ਲੂਕਾ ਦੀ ਇੰਜੀਲ 24
24
ਯਿਸੂ ਦਾ ਪੁਨਰ ਉਥਾਨ
(ਮੱਤੀ 28:1-10; ਮਰਕੁਸ 16:1-8; ਯੂਹੰਨਾ 20:1-10)
1ਹਫਤੇ ਦੇ ਪਹਿਲੇ ਦਿਨ ਅਮ੍ਰਿਤ ਵੇਲੇ, ਜੋ ਅਤਰ ਉਨ੍ਹਾਂ ਨੇ ਤਿਆਰ ਕੀਤੇ ਸਨ ਉਹ ਲੈ ਕੇ ਔਰਤਾਂ ਕਬਰ ਤੇ ਆਈਆਂ। 2ਉਨ੍ਹਾਂ ਨੇ ਵੇਖਿਆ ਕਿ ਜਿਹੜਾ ਪੱਥਰ ਕਬਰ ਦੇ
ਪ੍ਰਵੇਸ਼ ਦੁਆਰ ਤੇ ਰੱਖਿਆ ਗਿਆ ਸੀ, ਪਾਸੇ ਰੋਢ਼ਿਆ ਹੋਇਆ ਸੀ। 3ਉਹ ਅੰਦਰ ਗਈਆਂ, ਪਰ ਉੱਥੇ ਉਨ੍ਹਾਂ ਨੂੰ ਪ੍ਰਭੂ ਯਿਸੂ ਦੀ ਦੇਹ ਨਾ ਲੱਭੀ। 4ਜਦੋਂ ਹਾਲੇ ਉਹ ਇਸ ਬਾਰੇ ਅਚੰਭਿਤ ਹੀ ਸਨ, ਦੋ ਦੂਤ ਚਮਕੀਲੇ ਕੱਪੜੇ ਪਾਏ ਹੋਏ ਆਏ ਅਤੇ ਉਨ੍ਹਾਂ ਦੇ ਕੋਲ ਖੜ੍ਹੇ ਹੋ ਗਏ। 5ਡਰ ਦੇ ਕਾਰਣ ਉਨ੍ਹਾਂ ਨੇ ਆਪਣੇ ਸਿਰ ਝੁਕਾ ਲਏ। ਉਨ੍ਹਾਂ ਦੂਤਾਂ ਨੇ ਉਨ੍ਹਾਂ ਔਰਤਾਂ ਨੂੰ ਆਖਿਆ, “ਤੁਸੀਂ ਜਿਉਂਦਿਆਂ ਹੋਇਆਂ ਨੂੰ ਮੋਇਆਂ ਵਿੱਚ ਕਿਉਂ ਲੱਭ ਰਹੀਆਂ ਹੋ? 6ਉਹ ਇੱਥੇ ਨਹੀਂ ਹੈ। ਉਹ ਮੁਰਦਿਆਂ ਵਿੱਚੋਂ ਜੀਅ ਉੱਠਿਆ ਹੈ। ਕੀ ਤੁਹਾਨੂੰ ਯਾਦ ਹੈ ਤੁਹਾਨੂੰ ਕੀ ਆਖਿਆ ਸੀ ਜਦੋਂ ਉਹ ਗਲੀਲ ਵਿੱਚ ਸੀ? 7ਉਸ ਨੇ ਆਖਿਆ ਕਿ, ਮਨੁੱਖ ਦਾ ਪੁੱਤਰ ਭ੍ਰਿਸ਼ਟ ਲੋਕਾਂ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਹੈ ਅਤੇ, ਸੂਲੀ ਤੇ ਮਰਵਾਇਆ ਜਾਵੇਗਾ ਅਤੇ ਤੀਜੇ ਦਿਨ ਫ਼ਿਰ ਜੀਅ ਉੱਠੇਗਾ।” 8ਤਦ ਉਨ੍ਹਾਂ ਔਰਤਾਂ ਨੂੰ ਯਿਸੂ ਦੇ ਕੀਤੇ ਬਚਨ ਯਾਦ ਆਏ।
9ਤਦ ਔਰਤਾਂ ਕਬਰ ਤੋਂ ਵਿਦਾ ਹੋ ਗਈਆਂ ਅਤੇ ਗਿਆਰ੍ਹਾਂ ਰਸੂਲਾਂ ਅਤੇ ਬਾਕੀ ਦੇ ਸਾਰੇ ਚੇਲਿਆਂ ਕੋਲ ਆ ਗਈਆਂ। ਉਨ੍ਹਾਂ ਨੇ ਇਨ੍ਹਾਂ ਸਭ ਗੱਲਾਂ ਬਾਰੇ ਉਨ੍ਹਾਂ ਨੂੰ ਦਸਿਆ। 10ਇਹ ਔਰਤਾਂ ਮਰਿਯਮ ਮਗਦਲੀਨੀ, ਯੋਆਨਾ ਅਤੇ ਯਾਕੂਬ ਦੀ ਮਾਂ ਅਤੇ ਕੁਝ ਹੋਰ ਔਰਤਾਂ ਸਨ। ਉਨ੍ਹਾਂ ਨੇ ਇਹ ਗੱਲਾਂ ਰਸੂਲਾਂ ਨੂੰ ਕਹੀਆਂ। 11ਪਰ ਰਸੂਲਾਂ ਨੇ ਔਰਤਾਂ ਦਾ ਵਿਸ਼ਵਾਸ ਨਹੀਂ ਕੀਤਾ, ਕਿਉਂਕਿ ਉਨ੍ਹਾਂ ਦੇ ਸ਼ਬਦ ਉਨ੍ਹਾਂ ਲਈ ਮੂਰੱਖਤਾ ਵਾਲੀਆਂ ਗੱਲਾਂ ਵਾਂਗ ਸਨ। 12ਪਰ ਪਤਰਸ ਉੱਠਿਆ ਅਤੇ ਕਬਰ ਵੱਲ ਨੂੰ ਦੌੜਿਆ, ਪਰ ਉਸ ਨੇ ਸਿਰਫ਼ ਮਲਮਲ ਦਾ ਕੱਪੜਾ ਵੇਖਿਆ ਜਿਸ ਵਿੱਚ ਯਿਸੂ ਦਾ ਸਰੀਰ ਲਪੇਟਿਆ ਹੋਇਆ ਸੀ। ਇਸ ਸਭ ਬਾਰੇ ਹੈਰਾਨੀ ਨਾਲ ਭਰਿਆ, ਉਹ ਉੱਥੋਂ ਚੱਲਾ ਗਿਆ।
ਇੰਮਊਸ ਦੀ ਸੜਕ ਤੇ
(ਮਰਕੁਸ 16:12-13)
13ਉਸੇ ਦਿਨ, ਯਿਸੂ ਦੇ ਦੋ ਚੇਲੇ ਇੰਮਊਸ ਸ਼ਹਿਰ ਨੂੰ ਜਾ ਰਹੇ ਸਨ ਜੋ ਕਿ ਯਰੂਸ਼ਲਮ ਤੋਂ ਸੱਤ ਮੀਲ ਸੀ। 14ਉਹ ਇੱਕ ਦੂਸਰੇ ਨਾਲ ਇਨ੍ਹਾਂ ਸਭ ਗੱਲਾਂ ਬਾਰੇ ਗੱਲਾਂ ਕਰ ਰਹੇ ਸਨ। 15ਜਦੋਂ ਉਹ ਇਨ੍ਹਾਂ ਗੱਲਾਂ ਬਾਰੇ ਚਰਚਾ ਕਰ ਰਹੇ ਸਨ, ਯਿਸੂ ਖੁਦ ਉਨ੍ਹਾਂ ਨਾਲ ਰਲ ਗਿਆ ਅਤੇ ਉਨ੍ਹਾਂ ਨਾਲ ਚੱਲਣ ਲੱਗ ਪਿਆ। 16ਪਰ ਉਨ੍ਹਾਂ ਦੀਆਂ ਅੱਖਾਂ ਨੇ ਉਸ ਨੂੰ ਪਛਾਨਣ ਨਹੀਂ ਦਿੱਤਾ। 17ਤਦ ਯਿਸੂ ਨੇ ਕਿਹਾ, “ਜਦੋਂ ਤੁਸੀਂ ਤੁਰ ਰਹੇ ਸੀ ਉਹ ਕੀ ਸੀ ਜਿਸ ਬਾਰੇ ਤੁਸੀਂ ਚਰਚਾ ਕਰ ਰਹੇ ਸੀ?”
ਉਹ ਦੋਨੋ ਮਨੁੱਖ ਖਲੋ ਗਏ, ਉਨ੍ਹਾਂ ਦੇ ਚਿਹਰੇ ਬੜੇ ਉਦਾਸ ਨਜ਼ਰ ਆ ਰਹੇ ਸਨ। 18ਉਨ੍ਹਾਂ ਵਿੱਚੋਂ ਇੱਕ ਜਿਸਦਾ ਨਾਂ ਕਲਿਉਪਸ ਸੀ, ਨੇ ਕਿਹਾ, “ਯਰੂਸ਼ਲਮ ਸ਼ਹਿਰ ਵਿੱਚ ਤੂੰ ਹੀ ਇੱਕ ਅਜਿਹਾ ਮਨੁੱਖ ਹੋਵੇਂਗਾ ਜਿਸ ਨੂੰ ਇਹ ਨਹੀਂ ਪਤਾ ਕਿ ਉੱਥੇ ਪਿੱਛਲੇ ਕੁਝ ਦਿਨੀ ਕੀ ਵਾਪਰਿਆ ਸੀ।”
19ਯਿਸੂ ਨੇ ਉਨ੍ਹਾਂ ਨੂੰ ਪੁੱਛਿਆ, “ਤੁਸੀਂ ਕਿਸ ਬਾਰੇ ਗੱਲ ਕਰ ਰਹੇ ਹੋ?”
ਉਨ੍ਹਾਂ ਨੇ ਉਸ ਨੂੰ ਕਿਹਾ, “ਇਹ ਨਾਸਰਤ ਦੇ ਯਿਸੂ ਬਾਰੇ ਹੈ। ਉਹ ਪਰਮੇਸ਼ੁਰ ਅਤੇ ਲੋਕਾਂ ਲਈ ਇੱਕ ਮਹਾਨ ਨਬੀ ਸੀ। ਇਹ ਉਸ ਨੇ ਸ਼ਕਤੀਸ਼ਾਲੀ ਬਚਨਾਂ ਅਤੇ ਕਰਨੀਆ ਦੁਆਰਾ ਸਾਬਤ ਕਰ ਦਿੱਤਾ। 20ਪਰ ਸਾਡੇ ਪ੍ਰਧਾਨ ਜਾਜਕਾਂ ਨੇ ਉਸ ਨੂੰ ਸਜ਼ਾ ਦੇਣ ਲਈ ਮੌਤ ਦੇ ਹਵਾਲੇ ਕਰ ਦਿੱਤਾ। ਅਤੇ ਉਨ੍ਹਾਂ ਨੇ ਉਸ ਨੂੰ ਸਲੀਬ ਉੱਪਰ ਠੋਕ ਦਿੱਤਾ। 21ਪਰ ਸਾਨੂੰ ਆਸ ਸੀ ਕਿ ਉਹੀ ਸੀ ਜੋ ਇਸਰਾਏਲ ਨੂੰ ਛੁਟਕਾਰਾ ਦੇ ਦਿੰਦਾ। ਪਰ ਉਸੇ ਦੌਰਾਨ ਇਹ ਸਭ ਵਾਪਰ ਗਿਆ।
“ਯਿਸੂ ਨੂੰ ਮਰਿਆਂ ਤਿੰਨ ਦਿਨ ਹੋ ਗਏ ਹਨ। 22ਪਰ ਸਾਡੀਆਂ ਕੁਝ ਔਰਤਾਂ ਨੇ ਸਾਨੂੰ ਕੁਝ ਹੈਰਾਨੀਜਨਕ ਖਬਰ ਦਿੱਤੀ। 23ਅੱਜ ਸਵੇਰ ਵੇਲੇ ਇਹ ਔਰਤਾਂ ਯਿਸੂ ਦੀ ਕਬਰ ਵੱਲ ਗਈਆਂ। ਪਰ ਉਸਦਾ ਸਰੀਰ ਉਸ ਵਿੱਚ ਨਾ ਲੱਭਿਆ। ਉਹ ਆਈਆਂ ਅਤੇ ਸਾਨੂੰ ਕਿਹਾ ਕਿ ਉਨ੍ਹਾਂ ਨੇ ਇੱਕ ਦਰਸ਼ਨ ਵੇਖਿਆ ਹੈ ਅਤੇ ਦਰਸ਼ਨ ਵਿੱਚ ਦੂਤਾਂ ਨੇ ਉਨ੍ਹਾਂ ਨੂੰ ਕਿਹਾ ਕਿ ਯਿਸੂ ਜਿਉਂਦਾ ਹੈ। 24ਸਾਡੇ ਸਮੂਹ ਦੇ ਕੁਝ ਲੋਕ ਵੀ ਕਬਰ ਵੇਖਣ ਲਈ ਗਏ, ਅਤੇ ਉਨ੍ਹਾਂ ਨੇ ਵੀ ਉਹੀ ਕੁਝ ਵੇਖਿਆ ਜੋ ਔਰਤਾਂ ਨੇ ਆਖਿਆ ਸੀ। ਉਨ੍ਹਾਂ ਨੇ ਕਬਰ ਵੇਖੀ ਪਰ ਉੱਥੇ ਯਿਸੂ ਨਾ ਲੱਭਿਆ।”
25ਤਦ ਯਿਸੂ ਨੇ ਉਨ੍ਹਾਂ ਮਨੁੱਖਾਂ ਨੂੰ ਕਿਹਾ, “ਤੁਸੀਂ ਮੂਰਖ ਹੋ ਅਤੇ ਸਮਝਣ ਵਿੱਚ ਢਿੱਲੇ ਹੋ। ਜੋ ਕੁਝ ਨਬੀਆਂ ਨੇ ਆਖਿਆ ਹੈ ਤੁਹਾਨੂੰ ਉਸ ਸਭ ਕਾਸੇ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ। 26ਉਨ੍ਹਾਂ ਨੇ ਆਖਿਆ, ਕਿ ਮਸੀਹ ਨੂੰ ਆਪਣੀ ਮਹਿਮਾ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਇਨ੍ਹਾਂ ਸਭ ਕਸ਼ਟਾਂ ਵਿੱਚੋਂ ਲੰਘਣਾ ਜ਼ਰੂਰੀ ਸੀ।” 27ਫ਼ਿਰ ਯਿਸੂ ਨੇ ਮੁੱਢੋਂ ਮੂਸਾ ਅਤੇ ਹੋਰ ਸਭਨਾਂ ਨਬੀਆਂ ਤੋਂ, ਜੋ ਕੁਝ ਵੀ ਪੋਥੀਆਂ ਵਿੱਚ ਉਸ ਬਾਰੇ ਲਿਖਿਆ ਸੀ, ਵਰਨਣ ਕਰਨਾ ਸ਼ੁਰੂ ਕਰ ਦਿੱਤਾ।
28ਜਦੋਂ ਉਹ ਇੰਮਊਸ ਸ਼ਹਿਰ ਦੇ ਨੇੜੇ ਪਹੁੰਚੇ ਤਾਂ ਉਸ ਨੇ ਉੱਥੇ ਨਾ ਰੁਕਦੇ ਹੋਏ ਅੱਗੇ ਨੂੰ ਜਾਣ ਦਾ ਇਸ਼ਾਰਾ ਕੀਤਾ। 29ਪਰ ਉਨ੍ਹਾਂ ਨੇ ਜੋਰ ਪੂਰਵਕ ਉਸ ਨੂੰ ਬੇਨਤੀ ਕੀਤੀ, “ਸਾਡੇ ਨਾਲ ਠਹਿਰ ਜਾ, ਕਾਫ਼ੀ ਸਮਾਂ ਹੋ ਗਿਆ ਹੈ, ਲੱਗਭੱਗ ਰਾਤ ਹੋ ਗਈ ਹੈ।” ਤਾਂ ਉਹ ਉਨ੍ਹਾਂ ਨਾਲ ਠਹਿਰਨ ਲਈ ਅੰਦਰ ਚੱਲਿਆ ਗਿਆ।
30ਤਦ ਯਿਸੂ ਉਨ੍ਹਾਂ ਨਾਲ ਰੋਟੀ ਖਾਣ ਲਈ ਬੈਠ ਗਿਆ ਅਤੇ ਉਸ ਨੇ ਰੋਟੀ ਹੱਥ ਵਿੱਚ ਫ਼ੜਕੇ ਧੰਨਵਾਦ ਕੀਤਾ। ਫ਼ੇਰ ਉਸ ਨੇ ਰੋਟੀ ਤੋੜੀ ਅਤੇ ਉਨ੍ਹਾਂ ਨੂੰ ਦੇ ਦਿੱਤੀ। 31ਉਸ ਵਕਤ ਉਨ੍ਹਾਂ ਮਨੁੱਖਾਂ ਦੀਆਂ ਅੱਖਾਂ ਖੁਲ੍ਹੀਆਂ ਅਤੇ ਉਨ੍ਹਾਂ ਨੇ ਯਿਸੂ ਨੂੰ ਪਛਾਣ ਲਿਆ। ਪਰ ਜਦੋਂ ਉਹ ਉਸ ਨੂੰ ਵੇਖਣ ਲੱਗੇ ਤਾਂ ਉਹ ਅਲੋਪ ਹੋ ਗਿਆ। 32ਜਦੋਂ ਰਾਹ ਵਿੱਚ ਯਿਸੂ ਸਾਡੇ ਨਾਲ ਗੱਲ ਕਰ ਰਿਹਾ ਸੀ ਅਤੇ ਸਾਨੂੰ ਪੋਥੀਆਂ ਦੇ ਸੱਚੇ ਅਰੱਥਾਂ ਦੀ ਵਿਆਖਿਆ ਕਰ ਰਿਹਾ ਸੀ ਤਾਂ ਇਹ ਸਾਡੇ ਦਿਲਾਂ ਅੰਦਰ ਅੱਗ ਮੱਚਣ ਵਾਂਗ ਸੀ।
33ਉਹ ਤੁਰੰਤ ਹੀ ਉੱਠੇ ਅਤੇ ਯਰੂਸ਼ਲਮ ਨੂੰ ਮੁੜੇ। ਉੱਥੇ ਉਨ੍ਹਾਂ ਨੇ ਗਿਆਰਾਂ ਰਸੂਲਾਂ ਅਤੇ ਬਾਕੀ ਚੇਲਿਆਂ ਨੂੰ ਇਕੱਠੇ ਹੋਏ ਦੇਖਿਆ। 34ਉਹ ਕਹਿ ਰਹੇ ਸਨ, “ਪ੍ਰਭੂ ਯਿਸੂ ਸੱਚਮੁੱਚ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ। ਉਹ ਸ਼ਮਊਨ ਪਤਰਸ ਨੂੰ ਵਿਖਾਈ ਵੀ ਦਿੱਤਾ ਹੈ।”
35ਤਦ ਉਨ੍ਹਾਂ ਦੋਹਾਂ ਮਨੁੱਖਾਂ ਨੇ, ਰਸਤੇ ਵਿੱਚ ਜੋ ਘਟਨਾ ਵਾਪਰੀ ਸੀ ਉਨ੍ਹਾਂ ਨੂੰ ਉਸਦਾ ਹਾਲ ਸੁਣਾਇਆ। ਉਹਨਾਂ ਨੇ ਇਹ ਵੀ ਜਾਕੇ ਦੱਸਿਆ ਕਿ ਉਨ੍ਹਾਂ ਨੂੰ ਯਿਸੂ ਦੀ ਪਛਾਣ ਤਦ ਆਈ ਜਦੋਂ ਉਹ ਰੋਟੀ ਤੋੜ ਰਿਹਾ ਸੀ।
ਯਿਸੂ ਦਾ ਆਪਣੇ ਚੇਲਿਆਂ ਅੱਗੇ ਪ੍ਰਗਟ ਹੋਣਾ
(ਮੱਤੀ 28:16-20; ਮਰਕੁਸ 16:14-18; ਯੂਹੰਨਾ 20:19-23; ਰਸੂਲਾਂ ਦੇ ਕਰਤੱਬ 1:6-8)
36ਜਦੋਂ ਉਹ ਦੋ ਆਦਮੀ ਇਹ ਗੱਲਾਂ ਦੂਜਿਆਂ ਨੂੰ ਸੁਣਾ ਰਹੇ ਸਨ ਤਾਂ ਯਿਸੂ ਆਇਆ ਅਤੇ ਸਮੂਹ ਵਿੱਚ ਖੜ੍ਹਾ ਹੋ ਗਿਆ ਅਤੇ ਉਨ੍ਹਾਂ ਨੂੰ ਆਖਣ ਲੱਗਾ, “ਤੁਹਾਨੂੰ ਸ਼ਾਂਤੀ ਮਿਲੇ।”
37ਪਰ ਸਭ ਚੇਲੇ ਵਿਆਕੁਲ ਹੋਕੇ ਡਰ ਗਏ। ਉਹ ਇਹ ਸਮਝੇ ਕਿ ਉਹ ਕਿਸੇ ਭੂਤ ਨੂੰ ਵੇਖ ਰਹੇ ਹਨ। 38ਪਰ ਯਿਸੂ ਨੇ ਕਿਹਾ, “ਤੁਸੀਂ ਜੋ ਵੇਖ ਰਹੇ ਹੋ ਉਸਤੇ ਸ਼ੰਕਾ ਕਿਉਂ ਕਰ ਰਹੇ ਹੋ? 39ਵੇਖੋ! ਮੇਰੇ ਹੱਥਾਂ ਅਤੇ ਮੇਰੇ ਪੈਰਾਂ ਵੱਲ ਵੇਖੋ। ਇਹ ਮੈਂ ਹੀ ਹਾਂ, ਮੈਨੂੰ ਛੁਹਕੇ ਵੇਖੋ। ਮੈਂ ਜਿਉਂਦਾ-ਜਾਗਦਾ ਹਾਂ। ਭੂਤ ਦਾ ਸਰੀਰ ਇਵੇਂ ਦਾ ਤਾਂ ਨਹੀਂ ਹੁੰਦਾ।”
40ਜਦੋਂ ਯਿਸੂ ਨੇ ਉਨ੍ਹਾਂ ਨੂੰ ਇਹ ਕੁਝ ਆਖਿਆ, ਉਸ ਨੇ ਇਸਦੇ ਨਾਲ ਆਪਣੇ ਹੱਥ ਅਤੇ ਪੈਰ ਵਿਖਾਏ। 41ਚੇਲੇ ਹੈਰਾਨ ਸਨ ਅਤੇ ਯਿਸੂ ਨੂੰ ਜਿਉਂਦਾ ਵੇਖਕੇ ਅਨੰਦ ਨਾਲ ਭਰ ਗਏ। ਪਰ ਅਜੇ ਵੀ ਉਹ ਵਿਸ਼ਵਾਸ ਨਾ ਕਰ ਸੱਕੇ। ਫ਼ਿਰ ਯਿਸੂ ਨੇ ਉਨ੍ਹਾਂ ਨੂੰ ਪੁੱਛਿਆ, “ਕੀ ਇੱਥੇ ਤੁਹਾਡੇ ਕੋਲ ਖਾਣ ਲਈ ਕੁਝ ਭੋਜਨ ਹੈ?” 42ਉਨ੍ਹਾਂ ਨੇ ਉਸ ਨੂੰ ਭੁੱਜੀ ਮੱਛੀ ਦਾ ਟੁਕੜਾ ਦਿੱਤਾ। 43ਯਿਸੂ ਨੇ ਉਨ੍ਹਾਂ ਕੋਲੋਂ ਲੈ ਕੇ ਉਨ੍ਹਾਂ ਦੇ ਸਾਹਮਣੇ ਉਹ ਖਾ ਲਿਆ।
44ਯਿਸੂ ਨੇ ਉਨ੍ਹਾਂ ਨੂੰ ਕਿਹਾ, “ਯਾਦ ਕਰੋ ਜਦੋਂ ਪਹਿਲਾਂ ਮੈਂ ਤੁਹਾਡੇ ਨਾਲ ਸੀ, ਮੈਂ ਤੁਹਾਨੂੰ ਕੀ ਕਿਹਾ ਸੀ ਕਿ ਮੇਰੇ ਬਾਰੇ ਜੋ ਕੁਝ ਵੀ ਮੂਸਾ ਦੀ ਸ਼ਰ੍ਹਾ ਵਿੱਚ, ਨਬੀਆਂ ਦੀਆਂ ਪੁਸਤਕਾਂ ਵਿੱਚ ਅਤੇ ਜ਼ਬੂਰਾਂ ਦੀਆਂ ਪੋਥੀਆਂ ਵਿੱਚ ਲਿਖਿਆ ਗਿਆ ਹੈ, ਸੰਪੂਰਣ ਹੋਣਾ ਚਾਹੀਦਾ ਹੈ।”
45ਫਿਰ ਯਿਸੂ ਨੇ ਉਨ੍ਹਾਂ ਦੇ ਮਨ ਖੋਲ੍ਹ ਦਿੱਤੇ ਤਾਂ ਜੋ ਉਹ ਪੋਥੀਆਂ ਨੂੰ ਸਮਝ ਸੱਕਣ। 46ਫਿਰ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਇਹੀ ਹੈ ਜੋ ਲਿਖਿਆ ਗਿਆ ਹੈ: ਮਸੀਹ ਜ਼ਰੂਰ ਮਰੇਗਾ ਅਤੇ ਫੇਰ ਮੌਤ ਤੋਂ ਤੀਜੇ ਦਿਨ ਜੀਅ ਉੱਠੇਗਾ। 47-48ਜੋ ਕੁਝ ਵਾਪਰਿਆ ਹੈ ਤੁਸੀਂ ਉਸ ਦੇ ਗਵਾਹ ਹੋ। ਹੁਣ ਤੁਹਾਨੂੰ ਜਾਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਦੱਸੋ ਕਿ ਉਹਨਾਂ ਨੂੰ ਆਪਣੇ ਪਾਪਾਂ ਲਈ ਦੁੱਖੀ ਹੋਣਾ ਹੀ ਚਾਹੀਦਾ ਹੈ। ਅਤੇ ਆਪਣੇ ਦਿਲ ਬਦਲ ਲੈਣੇ ਚਾਹੀਦੇ ਹਨ, ਤਾਂ ਹੀ ਪਰਮੇਸ਼ੁਰ ਉਨ੍ਹਾਂ ਦੇ ਪਾਪ ਮਾਫ਼ ਕਰੇਗਾ। ਤੂਹਾਨੂੰ ਇਹ ਸੰਦੇਸ਼ ਮੇਰੇ ਨਾਮ ਤੇ ਯਰੂਸ਼ਲਮ ਤੋਂ ਲੈ ਕੇ ਧਰਤੀ ਦੀਆਂ ਸਾਰੀਆਂ ਕੌਮਾਂ ਵਿੱਚ ਪਰਚਾਰ ਕਰਨਾ ਚਾਹੀਦਾ ਹੈ। 49ਸੁਣੋ! ਜੋ ਮੇਰੇ ਪਿਤਾ ਨੇ ਤੁਹਾਡੇ ਨਾਲ ਵਾਦਾ ਕੀਤਾ ਹੈ ਕਿ ਮੈਂ ਤੁਹਾਨੂੰ ਭੇਜਾਂਗਾ। ਪਰ ਜਦ ਤੱਕ ਤੁਸੀਂ ਸਵਰਗ ਤੋਂ ਸ਼ਕਤੀ ਪ੍ਰਾਪਤ ਨਾ ਕਰ ਲਵੋਂ ਓਨਾ ਚਿਰ ਤੁਹਾਨੂੰ ਯਰੂਸ਼ਲਮ ਵਿੱਚ ਰਹਿਣਾ ਪਵੇਗਾ।”
ਯਿਸੂ ਦਾ ਸੁਰਗ ਨੂੰ ਪਰਤਨਾ
(ਮਰਕੁਸ 16:19-20; ਰਸੂਲਾਂ ਦੇ ਕਰਤੱਬ 1:9-11)
50ਯਦ ਯਿਸੂ ਆਪਣੇ ਚੇਲਿਆਂ ਨੂੰ ਯਰੂਸ਼ਲਮ ਤੋਂ ਬਾਹਰ ਬੈਤਅਨੀਆ ਦੇ ਸਾਹਮਣੇ ਲੈ ਗਿਆ। ਉਸ ਨੇ ਆਪਣੇ ਹੱਥ ਉਤਾਂਹ ਨੂੰ ਚੁੱਕੇ ਅਤੇ ਆਪਣੇ ਚੇਲਿਆਂ ਨੂੰ ਅਸੀਸ ਦਿੱਤੀ। 51ਜਦੋਂ ਯਿਸੂ ਉਨ੍ਹਾਂ ਨੂੰ ਅਸੀਸ ਦੇ ਰਿਹਾ ਸੀ ਤਾਂ ਉਸ ਨੂੰ ਉਨ੍ਹਾਂ ਤੋਂ ਅਲੱਗ ਕੀਤਾ ਗਿਆ ਅਤੇ ਸੁਰਗ ਵੱਲ ਲਿਜਾਇਆ ਗਿਆ। 52ਉਸ ਦੇ ਚੇਲੇ ਉੱਥੇ ਉਸਦੀ ਉਪਾਸਨਾ ਕਰਦੇ ਰਹੇ ਅਤੇ ਉਸਤੋਂ ਬਾਦ ਉਹ ਸ਼ਹਿਰ ਵੱਲ ਨੂੰ ਮੁੜ ਆਏ। ਉਹ ਬਹੁਤ ਖੁਸ਼ ਸਨ। 53ਉਹ ਸਾਰੇ ਪਰਮੇਸ਼ੁਰ ਦੀ ਉਸਤਤਿ ਕਰਦੇ, ਮੰਦਰ ਵਿੱਚ ਰਹੇ।
Nu geselecteerd:
ਲੂਕਾ ਦੀ ਇੰਜੀਲ 24: PERV
Markering
Deel
Kopiëren
Wil je jouw markerkingen op al je apparaten opslaan? Meld je aan of log in
Punjabi Holy Bible: Easy-to-Read Version
All rights reserved.
© 2002 Bible League International