ਯੂਹੰਨਾ ਦੀ ਇੰਜੀਲ 1
1
ਯਿਸੂ ਦਾ ਸੰਸਾਰ ਵਿੱਚ ਆਉਣਾ
1ਸੰਸਾਰ ਦੇ ਆਦਿ ਤੋਂ ਪਹਿਲਾਂ ਸ਼ਬਦ#1:1 ਸ਼ਬਦ ਇੱਥੇ ਇਸਦਾ ਅਰਥ ਮਸੀਹ ਹੈ। ਸੀ। ਸ਼ਬਦ ਪਰਮੇਸ਼ੁਰ ਦੇ ਸੰਗ ਸੀ। ਅਤੇ ਸ਼ਬਦ ਪਰਮੇਸ਼ੁਰ ਸੀ। 2ਉਹ ਆਦਿ ਵਿੱਚ ਪਰਮੇਸ਼ੁਰ ਦੇ ਸੰਗ ਸੀ। 3ਸਭ ਕੁਝ ਉਸ ਦੇ ਰਾਹੀਂ ਸਾਜਿਆ ਗਿਆ ਸੀ। ਉਸਤੋਂ ਬਿਨਾ ਕੁਝ ਵੀ ਨਹੀਂ ਸੀ ਰਚਿਆ ਗਿਆ। 4ਉਸ ਵਿੱਚ ਜੀਵਨ ਸੀ। ਉਹ ਜੀਵਨ ਸੰਸਾਰ ਦੇ ਲੋਕਾਂ ਵਾਸਤੇ ਚਾਨਣ ਸੀ। 5ਉਹ ਚਾਨਣ ਹਨੇਰੇ ਵਿੱਚ ਚਮਕਦਾ ਹੈ ਤੇ ਹਨੇਰੇ ਨੇ ਕਦੇ ਵੀ ਇਸ ਨੂੰ ਨਹੀਂ ਬੁਝਾਇਆ।
6ਇੱਕ ਆਦਮੀ ਸੀ ਜਿਸਦਾ ਨਾਮ ਯੂਹੰਨਾ ਸੀ ਉਸ ਨੂੰ ਪਰਮੇਸ਼ੁਰ ਵੱਲੋਂ ਭੇਜਿਆ ਗਿਆ ਸੀ। 7ਯੂਹੰਨਾ, ਲੋਕਾਂ ਨੂੰ ਚਾਨਣ ਬਾਰੇ ਗਵਾਹੀ ਦੇਣ ਆਇਆ। ਤਾਂ ਜੋ ਯੂਹੰਨਾ ਰਾਹੀਂ ਸਾਰੇ ਲੋਕ ਚਾਨਣ ਤੇ ਵਿਸ਼ਵਾਸ ਕਰ ਸੱਕਣ। 8ਯੂਹੰਨਾ ਖੁਦ ਉਹ ਚਾਨਣ ਨਹੀਂ ਸੀ। ਪਰ ਯੂਹੰਨਾ ਲੋਕਾਂ ਨੂੰ ਚਾਨਣ ਬਾਰੇ ਸਾਖੀ ਦੇਣ ਲਈ ਆਇਆ ਸੀ। 9ਅਸਲ ਚਾਨਣ ਦੁਨੀਆਂ ਵਿੱਚ ਆਉਣ ਵਾਲਾ ਸੀ। ਇਹ ਅਸਲ ਚਾਨਣ ਸੀ ਜੋ ਸਾਰੇ ਮਨੁੱਖਾਂ ਨੂੰ ਉਜਾਲਾ ਦਿੰਦਾ ਹੈ।
10ਸ਼ਬਦ ਪਹਿਲਾਂ ਤੋਂ ਹੀ ਸੰਸਾਰ ਵਿੱਚ ਸੀ। ਉਸ ਰਾਹੀਂ ਸੰਸਾਰ ਰਚਿਆ ਗਿਆ ਸੀ। ਪਰ ਸੰਸਾਰ ਨੇ ਉਸ ਨੂੰ ਨਹੀਂ ਪਛਾਣਿਆ। 11ਉਹ ਆਪਣੇ ਘਰ ਵਿੱਚ ਆਇਆ ਸੀ, ਪਰ ਉਸ ਦੇ ਆਪਣੇ ਹੀ ਲੋਕਾਂ ਨੇ ਉਸ ਨੂੰ ਕਬੂਲ ਨਾ ਕੀਤਾ। 12ਕੁਝ ਲੋਕਾਂ ਨੇ ਉਸ ਨੂੰ ਕਬੂਲ ਕੀਤਾ ਅਤੇ ਉਸ ਵਿੱਚ ਵਿਸ਼ਵਾਸ ਕੀਤਾ, ਉਸ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਬੱਚੇ ਹੋਣ ਦਾ ਹੱਕ ਦਿੱਤਾ। 13ਨਾ ਹੀ ਉਹ ਮਨੁੱਖਾਂ ਦੇ ਕੁਦਰਤੀ ਤਰੀਕੇ ਵਾਂਗ, ਨਾ ਹੀ ਸ਼ਰੀਰਕ ਇੱਛਾ ਨਾਲ, ਅਤੇ ਨਾ ਹੀ ਉਨ੍ਹਾਂ ਦੇ ਮਾਪਿਆਂ ਦੀ ਵਿਉਂਤ ਨਾਲ, ਜਨਮੇ ਸਨ। ਉਹ ਪਰਮੇਸ਼ੁਰ ਤੋਂ ਜਨਮੇ ਸਨ।
14ਸ਼ਬਦ ਮਨੁੱਖ ਬਣ ਗਿਆ ਅਤੇ ਸਾਡੇ ਵਿੱਚ ਰਿਹਾ। ਅਸੀਂ ਉਸਦੀ ਮਹਿਮਾ ਦੇਖੀ। ਉਹ ਮਹਿਮਾ ਜੋ ਪਿਤਾ ਦੇ ਇੱਕਲੌਤੇ ਪੁੱਤਰ ਨਾਲ ਸੰਬੰਧਿਤ ਹੈ। ਇਹ ਸ਼ਬਦ ਕਿਰਪਾ ਅਤੇ ਸਚਿਆਈ ਨਾਲ ਭਰਪੂਰ ਸੀ। 15ਯੂਹੰਨਾ ਨੇ ਲੋਕਾਂ ਨੂੰ ਉਸ ਦੇ ਬਾਰੇ ਦੱਸਿਆ ਅਤੇ ਆਖਿਆ, “ਇਹੀ ਉਹ ਹੈ ਜਿਸ ਬਾਰੇ ਮੈਂ ਦੱਸ ਰਿਹਾ ਸੀ। ਮੈਂ ਤੁਹਾਨੂੰ ਦੱਸਿਆ ਸੀ ਕਿ ਉਹ ਇੱਕ, ‘ਜਿਹੜਾ ਮੇਰੇ ਬਾਦ ਆਵੇਗਾ, ਉਹ ਮੈਥੋਂ ਵੀ ਮਹਾਨ ਹੈ। ਉਹ ਮੈਥੋਂ ਵੀ ਪਹਿਲਾਂ ਰਹਿ ਰਿਹਾ ਸੀ।’”
16ਉਹ ਸ਼ਬਦ ਕਿਰਪਾ ਅਤੇ ਸੱਚਾਈ ਨਾਲ ਭਰਪੂਰ ਸੀ। ਅਸੀਂ ਉਸਤੋਂ ਵੱਧ ਤੋਂ ਵੱਧ ਅਸੀਸਾਂ ਪ੍ਰਾਪਤ ਕੀਤੀਆਂ। 17ਸ਼ਰ੍ਹਾ ਮੂਸਾ ਰਾਹੀਂ ਦਿੱਤੀ ਗਈ ਸੀ ਪਰ ਕਿਰਪਾ ਅਤੇ ਸੱਚਾਈ ਯਿਸੂ ਮਸੀਹ ਰਾਹੀਂ ਆਈ। 18ਕਿਸੇ ਨੇ ਪਰਮੇਸ਼ੁਰ ਨੂੰ ਕਦੇ ਨਹੀਂ ਵੇਖਿਆ, ਪਰ ਉਹ ਇੱਕਲੌਤਾ ਪੁੱਤਰ, ਜੋ ਪਿਤਾ ਦੇ ਸੱਜੇ ਪਾਸੇ ਹੈ ਪਰਮੇਸ਼ੁਰ ਹੈ ਅਤੇ ਉਸ ਨੇ ਸਾਨੂੰ ਵਿਖਾਇਆ ਹੈ ਕਿ ਕੌਣ ਪਰਮੇਸ਼ੁਰ ਹੈ।
ਯੂਹੰਨਾ ਲੋਕਾਂ ਨੂੰ ਯਿਸੂ ਬਾਰੇ ਦੱਸਦਾ ਹੈ
(ਮੱਤੀ 3:1-12; ਮਰਕੁਸ 1:1-8; ਲੂਕਾ 3:1-9, 15-17)
19ਯਰੂਸ਼ਲਮ ਦੇ ਯਹੂਦੀਆਂ ਨੇ ਕੁਝ ਜਾਜਕਾਂ ਤੇ ਲੇਵੀਆਂ ਨੂੰ ਯੂਹੰਨਾ ਕੋਲ ਭੇਜਿਆ। ਯਹੂਦੀਆਂ ਨੇ ਉਨ੍ਹਾਂ ਨੂੰ ਇਹ ਪੁੱਛਣ ਲਈ ਭੇਜਿਆ, “ਤੂੰ ਕੌਣ ਹੈਂ।” 20ਯੂਹੰਨਾ ਖੁਲ੍ਹ ਕੇ ਬੋਲਿਆ ਉਸ ਨੇ ਉੱਤਰ ਦੇਣ ਤੋਂ ਇਨਕਾਰ ਨਾ ਕੀਤਾ। ਉਸ ਨੇ ਸਾਫ਼-ਸਾਫ਼ ਆਖਿਆ, “ਮੈਂ ਮਸੀਹ ਨਹੀਂ ਹਾਂ।”
21ਯਹੂਦੀਆਂ ਨੇ ਯੂਹੰਨਾ ਨੂੰ ਪੁੱਛਿਆ, “ਫਿਰ ਤੂੰ ਕੌਣ ਹੈ? ਕੀ ਤੂੰ ਏਲੀਯਾਹ ਹੈ?”
ਯੂਹੰਨਾ ਨੇ ਜਵਾਬ ਦਿੱਤਾ, “ਨਹੀਂ ਮੈਂ ਏਲੀਯਾਹ ਨਹੀਂ ਹਾਂ।”
ਯਹੂਦੀਆਂ ਨੇ ਪੁੱਛਿਆ, “ਕੀ ਤੂੰ ਨਬੀ ਹੈ?”
ਯੂਹੰਨਾ ਨੇ ਜਵਾਬ ਦਿੱਤਾ, “ਨਹੀਂ, ਮੈਂ ਇੱਕ ਨਬੀ ਨਹੀਂ ਹਾਂ।”
22ਤਾਂ ਯਹੂਦੀਆਂ ਨੇ ਪੁੱਛਿਆ, “ਫਿਰ ਤੂੰ ਕੌਣ ਹੈਂ? ਸਾਨੂੰ ਆਪਣੇ ਬਾਰੇ ਦੱਸ। ਸਾਨੂੰ ਜਵਾਬ ਦੇ ਤਾਂ ਕਿ ਅਸੀਂ ਉਨ੍ਹਾਂ ਨੂੰ ਦੱਸ ਸੱਕੀਏ ਜਿਨ੍ਹਾਂ ਨੇ ਸਾਨੂੰ ਭੇਜਿਆ ਹੈ। ਤੂੰ ਆਪਣੇ ਬਾਰੇ ਕੀ ਆਖਦਾ ਹੈਂ?”
23ਯੂਹੰਨਾ ਨੇ ਉਨ੍ਹਾਂ ਨੂੰ ਨਬੀ ਯਸਾਯਾਹ ਦੇ ਸ਼ਬਦ ਆਖੇ:
“ਮੈਂ ਉਜਾੜ ਵਿੱਚ ਹੋਕਾ ਦੇਣ ਵਾਲੇ ਬੰਦੇ ਦੀ ਅਵਾਜ਼ ਹਾਂ:
‘ਪ੍ਰਭੂ ਲਈ ਸਿੱਧਾ ਰਾਹ ਤਿਆਰ ਕਰੋ।’”#ਯਸਾਯਾਹ 40:3
24ਇਹ ਯਹੂਦੀ ਫ਼ਰੀਸੀਆਂ ਵੱਲੋਂ ਭੇਜੇ ਹੋਏ ਸਨ। 25ਉਨ੍ਹਾਂ ਨੇ ਉਸ ਨੂੰ ਪੁੱਛਿਆ, “ਤੂੰ ਆਖਦਾ ਹੈਂ ਕਿ ਤੂੰ ਮਸੀਹ ਨਹੀਂ ਹੈ। ਤੂੰ ਆਖਦਾ ਹੈਂ ਕਿ ਤੂੰ ਏਲੀਯਾਹ ਨਹੀਂ ਹੈ ਅਤੇ ਨਾ ਹੀ ਨਬੀ। ਫਿਰ ਤੂੰ ਲੋਕਾਂ ਨੂੰ ਬਪਤਿਸਮਾ ਕਿਉਂ ਦਿੰਦਾ ਹੈ?”
26ਯੂਹੰਨਾ ਨੇ ਉੱਤਰ ਦਿੱਤਾ, “ਮੈਂ ਲੋਕਾਂ ਨੂੰ ਜਲ ਨਾਲ ਬਪਤਿਸਮਾ ਦਿੰਦਾ ਹਾਂ ਪਰ ਕੋਈ ਇੱਕ ਹੈ ਜੋ ਤੁਹਾਡੇ ਵਿੱਚ ਖੜ੍ਹਾ ਹੁੰਦਾ ਹੈ ਜਿਸ ਨੂੰ ਤੁਸੀਂ ਨਹੀ ਪਛਾਣਦੇ। 27ਉਹ ਉਹੀ ਹੈ ਜੋ ਮੇਰੇ ਮਗਰੋਂ ਆਵੇਗਾ। ਮੈਂ ਉਸਦੀ ਜੁੱਤੀ ਦੇ ਤਸਮੇ ਖੋਲ੍ਹਣ ਦੇ ਵੀ ਯੋਗ ਨਹੀਂ ਹਾਂ।”
28ਇਹ ਸਭ ਗੱਲਾਂ ਬੈਤਅਨੀਆਂ ਵਿੱਚ ਯਰਦਨ ਦਰਿਆ ਦੇ ਪਾਰ ਹੋਈਆਂ। ਉੱਥੇ ਯੂਹੰਨਾ ਲੋਕਾਂ ਨੂੰ ਬਪਤਿਸਮਾ ਦਿੰਦਾ ਸੀ।
ਯਿਸੂ ਪਰਮੇਸ਼ੁਰ ਦਾ ਲੇਲਾ
29ਅਗਲੇ ਦਿਨ ਯੂਹੰਨਾ ਨੇ ਯਿਸੂ ਨੂੰ ਆਪਣੇ ਵੱਲ ਆਉਂਦਿਆਂ ਦੇਖਿਆ। ਯੂਹੰਨਾ ਨੇ ਆਖਿਆ, “ਦੇਖੋ, ਪਰਮੇਸ਼ੁਰ ਦਾ ਲੇਲਾ, ਉਹ ਸੰਸਾਰ ਦੇ ਪਾਪ ਚੁੱਕ ਕੇ ਲੈ ਜਾਂਦਾ ਹੈ। 30ਮੈਂ ਉਸ ਬਾਰੇ ਹੀ ਗੱਲ ਕਰ ਰਿਹਾ ਸਾਂ ਜਦੋਂ ਮੈਂ ਆਖਿਆ ਸੀ ‘ਇੱਕ ਮਨੁੱਖ ਮੇਰੇ ਬਾਦ ਆਵੇਗਾ ਤੇ ਉਹ ਮੈਥੋਂ ਵੀ ਮਹਾਨ ਹੈ, ਕਿਉਂਕਿ ਉਹ ਮੈਥੋਂ ਵੀ ਪਹਿਲਾਂ ਮੌਜੂਦ ਸੀ।’ 31ਮੈਂ ਵੀ ਨਹੀਂ ਜਾਣਦਾ ਸਾਂ ਉਹ ਕੌਣ ਸੀ। ਪਰ ਮੈਂ ਲੋਕਾਂ ਨੂੰ ਜਲ ਨਾਲ ਬਪਤਿਸਮਾ ਦੇਣ ਲਈ ਆਇਆ ਹਾਂ ਤਾਂ ਜੋ ਇਸਰਾਏਲ ਉਸ ਬਾਰੇ ਜਾਣ ਸੱਕੇ।”
32-34ਫਿਰ ਯੂਹੰਨਾ ਨੇ ਆਖਿਆ, “ਮੈਂ ਵੀ ਨਹੀਂ ਜਾਣਦਾ ਸਾਂ ਕਿ ਮਸੀਹ ਕੌਣ ਸੀ, ਪਰ ਮੈਨੂੰ ਪਰਮੇਸ਼ੁਰ ਨੇ ਭੇਜਿਆ ਕਿ ਮੈਂ ਲੋਕਾਂ ਨੂੰ ਜਲ ਨਾਲ ਬਪਤਿਸਮਾ ਦੇਵਾਂ ਤੇ ਪਰਮੇਸ਼ੁਰ ਨੇ ਮੈਨੂੰ ਦੱਸਿਆ, ‘ਤੂੰ ਆਤਮਾ ਨੂੰ ਸਵਰਗ ਤੋਂ ਉੱਤਰਦਿਆਂ ਅਤੇ ਇੱਕ ਮਨੁੱਖ ਉੱਤੇ ਸਥਿਰ ਵੇਖੇਂਗਾ ਤੇ ਉਹ ਵੀ ਪਵਿੱਤਰ ਆਤਮਾ ਨਾਲ ਲੋਕਾਂ ਨੂੰ ਬਪਤਿਸਮਾ ਦੇਵੇਗਾ।’ ਮੈਂ ਇਹ ਵਾਪਰਦਿਆਂ ਵੇਖਿਆ ਹੈ। ਮੈਂ ਆਤਮਾ ਨੂੰ ਸਵਰਗ ਤੋਂ ਘੁੱਗੀ ਦੀ ਤਰ੍ਹਾਂ ਉੱਤਰਦਿਆਂ ਅਤੇ ਉਸ ਉੱਪਰ ਵਿਸ਼ਰਾਮ ਕਰਦਿਆਂ ਵੇਖਿਆ ਹੈ। ਮੈਂ ਗਵਾਹੀ ਦਿੰਦਾ ਹਾਂ ਕਿ ‘ਉਹੀ ਪਰਮੇਸ਼ੁਰ ਦਾ ਪੁੱਤਰ ਹੈ।’”
ਯਿਸੂ ਦੇ ਪਹਿਲੇ ਚੇਲੇ
35ਅਗਲੇ ਦਿਨ ਯੂਹੰਨਾ ਫ਼ੇਰ ਉੱਥੇ ਹੀ ਖੜ੍ਹਾ ਸੀ। ਯੂਹੰਨਾ ਦੇ ਨਾਲ ਉਸ ਦੇ ਦੋ ਚੇਲੇ ਸਨ। 36ਯੂਹੰਨਾ ਨੇ ਯਿਸੂ ਨੂੰ ਤੁਰਦਿਆਂ ਵੇਖਿਆ। ਯੂਹੰਨਾ ਨੇ ਆਖਿਆ, “ਦੇਖੋ! ਪਰਮੇਸ਼ੁਰ ਦਾ ਲੇਲਾ।”
37ਉਨ੍ਹਾਂ ਦੋਹਾਂ ਚੇਲਿਆਂ ਨੇ, ਜੋ ਯੂਹੰਨਾ ਆਖ ਰਿਹਾ ਸੀ, ਸੁਣਿਆ, ਅਤੇ ਉਨ੍ਹਾਂ ਨੇ ਯਿਸੂ ਦਾ ਪਿੱਛਾ ਕੀਤਾ। 38ਯਿਸੂ ਨੇ ਉਨ੍ਹਾਂ ਨੂੰ ਮਗਰ ਆਉਂਦਿਆ ਵੇਖਿਆ ਅਤੇ ਮੁੜਕੇ ਆਖਿਆ, “ਤੁਸੀਂ ਕੀ ਚਾਹੁੰਦੇ ਹੋ?”
ਉਨ੍ਹਾਂ ਦੋਹਾਂ ਨੇ ਆਖਿਆ, “ਹੇ ਰੱਬੀ, ਤੁਸੀਂ ਕਿੱਥੇ ਠਹਿਰੇ ਹੋ?” (“ਰੱਬੀ” ਦਾ ਅਰਥ ਹੈ “ਗੁਰੂ”)
39ਯਿਸੂ ਨੇ ਉੱਤਰ ਦਿੱਤਾ, “ਆਓ ਅਤੇ ਦੇਖੋ।” ਸੋ ਉਹ ਦੋਵੇਂ ਯਿਸੂ ਦੇ ਨਾਲ ਗਏ। ਉਨ੍ਹਾਂ ਨੇ ਥਾਂ ਦੇਖੀ ਜਿੱਥੇ ਯਿਸੂ ਰਹਿ ਰਿਹਾ ਸੀ। ਉਸ ਦਿਨ ਉਹ ਉੱਥੇ ਯਿਸੂ ਦੇ ਨਾਲ ਹੀ ਰਹੇ। ਇਹ ਚਾਰ ਕੁ ਵਜੇ ਦਾ ਸਮਾਂ ਸੀ।
40ਇਨ੍ਹਾਂ ਦੋਹਾਂ ਬੰਦਿਆਂ ਨੇ ਯਿਸੂ ਬਾਰੇ ਯੂਹੰਨਾ ਤੋਂ ਸੁਨਣ ਤੋਂ ਬਾਦ ਯਿਸੂ ਦਾ ਪਿੱਛਾ ਕੀਤਾ। ਇਨ੍ਹਾਂ ਦੋਹਾਂ ਆਦਮੀਆਂ ਵਿੱਚੋਂ ਇੱਕ ਦਾ ਨਾਂ ਅੰਦ੍ਰਿਯਾਸ ਸੀ। ਅੰਦ੍ਰਿਯਾਸ ਸ਼ਮਊਨ ਪਤਰਸ ਦਾ ਭਰਾ ਸੀ। 41ਪਹਿਲਾਂ ਅੰਦ੍ਰਿਯਾਸ ਨੇ ਆਪਣੇ ਭਰਾ ਸ਼ਮਊਨ ਨੂੰ ਲੱਭਿਆ ਤੇ ਫ਼ਿਰ ਉਸ ਨੇ ਆਖਿਆ, “ਅਸੀਂ ਮਸੀਹਾ ਨੂੰ ਲੱਭ ਲਿਆ ਹੈ।” (“ਮਸੀਹਾ” ਮਤਲਬ “ਮਸੀਹ”)
42ਅੰਦ੍ਰਿਯਾਸ ਸ਼ਮਊਨ ਨੂੰ ਯਿਸੂ ਕੋਲ ਲੈ ਆਇਆ। ਯਿਸੂ ਨੇ ਸ਼ਮਊਨ ਨੂੰ ਵੇਖਿਆ ਤੇ ਆਖਿਆ “ਤੂੰ ਯੂਹੰਨਾ ਦਾ ਪੁੱਤਰ ਸ਼ਮਊਨ ਹੈਂ, ਤੂੰ ਕੇਫ਼ਾਸ ਸਦਵਾਵੇਂਗਾ” (“ਕੇਫ਼ਾਸ” ਦਾ ਭਾਵ ਹੈ “ਪਤਰਸ”)
43ਅਗਲੇ ਦਿਨ ਯਿਸੂ ਨੇ ਚਾਹਿਆ ਉਹ ਗਲੀਲ ਜਾਵੇ। ਉਸ ਨੇ ਫ਼ਿਲਿਪੁੱਸ ਨੂੰ ਲੱਭਿਆ ਤੇ ਉਸ ਨੂੰ ਆਖਿਆ, “ਮੇਰਾ ਪਿੱਛਾ ਕਰ।” 44ਫ਼ਿਲਿਪੁੱਸ ਬੈਤਸੈਦੇ ਦਾ ਸੀ। ਉੱਥੋਂ ਦੇ ਹੀ ਅੰਦ੍ਰਿਯਾਸ ਤੇ ਪਤਰਸ ਸਨ। 45ਫ਼ਿਲਿਪੁੱਸ ਨੇ ਨਥਾਨਿਏਲ ਨੂੰ ਲੱਭਿਆ ਤੇ ਉਸ ਨੂੰ ਆਖਿਆ, “ਯਾਦ ਕਰ ਮੂਸਾ ਨੇ ਸ਼ਰ੍ਹਾ ਵਿੱਚ ਜੋ ਲਿਖਿਆ ਹੈ। ਮੂਸਾ ਨੇ ਇੱਕ ਮਨੁੱਖ ਦੀ ਆਮਦ ਬਾਰੇ ਲਿਖਿਆ ਹੈ। ਨਬੀਆਂ ਨੇ ਵੀ ਉਸ ਬਾਰੇ ਲਿਖਿਆ ਹੈ। ਅਸੀਂ ਉਸ ਨੂੰ ਲੱਭ ਲਿਆ ਹੈ। ਉਸਦਾ ਨਾਮ ਯਿਸੂ ਹੈ। ਉਹ ਯੂਸੁਫ਼ ਦਾ ਪੁੱਤਰ ਹੈ। ਉਹ ਨਾਸਰਤ ਦਾ ਹੈ।”
46ਪਰ ਨਥਾਨਿਏਲ ਨੇ ਫ਼ਿਲਿਪੁੱਸ ਨੂੰ ਆਖਿਆ, “ਨਾਸਰਤ! ਭਲਾ ਨਾਸਰਤ ਵਿੱਚ ਕੋਈ ਉੱਤਮ ਚੀਜ਼ ਨਿੱਕਲ ਸੱਕਦੀ ਹੈ?”
ਫ਼ਿਲਿਪੁੱਸ ਨੇ ਉੱਤਰ ਦਿੱਤਾ, “ਆ ਅਤੇ ਵੇਖ”
47ਯਿਸੂ ਨੇ ਨਥਾਨਿਏਲ ਨੂੰ ਆਪਣੇ ਵੱਲ ਆਉਂਦਿਆਂ ਵੇਖਿਆ ਅਤੇ ਉਸ ਬਾਰੇ ਇਹ ਆਖਿਆ, “ਉਹ ਇੱਕ ਸੱਚਾ ਇਸਰਾਏਲੀ ਹੈ ਉਸ ਵਿੱਚ ਕੋਈ ਛੱਲ ਨਹੀਂ ਹੈ।”
48ਨਥਾਨਿਏਲ ਨੇ ਪੁੱਛਿਆ, “ਤੁਸੀਂ ਮੈਨੂੰ ਕਿਵੇਂ ਜਾਣਦੇ ਹੋ?”
ਯਿਸੂ ਨੇ ਉੱਤਰ ਦਿੱਤਾ, “ਮੈਂ ਤੈਨੂੰ ਓਦੋਂ ਵੇਖਿਆ ਸੀ ਜਦੋਂ ਤੂੰ ਅੰਜੀਰ ਦੇ ਰੁੱਖ ਥੱਲੇ ਸੀ। ਜਦੋਂ ਤੈਨੂੰ ਫ਼ਿਲਿਪੁੱਸ ਨੇ ਮੇਰੇ ਬਾਰੇ ਦਸਿਆ।”
49ਫ਼ਿਰ ਨਥਾਨਿਏਲ ਨੇ ਯਿਸੂ ਨੂੰ ਕਿਹਾ, “ਰੱਬੀ, ਤੁਸੀਂ ਪਰਮੇਸ਼ੁਰ ਦੇ ਪੁੱਤਰ ਹੋ। ਤੁਸੀਂ ਇਸਰਾਏਲ ਦੇ ਪਾਤਸ਼ਾਹ ਹੋ।”
50ਯਿਸੂ ਨੇ ਨਥਾਨਿਏਲ ਨੂੰ ਆਖਿਆ, “ਤੂੰ ਇਸ ਲਈ ਵਿਸ਼ਵਾਸ ਕਰਦਾ ਹੈ ਕਿ ਪਹਿਲਾਂ ਹੀ ਮੈਂ ਤੈਨੂੰ ਦੱਸਿਆ ਸੀ ਕਿ ਮੈਂ ਤੈਨੂੰ ਅੰਜੀਰ ਦੇ ਰੁੱਖ ਥੱਲੇ ਵੇਖਿਆ ਸੀ। ਪਰ ਤੂੰ ਇਸਤੋਂ ਵੀ ਵੱਡੀਆਂ ਗੱਲਾਂ ਦੇਖੇਂਗਾ!” 51ਯਿਸੂ ਨੇ ਉਸ ਨੂੰ ਆਖਿਆ, “ਮੈਂ ਤੁਹਾਨੂੰ ਸੱਚ-ਮੁੱਚ ਆਖਦਾ ਹਾਂ ਤੁਸੀਂ ਸਵਰਗ ਨੂੰ ਖੁਲ੍ਹਾ ਵੇਖੋਂਗੇ ਅਤੇ ਪਰਮੇਸ਼ੁਰ ਦੇ ਦੂਤਾਂ ਨੂੰ ਮਨੁੱਖ ਦੇ ਪੁੱਤਰ ਉੱਤੇ ਚੜ੍ਹਦੇ ਅਤੇ ਉੱਤਰਦੇ ਵੇਖੋਂਗੇ।”#ਉਤਪਤ. 28:12
Markert nå:
ਯੂਹੰਨਾ ਦੀ ਇੰਜੀਲ 1: PERV
Marker
Del
Kopier
Vil du ha høydepunktene lagret på alle enhetene dine? Registrer deg eller logg på
Punjabi Holy Bible: Easy-to-Read Version
All rights reserved.
© 2002 Bible League International