ਯੂਹੰਨਾ ਦੀ ਇੰਜੀਲ 4
4
ਸਾਮਰਿਯਾ ਵਿੱਚ ਇੱਕ ਔਰਤ ਨਾਲ ਯਿਸੂ ਦੀਆਂ ਗੱਲਾਂ
1ਫ਼ਰੀਸੀਆਂ ਨੂੰ ਇਹ ਪਤਾ ਲੱਗਾ ਕਿ ਯੂਹੰਨਾ ਨਾਲੋਂ ਯਿਸੂ ਦੇ ਵੱਧ ਚੇਲੇ ਬਣ ਰਹੇ ਹਨ ਤੇ ਉਹ ਬਪਤਿਸਮਾ ਵੀ ਲੈ ਰਹੇ ਹਨ। 2(ਭਾਵੇਂ ਯਿਸੂ ਖੁਦ ਬਪਤਿਸਮਾ ਨਹੀਂ ਦੇ ਰਿਹਾ ਸੀ ਸਗੋਂ ਉਸ ਦੇ ਚੇਲੇ ਲੋਕਾਂ ਨੂੰ ਬਪਤਿਸਮਾ ਦੇ ਰਹੇ ਸਨ। ਯਿਸੂ ਇਹ ਜਾਣਦਾ ਸੀ ਕਿ ਫ਼ਰੀਸੀਆਂ ਨੇ ਉਸ ਬਾਰੇ ਸੁਣ ਲਿਆ ਸੀ।) 3ਇਸ ਲਈ ਯਿਸੂ ਨੇ ਯਹੂਦਿਯਾ ਛੱਡ ਦਿੱਤਾ ਅਤੇ ਮੁੜ ਗਲੀਲ ਨੂੰ ਚੱਲਿਆ ਗਿਆ। 4ਗਲੀਲ ਨੂੰ ਜਾਣ ਲੱਗਿਆਂ ਯਿਸੂ ਨੂੰ ਸਾਮਰਿਯਾ ਦੇ ਇਲਾਕੇ ਵਿੱਚੋਂ ਲੰਘਣਾ ਪੈਂਦਾ ਸੀ।
5ਸਾਮਰਿਯਾ ਵਿੱਚ ਯਿਸੂ ਸੁਖਾਰ ਨਗਰ ਵਿੱਚ ਆਇਆ। ਇਹ ਨਗਰ ਉਸ ਜ਼ਮੀਨ ਦੇ ਨੇੜੇ ਸੀ ਜੋ ਯਾਕੂਬ ਨੇ ਆਪਣੇ ਪੁੱਤਰ ਯੂਸੁਫ਼ ਨੂੰ ਦਿੱਤੀ ਸੀ। 6ਯਾਕੂਬ ਦਾ ਖੂਹ ਉੱਥੇ ਸੀ। ਯਿਸੂ ਆਪਣੀ ਲੰਮੀ ਯਾਤਰਾ ਤੋਂ ਥੱਕ ਚੁੱਕਾ ਸੀ। ਇਸ ਲਈ ਉਹ ਖੂਹ ਕੋਲ ਬੈਠ ਗਿਆ। ਲਗਭਗ ਦੁਪਿਹਰ ਦਾ ਸਮਾਂ ਸੀ। 7ਇੱਕ ਸਾਮਰੀ ਔਰਤ ਖੂਹ ਤੇ ਪਾਣੀ ਭਰਨ ਲਈ ਆਈ। ਯਿਸੂ ਨੇ ਉਸ ਔਰਤ ਨੂੰ ਆਖਿਆ, “ਮੈਨੂੰ ਥੋੜਾ ਪਾਣੀ ਪੀਣ ਲਈ ਦੇ।” 8ਇਹ ਗੱਲ ਉਦੋਂ ਵਾਪਰੀ ਜਦੋਂ ਯਿਸੂ ਦੇ ਚੇਲੇ ਨਗਰ ਅੰਦਰ ਕੁਝ ਭੋਜਨ ਖਰੀਦਣ ਗਏ ਹੋਏ ਸਨ।
9ਉਸ ਸਾਮਰੀ ਔਰਤ ਨੇ ਆਖਿਆ, “ਮੈਂ ਵਿਸਮਤ ਹਾਂ ਕਿ ਤੁਸੀਂ ਮੈਥੋਂ ਪੀਣ ਲਈ ਪਾਣੀ ਮੰਗ ਰਹੇ ਹੋ। ਤੁਸੀਂ ਇੱਕ ਯਹੂਦੀ ਹੋ ਅਤੇ ਮੈਂ ਇੱਕ ਸਾਮਰੀ।” ਯਹੂਦੀਆਂ ਦੀ ਸਾਮਰਿਯਾ ਨਾਲ ਕੋਈ ਮਿੱਤਰਤਾ ਨਹੀਂ ਹੈ।
10ਯਿਸੂ ਨੇ ਆਖਿਆ, “ਤੂੰ ਨਹੀਂ ਜਾਣਦੀ ਪਰਮੇਸ਼ੁਰ ਕੀ ਦਿੰਦਾ ਹੈ। ਤੇ ਇਹ ਵੀ ਨਹੀਂ ਜਾਣਦੀ ਕਿ ਮੈਂ ਜਿਸਨੇ ਪਾਣੀ ਮੰਗਿਆ ਹੈ, ਕੌਣ ਹਾਂ। ਜੇ ਤੂੰ ਜਾਣਦੀ ਹੁੰਦੀ ਤੂੰ ਮੈਨੂੰ ਪੁੱਛਿਆ ਹੁੰਦਾ ਅਤੇ ਮੈਂ ਤੈਨੂੰ ਅਮ੍ਰਿਤ ਜਲ ਦਿੱਤਾ ਹੁੰਦਾ।”
11ਉਸ ਔਰਤ ਨੇ ਆਖਿਆ, “ਸ਼੍ਰੀ ਮਾਨ ਜੀ, ਤੁਸੀਂ ਇਹ ਅਮ੍ਰਿਤ ਜਲ ਕਿਵੇਂ ਪ੍ਰਾਪਤ ਕਰੋਂਗੇ? ਖੂਹ ਬਹੁਤ ਡੂੰਘਾ ਹੈ ਅਤੇ ਤੁਹਾਡੇ ਕੋਲ ਪਾਣੀ ਲਈ ਕੋਈ ਭਾਂਡਾ ਵੀ ਨਹੀਂ ਹੈ। 12ਕੀ ਤੁਸੀਂ ਸਾਡੇ ਪੂਰਵਜ ਯਾਕੂਬ ਨਾਲੋਂ ਵੀ ਵੱਧ ਮਹਾਨ ਹੋ। ਯਾਕੂਬ ਨੇ ਸਾਨੂੰ ਇਹ ਖੂਹ ਦਿੱਤਾ ਹੈ। ਉਸ ਨੇ ਇਸਦਾ ਪਾਣੀ ਪੀਤਾ ਸੀ ਅਤੇ ਉਸ ਦੇ ਪੁੱਤਰਾਂ ਤੇ ਜਾਨਵਰਾਂ ਨੇ ਵੀ ਇਸੇ ਖੂਹ ਤੋਂ ਪਾਣੀ ਪੀਤਾ।”
13ਯਿਸੂ ਨੇ ਜਵਾਬ ਦਿੱਤਾ, “ਕੋਈ ਵੀ ਵਿਅਕਤੀ ਜੋ ਇਸ ਖੂਹ ਤੋਂ ਪਾਣੀ ਪੀਂਦਾ ਫ਼ੇਰ ਪਿਆਸਾ ਹੋ ਜਾਵੇਗਾ। 14ਪਰ ਜੋ ਕੋਈ ਵੀ ਉਹ ਪਾਣੀ ਪੀਵੇਗਾ ਜੋ ਮੈਂ ਉਸ ਨੂੰ ਦੇਣ ਵਾਲਾ ਹਾਂ, ਉਹ ਫ਼ੇਰ ਕਦੀ ਵੀ ਪਿਆਸਾ ਨਹੀਂ ਹੋਵੇਗਾ। ਇਸਦੀ ਜਗ੍ਹਾ ਉਹ ਪਾਣੀ ਜੋ ਮੈਂ ਉਸ ਨੂੰ ਦਿੰਦਾ ਹਾਂ ਉਸ ਦੇ ਅੰਦਰ ਪਾਣੀ ਦਾ ਚਸ਼ਮਾ ਬਣ ਜਾਵੇਗਾ ਅਤੇ ਉਸ ਨੂੰ ਸਦੀਪਕ ਜੀਵਨ ਦੇਵੇਗਾ।”
15ਉਸ ਔਰਤ ਨੇ ਯਿਸੂ ਨੂੰ ਆਖਿਆ, “ਸ਼੍ਰੀ ਮਾਨ ਜੀ, ਮੈਨੂੰ ਉਹ ਪਾਣੀ ਦਿਓ। ਫ਼ਿਰ ਮੈਂ ਵੀ ਪਿਆਸੀ ਨਹੀਂ ਰਹਾਂਗੀ ਅਤੇ ਮੈਨੂੰ ਇਸ ਖੂਹ ਤੇ ਪਾਣੀ ਭਰਨ ਲਈ ਫ਼ੇਰ ਆਉਣ ਦੀ ਕੋਈ ਜ਼ਰੂਰਤ ਨਹੀਂ ਹੋਵੇਗੀ।”
16ਯਿਸੂ ਨੇ ਉਸ ਨੂੰ ਆਖਿਆ, “ਜਾਹ ਆਪਣੇ ਪਤੀ ਨੂੰ ਇੱਥੇ ਸੱਦ ਲਿਆ।”
17ਉਸ ਔਰਤ ਨੇ ਉੱਤਰ ਦਿੱਤਾ, “ਮੇਰਾ ਪਤੀ ਨਹੀਂ ਹੈ।” ਯਿਸੂ ਨੇ ਉਸ ਨੂੰ ਆਖਿਆ, “ਤੂੰ ਸੱਚ ਆਖਿਆ ਜਦੋਂ ਤੂੰ ਕਿਹਾ ਤੇਰਾ ਪਤੀ ਨਹੀਂ ਹੈ। 18ਅਸਲ ਵਿੱਚ ਤੇਰੇ ਪੰਜ ਪਤੀ ਸਨ ਅਤੇ ਤੂੰ ਜਿਸ ਆਦਮੀ ਨਾਲ ਹੁਣ ਰਹਿੰਦੀ ਏਂ ਉਹ ਤੇਰਾ ਪਤੀ ਨਹੀਂ ਹੈ। ਤੂੰ ਮੈਨੂੰ ਸੱਚ ਆਖਿਆ ਹੈ।”
19ਉਸ ਔਰਤ ਨੇ ਕਿਹਾ, “ਸ਼੍ਰੀ ਮਾਨ ਜੀ, ਮੈਨੂੰ ਲੱਗਦਾ ਹੈ ਕਿ ਤੁਸੀਂ ਇੱਕ ਨਬੀ ਹੋ। 20ਸਾਡੇ ਪਿਉ-ਦਾਦੇ ਇਸ ਪਰਬਤ ਤੇ ਉਪਾਸਨਾ ਕਰਦੇ ਸਨ, ਪਰ ਤੁਸੀਂ ਯਹੂਦੀ ਇਹ ਆਖਦੇ ਹੋ ਕਿ ਯਰੂਸ਼ਲਮ ਹੀ ਉਹ ਥਾਂ ਹੈ ਜਿੱਥੇ ਲੋਕਾਂ ਨੂੰ ਉਪਾਸਨਾ ਕਰਨੀ ਚਾਹੀਦੀ ਹੈ।”
21ਯਿਸੂ ਨੇ ਆਖਿਆ, “ਔਰਤ, ਮੇਰੇ ਤੇ ਵਿਸ਼ਵਾਸ ਕਰ! ਵਕਤ ਆ ਰਿਹਾ ਹੈ ਜਦੋਂ ਯਰੂਸ਼ਲਮ ਆਉਣ ਦੀ ਜਾਂ ਪਿਤਾ ਦੀ ਉਪਾਸਨਾ ਕਰਨ ਲਈ ਇਸ ਪਰਬਤ ਤੇ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ। 22ਤੁਸੀਂ ਸਾਮਰੀ ਲੋਕ ਉਸਦੀ ਉਪਾਸਨਾ ਕਰਦੇ ਹੋ ਜੋ ਤੁਸੀਂ ਖੁਦ ਨਹੀਂ ਜਾਣਦੇ। ਅਸੀਂ ਯਹੂਦੀ ਜਾਣਦੇ ਹਾਂ ਅਸੀਂ ਕੀ ਉਪਾਸਨਾ ਕਰਦੇ ਹਾਂ ਕਿਉਂ ਕਿ ਮੁਕਤੀ ਯਹੂਦੀਆਂ ਤੋਂ ਆਉਂਦੀ ਹੈ। 23ਉਹ ਸਮਾਂ ਆ ਰਿਹਾ ਹੈ ਜਦੋਂ ਸੱਚੇ ਉਪਾਸੱਕ ਆਤਮਾ ਅਤੇ ਸੱਚਾਈ ਨਾਲ ਪਿਤਾ ਦੀ ਉਪਾਸਨਾ ਕਰਨਗੇ। ਉਹ ਸਮਾਂ ਆਣ ਪੁੱਜਾ ਹੈ। ਪਰਮੇਸ਼ੁਰ ਅਜਿਹੇ ਉਪਾਸੱਕਾਂ ਨੂੰ ਲੱਭ ਰਿਹਾ ਹੈ। 24ਪਰਮੇਸ਼ੁਰ ਆਤਮਾ ਹੈ। ਇਸ ਲਈ ਜੋ ਲੋਕ ਪਰਮੇਸ਼ੁਰ ਦੀ ਉਪਾਸਨਾ ਕਰਦੇ ਹਨ ਉਨ੍ਹਾਂ ਨੂੰ ਉਸਦੀ ਆਤਮਾ ਅਤੇ ਸਚਿਆਈ ਨਾਲ ਉਪਾਸਨਾ ਕਰਨੀ ਚਾਹੀਦੀ ਹੈ।”
25ਉਸ ਔਰਤ ਨੇ ਆਖਿਆ, “ਮੈਂ ਜਾਣਦੀ ਹਾਂ ਕਿ ਮਸੀਹਾ ਅਖਵਾਉਣ ਵਾਲਾ ਮਸੀਹ ਆ ਰਿਹਾ ਹੈ। ਜਦੋਂ ਉਹ ਆਵੇਗਾ, ਉਹ ਸਾਨੂੰ ਸਭ ਕਾਸੇ ਦੀ ਵਿਆਖਿਆ ਕਰੇਗਾ।”
26ਤਾਂ ਯਿਸੂ ਨੇ ਆਖਿਆ, “ਮੈਂ, ਜੋ ਤੇਰੇ ਨਾਲ ਗੱਲ ਕਰ ਰਿਹਾ ਹਾਂ, ਮਸੀਹਾ ਹੀ ਹਾਂ।”
27ਐਨ ਉਸ ਸਮੇਂ ਯਿਸੂ ਦੇ ਚੇਲੇ ਨਗਰ ਤੋਂ ਪਰਤ ਆਏ ਉਹ ਹੈਰਾਨ ਹੋ ਗਏ ਕਿ ਯਿਸੂ ਇੱਕ ਔਰਤ ਨਾਲ ਗੱਲ ਕਰ ਰਿਹਾ ਸੀ। ਪਰ ਕਿਸੇ ਨੇ ਵੀ ਇਹ ਨਾ ਪੁੱਛਿਆ, “ਤੂੰ ਕੀ ਚਾਹੁੰਦਾ ਹੈ?” “ਤੂੰ ਉਸ ਔਰਤ ਨਾਲ ਕਿਉਂ ਗੱਲ ਕਰ ਰਿਹਾ ਹੈਂ?”
28ਉਹ ਔਰਤ ਆਪਣਾ ਘੜਾ ਉੱਥੇ ਛੱਡ ਕੇ ਨਗਰ ਨੂੰ ਪਰਤ ਗਈ ਅਤੇ ਲੋਕਾਂ ਨੂੰ ਆਖਿਆ। 29“ਇੱਕ ਆਦਮੀ ਨੇ ਮੈਨੂੰ ਉਹ ਕੁਝ ਦੱਸਿਆ, ਜੋ ਕੁਝ ਹੁਣ ਤੱਕ ਮੈਂ ਕੀਤਾ ਹੈ। ਆਓ, ਉਸ ਦੇ ਦਰਸ਼ਨ ਕਰੋ। ਕੀ ਉਹ ਸੰਭਾਵਿਤ ਹੀ ਮਸੀਹਾ ਹੋ ਸੱਕਦਾ?” 30ਲੋਕਾਂ ਨੇ ਪਿੰਡ ਛੱਡ ਦਿੱਤਾ ਅਤੇ ਯਿਸੂ ਨੂੰ ਵੇਖਣ ਗਏ।
31ਇੰਨੇ ਸਮੇਂ ਵਿੱਚ ਯਿਸੂ ਦੇ ਚੇਲੇ ਉਨ੍ਹਾਂ ਨੂੰ ਬੇਨਤੀ ਕਰ ਰਹੇ ਸਨ, “ਗੁਰੂ, ਭੋਜਨ ਖਾ ਲਓ।”
32ਪਰ ਯਿਸੂ ਨੇ ਆਖਿਆ, “ਮੇਰੇ ਕੋਲ ਖਾਣ ਲਈ ਉਹ ਭੋਜਨ ਹੈ ਅਤੇ ਤੁਹਾਨੂੰ ਇਸ ਬਾਰੇ ਕੁਝ ਨਹੀਂ ਪਤਾ।”
33ਤਾਂ ਚੇਲਿਆਂ ਨੇ ਆਪਸ ਵਿੱਚ ਪੁੱਛਿਆ, “ਸ਼ਾਇਦ ਉਸ ਲਈ ਕਿਸੇ ਨੇ ਭੋਜਨ ਲਿਆਂਦਾ ਹੋਵੇਗਾ?”
34ਯਿਸੂ ਨੇ ਉਨ੍ਹਾਂ ਨੂੰ ਆਖਿਆ, “ਮੇਰਾ ਭੋਜਨ ਪਰਮੇਸ਼ੁਰ ਦੀ ਇੱਛਾ ਅਨੁਸਾਰ ਕਰਨਾ ਹੈ ਜਿਸਨੇ ਮੈਨੂੰ ਭੇਜਿਆ ਹੈ। ਜੋ ਕਾਰਜ ਉਸ ਨੇ ਮੈਨੂੰ ਕਰਨ ਲਈ ਦਿੱਤਾ, ਉਸ ਨੂੰ ਸੰਪੂਰਨ ਕਰਨਾ ਹੀ ਮੇਰਾ ਭੋਜਨ ਹੈ। 35ਜਦੋਂ ਤੁਸੀਂ ਕੁਝ ਬੀਜਦੇ ਹੋ, ਤੁਸੀਂ ਹਮੇਸ਼ਾ ਇਹ ਕਹਿੰਦੇ ਹੋ, ‘ਸਾਨੂੰ ਫ਼ਸਲ ਵੱਢਣ ਲਈ ਅਜੇ ਹੋਰ ਚਾਰ ਮਹੀਨੇ ਉਡੀਕਣਾ ਪਵੇਗਾ।’ ਪਰ ਮੈਂ ਤੁਹਾਨੂੰ ਦੱਸਦਾ ਹਾਂ ਆਪਣੀਆਂ ਅੱਖਾਂ ਖੋਲੋ ਅਤੇ ਲੋਕਾਂ ਨੂੰ ਵੇਖੋ, ਉਹ ਪੈਲੀਆਂ ਵਾਂਗ ਹਨ ਜੋ ਵਾਢੀ ਲਈ ਤਿਆਰ ਹਨ। 36ਜੋ ਵਿਅਕਤੀ ਫ਼ਸਲ ਵੱਢਦਾ ਉਹ ਆਪਣੀ ਮਜਦੂਰੀ ਪਾਉਂਦਾ ਅਤੇ ਸਦੀਪਕ ਜੀਵਨ ਲਈ ਫ਼ਸਲ ਇਕੱਠੀ ਕਰਦਾ ਹੈ। ਇਸ ਲਈ ਉਹ ਵੀ ਪ੍ਰਸੰਨ ਹੈ ਜੋ ਫ਼ਸਲ ਬੀਜਦਾ ਹੈ ਤੇ ਉਹ ਵੀ ਜੋ ਫ਼ਸਲ ਦੀ ਵਾਢੀ ਕਰਦਾ ਹੈ। 37ਇਹ ਕਹਾਵਤ ਨਿਸ਼ਚਿਤ ਸੱਚੀ ਹੈ, ਇੱਕ ਬੀਜਦਾ ਹੈ, ‘ਪਰ ਦੂਜਾ ਆਦਮੀ ਫਸਲ ਦੀ ਵਾਢੀ ਕਰਦਾ ਹੈ।’ 38ਮੈਂ ਤੁਹਾਨੂੰ ਇਸ ਫ਼ਸਲ ਦਾ ਫ਼ਲ ਪ੍ਰਾਪਤ ਕਰਨ ਲਈ ਭੇਜਿਆ, ਜਿਸ ਲਈ ਤੁਸੀਂ ਕੰਮ ਨਹੀਂ ਕੀਤਾ, ਹੋਰਾਂ ਲੋਕਾਂ ਨੇ ਇਸ ਲਈ ਕੰਮ ਕੀਤਾ ਅਤੇ ਤੁਸੀਂ ਉਨ੍ਹਾਂ ਦੀ ਮਿਹਨਤ ਦਾ ਹੀ ਲਾਭ ਕਰ ਰਹੇ ਹੋ।”
39ਉਸ ਸ਼ਹਿਰ ਦੇ ਕਈ ਲੋਕਾਂ ਨੇ ਯਿਸੂ ਵਿੱਚ ਵਿਸ਼ਵਾਸ ਕੀਤਾ। ਕਿਉਂਕਿ ਔਰਤ ਨੇ ਇਹ ਗਵਾਹੀ ਦਿੱਤੀ, “ਉਸਨੇ ਮੈਨੂੰ ਉਹ ਸਭ ਕੁਝ ਦੱਸਿਆ ਜੋ ਮੈਂ ਕੀਤਾ ਹੈ।” 40ਇਸ ਲਈ ਇਹ ਲੋਕ ਯਿਸੂ ਕੋਲ ਆਏ ਉਨ੍ਹਾਂ ਨੇ ਉਸ ਨੂੰ ਉਨ੍ਹਾਂ ਦੇ ਨਾਲ ਠਹਿਰਣ ਲਈ ਬੇਨਤੀ ਕੀਤੀ। ਇਸ ਲਈ ਯਿਸੂ ਉੱਥੇ ਦੋ ਦਿਨ ਠਹਿਰਿਆ। 41ਉਸ ਦੇ ਸ਼ਬਦਾਂ ਕਾਰਣ ਹੋਰ ਵੱਧੇਰੇ ਲੋਕਾਂ ਨੇ ਵਿਸ਼ਵਾਸ ਕੀਤਾ।
42ਉਨ੍ਹਾਂ ਲੋਕਾਂ ਨੇ ਉਸ ਔਰਤ ਨੂੰ ਆਖਿਆ, “ਅਸੀਂ ਯਿਸੂ ਵਿੱਚ ਤੇਰੇ ਸ਼ਬਦਾਂ ਕਾਰਣ ਵਿਸ਼ਵਾਸ ਨਹੀਂ ਕਰਦੇ, ਸਗੋਂ ਇਸ ਲਈ ਕਿਉਂ ਜੋ ਅਸੀਂ ਖੁਦ ਉਸ ਦੇ ਸ਼ਬਦ ਸੁਣੇ ਹਨ। ਹੁਣ ਅਸੀਂ ਜਾਣ ਗਏ ਹਾਂ ਕਿ ਉਹ ਸੱਚ ਮੁੱਚ ਦੁਨੀਆਂ ਦਾ ਮੁਕਤੀਦਾਤਾ ਹੈ।”
ਯਿਸੂ ਨੇ ਇੱਕ ਅਧਿਕਾਰੀ ਦੇ ਪੁੱਤਰ ਨੂੰ ਰਾਜੀ ਕੀਤਾ
(ਮੱਤੀ 8:5-13; ਲੂਕਾ 7:1-10)
43ਉਨ੍ਹਾਂ ਦੋ ਦਿਨਾਂ ਬਾਦ, ਯਿਸੂ ਉੱਥੋਂ ਵਿਦਾ ਹੋਕੇ ਗਲੀਲ ਨੂੰ ਚੱਲਿਆ ਗਿਆ। 44(ਪਹਿਲਾਂ ਯਿਸੂ ਇਹ ਕਹਿ ਚੁੱਕਿਆ ਸੀ ਕਿ ਨਬੀ ਦਾ ਉਸ ਦੇ ਆਪਣੇ ਦੇਸ਼ ਵਿੱਚ ਸਤਿਕਾਰ ਨਹੀਂ ਹੁੰਦਾ।) 45ਜਦੋਂ ਯਿਸੂ ਗਲੀਲ ਪਹੁੰਚਿਆ ਤਾਂ ਲੋਕਾਂ ਨੇ ਉਸਦਾ ਸਵਾਗਤ ਕੀਤਾ। ਕਿਉਂਕਿ ਇਹ ਲੋਕ ਉਹ ਸਾਰੀਆਂ ਗੱਲਾਂ ਦੇਖ ਚੁੱਕੇ ਸਨ ਜੋ ਯਿਸੂ ਨੇ ਯਰੂਸ਼ਲਮ ਵਿੱਚ ਪਸਾਹ ਦੇ ਤਿਉਹਾਰ ਤੇ ਕੀਤੀਆਂ ਸਨ। ਕਿਉਂਕਿ ਇਹ ਲੋਕ ਵੀ ਉਸ ਤਿਉਹਾਰ ਤੇ ਗਏ ਹੋਏ ਸਨ।
46ਇੱਕ ਵਾਰ ਫ਼ੇਰ ਯਿਸੂ ਗਲੀਲ ਵਿੱਚ ਕਾਨਾ ਨੂੰ ਗਿਆ। ਕਾਨਾ ਉਹ ਥਾਂ ਹੈ ਜਿੱਥੇ ਯਿਸੂ ਨੇ ਪਾਣੀ ਨੂੰ ਮੈਅ ਵਿੱਚ ਤਬਦੀਲ ਕੀਤਾ ਸੀ। ਬਾਦਸ਼ਾਹ ਦਾ ਇੱਕ ਮਹੱਤਵਪੂਰਣ ਅਧਿਕਾਰੀ ਕਫ਼ਰਨਾਹੂਮ ਵਿੱਚ ਰਹਿੰਦਾ ਸੀ। ਉਸਦਾ ਪੁੱਤਰ ਬਿਮਾਰ ਸੀ। 47ਉਸ ਨੇ ਸੁਣਿਆ ਕਿ ਯਿਸੂ ਯਹੂਦਿਯਾ ਤੋਂ ਆਇਆ ਹੈ ਅਤੇ ਹੁਣ ਗਲੀਲ ਵਿੱਚ ਸੀ। ਤਾਂ ਉਹ ਆਦਮੀ ਕਾਨਾ ਵਿੱਚ ਯਿਸੂ ਕੋਲ ਗਿਆ ਅਤੇ ਉਸ ਨੇ ਯਿਸੂ ਨੂੰ ਕਫ਼ਰਨਾਹੂਮ ਵਿੱਚ ਦਰਸ਼ਨ ਦੇਣ ਅਤੇ ਉਸ ਦੇ ਪੁੱਤਰ ਨੂੰ ਤੰਦਰੁਸਤ ਕਰਨ ਦੀ ਬੇਨਤੀ ਕੀਤੀ। ਉਸਦਾ ਪੁੱਤਰ ਮਰਨ ਲਾਗੇ ਸੀ। 48ਯਿਸੂ ਨੇ ਉਸ ਨੂੰ ਆਖਿਆ, “ਜਦੋਂ ਤੱਕ ਤੁਸੀਂ ਕਰਿਸ਼ਮੇ ਅਤੇ ਅਚੰਭੇ ਨਹੀਂ ਵੇਖੋਂਗੇ ਤੁਸੀਂ ਮੇਰੇ ਵਿੱਚ ਵਿਸ਼ਵਾਸ ਨਹੀਂ ਕਰੋਂਗੇ।”
49ਬਾਦਸ਼ਾਹ ਦੇ ਅਧਿਕਾਰੀ ਨੇ ਆਖਿਆ, “ਸ਼੍ਰੀਮਾਨ ਜੀ, ਮੇਰੇ ਪੁੱਤਰ ਦੇ ਮਰਨ ਤੋਂ ਪਹਿਲਾਂ ਮੇਰੇ ਘਰ ਚਰਨ ਪਾਓ।”
50ਯਿਸੂ ਨੇ ਉੱਤਰ ਦਿੱਤਾ, “ਜਾ, ਤੇਰਾ ਪੁੱਤਰ ਜੀਵੇਗਾ।”
ਉਸ ਆਦਮੀ ਨੇ ਯਿਸੂ ਦੇ ਸ਼ਬਦਾਂ ਵਿੱਚ ਵਿਸ਼ਵਾਸ ਕੀਤਾ ਅਤੇ ਘਰ ਚੱਲਾ ਗਿਆ। 51ਜਦੋਂ ਉਹ ਘਰ ਜਾ ਰਿਹਾ ਸੀ ਤਾਂ ਰਾਹ ਵਿੱਚ ਉਸ ਦੇ ਨੌਕਰ ਉਸ ਨੂੰ ਮਿਲੇ। ਅਤੇ ਉਨ੍ਹਾਂ ਨੇ ਉਸ ਨੂੰ ਆਖਿਆ, “ਤੇਰਾ ਪੁੱਤਰ ਚੰਗਾ ਹੋ ਗਿਆ ਹੈ।”
52ਉਸ ਆਦਮੀ ਨੇ ਪੁੱਛਿਆ, “ਮੇਰਾ ਪੁੱਤਰ ਕਿਸ ਵਕਤ ਠੀਕ ਹੋਣਾ ਸ਼ੁਰੂ ਹੋਇਆ ਸੀ?”
ਨੌਕਰ ਨੇ ਜਵਾਬ ਦਿੱਤਾ, “ਇਹ ਕੱਲ ਇੱਕ ਵਜੇ ਦੇ ਆਸ-ਪਾਸ ਦਾ ਸਮਾਂ ਸੀ, ਜਦੋਂ ਉਸਦਾ ਬੁਖਾਰ ਲੱਥ ਗਿਆ।”
53ਉਸ ਆਦਮੀ ਨੂੰ ਪਤਾ ਸੀ ਕਿ ਐਨ ਇੱਕ ਵਜੇ ਦਾ ਹੀ ਸਮਾਂ ਸੀ ਜਦੋਂ ਯਿਸੂ ਨੇ ਆਖਿਆ ਸੀ, “ਤੇਰਾ ਪੁੱਤਰ ਜੀਵੇਗਾ।” ਇਉਂ ਉਹ ਅਤੇ ਉਸ ਦੇ ਘਰ ਵਿੱਚ ਰਹਿੰਦੇ ਸਭ ਲੋਕਾਂ ਨੇ ਯਿਸੂ ਵਿੱਚ ਵਿਸ਼ਵਾਸ ਕੀਤਾ।
54ਇਹ ਦੂਜਾ ਕਰਿਸ਼ਮਾ ਸੀ ਜੋ ਯਿਸੂ ਨੇ ਯਹੂਦਿਯਾ ਤੋਂ ਗਲੀਲ ਆਉਣ ਤੋਂ ਬਾਦ ਕੀਤਾ ਸੀ।
Markert nå:
ਯੂਹੰਨਾ ਦੀ ਇੰਜੀਲ 4: PERV
Marker
Del
Kopier
Vil du ha høydepunktene lagret på alle enhetene dine? Registrer deg eller logg på
Punjabi Holy Bible: Easy-to-Read Version
All rights reserved.
© 2002 Bible League International