ਸਰਕਾਰੀ ਅਫ਼ਸਰਾਂ, ਸੈਨਾਪਤੀਆਂ ਅਤੇ ਗਲੀਲ ਦੇ ਵੱਡੇ ਵੱਡੇ ਲੋਕਾਂ ਨੂੰ ਇੱਕ ਖ਼ਾਸ ਭੋਜ ਉੱਤੇ ਸੱਦਿਆ । 22ਇਸ ਮੌਕੇ ਉੱਤੇ ਹੇਰੋਦਿਯਾਸ ਦੀ ਬੇਟੀ ਆਈ ਅਤੇ ਉਸ ਨੇ ਨੱਚ ਕੇ ਹੇਰੋਦੇਸ ਅਤੇ ਉਸ ਦੇ ਪ੍ਰਾਹੁਣਿਆਂ ਨੂੰ ਖ਼ੁਸ਼ ਕੀਤਾ । ਇਸ ਲਈ ਰਾਜੇ ਨੇ ਉਸ ਲੜਕੀ ਨੂੰ ਕਿਹਾ, “ਜੋ ਤੇਰੀ ਇੱਛਾ ਹੈ ਮੰਗ, ਮੈਂ ਪੂਰੀ ਕਰਾਂਗਾ ।” 23ਉਸ ਨੇ ਵਚਨ ਦਿੱਤਾ, “ਜੇਕਰ ਤੂੰ ਮੇਰਾ ਅੱਧਾ ਰਾਜ ਵੀ ਮੰਗੇਂਗੀ ਤਾਂ ਮੈਂ ਉਹ ਵੀ ਦੇ ਦੇਵਾਂਗਾ ।” 24ਲੜਕੀ ਬਾਹਰ ਗਈ ਅਤੇ ਆਪਣੀ ਮਾਂ ਕੋਲੋਂ ਪੁੱਛਣ ਲੱਗੀ “ਮੈਂ ਕੀ ਮੰਗਾਂ ?” ਉਸ ਦੀ ਮਾਂ ਨੇ ਉੱਤਰ ਦਿੱਤਾ, “ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ !” 25ਲੜਕੀ ਉਸੇ ਸਮੇਂ ਅੰਦਰ ਗਈ ਅਤੇ ਰਾਜੇ ਨੂੰ ਕਹਿਣ ਲੱਗੀ, “ਮੈਂ ਚਾਹੁੰਦੀ ਹਾਂ ਕਿ ਇਸੇ ਸਮੇਂ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਥਾਲ ਵਿੱਚ ਰੱਖ ਕੇ ਮੈਨੂੰ ਦਿੱਤਾ ਜਾਵੇ !” 26ਇਹ ਸੁਣ ਕੇ ਰਾਜਾ ਬਹੁਤ ਦੁਖੀ ਹੋਇਆ ਪਰ ਆਪਣੇ ਦਿੱਤੇ ਵਚਨ ਅਤੇ ਪ੍ਰਾਹੁਣਿਆਂ ਦੇ ਕਾਰਨ ਉਹ ਉਸ ਨੂੰ ਨਾਂਹ ਨਾ ਕਰ ਸਕਿਆ । 27ਇਸ ਲਈ ਉਸ ਨੇ ਉਸੇ ਸਮੇਂ ਇੱਕ ਸਿਪਾਹੀ ਨੂੰ ਯੂਹੰਨਾ ਦਾ ਸਿਰ ਲਿਆਉਣ ਦਾ ਹੁਕਮ ਦਿੱਤਾ । ਉਹ ਸਿਪਾਹੀ ਜੇਲ੍ਹ ਵਿੱਚ ਗਿਆ ਅਤੇ ਉਸ ਨੇ ਯੂਹੰਨਾ ਦਾ ਸਿਰ ਵੱਢਿਆ 28ਅਤੇ ਥਾਲ ਵਿੱਚ ਰੱਖ ਕੇ ਲੜਕੀ ਨੂੰ ਦੇ ਦਿੱਤਾ । ਲੜਕੀ ਨੇ ਲੈ ਕੇ ਆਪਣੀ ਮਾਂ ਨੂੰ ਦੇ ਦਿੱਤਾ । 29ਜਦੋਂ ਯੂਹੰਨਾ ਦੇ ਚੇਲਿਆਂ ਨੇ ਸੁਣਿਆ ਤਾਂ ਉਹ ਆਏ ਅਤੇ ਉਸ ਦੀ ਲਾਸ਼ ਨੂੰ ਲੈ ਕੇ ਕਬਰ ਵਿੱਚ ਰੱਖ ਦਿੱਤਾ ।
ਇਕਾਂਤ ਵਿੱਚ ਜਾਣ ਦਾ ਯਤਨ ਕਰਨਾ
(ਮੱਤੀ 14:13-21, ਲੂਕਾ 9:10-17, ਯੂਹੰਨਾ 6:1-14)
30 ਰਸੂਲ ਵਾਪਸ ਯਿਸੂ ਕੋਲ ਆਏ ਅਤੇ ਉਹ ਸਭ ਕੁਝ ਜੋ ਉਹਨਾਂ ਨੇ ਕੀਤਾ ਅਤੇ ਲੋਕਾਂ ਨੂੰ ਸਿਖਾਇਆ ਸੀ, ਯਿਸੂ ਨੂੰ ਦੱਸਿਆ । 31ਯਿਸੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਵੱਖਰੇ ਇਕਾਂਤ ਥਾਂ ਵਿੱਚ ਚੱਲੋ ਅਤੇ ਥੋੜ੍ਹੀ ਦੇਰ ਅਰਾਮ ਕਰੋ ।” (ਕਿਉਂਕਿ ਉਹਨਾਂ ਕੋਲ ਇੰਨੇ ਲੋਕ ਆ ਜਾ ਰਹੇ ਸਨ ਕਿ ਉਹਨਾਂ ਨੂੰ ਖਾਣ ਦੀ ਵੀ ਵਿਹਲ ਨਹੀਂ ਸੀ ।) 32ਇਸ ਲਈ ਉਹ ਕਿਸ਼ਤੀ ਵਿੱਚ ਬੈਠ ਕੇ ਇਕਾਂਤ ਥਾਂ ਨੂੰ ਚਲੇ ਗਏ । 33ਪਰ ਬਹੁਤ ਲੋਕਾਂ ਨੇ ਉਹਨਾਂ ਨੂੰ ਜਾਂਦੇ ਦੇਖ ਕੇ ਪਛਾਣ ਲਿਆ । ਇਸ ਲਈ ਲੋਕ ਸਾਰੇ ਸ਼ਹਿਰਾਂ ਤੋਂ ਪੈਦਲ ਹੀ ਦੌੜ ਕੇ, ਯਿਸੂ ਅਤੇ ਉਹਨਾਂ ਦੇ ਚੇਲਿਆਂ ਤੋਂ ਪਹਿਲਾਂ ਹੀ ਉਸ ਥਾਂ ਉੱਤੇ ਪਹੁੰਚ ਗਏ । 34#ਗਿਣ 27:17, 1 ਰਾਜਾ 22:17, 2 ਇਤਿ 18:16, ਹਿਜ਼ 34:5, ਮੱਤੀ 9:36ਯਿਸੂ ਨੇ ਕਿਸ਼ਤੀ ਵਿੱਚੋਂ ਬਾਹਰ ਆ ਕੇ ਉਸ ਵੱਡੀ ਭੀੜ ਨੂੰ ਦੇਖਿਆ ਤਾਂ ਉਹਨਾਂ ਦਾ ਦਿਲ ਲੋਕਾਂ ਦੇ ਲਈ ਦਇਆ ਨਾਲ ਭਰ ਗਿਆ ਕਿਉਂਕਿ ਉਹ ਲੋਕ ਉਹਨਾਂ ਭੇਡਾਂ ਵਾਂਗ ਸਨ ਜਿਹਨਾਂ ਦਾ ਕੋਈ ਚਰਵਾਹਾ ਨਾ ਹੋਵੇ । ਇਸ ਲਈ ਉਹ ਉਹਨਾਂ ਨੂੰ ਬਹੁਤ ਸਾਰੀਆਂ ਸਿੱਖਿਆਵਾਂ ਦੇਣ ਲੱਗੇ ।
ਪ੍ਰਭੂ ਯਿਸੂ ਦਾ ਪੰਜ ਹਜ਼ਾਰ ਨੂੰ ਰਜਾਉਣਾ
35ਜਦੋਂ ਦਿਨ ਢਲ਼ ਗਿਆ ਤਾਂ ਚੇਲਿਆਂ ਨੇ ਯਿਸੂ ਕੋਲ ਆ ਕੇ ਕਿਹਾ, “ਇਹ ਉਜਾੜ ਥਾਂ ਹੈ ਅਤੇ ਦਿਨ ਕਾਫ਼ੀ ਢਲ ਗਿਆ ਹੈ । 36ਲੋਕਾਂ ਨੂੰ ਵਿਦਾ ਕਰੋ ਤਾਂ ਜੋ ਉਹ ਨੇੜੇ ਦੀਆਂ ਥਾਵਾਂ ਅਤੇ ਪਿੰਡਾਂ ਵਿੱਚ ਜਾ ਕੇ ਆਪਣੇ ਖਾਣ ਲਈ ਕੁਝ ਖ਼ਰੀਦਣ ।” 37ਪਰ ਯਿਸੂ ਨੇ ਉੱਤਰ ਦਿੱਤਾ, “ਤੁਸੀਂ ਹੀ ਇਹਨਾਂ ਨੂੰ ਕੁਝ ਖਾਣ ਲਈ ਦਿਓ ।” ਉਹਨਾਂ ਨੇ ਕਿਹਾ, “ਕੀ ਤੁਸੀਂ ਚਾਹੁੰਦੇ ਹੋ ਕਿ ਅਸੀਂ ਜਾ ਕੇ ਦੋ ਸੌ ਦੀਨਾਰ ਦੀਆਂ ਰੋਟੀਆਂ ਖ਼ਰੀਦੀਏ ਅਤੇ ਇਹਨਾਂ ਨੂੰ ਖਾਣ ਲਈ ਦੇਈਏ ?” 38ਯਿਸੂ ਨੇ ਪੁੱਛਿਆ, “ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ ? ਜਾਓ ਅਤੇ ਦੇਖੋ ।” ਉਹਨਾਂ ਨੇ ਦੇਖ ਕੇ ਦੱਸਿਆ, “ਪੰਜ ਰੋਟੀਆਂ ਅਤੇ ਦੋ ਮੱਛੀਆਂ ।”
39ਫਿਰ ਯਿਸੂ ਨੇ ਸਾਰੇ ਲੋਕਾਂ ਨੂੰ ਹੁਕਮ ਦਿੱਤਾ ਕਿ ਉਹ ਟੋਲੀਆਂ ਬਣਾ ਕੇ ਹਰੇ ਘਾਹ ਉੱਤੇ ਬੈਠ ਜਾਣ । 40ਲੋਕ ਸੌ-ਸੌ, ਪੰਜਾਹ-ਪੰਜਾਹ ਦੀਆਂ ਟੋਲੀਆਂ ਵਿੱਚ ਬੈਠ ਗਏ । 41ਤਦ ਯਿਸੂ ਨੇ ਪੰਜ ਰੋਟੀਆਂ ਅਤੇ ਦੋ ਮੱਛੀਆਂ ਹੱਥ ਵਿੱਚ ਲਈਆਂ ਅਤੇ ਉੱਪਰ ਅਕਾਸ਼ ਵੱਲ ਦੇਖਦੇ ਹੋਏ ਪਰਮੇਸ਼ਰ ਕੋਲੋਂ ਅਸੀਸ ਮੰਗੀ । ਫਿਰ ਉਹਨਾਂ ਨੇ ਰੋਟੀਆਂ ਤੋੜੀਆਂ ਅਤੇ ਆਪਣੇ ਚੇਲਿਆਂ ਨੂੰ ਦਿੱਤੀਆਂ ਤਾਂ ਜੋ ਉਹ ਲੋਕਾਂ ਵਿੱਚ ਵੰਡਣ । ਇਸੇ ਤਰ੍ਹਾਂ ਉਹਨਾਂ ਨੇ ਦੋ ਮੱਛੀਆਂ ਵੀ ਸਾਰਿਆਂ ਵਿੱਚ ਵੰਡੀਆਂ । 42ਸਾਰੇ ਲੋਕਾਂ ਨੇ ਰੱਜ ਕੇ ਖਾਧਾ । 43ਅੰਤ ਵਿੱਚ ਚੇਲਿਆਂ ਨੇ ਰੋਟੀਆਂ ਅਤੇ ਮੱਛੀਆਂ ਦੇ ਟੁਕੜਿਆਂ ਦੇ, ਜੋ ਬਚ ਗਏ ਸਨ, ਬਾਰ੍ਹਾਂ ਭਰੇ ਹੋਏ ਟੋਕਰੇ ਚੁੱਕੇ । 44ਖਾਣ ਵਾਲੇ ਆਦਮੀਆਂ ਦੀ ਗਿਣਤੀ ਪੰਜ ਹਜ਼ਾਰ ਸੀ ।
ਪ੍ਰਭੂ ਯਿਸੂ ਦਾ ਪਾਣੀ ਉੱਤੇ ਚੱਲਣਾ
(ਮੱਤੀ 14:22-33, ਯੂਹੰਨਾ 6:15-21)
45ਇਸ ਦੇ ਇਕਦਮ ਬਾਅਦ, ਯਿਸੂ ਨੇ ਆਪਣੇ ਚੇਲਿਆਂ ਨੂੰ ਜ਼ੋਰ ਦਿੱਤਾ ਕਿ ਉਹ ਕਿਸ਼ਤੀ ਵਿੱਚ ਬੈਠ ਕੇ ਝੀਲ ਦੇ ਦੂਜੇ ਪਾਸੇ ਬੈਤਸੈਦਾ ਵੱਲ ਜਾਣ ਪਰ ਉਹ ਆਪ ਭੀੜ ਨੂੰ ਵਿਦਾ ਕਰਨ ਦੇ ਲਈ ਠਹਿਰ ਗਏ । 46ਲੋਕਾਂ ਨੂੰ ਵਿਦਾ ਕਰਨ ਦੇ ਬਾਅਦ ਉਹ ਪਹਾੜ ਉੱਤੇ ਪ੍ਰਾਰਥਨਾ ਕਰਨ ਦੇ ਲਈ ਚਲੇ ਗਏੇ । 47ਜਦੋਂ ਸ਼ਾਮ ਹੋ ਗਈ ਤਾਂ ਕਿਸ਼ਤੀ ਝੀਲ ਦੇ ਵਿਚਕਾਰ ਪਹੁੰਚ ਚੁੱਕੀ ਸੀ ਪਰ ਯਿਸੂ ਇਕੱਲੇ ਕੰਢੇ ਉੱਤੇ ਸਨ । 48ਉਹਨਾਂ ਨੇ ਚੇਲਿਆਂ ਨੂੰ ਬੜੀ ਮੁਸ਼ਕਲ ਨਾਲ ਚੱਪੂ ਚਲਾਉਂਦੇ ਹੋਏ ਦੇਖਿਆ ਕਿਉਂਕਿ ਹਵਾ ਉਹਨਾਂ ਦੇ ਵਿਰੁੱਧ ਚੱਲ ਰਹੀ ਸੀ । ਇਸ ਲਈ ਰਾਤ ਦੇ ਚੌਥੇ ਪਹਿਰ#6:48 ਸਵੇਰ ਦੇ ਲਗਭਗ ਤਿੰਨ ਤੋਂ ਛੇ ਵਜੇ ਦਾ ਸਮਾਂ ਯਿਸੂ ਪਾਣੀ ਉੱਤੇ ਚੱਲ ਕੇ ਉਹਨਾਂ ਵੱਲ ਆਏ । ਉਹ ਉਹਨਾਂ ਦੇ ਕੋਲੋਂ ਦੀ ਅੱਗੇ ਲੰਘ ਹੀ ਚੱਲੇ ਸਨ, 49ਕਿ ਚੇਲਿਆਂ ਨੇ ਯਿਸੂ ਨੂੰ ਪਾਣੀ ਉੱਤੇ ਚੱਲਦੇ ਦੇਖ ਲਿਆ ਅਤੇ ਸੋਚਿਆ, ਇਹ ਭੂਤ ਹੈ ! ਇਸ ਲਈ ਉਹਨਾਂ ਦੀਆਂ ਚੀਕਾਂ ਨਿੱਕਲ ਗਈਆਂ । 50ਕਿਉਂਕਿ ਉਹਨਾਂ ਸਾਰਿਆਂ ਨੇ ਯਿਸੂ ਨੂੰ ਦੇਖ ਲਿਆ ਸੀ ਅਤੇ ਉਹ ਬਹੁਤ ਡਰ ਗਏ ਸਨ । ਪਰ ਯਿਸੂ ਨੇ ਇਕਦਮ ਉਹਨਾਂ ਨੂੰ ਕਿਹਾ, “ਹੌਸਲਾ ਰੱਖੋ, ਮੈਂ ਹਾਂ, ਡਰੋ ਨਹੀਂ !” 51ਫਿਰ ਉਹ ਕਿਸ਼ਤੀ ਵਿੱਚ ਚੜ੍ਹ ਗਏ ਅਤੇ ਹਵਾ ਰੁਕ ਗਈ । ਚੇਲੇ ਬਹੁਤ ਹੀ ਹੈਰਾਨ ਹੋ ਗਏ 52ਕਿਉਂਕਿ ਉਹ ਪੰਜ ਰੋਟੀਆਂ ਵਾਲੀ ਘਟਨਾ ਨਹੀਂ ਸਮਝੇ ਸਨ । ਇਸ ਲਈ ਕਿ ਉਹਨਾਂ ਦੇ ਦਿਲ ਕਠੋਰ ਹੋ ਗਏ ਸਨ ।
ਪ੍ਰਭੂ ਯਿਸੂ ਦਾ ਗੰਨੇਸਰਤ ਵਿੱਚ ਰੋਗੀਆਂ ਨੂੰ ਚੰਗਾ ਕਰਨਾ
(ਮੱਤੀ 14:34-36)
53ਉਹ ਝੀਲ ਨੂੰ ਪਾਰ ਕਰ ਕੇ ਗੰਨੇਸਰਤ ਦੇ ਕੰਢੇ ਉੱਤੇ ਪਹੁੰਚ ਗਏ ਅਤੇ ਉੱਥੇ ਉਹਨਾਂ ਨੇ ਕਿਸ਼ਤੀ ਨੂੰ ਕੰਢੇ ਨਾਲ ਬੰਨ੍ਹ ਦਿੱਤਾ । 54ਜਦੋਂ ਉਹ ਕਿਸ਼ਤੀ ਵਿੱਚੋਂ ਬਾਹਰ ਆਏ ਤਾਂ ਲੋਕਾਂ ਨੇ ਝੱਟ ਹੀ ਯਿਸੂ ਨੂੰ ਪਛਾਣ ਲਿਆ । 55ਇਸ ਲਈ ਲੋਕ ਸਾਰੇ ਇਲਾਕੇ ਵਿੱਚ ਦੌੜੇ ਅਤੇ ਜਿੱਥੇ ਵੀ ਉਹਨਾਂ ਨੇ ਸੁਣਿਆ ਯਿਸੂ ਹਨ, ਉਹ ਰੋਗੀਆਂ ਨੂੰ ਮੰਜੀਆਂ ਸਮੇਤ ਚੁੱਕ ਕੇ ਉਹਨਾਂ ਦੇ ਕੋਲ ਲਿਆਏ । 56ਜਿੱਥੇ ਵੀ ਯਿਸੂ ਗਏ, ਪਿੰਡਾਂ ਜਾਂ ਸ਼ਹਿਰਾਂ ਜਾਂ ਖੇਤਾਂ ਵਿੱਚ, ਲੋਕ ਆਪਣੇ ਬਿਮਾਰਾਂ ਨੂੰ ਬਜ਼ਾਰਾਂ ਵਿੱਚ ਰੱਖ ਕੇ ਉਹਨਾਂ ਅੱਗੇ ਬੇਨਤੀ ਕਰਦੇ ਸਨ ਕਿ ਬਿਮਾਰਾਂ ਨੂੰ ਘੱਟ ਤੋਂ ਘੱਟ ਆਪਣਾ ਪੱਲਾ ਹੀ ਛੂਹ ਲੈਣ ਦਿਓ । ਜਿਹਨਾਂ ਨੇ ਵੀ ਉਹਨਾਂ ਦੇ ਪੱਲੇ ਨੂੰ ਛੂਹਿਆ, ਉਹ ਚੰਗੇ ਹੋ ਗਏ ।
Currently Selected:
ਮਰਕੁਸ 6: CL-NA
Highlight
Share
ਕਾਪੀ।

Want to have your highlights saved across all your devices? Sign up or sign in
Punjabi Common Language (North American Version):
Text © 2021 Canadian Bible Society and Bible Society of India