ਯੂਹੰਨਾ 4

4
ਪ੍ਰਭੁ ਅਤੇ ਸਾਮਰੀ ਤੀਵੀਂ
1ਉਪਰੰਤ ਜਾਂ ਪ੍ਰਭੁ ਨੇ ਜਾਣਿਆ ਕਿ ਫ਼ਰੀਸੀਆਂ ਨੇ ਇਹ ਸੁਣਿਆ ਹੈ ਕਿ ਯਿਸੂ ਯੂਹੰਨਾ ਨਾਲੋਂ ਬਹੁਤ ਚੇਲੇ ਬਣਾਉਂਦਾ ਅਤੇ ਉਨ੍ਹਾਂ ਨੂੰ ਬਪਤਿਸਮਾ ਦਿੰਦਾ ਹੈ 2ਭਾਵੇਂ ਯਿਸੂ ਆਪੇ ਤਾਂ ਨਹੀਂ ਪਰ ਉਸ ਦੇ ਚੇਲੇ ਬਪਤਿਸਮਾ ਦਿੰਦੇ ਸਨ 3ਤਦੋਂ ਉਹ ਯਹੂਦਿਯਾ ਨੂੰ ਛੱਡ ਕੇ ਗਲੀਲ ਵਿੱਚ ਗਿਆ 4ਅਤੇ ਉਸ ਨੂੰ ਸਾਮਰਿਯਾ ਦੇ ਵਿੱਚੋਂ ਦੀ ਲੰਘਣਾ ਪਿਆ 5ਉਹ ਸੁਖਾਰ ਨਾਮੇ ਸਾਮਰਿਯਾ ਦੇ ਇੱਕ ਨਗਰ ਦੇ ਕੋਲ ਆਇਆ ਜੋ ਉਸ ਜਿਮੀਨ ਦੇ ਨੇੜੇ ਸੀ ਜਿਹੜੀ ਯਾਕੂਬ ਨੇ ਆਪਣੇ ਪੁੱਤਰ ਯੂਸੁਫ਼ ਨੂੰ ਦਿੱਤੀ 6ਅਰ ਉੱਥੇ ਯਾਕੂਬ ਦਾ ਖੂਹ ਹੈਸੀ ਸੋ ਯਿਸੂ ਪੈਂਡੇ ਤੋਂ ਥੱਕ ਕੇ ਉਸ ਖੂਹ ਉੱਤੇ ਐਵੇਂ ਬੈਠ ਗਿਆ। ਉਹ ਦੁਪਹਿਰਕੁ ਦਾ ਵੇਲਾ ਸੀ 7ਤਦ ਸਾਮਰਿਯਾ ਦੀ ਇੱਕ ਤੀਵੀਂ ਪਾਣੀ ਭਰਨੇ ਆਈ। ਯਿਸੂ ਨੇ ਉਹ ਨੂੰ ਆਖਿਆ, ਮੈਨੂੰ ਜਲ ਪਿਆ 8ਕਿਉਂ ਜੋ ਉਸ ਦੇ ਚੇਲੇ ਖਾਣ ਲਈ ਕੁਝ ਮੁੱਲ ਲਿਆਉਣ ਨੂੰ ਨਗਰ ਵਿੱਚ ਗਏ ਹੋਏ ਸਨ 9ਤਾਂ ਉਸ ਸਾਮਰੀ ਤੀਵੀਂ ਨੇ ਉਹ ਨੂੰ ਆਖਿਆ, ਭਲਾ, ਤੂੰ ਯਹੂਦੀ ਹੋ ਕੇ ਮੇਰੇ ਕੋਲੋਂ ਜੋ ਸਾਮਰੀ ਤੀਵੀਂ ਹਾਂ ਪੀਣ ਨੂੰ ਕਿਵੇਂ ਮੰਗਦਾ ਹੈਂ? ਕਿਉਂ ਜੋ ਯਹੂਦੀ ਸਾਮਰੀਆਂ ਨਾਲ ਨਹੀਂ ਵਰਤਦੇ 10ਯਿਸੂ ਨੇ ਉਹ ਨੂੰ ਉੱਤਰ ਦਿੱਤਾ, ਜੇ ਤੂੰ ਪਰਮੇਸ਼ੁਰ ਦੀ ਬਖ਼ਸ਼ਿਸ਼ ਨੂੰ ਜਾਣਦੀ ਅਤੇ ਇਹ ਕੀ ਉਹ ਕੌਣ ਹੈ ਜੋ ਤੈਨੂੰ ਆਖਦਾ ਹੈ ਭਈ ਮੈਨੂੰ ਜਲ ਪਿਆ ਤਾਂ ਤੂੰ ਉਸ ਕੋਲੋਂ ਮੰਗਦੀ ਅਤੇ ਉਹ ਤੈਨੂੰ ਅੰਮ੍ਰਿਤ ਜਲ ਦਿੰਦਾ 11ਤੀਵੀਂ ਨੇ ਉਸ ਨੂੰ ਆਖਿਆ, ਮਹਾਰਾਜ ਤੇਰੇ ਕੋਲ ਕੋਈ ਡੋਲ ਭੀ ਨਹੀਂ ਹੈ ਅਤੇ ਨਾਲੇ ਖੂਹ ਭੀ ਡੂੰਘਾ ਹੈ ਫੇਰ ਅੰਮ੍ਰਿਤ ਜਲ ਤੈਨੂੰ ਕਿੱਥੋਂ ਮਿਲਿਆ ਹੈ? 12ਭਲਾ, ਤੂੰ ਸਾਡੇ ਪਿਤਾ ਯਾਕੂਬ ਤੋਂ ਵਡਾ ਹੈਂ ਜਿਹ ਨੇ ਸਾਨੂੰ ਇਹ ਖੂਹ ਦਿੱਤਾ ਅਤੇ ਓਹ ਨੇ ਆਪ, ਨਾਲੇ ਉਹ ਦੇ ਪੁੱਤ੍ਰਾਂ ਅਤੇ ਉਹ ਦੇ ਪਸ਼ੂਆਂ ਨੇ ਇਸ ਵਿੱਚੋਂ ਪੀਤਾ? 13ਯਿਸੂ ਨੇ ਉਹ ਨੂੰ ਉੱਤਰ ਦਿੱਤਾ ਕਿ ਹਰੇਕ ਜੋ ਇਹ ਜਲ ਪੀਂਦਾ ਹੈ ਸੋ ਫੇਰ ਤਿਹਾਇਆ ਹੋਵੇਗਾ 14ਪਰ ਜੋ ਕੋਈ ਮੇਰਾ ਦਿੱਤਾ ਹੋਇਆ ਜਲ ਪੀਏਗਾ ਸੋ ਸਦੀਪਕਾਲ ਤੀਕੁ ਕਦੇ ਤਿਹਾਇਆ ਨਾ ਹੋਵੇਗਾ ਬਲਕਿ ਉਹ ਜਲ ਜੋ ਮੈਂ ਉਹ ਨੂੰ ਦਿਆਂਗਾ ਉਹ ਦੇ ਵਿੱਚ ਜਲ ਦਾ ਇੱਕ ਸੋਮਾ ਬਣ ਜਾਵੇਗਾ ਜੋ ਅਨੰਤ ਜੀਉਣ ਤੀਕੁਰ ਉੱਛਲਦਾ ਰਹੇਗਾ 15ਤੀਵੀਂ ਨੇ ਉਸ ਨੂੰ ਆਖਿਆ, ਮਹਾਰਾਜ ਇਹ ਜਲ ਮੈਨੂੰ ਦਿਓ ਜੋ ਮੈਂ ਤਿਹਾਈ ਨਾ ਹੋਵਾਂ, ਨਾ ਐਥੋਂ ਤਾਈਂ ਭਰਨ ਨੂੰ ਆਇਆ ਕਰਾਂ 16ਯਿਸੂ ਨੇ ਉਹ ਨੂੰ ਆਖਿਆ, ਜਾਹ ਆਪਣੇ ਪਤੀ ਨੂੰ ਐੱਥੇ ਸੱਦ ਲਿਆ 17ਤੀਵੀਂ ਨੇ ਉਸ ਨੂੰ ਉੱਤਰ ਦਿੱਤਾ ਕਿ ਮੇਰਾ ਪਤੀ ਹੈ ਨਹੀਂ । ਯਿਸੂ ਨੇ ਉਹ ਨੂੰ ਆਖਿਆ, ਤੈਂ ਠੀਕ ਆਖਿਆ ਜੋ ਮੇਰਾ ਪਤੀ ਹੈ ਨਹੀਂ 18ਕਿਉਂਕਿ ਤੂੰ ਪੰਜ ਪਤੀ ਕਰ ਚੁੱਕੀ ਹੈਂ ਅਤੇ ਜਿਹੜਾ ਹੁਣ ਤੇਰੇ ਕੋਲ ਹੈ ਸੋ ਤੇਰਾ ਪਤੀ ਨਹੀਂ, ਤੈਂ ਇਹ ਸੱਤ ਆਖਿਆ ਹੈ! 19ਤੀਵੀਂ ਨੇ ਉਸ ਨੂੰ ਕਿਹਾ, ਪ੍ਰਭੁ ਜੀ ਮੈਨੂੰ ਸੁੱਝਦਾ ਹੈ ਜੋ ਤੁਸੀਂ ਕੋਈ ਨਬੀ ਹੋ 20ਸਾਡੇ ਪਿਉ ਦਾਦਿਆਂ ਨੇ ਇਸ ਪਰਬਤ ਉੱਤੇ ਭਗਤੀ ਕੀਤੀ ਅਤੇ ਤੁਸੀਂ ਲੋਕ ਆਖਦੇ ਹੋ ਜੋ ਉਹ ਅਸਥਾਨ ਯਰੂਸ਼ਲਮ ਵਿੱਚ ਹੈ ਜਿੱਥੇ ਭਗਤੀ ਕਰਨੀ ਚਾਹੀਦੀ ਹੈ 21ਯਿਸੂ ਨੇ ਉਹ ਨੂੰ ਆਖਿਆ, ਹੇ ਬੀਬੀ, ਤੂੰ ਮੇਰੀ ਪਰਤੀਤ ਕਰ ਕਿ ਉਹ ਸਮਾਂ ਆਉਂਦਾ ਹੈ ਜਦ ਤੁਸੀਂ ਨਾ ਤਾਂ ਇਸ ਪਰਬਤ ਉੱਤੇ ਅਤੇ ਨਾ ਯਰੂਸ਼ਲਮ ਵਿੱਚ ਪਿਤਾ ਦੀ ਭਗਤੀ ਕਰੋਗੇ 22ਤੁਸੀਂ ਜਿਹ ਨੂੰ ਨਹੀਂ ਜਾਣਦੇ ਉਸ ਦੀ ਭਗਤੀ ਕਰਦੇ ਹੋ। ਅਸੀਂ ਉਹ ਦੀ ਭਗਤੀ ਕਰਦੇ ਹਾਂ ਜਿਹ ਨੂੰ ਜਾਣਦੇ ਹਾਂ ਇਸ ਲਈ ਜੋ ਮੁੱਕਤੀ ਯਹੂਦੀਆਂ ਤੋਂ ਹੈ 23ਪਰ ਉਹ ਸਮਾ ਆਉਂਦਾ ਹੈ ਸਗੋਂ ਹੁਣੇ ਹੈ ਜੋ ਸੱਚੇ ਭਗਤ ਆਤਮਾ ਅਰ ਸਚਿਆਈ ਨਾਲ ਪਿਤਾ ਦੀ ਭਗਤੀ ਕਰਨਗੇ ਕਿਉਂਕਿ ਪਿਤਾ ਏਹੋ ਜੇਹੇ ਭਗਤਾਂ ਨੂੰ ਚਾਹੁੰਦਾ ਹੈ 24ਪਰਮੇਸ਼ੁਰ ਆਤਮਾ ਹੈ ਅਤੇ ਜੋ ਉਹ ਦੀ ਭਗਤੀ ਕਰਦੇ ਹਨ ਉਨ੍ਹਾਂ ਨੂੰ ਚਾਹੀਦਾ ਹੈ ਭਈ ਓਹ ਆਤਮਾ ਅਤੇ ਸਚਿਆਈ ਨਾਲ ਭਗਤੀ ਕਰਨ 25ਤੀਵੀਂ ਨੇ ਉਸ ਨੂੰ ਆਖਿਆ, ਮੈਂ ਜਾਣਦੀ ਹਾਂ ਜੋ ਮਸੀਹ ਆਉਂਦਾ ਹੈ ਜਿਹ ਨੂੰ ਖ੍ਰਿਸਟੁਸ ਕਰਕੇ ਸੱਦੀਦਾ ਹੈ। ਜਾਂ ਉਹ ਆਊਗਾ ਤਾਂ ਸਾਨੂੰ ਸੱਭੋ ਕੁਝ ਦੱਸੂ 26ਯਿਸੂ ਨੇ ਉਹ ਨੂੰ ਆਖਿਆ, ਮੈਂ ਜੋ ਤੇਰੇ ਨਾਲ ਬੋਲਦਾ ਹਾਂ ਸੋ ਉਹੋ ਹੀ ਹਾਂ।।
27ਇੰਨੇ ਨੂੰ ਉਸ ਦੇ ਚੇਲੇ ਆ ਗਏ ਅਤੇ ਅਚਰਜ ਮੰਨਿਆ ਜੋ ਉਹ ਤੀਵੀਂ ਨਾਲ ਗੱਲਾਂ ਕਰਦਾ ਹੈ ਤਾਂ ਵੀ ਕਿਨੇ ਨਾ ਆਖਿਆ ਭਈ ਤੂੰ ਕੀ ਮੰਗਦਾ ਹੈਂ ਯਾ ਇਸ ਨਾਲ ਕਿਉਂ ਗੱਲਾਂ ਕਰਦਾ ਹੈਂ ? 28ਉਪਰੰਤ ਤੀਵੀਂ ਆਪਣਾ ਘੜਾ ਛੱਡ ਕੇ ਨਗਰ ਵਿੱਚ ਗਈ ਅਤੇ ਲੋਕਾਂ ਨੂੰ ਆਖਣ ਲੱਗੀ, 29ਚੱਲੋ, ਇੱਕ ਮਨੁੱਖ ਨੂੰ ਵੇਖੋ ਜਿਹ ਨੇ ਜੋ ਕੁਝ ਮੈਂ ਕੀਤਾ ਹੈ ਸੱਭੋ ਮੈਨੂੰ ਦੱਸ ਦਿੱਤਾ! ਇਹ ਕਿਤੇ ਮਸੀਹ ਤਾਂ ਨਹੀਂ? 30ਤਾਂ ਓਹ ਨਗਰੋਂ ਨਿੱਕਲ ਕੇ ਉਸ ਦੇ ਕੋਲ ਆਉਣ ਲੱਗੇ 31ਇੰਨੇ ਨੂੰ ਚੇਲਿਆਂ ਨੇ ਇਹ ਕਹਿ ਕੇ ਉਸ ਦੇ ਅੱਗੇ ਅਰਜ਼ ਕੀਤੀ ਕਿ ਸੁਆਮੀ ਜੀ, ਖਾਹ ਲੈ 32ਪਰ ਉਸ ਨੇ ਉਨ੍ਹਾਂ ਨੂੰ ਆਖਿਆ, ਖਾਣ ਲਈ ਮੇਰੇ ਕੋਲ ਭੋਜਨ ਹੈ ਜਿਹ ਨੂੰ ਤੁਸੀਂ ਨਹੀਂ ਜਾਣਦੇ 33ਇਸ ਕਾਰਨ ਚੇਲੇ ਆਪਸ ਵਿੱਚ ਕਹਿਣ ਲੱਗੇ, ਕੀ ਕੋਈ ਇਹ ਦੇ ਖਾਣ ਲਈ ਕੁਝ ਲਿਆਇਆ ਹੈ? 34ਯਿਸੂ ਨੇ ਉਨ੍ਹਾਂ ਨੂੰ ਆਖਿਆ, ਮੇਰਾ ਭੋਜਨ ਇਹੋ ਹੈ ਜੋ ਆਪਣੇ ਭੇਜਣ ਵਾਲੇ ਦੀ ਮਰਜ਼ੀ ਉੱਤੇ ਚੱਲਾਂ ਅਰ ਉਹ ਦਾ ਕੰਮ ਸੰਪੂਰਨ ਕਰਾਂ 35ਕੀ ਤੁਸੀਂ ਨਹੀਂ ਆਖਦੇ ਹੋ ਕਿ ਅਜੇ ਚਾਰ ਮਹੀਨੇ ਹਨ ਤਦ ਵਾਢੀ ਹੋਵੇਗੀ? ਵੇਖੋ ਮੈਂ ਤੁਹਾਨੂੰ ਆਖਦਾ ਹਾਂ ਜੋ ਆਪਣੀਆਂ ਅੱਖਾਂ ਚੁੱਕੋ ਅਤੇ ਪੈਲੀਆਂ ਨੂੰ ਵੇਖੋ ਜੋ ਓਹ ਵਾਢੀ ਦੇ ਲਈ ਪੱਕ ਕੇ ਪੀਲੀਆਂ ਹੋ ਗਈਆਂ 36ਜਿਹੜਾ ਵੱਢਦਾ ਹੈ ਉਹ ਮਜੂਰੀ ਲੈਂਦਾ ਅਤੇ ਸਦੀਪਕ ਜੀਉਣ ਲਈ ਫਲ ਇਕੱਠਾ ਕਰਦਾ ਹੈ ਤਾਂ ਬੀਜਣ ਵਾਲਾ ਅਤੇ ਵੱਢਣ ਵਾਲਾ ਦੋਵੇਂ ਅਨੰਦ ਹੋਣ 37ਕਿਉਂ ਜੋ ਇਸ ਤੇ ਇਹ ਕਹਾਉਤ ਠੀਕ ਫੱਬਦੀ ਹੈ ਕਿ "ਬੀਜੇ ਕੋਈ ਅਤੇ ਵੱਢੇ ਕੋਈ" 38ਜਿਹ ਦੇ ਵਿੱਚ ਤੁਸਾਂ ਮਿਹਨਤ ਨਾ ਕੀਤੀ ਉਹ ਦੇ ਵੱਢਣ ਨੂੰ ਮੈਂ ਤੁਹਾਨੂੰ ਘੱਲਿਆ। ਹੋਰਨਾਂ ਨੇ ਮਿਹਨਤ ਕੀਤੀ ਅਰ ਤੁਸੀਂ ਉਨ੍ਹਾਂ ਦੀ ਮਿਹਨਤ ਵਿੱਚ ਸਾਂਝੀ ਹੋਏ।।
39ਉਸ ਨਗਰ ਦੇ ਸਾਮਰੀਆਂ ਵਿੱਚੋਂ ਬਹੁਤਿਆਂ ਨੇ ਉਸ ਤੀਵੀਂ ਦੇ ਕਹਿਣੇ ਕਰਕੇ ਉਸ ਉੱਤੇ ਨਿਹਚਾ ਕੀਤੀ ਕਿ ਉਹ ਨੇ ਸਾਖੀ ਦਿੱਤੀ ਸੀ ਭਈ ਜੋ ਕੁਝ ਮੈਂ ਕੀਤਾ ਹੈ ਉਸ ਨੇ ਸੱਭੋ ਮੈਨੂੰ ਦੱਸ ਦਿੱਤਾ 40ਸੋ ਉਨ੍ਹਾਂ ਸਾਮਰਿਆਂ ਨੇ ਜਾਂ ਉਸ ਦੇ ਕੋਲ ਆਏ ਤਾਂ ਉਸ ਦੇ ਅੱਗੇ ਅਰਜ਼ ਕੀਤੀ ਜੋ ਸਾਡੇ ਕੋਲ ਹੀ ਰਹੇ। ਫੇਰ ਉਹ ਦੋ ਦਿਨ ਉੱਥੇ ਰਿਹਾ 41ਅਰ ਉਸ ਦੇ ਬਚਨ ਦੇ ਕਾਰਨ ਹੋਰ ਬਹੁਤਿਆਂ ਨੇ ਨਿਹਚਾ ਕੀਤੀ 42ਅਤੇ ਉਸ ਤੀਵੀਂ ਨੂੰ ਕਿਹਾ, ਹੁਣ ਜੋ ਅਸੀਂ ਨਿਹਚਾ ਕਰਦੇ ਹਾਂ ਸੋ ਤੇਰੇ ਕਹਿਣੇ ਕਰਕੇ ਨਹੀਂ ਕਿਉਂਕਿ ਅਸਾਂ ਆਪ ਸੁਣਿਆ ਹੈ ਅਤੇ ਜਾਣਦੇ ਹਾਂ ਜੋ ਇਹ ਠੀਕ ਜਗਤ ਦਾ ਤਾਰਨਹਾਰਾ ਹੈ।।
43ਇਨ੍ਹਾਂ ਦੌਹਾਂ ਦਿਨਾਂ ਦੇ ਪਿੱਛੋਂ ਉਹ ਉੱਥੋਂ ਗਲੀਲ ਨੂੰ ਚੱਲਿਆ ਗਿਆ 44ਕਿਉਂਕਿ ਯਿਸੂ ਨੇ ਆਪ ਹੀ ਸਾਖੀ ਦਿੱਤੀ ਸੀ ਜੋ ਨਬੀ ਦਾ ਆਪਣੇ ਦੇਸ ਵਿੱਚ ਆਦਰ ਨਹੀਂ ਹੁੰਦਾ 45ਸੋ ਜਦ ਉਹ ਗਲੀਲ ਵਿੱਚ ਆਇਆ ਗਲੀਲੀਆਂ ਨੇ ਉਸ ਨੂੰ ਕਬੂਲ ਕੀਤਾ ਕਿਉਂਕਿ ਸਭ ਕੁਝ ਜੋ ਉਸ ਨੇ ਯਰੂਸ਼ਲਮ ਵਿੱਚ ਤਿਉਹਾਰ ਦੇ ਵੇਲੇ ਕੀਤਾ ਸੀ ਉਨ੍ਹਾਂ ਨੇ ਵੇਖਿਆ ਇਸ ਲਈ ਜੋ ਓਹ ਵੀ ਉਸ ਤਿਉਹਾਰ ਨੂੰ ਗਏ ਸਨ ।।
46ਸੋ ਉਹ ਗਲੀਲ ਦੇ ਕਾਨਾ ਵਿੱਚ ਫੇਰ ਆਇਆ ਜਿੱਥੇ ਉਸ ਨੇ ਪਾਣੀ ਦੀ ਮੈ ਬਣਾਈ ਸੀ ਅਤੇ ਇੱਕ ਮੁਸਾਹਿਬ ਸੀ ਜਿਹ ਦਾ ਪੁੱਤ੍ਰ ਕਫ਼ਰਨਾਹੂਮ ਵਿੱਚ ਬਿਮਾਰ ਸੀ 47ਉਹ ਨੇ ਜਾਂ ਸੁਣਿਆ ਜੋ ਯਿਸੂ ਯਹੂਦਿਯਾ ਤੋਂ ਗਲੀਲ ਵਿੱਚ ਆਇਆ ਤਾਂ ਉਸ ਦੇ ਕੋਲ ਜਾ ਕੇ ਮਿੰਨਤ ਕੀਤੀ ਜੋ ਆਣ ਕੇ ਮੇਰੇ ਪੁੱਤ੍ਰ ਨੂੰ ਚੰਗਾ ਕਰੇ ਕਿਉਂਕਿ ਉਹ ਮਰਨਾਊ ਸੀ 48ਤਦੋਂ ਯਿਸੂ ਨੇ ਉਹ ਨੂੰ ਆਖਿਆ, ਜੇ ਤੁਸੀਂ ਨਿਸ਼ਾਨ ਅਤੇ ਅਚਰਜ ਕੰਮ ਨਾ ਵੇਖੋ ਤਾਂ ਪਰਤੀਤ ਕਦੀ ਨਾ ਕਰੋਗੇ 49ਮੁਸਾਹਿਬ ਨੇ ਉਸ ਨੂੰ ਆਖਿਆ, ਪ੍ਰਭੁ ਜੀ ਤੁਸੀਂ ਮੇਰੇ ਨੀਂਗਰ ਦੇ ਮਰਨ ਤੋਂ ਅੱਗੇ ਹੀ ਚੱਲੋ 50ਯਿਸੂ ਨੇ ਉਹ ਨੂੰ ਆਖਿਆ, ਜਾਹ ਤੇਰਾ ਪੁੱਤ੍ਰ ਜੀਉਂਦਾ ਹੈ। ਉਹ ਮਨੁੱਖ ਨੇ ਉਸ ਬਚਨ ਦੀ ਜਿਹੜਾ ਯਿਸੂ ਨੇ ਉਹ ਨੂੰ ਆਖਿਆ ਸੀ ਪਰਤੀਤ ਕੀਤੀ ਅਤੇ ਚੱਲਿਆ ਗਿਆ 51ਅਤੇ ਉਹ ਅਜੇ ਚੱਲਿਆ ਹੀ ਜਾਂਦਾ ਸੀ ਜੋ ਉਹ ਦੇ ਚਾਕਰ ਉਹ ਨੂੰ ਆ ਮਿਲੇ ਅਤੇ ਕਿਹਾ ਭਈ ਤੇਰਾ ਬਾਲਕ ਜੀਉਂਦਾ ਹੈ! 52ਸੋ ਉਹ ਨੇ ਉਨ੍ਹਾਂ ਤੋਂ ਪੁੱਛਿਆ ਕਿ ਉਹ ਕਿਹੜਾ ਵੇਲਾ ਸੀ ਜਦੋਂ ਉਸ ਨੂੰ ਸੁਬਿਹਤਾ ਹੋਣ ਲੱਗਾ ਸੋ ਉਨ੍ਹਾਂ ਉਹ ਨੂੰ ਆਖਿਆ, ਕੱਲ ਦੁਪਹਿਰ ਦੇ ਇੱਕ ਬਜੇ ਤੋਂ ਉਹ ਦਾ ਤਾਪ ਲਹਿ ਗਿਆ 53ਤਦ ਪਿਉ ਨੇ ਜਾਣਿਆ ਕਿ ਇਹ ਉਹੋ ਘੜੀ ਹੈ ਜਿਹ ਦੇ ਵਿੱਚ ਯਿਸੂ ਨੇ ਮੈਨੂੰ ਆਖਿਆ ਸੀ ਜੋ ਤੇਰਾ ਪੁੱਤ੍ਰ ਜੀਉਂਦਾ ਹੈ ਅਤੇ ਉਹ ਨੇ ਆਪ ਅਰ ਉਹ ਦੇ ਸਾਰੇ ਟੱਬਰ ਨੇ ਨਿਹਚਾ ਕੀਤੀ 54ਇਹ ਦੂਜਾ ਨਿਸ਼ਾਨ ਸੀ ਜਿਹੜਾ ਯਿਸੂ ਨੇ ਯਹੂਦਿਯਾ ਤੋਂ ਗਲੀਲ ਵਿੱਚ ਆਣ ਕੇ ਵਿਖਾਲਿਆ।।

Marker

Del

Kopier

None

Vil du ha høydepunktene lagret på alle enhetene dine? Registrer deg eller logg på