ਉਤਪਤ 16

16
ਇਸਮਾਏਲ ਦਾ ਜਨਮ
1ਸਾਰਈ ਅਬਰਾਮ ਦੀ ਪਤਨੀ ਉਹ ਦੇ ਲਈ ਪੁੱਤ੍ਰ ਨਾ ਜਣੀ। ਉਹ ਦੇ ਕੋਲ ਇੱਕ ਮਿਸਰੀ ਗੋਲੀ ਸੀ ਜਿਹਦਾ ਨਾਉਂ ਹਾਜਰਾ ਸੀ 2ਤਾਂ ਸਾਰਈ ਨੇ ਅਬਰਾਮ ਨੂੰ ਆਖਿਆ, ਵੇਖ ਯਹੋਵਾਹ ਨੇ ਮੈਨੂੰ ਜਣਨ ਤੋਂ ਠਾਕਿਆ ਹੈ। ਮੇਰੀ ਗੋੱਲੀ ਕੋਲ ਜਾਹ। ਸ਼ਾਇਤ ਮੈਂ ਉਸ ਤੋਂ ਉਲਾਦ ਵਾਲੀ ਬਣਾਈ ਜਾਵਾਂ। ਅਬਰਾਮ ਨੇ ਸਾਰਈ ਦੀ ਗੱਲ ਸੁਣੀ 3ਜਦੋਂ ਅਬਰਾਮ ਨੂੰ ਕਨਾਨ ਦੇਸ ਵਿੱਚ ਵਸਦਿਆਂ ਦਸ ਵਰ੍ਹੇ ਹੋ ਗਏ ਤਾਂ ਸਾਰਈ ਅਬਰਾਮ ਦੀ ਪਤਨੀ ਨੇ ਆਪਣੀ ਮਿਸਰੀ ਗੋੱਲੀ ਹਾਜਰਾ ਨੂੰ ਲੈਕੇ ਆਪਣੇ ਪਤੀ ਅਬਰਾਮ ਨੂੰ ਉਹ ਦੀ ਤੀਵੀਂ ਬਣਨ ਲਈ ਦਿੱਤਾ 4ਉਹ ਹਾਜਰਾ ਕੋਲ ਗਿਆ ਅਤੇ ਉਹ ਗਰਭਣੀ ਹੋਈ। ਜਾਂ ਉਸ ਨੇ ਵੇਖਿਆ ਕਿ ਮੈਂ ਗਰਭਣੀ ਹਾਂ ਤਾਂ ਉਹ ਦੀ ਬੀਬੀ ਉਹ ਦੀਆਂ ਅੱਖਾਂ ਵਿੱਚ ਤੁੱਛ ਹੋ ਗਈ 5ਤਾਂ ਸਾਰਈ ਨੇ ਅਬਰਾਮ ਨੂੰ ਆਖਿਆ, ਮੇਰੀ ਹੱਤਿਆ ਤੇਰੇ ਉੱਤੇ ਪਵੇ। ਮੈਂ ਆਪਣੀ ਗੋਲੀ ਨੂੰ ਤੇਰੀ ਹਿੱਕ ਨਾਲ ਲਾ ਦਿੱਤਾ ਅਤੇ ਜਦ ਉਸ ਨੇ ਵੇਖਿਆ ਕਿ ਉਹ ਗਰਭਣੀ ਹੋਈ ਹੈ ਤਾਂ ਮੇਰੀ ਕਦਰ ਉਹ ਦੀਆਂ ਅੱਖਾਂ ਵਿੱਚ ਘਟ ਗਈ। ਯਹੋਵਾਹ ਮੇਰਾ ਅਰ ਤੇਰਾ ਨਿਆਉਂ ਕਰੇ 6ਫੇਰ ਅਬਰਾਮ ਨੇ ਸਰਾਈ ਨੂੰ ਆਖਿਆ, ਵੇਖ ਤੇਰੀ ਗੋਲੀ ਤੇਰੇ ਵੱਸ ਵਿੱਚ ਹੈ, ਜੋ ਤੇਰੀ ਨਿਗਾਹ ਵਿੱਚ ਚੰਗਾ ਹੈ ਤੂੰ ਉਸ ਨਾਲ ਉਹੀ ਕਰ। ਉਪਰੰਤ ਸਾਰਈ ਨੇ ਉਸ ਨਾਲ ਸਖ਼ਤੀ ਕੀਤੀ ਅਤੇ ਉਹ ਉਸ ਦੇ ਕੋਲੋਂ ਭੱਜ ਗਈ 7ਪਰ ਯਹੋਵਾਹ ਦੇ ਦੂਤ ਨੇ ਉਹ ਨੂੰ ਪਾਣੀ ਦੇ ਚਸ਼ਮੇ ਕੋਲ ਉਜਾੜ ਵਿੱਚ ਲੱਭਿਆ ਅਰਥਾਤ ਸੂਰ ਵਾਲੇ ਰਾਹ ਦੇ ਕੋਲ 8ਉਸ ਨੇ ਆਖਿਆ ਕਿ ਹੇ ਹਾਜਰਾ ਸਾਰਈ ਦੀਏ ਗੋੱਲੀਏ ਤੂੰ ਕਿੱਥੋਂ ਆਈ ਹੈ ਅਤੇ ਕਿੱਧਰ ਜਾਣਾ ਹੈ? ਤਾਂ ਉਸ ਨੇ ਆਖਿਆ ਮੈਂ ਆਪਣੀ ਬੀਬੀ ਸਾਰਈ ਕੋਲੋਂ ਭੱਜ ਆਈ ਹਾਂ 9ਫੇਰ ਯਹੋਵਾਹ ਦੇ ਦੂਤ ਨੇ ਉਹ ਨੂੰ ਆਖਿਆ ਕਿ ਆਪਣੀ ਬੀਬੀ ਕੋਲ ਮੁੜ ਜਾਹ ਅਤੇ ਆਪਣੇ ਆਪ ਨੂੰ ਉਸ ਦੇ ਤਾਬੇ ਕਰ ਦੇਹ 10ਨਾਲੇ ਯਹੋਵਾਹ ਦੇ ਦੂਤ ਨੇ ਉਹ ਨੂੰ ਆਖਿਆ ਮੈਂ ਤੇਰੀ ਅੰਸ ਨੂੰ ਐੱਨਾ ਵਧਾਂਵਾਗਾ ਕਿ ਉਹ ਵਾਧੇ ਦੇ ਕਾਰਨ ਗਿਣੀ ਨਾ ਜਾਵੇਗੀ 11ਨਾਲੇ ਹੀ ਯਹੋਵਾਹ ਦੇ ਦੂਤ ਨੇ ਉਹ ਨੂੰ ਆਖਿਆ ਵੇਖ ਤੂੰ ਗਰਭਣੀ ਹੈਂ ਅਰ ਪੁੱਤ੍ਰ ਜਣੇਗੀ। ਉਹ ਦਾ ਨਾਉਂ ਇਸਮਾਏਲ ਰੱਖੀ ਕਿਉਂਜੋ ਯਹੋਵਾਹ ਨੇ ਤੇਰੇ ਦੁੱਖ ਨੂੰ ਸੁਣਿਆ ਹੈ 12ਪਰ ਉਹ ਜੰਗਲੀ ਖੋਤੇ ਜਿਹਾ ਆਦਮੀ ਹੋਵੇਗਾ। ਉਹ ਦਾ ਹੱਥ ਹਰ ਇੱਕ ਦੇ ਵਿਰੁੱਧ ਅਤੇ ਹਰ ਇੱਕ ਦਾ ਹੱਥ ਉਸ ਦੇ ਵਿਰੁੱਧ ਹੋਵੇਗਾ ਅਤੇ ਉਹ ਆਪਣੇ ਸਾਰੇ ਭਰਾਵਾਂ ਦੇ ਸਾਹਮਣੇ ਵੱਸੇਗਾ 13ਉਪਰੰਤ ਉਸ ਨੇ ਯਹੋਵਾਹ ਦਾ ਨਾਮ ਜੋ ਉਹ ਦੇ ਨਾਲ ਬੋਲਦਾ ਸੀ ਇਹ ਰੱਖਿਆ ਕਿ “ ਤੂੰ ਮੇਰਾ ਵੇਖਣਹਾਰ ਪਰਮੇਸ਼ੁਰ ਹੈਂ ” ਕਿਉਂਕਿ ਉਸ ਨੇ ਆਖਿਆ ਕੀ ਮੈਂ ਐਥੇ ਉਹ ਦੇ ਮੈਨੂੰ ਵੇਖਣ ਦੇ ਮਗਰੋਂ ਵੀ ਵੇਖਦੀ ਹਾਂ? 14ਏਸ ਲਈ ਉਹ ਉਸ ਖੂਹ ਦਾ ਨਾਉਂ ਬਏਰ-ਲਹਈ-ਰੋਈ#16:14 ਓਸ ਦਾ ਖੂਹ ਜੋ ਜੀਉਂਦਾ ਹੈ ਅਰ ਮੈਨੂੰ ਵੇਖਦਾ ਹੈ। ਆਖਦੇ ਹਨ। ਵੇਖੋ ਓਹ ਕਾਦੇਸ ਅਰ ਬਰਦ ਦੇ ਵਿਚਕਾਰ ਹੈ 15ਫੇਰ ਹਾਜਰਾ ਅਬਰਾਮ ਲਈ ਇੱਕ ਪੁੱਤ੍ਰ ਜਣੀ ਅਤੇ ਅਬਰਾਮ ਨੇ ਆਪਣੇ ਪੁੱਤ੍ਰ ਦਾ ਨਾਉਂ ਜਿਹ ਨੂੰ ਹਾਜਰਾ ਜਣੀ ਇਸਮਾਏਲ ਰੱਖਿਆ 16ਜਦ ਹਾਜਰਾ ਇਸਮਾਏਲ ਨੂੰ ਅਬਰਾਮ ਲਈ ਜਣੀ ਅਬਰਾਮ ਛਿਆਸੀਆਂ ਵਰਿਹਾਂ ਦਾ ਸੀ।।

Marker

Del

Kopier

None

Vil du ha høydepunktene lagret på alle enhetene dine? Registrer deg eller logg på