ਲੂਕਾ ਦੀ ਇੰਜੀਲ 22
22
ਯਹੂਦੀ ਆਗੂ ਯਿਸੂ ਨੂੰ ਮਾਰਨਾ ਚਾਹੁੰਦੇ ਹਨ
(ਮੱਤੀ 26:1-5, 14-16; ਮਰਕੁਸ 14:1-2, 10-11; ਯੂਹੰਨਾ 11:45-53)
1ਪਤੀਰੀ ਰੋਟੀ ਦੇ ਤਿਉਹਾਰ ਦਾ ਸਮਾਂ, ਜਿਸ ਨੂੰ ਪਸਾਹ ਕਹਿੰਦੇ ਹਨ ਨੇੜੇ ਆ ਪਹੁੰਚਿਆ। 2ਪ੍ਰਧਾਨ ਜਾਜਕ ਅਤੇ ਨੇਮ ਦੇ ਉਪਦੇਸ਼ਕ ਯਿਸੂ ਨੂੰ ਮਾਰਨ ਦਾ ਰਾਹ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਹ ਲੋਕਾਂ ਤੋਂ ਡਰਦੇ ਸਨ।
ਯਹੂਦਾ ਯਿਸੂ ਨੂੰ ਮਾਰਨ ਦੀ ਵਿਉਂਤ ਬਣਾਉਂਦਾ ਹੈ
(ਮੱਤੀ 26:14-16; ਮਰਕੁਸ 14:10-11)
3ਯਿਸੂ ਦੇ ਬਾਰ੍ਹਾਂ ਰਸੂਲਾਂ ਵਿੱਚੋਂ ਇੱਕ ਦਾ ਨਾਂ ਯਹੂਦਾ ਇਸੱਕਰਿਯੋਤੀ ਸੀ। ਸ਼ੈਤਾਨ ਉਸ ਵਿੱਚ ਪ੍ਰਵੇਸ਼ ਕਰ ਗਿਆ। 4ਯਹੂਦਾ ਨੇ ਜਾਕੇ ਪ੍ਰਧਾਨ ਜਾਜਕਾਂ ਅਤੇ ਸਿਪਾਹੀਆਂ ਨਾਲ, ਜਿਹੜੇ ਮੰਦਰ ਦੀ ਨਿਗਰਾਨੀ ਕਰਦੇ ਸਨ, ਇਸ ਬਾਰੇ ਵਿੱਚਾਰ ਕੀਤਾ ਕਿ ਉਹ ਕਿਵੇਂ ਯਿਸੂ ਨੂੰ ਉਨ੍ਹਾਂ ਦੇ ਹੱਥ ਫ਼ੜਵਾ ਸੱਕੇਗਾ। 5ਉਹ ਬਹੁਤ ਪ੍ਰਸੰਨ ਸਨ ਅਤੇ ਉਨ੍ਹਾਂ ਨੇ ਉਸ ਨਾਲ ਵਾਇਦਾ ਕੀਤਾ ਕਿ ਇਸ ਕਾਰਜ ਲਈ ਉਹ ਉਸ ਨੂੰ ਪੈਸੇ ਦੇਣਗੇ। 6ਯਹੂਦਾ ਇਸ ਕੰਮ ਲਈ ਰਾਜੀ ਹੋ ਗਿਆ ਅਤੇ ਉਹ ਮੌਕੇ ਦੀ ਤਲਾਸ਼ ਵਿੱਚ ਰਹਿਣ ਲੱਗਾ। ਯਹੂਦਾ ਯਿਸੂ ਨੂੰ ਉਨ੍ਹਾਂ ਦੇ ਹਵਾਲੇ ਉਦੋਂ ਕਰਨਾ ਚਾਹੁੰਦਾ ਸੀ ਜਦੋਂ ਆਲੇ-ਦੁਆਲੇ ਭੀੜ ਨਾ ਹੋਵੇ।
ਪਤੀਰੀ ਰੋਟੀ ਦੀ ਤਿਆਰੀ
(ਮੱਤੀ 26:17-25; ਮਰਕੁਸ 14:12-21; ਯੂਹੰਨਾ 13:21-30)
7ਪਤੀਰੀ ਰੋਟੀ ਦੇ ਦਿਨ ਦਾ ਤਿਉਹਾਰ ਆਇਆ। ਇਹ ਉਹ ਦਿਨ ਸੀ ਜਿਸ ਦਿਨ ਪਸਾਹ ਦੇ ਲਈ ਉਹ ਲੇਲੇ ਦਾ ਬਲੀਦਾਨ ਕਰਦੇ ਸਨ। 8ਫਿਰ ਯਿਸੂ ਨੇ ਯੂਹੰਨਾ ਅਤੇ ਪਤਰਸ ਨੂੰ ਆਖਿਆ, “ਜਾਓ ਅਤੇ ਸਾਡੇ ਲਈ ਪਸਾਹ ਦਾ ਭੋਜਨ ਤਿਆਰ ਕਰੋ।”
9ਪਤਰਸ ਅਤੇ ਯੂਹੰਨਾ ਨੇ ਯਿਸੂ ਨੂੰ ਕਿਹਾ, “ਤੂੰ ਕਿਹੜੀ ਥਾਂ ਚਾਹੁੰਦਾ ਹੈਂ ਜਿੱਥੇ ਅਸੀਂ ਭੋਜਨ ਤਿਆਰ ਕਰੀਏ?”
ਉਸ ਨੇ ਉਨ੍ਹਾਂ ਨੂੰ ਆਖਿਆ, 10“ਜਦੋਂ ਤੁਸੀਂ ਸ਼ਹਿਰ ਵਿੱਚ ਵੜੋਂਗੇ, ਤੁਸੀਂ ਇੱਕ ਆਦਮੀ ਨੂੰ ਪਾਣੀ ਦਾ ਘੜਾ ਚੁੱਕੀ ਜਾਂਦਿਆਂ ਵੇਖੋਂਗੇ। ਉਸ ਦੇ ਪਿੱਛੇ ਹੋ ਤੁਰਨਾ। ਉਹ ਇੱਕ ਘਰ ਵਿੱਚ ਵੜੇਗਾ, ਤਸੀਂ ਵੀ ਉਸ ਦੇ ਪਿੱਛੇ ਉੱਥੇ ਚੱਲੇ ਜਾਣਾ। 11ਘਰ ਦੇ ਮਾਲਕ ਨੂੰ ਆਖਣਾ ਕਿ, ‘ਗੁਰੂ ਪੁੱਛਦਾ ਹੈ ਉਹ ਕਮਰਾ ਕਿੱਥੇ ਹੈ ਜਿੱਥੇ ਉਹ ਤੇ ਉਸ ਦੇ ਚੇਲੇ ਪਸਾਹ ਦਾ ਭੋਜਨ ਖਾਣਗੇ?’ 12ਫਿਰ ਮਾਲਕ ਤੁਹਾਨੂੰ ਘਰ ਦੇ ਚੁਬਾਰੇ ਤੇ ਇੱਕ ਵੱਡਾ ਕਮਰਾ ਵਿਖਾਵੇਗਾ। ਇਹ ਕਮਰਾ ਇਸਤੇਮਾਲ ਲਈ ਵੱਧੀਆ ਸੱਜਿਆ ਹੋਇਆ ਹੋਵੇਗਾ, ਤੁਸੀਂ ਉੱਥੇ ਪਸਾਹ ਦਾ ਭੋਜਨ ਤਿਆਰ ਕਰੋ।”
13ਪਤਰਸ ਅਤੇ ਯੂਹੰਨਾ ਗਏ, ਅਤੇ ਸਭ ਕੁਝ ਉਵੇਂ ਹੀ ਵਾਪਰਿਆ ਜਿਵੇਂ ਯਿਸੂ ਨੇ ਉਨ੍ਹਾਂ ਨੂੰ ਕਿਹਾ ਸੀ। ਤਾਂ ਉਨ੍ਹਾਂ ਨੇ ਪਸਾਹ ਦਾ ਭੋਜਨ ਤਿਆਰ ਕੀਤਾ।
ਪ੍ਰਭੂ ਦਾ ਰਾਤ ਦਾ ਭੋਜਨ
(ਮੱਤੀ 26:26-30; ਮਰਕੁਸ 14:22-26; 1 ਕੁਰਿੰਥੀਆਂ ਨੂੰ 11:23-25)
14ਪਸਾਹ ਦਾ ਭੋਜਨ ਖਾਣ ਦਾ ਸਮਾਂ ਆਇਆ। ਯਿਸੂ ਅਤੇ ਰਸੂਲ ਇਕੱਠੇ ਭੋਜਨ ਕਰਨ ਲਈ ਬੈਠ ਗਏ। 15ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮਰਨ ਤੋਂ ਪਹਿਲਾਂ ਮੈਂ ਉਤਸੁਕਤਾ ਨਾਲ ਇਹ ਪਸਾਹ ਦਾ ਭੋਜਨ ਤੁਹਾਡੇ ਨਾਲ ਕਰਨਾ ਚਾਹੁੰਦਾ ਸਾਂ। 16ਮੈਂ ਇਹ ਪਸਾਹ ਦਾ ਭੋਜਨ ਤਦ ਤੱਕ ਨਹੀਂ ਕਰਾਂਗਾ ਜਦੋਂ ਤੀਕ ਇਹ ਪਰਮੇਸ਼ੁਰ ਦੇ ਰਾਜ ਵਿੱਚ ਸਹੀ ਅਰੱਥਾਂ ਵਿੱਚ ਸੰਪੂਰਨ ਨਾ ਹੋਵੇ।”
17ਉਸ ਤੋਂ ਬਾਦ, ਉਸ ਨੇ ਪਿਆਲਾ ਲਿਆ ਅਤੇ ਇਸ ਵਾਸਤੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਆਖਿਆ, “ਇਸ ਪਿਆਲੇ ਨੂੰ ਫੜੋ ਅਤੇ ਆਪਸ ਵਿੱਚ ਵੰਡ ਲਵੋ। 18ਮੈਂ ਤੁਹਾਨੂੰ ਦੱਸਦਾ ਕਿ ਮੈਂ ਇਹ ਦਾਖਰਸ ਓਨਾ ਚਿਰ ਫਿਰ ਕਦੀ ਵੀ ਨਹੀਂ ਪੀਵਾਂਗਾ ਜਿੰਨਾ ਚਿਰ ਫਿਰ ਪਰਮੇਸ਼ੁਰ ਦਾ ਰਾਜ ਨਹੀਂ ਆਉਂਦਾ।”
19ਫਿਰ ਯਿਸੂ ਨੇ ਰੋਟੀ ਲਈ ਅਤੇ ਪਰਮੇਸ਼ੁਰ ਦਾ ਧੰਨਵਾਦ ਕਰਕੇ ਤੋੜੀ ਅਤੇ ਇਹ ਕਹਿ ਕੇ ਰਸੂਲਾਂ ਨੂੰ ਦਿੱਤੀ, “ਇਹ ਰੋਟੀ ਮੇਰਾ ਸਰੀਰ ਹੈ ਜੋ ਮੈਂ ਤੁਹਾਡੇ ਲਈ ਦੇ ਰਿਹਾ ਹਾਂ, ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।” 20ਇਸ ਢੰਗ ਨਾਲ ਹੀ, ਰਾਤ ਦੇ ਭੋਜਨ ਤੋਂ ਬਾਦ, ਯਿਸੂ ਨੇ ਦਾਖਰਸ ਦਾ ਪਿਆਲਾ ਲਿਆ ਅਤੇ ਆਖਿਆ, “ਇਹ ਪਿਆਲਾ ਪਰਮੇਸ਼ੁਰ ਵੱਲੋਂ ਆਪਣੇ ਲੋਕਾਂ ਲਈ ਨਵਾਂ ਕਰਾਰ ਵਿਖਾਉਂਦਾ ਹੈ। ਇਹ ਮੇਰੇ ਲਹੂ ਦਾ ਨਵਾਂ ਕਰਾਰ ਹੈ ਜੋ ਮੈਂ ਤੁਹਾਡੀ ਖਾਤਿਰ ਵਹਾਉਣਾ ਹੈ।”#22:20 ਕੁਝ ਯੂਨਾਨੀ ਨਕਲਾਂ ਵਿੱਚ ਤੁਕ 19 ਦੇ ਆਖਰੀ ਹਿੱਸੇ ਵਿੱਚਲੇ ਯਿਸੂ ਦੇ ਸ਼ਬਦ ਨਹੀਂ ਹਨ ਅਤੇ ਤੁਕ 20 ਸਾਰੀ ਦੀ ਸਾਰੀ ਨਹੀਂ ਹੈ।
ਯਿਸੂ ਦਾ ਵੈਰੀ ਕੌਣ ਬਣੇਗਾ
21ਯਿਸੂ ਨੇ ਆਖਿਆ, “ਪਰ ਤੁਹਾਡੇ ਵਿੱਚੋਂ ਇੱਕ ਜਣਾ ਮੈਨੂੰ ਧੋਖਾ ਦੇਵੇਗਾ। ਉਸਦਾ ਹੱਥ ਮੇਰੇ ਨਾਲ ਮੇਜ ਉੱਤੇ ਹੀ ਹੈ। 22ਮਨੁੱਖ ਦਾ ਪੁੱਤਰ ਉਵੇਂ ਹੀ ਮਰੇਗਾ ਜਿਵੇਂ ਉਸ ਬਾਰੇ ਆਖਿਆ ਗਿਆ ਹੈ, ਪਰ ਇਹ ਉਸ ਵਿਅਕਤੀ ਲਈ ਭਿਆਨਕ ਹੋਵੇਗਾ ਜੋ ਉਸ ਨੂੰ ਧੋਖਾ ਦੇਵੇਗਾ।”
23ਤਾਂ ਰਸੂਲ ਆਪਸ ਵਿੱਚ ਇਹ ਪੁੱਛਣ ਲੱਗੇ ਕਿ ਸਾਡੇ ਵਿੱਚੋਂ ਕਿਹੜਾ ਅਜਿਹਾ ਕਰੇਗਾ?
ਸੇਵਕ ਵਾਂਗ ਰਹੋ
24ਉਸਤੋਂ ਬਾਦ ਰਸੂਲਾਂ ਨੇ ਆਪਸ ਵਿੱਚ ਇਹ ਆਖਦਿਆਂ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਕਿ ਉਨ੍ਹਾਂ ਵਿੱਚੋਂ ਕੌਣ ਮਹਾਨ ਹੈ? 25ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਦੁਨੀਆਂ ਦੇ ਰਾਜੇ ਪ੍ਰਭੂਆਂ ਵਾਂਗ ਆਪਣੇ ਲੋਕਾਂ ਤੇ ਸ਼ਾਸਨ ਕਰਦੇ ਹਨ। ਜਿਨ੍ਹਾਂ ਕੋਲ ਦੂਸਰਿਆਂ ਉੱਪਰ ਇਖਤਿਆਰ ਹੈ ਉਹ ‘ਆਪਣੇ-ਆਪ ਨੂੰ ਲੋਕਾਂ ਦੇ ਮਦਦਗਾਰ ਕਹਾਉਂਦੇ ਹਨ।’ 26ਪਰ ਤੁਹਾਨੂੰ ਇਸ ਤਰ੍ਹਾਂ ਦੇ ਨਹੀਂ ਹੋਣਾ ਚਾਹੀਦਾ। ਇਸਦੀ ਜਗ੍ਹਾ ਤੁਹਾਡੇ ਵਿੱਚੋਂ ਮਹਾਨ ਆਦਮੀ ਨੂੰ ਸਭ ਤੋਂ ਛੋਟੇ ਵਰਗਾ ਬਣ ਜਾਣਾ ਚਾਹੀਦਾ ਹੈ। ਆਗੂਆਂ ਨੂੰ ਸੇਵਕਾਂ ਵਾਂਗ ਹੋਣਾ ਚਾਹੀਦਾ ਹੈ। 27ਤੁਹਾਡੀ ਰਾਇ ਵਿੱਚ ਕੌਣ ਵੱਧ ਮਹੱਤਵਯੋਗ ਹੈ: ਜੋ ਵਿਅਕਤੀ ਖਾਣੇ ਦੀ ਮੇਜ ਤੇ ਬੈਠਾ ਜਾਂ ਜਿਹੜਾ ਵਿਅਕਤੀ ਉਸਦੀ ਸੇਵਾ ਕਰ ਰਿਹਾ ਹੈ? ਤੁਹਾਡੇ ਖਿਆਲ ਵਿੱਚ ਜਿਹੜਾ ਮੇਜ ਤੇ ਬੈਠਾ ਹੈ ਮਹਾਨ ਹੈ ਮੈਂ ਤੁਹਾਡੇ ਵਿੱਚੋਂ ਸੇਵਕਾਂ ਵਰਗਾ ਹਾਂ।
28“ਤੁਸੀਂ ਹੀ ਹੋ ਜੋ ਮੇਰੇ ਪਰਤਿਆਵਿਆਂ ਦੌਰਾਨ ਮੇਰੇ ਨਾਲ ਰਹੇ। 29ਜਿਵੇਂ ਕਿ ਮੇਰੇ ਪਿਤਾ ਨੇ ਮੈਨੂੰ ਇੱਕ ਰਾਜ ਦਿੱਤਾ ਹੈ, ਮੈਂ ਵੀ ਤੁਹਾਨੂੰ ਇੱਕ ਰਾਜ ਦੇਵਾਂਗਾ। 30“ਤਾਂ ਜੋ ਤੁਸੀਂ ਮੇਰੇ ਰਾਜ ਵਿੱਚ ਮੇਰੇ ਮੇਜ ਤੇ ਬੈਠੋਂਗੇ। ਅਤੇ ਤੁਸੀਂ ਸਿੰਘਾਸਨ ਤੇ ਬੈਠਕੇ ਇਸਰਾਏਲ ਦੀਆਂ ਬਾਰ੍ਹਾਂ ਗੋਤਾਂ ਦਾ ਨਿਆਂ ਕਰੋਂਗੇ।
ਆਪਣਾ ਵਿਸ਼ਵਾਸ ਨਾ ਛੱਡੋ
(ਮੱਤੀ 26:31-35; ਮਰਕੁਸ 14:27-31; ਯੂਹੰਨਾ 13:36-38)
31“ਆਓ ਸ਼ਮਊਨ, ਸ਼ਮਊਨ ਸ਼ੈਤਾਨ ਨੇ ਤੈਨੂੰ ਕਣਕ ਵਾਂਗ ਛੱਟਣ ਲਈ ਮੰਗਿਆ ਹੈ। 32ਮੈਂ ਪ੍ਰਾਰਥਨਾ ਤੇਰੇ ਲਈ ਕੀਤੀ ਹੈ ਤਾਂ ਜੋ ਤੇਰਾ ਵਿਸ਼ਵਾਸ ਕਾਇਮ ਰਹੇ। ਅਤੇ ਜਦੋਂ ਤੂੰ ਵਾਪਸ ਮੇਰੇ ਕੋਲ ਮੁੜੇਂ ਤਾ ਆਪਣੇ ਭਾਈਆਂ ਨੂੰ ਵੀ ਤਕੜਾ ਕਰੀਂ।”
33ਪਰ ਪਤਰਸ ਨੇ ਉਸ ਨੂੰ ਕਿਹਾ, “ਪ੍ਰਭੂ! ਮੈਂ ਤੇਰੇ ਨਾਲ ਕੈਦ ਹੋਣ ਨੂੰ ਵੀ ਤਿਆਰ ਹਾਂ, ਅਤੇ ਤੇਰੇ ਨਾਲ ਮਰਨ ਨੂੰ ਵੀ।”
34ਪਰ ਯਿਸੂ ਨੇ ਕਿਹਾ, “ਪਤਰਸ ਮੈਂ ਤੈਨੂੰ ਆਖਦਾ ਹਾਂ ਕਿ ਅੱਜ ਕੁੱਕੜ ਬਾਂਗ ਨਹੀਂ ਦੇਵੇਗਾ ਜਦ ਤੱਕ ਤੂੰ ਤਿੰਨ ਵਾਰੀ ਮੁੱਕਰ ਕੇ ਨਾ ਕਹੇ ਕਿ ਮੈਂ ਤੈਨੂੰ ਨਹੀਂ ਜਾਣਦਾ।”
ਬਿਪਤਾ ਲਈ ਤਿਆਰ ਰਹੋ
35ਤਦ ਯਿਸੂ ਨੇ ਰਸੂਲਾਂ ਨੂੰ ਆਖਿਆ, “ਮੈਂ ਤੁਹਾਨੂੰ ਲੋਕਾਂ ਨੂੰ ਪ੍ਰਚਾਰ ਦੇਣ ਲਈ ਭੇਜਿਆ। ਮੈਂ ਤੁਹਾਨੂੰ ਬਿਨਾ ਪੈਸੇ, ਥੈਲੇ ਅਤੇ ਜੁਤਿਆਂ ਦੇ ਭੇਜ ਦਿੱਤਾ। ਪਰ ਕੀ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਆਈ?”
ਰਸੂਲਾਂ ਨੇ ਆਖਿਆ, “ਨਹੀਂ।”
36ਯਿਸੂ ਨੇ ਉਨ੍ਹਾਂ ਨੂੰ ਕਿਹਾ, “ਪਰ ਹੁਣ, ਜੇਕਰ ਤੁਹਾਡੇ ਕੋਲ ਪੈਸੇ ਤੇ ਇੱਕ ਝੋਲਾ ਹੈ, ਉਨ੍ਹਾਂ ਨੂੰ ਆਪਣੇ ਨਾਲ ਲਵੋ। ਜੇਕਰ ਤੁਹਾਡੇ ਕੋਲ ਇੱਕ ਤਲਵਾਰ ਨਹੀਂ ਹੈ, ਤਾਂ ਆਪਣਾ ਕੁੜਤਾ ਵੇਚਕੇ ਇੱਕ ਖਰੀਦ ਲਵੋ।” 37ਇਹ ਪੋਥੀਆਂ ਵਿੱਚ ਲਿਖਿਆ ਹੋਇਆ ਹੈ:
‘ਲੋਕਾਂ ਆਖਿਆ ਕਿ ਉਹ ਇੱਕ ਅਪਰਾਧੀ ਹੈ।’#ਯਸਾਯਾਹ 53:12
ਇਹ ਗੱਲ ਜਿਹੜੀ ਮੇਰੇ ਬਾਰੇ ਲਿਖੀ ਗਈ ਸੀ ਵਾਪਰਨੀ ਚਾਹੀਦੀ ਹੈ। ਅਤੇ ਅਸਲ ਵਿੱਚ ਹੁਣ ਵਾਪਰ ਰਹੀ ਹੈ”
38ਚੇਲਿਆਂ ਨੇ ਕਿਹਾ, “ਵੇਖੋ, ਪ੍ਰਭੂ, ਇੱਥੇ ਦੋ ਤਲਵਾਰਾਂ ਹਨ।”
ਯਿਸੂ ਨੇ ਉਨ੍ਹਾਂ ਨੂੰ ਕਿਹਾ, “ਉਹ ਕਾਫ਼ੀ ਹਨ।”
ਯਿਸੂ ਨੇ ਰਸੂਲਾਂ ਨੂੰ ਪ੍ਰਾਰਥਨਾ ਕਰਨ ਲਈ ਕਿਹਾ
(ਮੱਤੀ 26:36-46; ਮਰਕੁਸ 14:32-42)
39-40ਯਿਸੂ ਯਰੂਸ਼ਲਮ ਸ਼ਹਿਰ ਛੱਡ ਕੇ ਜੈਤੂਨ ਦੇ ਪਹਾੜ ਨੂੰ ਗਿਆ। ਉਹ ਅਕਸਰ ਉੱਥੇ ਜਾਇਆ ਕਰਦਾ ਸੀ। ਉਸ ਦੇ ਚੇਲੇ ਉਸ ਦੇ ਨਾਲ ਗਏ। ਜਦੋਂ ਉਹ ਉਸ ਜਗ੍ਹਾ ਪਹੁੰਚੇ, ਉਸ ਨੇ ਚੇਲਿਆਂ ਨੂੰ ਆਖਿਆ, “ਪ੍ਰਾਰਥਨਾ ਕਰੋ ਕਿ ਤੁਹਾਨੂੰ ਪਰਤਾਇਆ ਨਾ ਜਾਵੇ।”
41ਫਿਰ ਯਿਸੂ ਉਨ੍ਹਾਂ ਤੋਂ ਪੰਜਾਹ ਕੁ ਕਦਮ ਦੂਰ ਗਿਆ। ਉਹ ਗੋਡਿਆਂ ਭਾਰ ਝੁੱਕਿਆ ਅਤੇ ਪ੍ਰਾਰਥਨਾ ਕੀਤੀ, 42“ਹੇ ਪਿਤਾ! ਜੇਕਰ ਤੂੰ ਚਾਹੇਂ, ਤਾਂ ਦੁੱਖਾਂ ਦਾ ਇਹ ਪਿਆਲਾ ਮੇਰੇ ਤੋਂ ਹਟਾ ਲੈ, ਪਰ ਤੁਹਾਡੀ ਇੱਛਾ ਹੀ ਹੋਵੇ, ਨਾ ਕਿ ਮੇਰੀ।” 43ਫਿਰ ਸੁਰਗ ਤੋਂ ਇੱਕ ਦੂਤ ਪ੍ਰਗਟਿਆ ਅਤੇ ਉਸ ਨੂੰ ਸ਼ਕਤੀ ਦਿੱਤੀ। 44ਯਿਸੂ ਵੱਡੀ ਮਾਨਸਿਕ ਪੀੜਾ ਵਿੱਚ ਸੀ, ਤਾਂ ਉਹ ਹੋਰ ਵੀ ਗੰਭੀਰਤਾ ਪੂਰਵਕ ਪ੍ਰਾਰਥਨਾ ਕਰਨ ਲੱਗਾ। ਉਸਦਾ ਮੁੜਕਾ ਲਹੂ ਦੀਆਂ ਬੂਦਾਂ ਵਾਂਗ ਧਰਤੀ ਉੱਤੇ ਡਿੱਗ ਰਿਹਾ ਸੀ।#22:43-44 ਕੁਝ ਯੂਨਾਨੀ ਨਕਲਾਂ ਵਿੱਚ ਤੁਕਾਂ 43-44 ਨਹੀਂ ਹਨ। 45ਉਹ ਪ੍ਰਾਰਥਨਾ ਕਰਨ ਤੋਂ ਬਾਦ, ਉੱਠਿਆ ਅਤੇ ਆਪਣੇ ਚੇਲਿਆਂ ਕੋਲ ਗਿਆ। ਉਸ ਨੇ ਉਨ੍ਹਾਂ ਨੂੰ ਸੁੱਤਿਆਂ ਹੋਇਆਂ ਵੇਖਿਆ। ਉਨ੍ਹਾਂ ਦੀ ਉਦਾਸੀ ਨੇ ਉਨ੍ਹਾਂ ਨੂੰ ਬੜਾ ਥਕਾ ਦਿੱਤਾ ਸੀ। 46ਯਿਸੂ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਸੁੱਤੇ ਕਿਉਂ ਪਏ ਹੋ? ਉੱਠੋ ਅਤੇ ਉੱਠ ਕੇ ਪ੍ਰਾਰਥਨਾ ਕਰੋ ਕਿ ਤੁਸੀਂ ਪਰਤਾਵੇ ਵਿੱਚ ਨਾ ਪਵੋਂ।”
ਯਿਸੂ ਦਾ ਗਿਰਫ਼ਤਾਰ ਹੋਣਾ
(ਮੱਤੀ 26:47-56; ਮਰਕੁਸ 14:43-50; ਯੂਹੰਨਾ 18:3-11)
47ਜਦੋਂ ਯਿਸੂ ਬੋਲ ਰਿਹਾ ਸੀ ਤਾਂ ਲੋਕਾਂ ਦਾ ਇੱਕ ਸਮੂਹ ਉਸ ਕੋਲ ਆਇਆ, ਉਨ੍ਹਾਂ ਵਿੱਚੋਂ ਇੱਕ ਰਸੂਲ ਯਹੂਦਾ, ਉਨ੍ਹਾਂ ਦੀ ਅਗਵਾਈ ਕਰ ਰਿਹਾ ਸੀ। ਯਹੂਦਾ ਯਿਸੂ ਦੇ ਕੋਲ ਆਇਆ ਤਾਂ ਜੋ ਉਹ ਯਿਸੂ ਨੂੰ ਚੁੰਮ ਸੱਕੇ।
48ਪਰ ਯਿਸੂ ਨੇ ਉਸ ਨੂੰ ਕਿਹਾ, “ਯਹੂਦਾ। ਕੀ ਤੂੰ ਇਹ ਮਿੱਤਰਤਾ ਦਾ ਚੁੰਮਣ ਮਨੁੱਖ ਦੇ ਪੁੱਤਰ ਨੂੰ ਵੈਰੀਆਂ ਦੇ ਹੱਥ ਫ਼ੜਾਉਣ ਲਈ ਦੇ ਰਿਹਾ ਹੈਂ?” 49ਯਿਸੂ ਦੇ ਚੇਲੇ ਵੀ ਉਸ ਕੋਲ ਹੀ ਖੜ੍ਹੇ ਸਨ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਕੀ ਵਾਪਰ ਸੱਕਦਾ ਹੈ ਅਤੇ ਯਿਸੂ ਨੂੰ ਪੁੱਛਿਆ, “ਪ੍ਰਭੂ, ਕੀ ਅਸੀਂ ਉਨ੍ਹਾਂ ਨੂੰ ਆਪਣੀਆਂ ਤਲਵਾਰਾਂ ਨਾਲ ਮਾਰ ਦੇਈਏ?” 50ਫ਼ਿਰ ਉਨ੍ਹਾਂ ਵਿੱਚੋਂ ਇੱਕ ਨੇ ਆਪਣੀ ਤਲਵਾਰ ਸਰਦਾਰ ਜਾਜਕ ਦੇ ਨੌਕਰ ਦੇ ਕੰਨ ਤੇ ਚਲਾਈ ਅਤੇ ਕੰਨ ਨੂੰ ਵੱਢ ਦਿੱਤਾ।
51ਯਿਸੂ ਨੇ ਕਿਹਾ, “ਰੁਕੋ।” ਤਾਂ ਉਸ ਨੇ ਉਸ ਨੌਕਰ ਦੇ ਕੰਨ ਨੂੰ ਛੂਹ ਕੇ ਉਸ ਨੂੰ ਵੀ ਰਾਜੀ ਕਰ ਦਿੱਤਾ।
52ਉਹ ਸਮੂਹ ਜਿਹੜਾ ਯਿਸੂ ਨੂੰ ਗਿਰਫ਼ਤਾਰ ਕਰਨ ਲਈ ਆਇਆ ਸੀ ਉਸ ਵਿੱਚ ਪ੍ਰਧਾਨ ਜਾਜਕ, ਵੱਡੇ ਬਜ਼ੁਰਗ ਯਹੂਦੀ ਆਗੂ ਅਤੇ ਯਹੂਦੀ ਸਿਪਾਹੀ ਸਨ। ਉਸ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਇੱਥੇ ਤਲਵਾਰਾਂ ਅਤੇ ਡਾਂਗਾ ਲੈ ਕੇ ਕਿਉਂ ਆਏ ਹੋ? ਤੁਸੀਂ ਕੀ ਸੋਚਦੇ ਹੋ ਕਿ ਮੈਂ ਅਪਰਾਧੀ ਹਾਂ? 53ਮੈਂ ਤੁਹਾਡੇ ਨਾਲ ਹਰ ਰੋਜ਼ ਮੰਦਰ ਦੇ ਇਲਾਕੇ ਵਿੱਚ ਹੁੰਦਾ ਸਾਂ। ਤੁਸੀਂ ਮੈਨੂੰ ਉੱਥੇ ਗਿਰਫ਼ਤਾਰ ਕਿਉਂ ਨਹੀਂ ਕੀਤਾ? ਪਰ ਇਹ ਤੁਹਾਡਾ ਸਮਾਂ ਹੈ, ਹਨੇਰੇ ਦੇ ਸ਼ਾਸਨ ਦਾ ਸਮਾਂ।”
ਪਤਰਸ ਇਹ ਕਹਿੰਦੇ ਡਰਦਾ ਹੈ ਕਿ ਉਹ ਯਿਸੂ ਨੂੰ ਜਾਣਦਾ ਹੈ
(ਮੱਤੀ 26:57-58, 69-75; ਮਰਕੁਸ 14:53-54, 66-72; ਯੂਹੰਨਾ 18:12-18, 25-27)
54ਉਨ੍ਹਾਂ ਨੇ ਯਿਸੂ ਨੂੰ ਗਿਰਫ਼ਤਾਰ ਕਰ ਲਿਆ ਅਤੇ ਅਗਾਂਹ ਲੈ ਗਏ ਅਤੇ ਉਸ ਨੂੰ ਸਰਦਾਰ ਜਾਜਕ ਦੇ ਘਰ ਅੰਦਰ ਲੈ ਆਏ। ਪਤਰਸ ਨੇ ਥੋੜੀ ਦੂਰੀ ਤੇ ਹੀ ਉਨ੍ਹਾਂ ਦਾ ਪਿੱਛਾ ਕੀਤਾ। 55ਸਿਪਾਹੀਆਂ ਨੇ ਸਰਦਾਰ ਜਾਜਕ ਦੇ ਵਿਹੜੇ ਦੇ ਵਿੱਚਕਾਰ ਅੱਗ ਮਚਾਈ ਅਤੇ ਇਸ ਦੇ ਆਲੇ-ਦੁਆਲੇ ਬੈਠ ਗਏ, ਪਤਰਸ ਵੀ ਉਨ੍ਹਾਂ ਨਾਲ ਬੈਠ ਗਿਆ। 56ਇੱਕ ਨੋਕਰਾਣੀ ਨੇ ਪਤਰਸ ਨੂੰ ਉੱਥੇ ਬੈਠਾ ਵੇਖਿਆ। ਉਹ ਅੱਗ ਦੀ ਰੌਸ਼ਨੀ ਵਿੱਚ ਉਸਦਾ ਚਿਹਰਾ ਪਛਾਣ ਗਈ। ਉਸ ਨੇ ਧਿਆਨ ਨਾਲ ਪਤਰਸ ਦਾ ਚਿਹਰਾ ਵੇਖਿਆ ਅਤੇ ਆਖਿਆ, “ਇਹ ਆਦਮੀ ਵੀ ਉਸ ਨਾਲ ਸੀ।”
57ਪਰ ਪਤਰਸ ਨੇ ਕਿਹਾ, ਇਹ ਸੱਚ ਨਹੀਂ ਹੈ। ਉਸ ਨੇ ਕਿਹਾ, “ਹੇ ਔਰਤ। ਮੈਂ ਉਸ ਨੂੰ ਨਹੀਂ ਜਾਣਦਾ।” 58ਕੁਝ ਦੇਰ ਬਾਦ ਇੱਕ ਹੋਰ ਆਦਮੀ ਨੇ ਪਤਰਸ ਵੱਲ ਵੇਖਿਆ ਅਤੇ ਕਿਹਾ, “ਤੂੰ ਵੀ ਉਨ੍ਹਾਂ ਵਿੱਚੋਂ ਇੱਕ ਹੈ।”
ਪਰ ਪਤਰਸ ਨੇ ਆਖਿਆ, “ਹੇ ਮਨੁੱਖ। ਮੈਂ ਉਨ੍ਹਾਂ ਵਿੱਚੋਂ ਨਹੀਂ ਹਾਂ।”
59ਤਕਰੀਬਨ ਘੰਟੇ ਕੁ ਬਾਦ ਇੱਕ ਹੋਰ ਆਦਮੀ ਨੇ ਜ਼ੋਰ ਦੇਕੇ ਕਿਹਾ, “ਇਹ ਸੱਚ ਹੈ। ਨਿਸ਼ਚਿਤ ਹੀ ਇਹ ਆਦਮੀ ਉਸ ਦੇ ਨਾਲ ਸੀ ਜੋ ਕਿ ਗਲੀਲ ਤੋਂ ਹੈ।”
60ਪਰ ਪਤਰਸ ਨੇ ਆਖਿਆ, “ਮਨੁੱਖ। ਮੈਂ ਨਹੀਂ ਜਾਣਦਾ ਤੂੰ ਕਿਸ ਬਾਰੇ ਆਖ ਰਿਹਾ ਹੈਂ?”
ਜਦੋਂ ਪਤਰਸ ਹਾਲੇ ਬੋਲ ਰਿਹਾ ਸੀ, ਇੱਕ ਕੁੱਕੜ ਨੇ ਬਾਂਗ ਦਿੱਤੀ। 61ਤਦ ਪ੍ਰਭੂ ਮੁੜਿਆ ਅਤੇ ਪਤਰਸ ਦੀਆਂ ਅੱਖਾਂ ਵੱਲ ਝਾਕਿਆ। ਪਤਰਸ ਨੂੰ ਯਾਦ ਆਇਆ ਕਿ ਪ੍ਰਭੂ ਨੇ ਕੀ ਆਖਿਆ ਸੀ, “ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ, ਤੂੰ ਤਿੰਨ ਵਾਰੀ ਇਹ ਆਖੇਂਗਾ ਕਿ ਤੂੰ ਮੈਨੂੰ ਨਹੀਂ ਜਾਣਦਾ।” 62ਫ਼ਿਰ ਪਤਰਸ ਬਾਹਰ ਗਿਆ ਅਤੇ ਫ਼ੁੱਟ-ਫ਼ੁੱਟਕੇ ਰੋਣ ਲੱਗਾ।
ਲੋਕ ਯਿਸੂ ਉੱਪਰ ਹੱਸੇ
(ਮੱਤੀ 26:67-68; ਮਰਕੁਸ 14:65)
63-64ਜਿਹੜੇ ਆਦਮੀ ਜੋ ਯਿਸੂ ਦੀ ਪਹਿਰੇਦਾਰੀ ਕਰ ਰਹੇ ਸਨ ਉਨ੍ਹਾਂ ਨੇ ਉਸਦਾ ਮਜ਼ਾਕ ਉਡਾਉਣਾ ਅਤੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਉਸ ਦੀਆਂ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ ਤਾਂ ਜੋ ਉਹ ਉਨ੍ਹਾਂ ਨੂੰ ਵੇਖ ਨਾ ਸੱਕੇ। ਫ਼ਿਰ ਉਨ੍ਹਾਂ ਨੇ ਉਸ ਨੂੰ ਪੁੱਛਿਆ, “ਅਗੰਮ ਵਾਕ ਕਰ ਤੈਨੂੰ ਕਿਹਨੇ ਮਾਰਿਆ ਹੈ?” 65ਉਨ੍ਹਾਂ ਲੋਕਾਂ ਨੇ ਉਸ ਨੂੰ ਬਹੁਤ ਕੁਝ ਮੰਦਾ ਆਖਿਆ।
ਯਿਸੂ ਦਾ ਯਹੂਦੀ ਆਗੂਆਂ ਅੱਗੇ ਪੇਸ਼ ਹੋਣਾ
(ਮੱਤੀ 26:59-66; ਮਰਕੁਸ 14:55-64; ਯੂਹੰਨਾ 18:19-24)
66ਅਗਲੀ ਸਵੇਰ, ਬਜ਼ੁਰਗ ਯਹੂਦੀ ਆਗੂ, ਪ੍ਰਧਾਨ ਜਾਜਕ ਅਤੇ ਨੇਮ ਦੇ ਉਪਦੇਸ਼ਕ ਦੀ ਇੱਕ ਸਭਾ ਹੋਈ। ਤੇ ਉਹ ਯਿਸੂ ਨੂੰ ਆਪਣੀ ਸਭ ਤੋਂ ਉੱਚੀ ਅਦਾਲਤ ਵਿੱਚ ਲੈ ਗਏ। 67ਉਨ੍ਹਾਂ ਆਖਿਆ, “ਜੇਕਰ ਤੂੰ ਮਸੀਹ ਹੈ ਤਾਂ ਸਾਨੂੰ ਦੱਸ ਕਿ ਤੂੰ ਹੀ ਮਸੀਹ ਹੈ।”
ਯਿਸੂ ਨੇ ਉਨ੍ਹਾਂ ਨੂੰ ਕਿਹਾ, “ਜੇਕਰ ਮੈਂ ਤੁਹਾਨੂੰ ਦੱਸ ਵੀ ਦੇਵਾਂ ਕਿ ਮੈਂ ਮਸੀਹ ਹਾਂ ਤਾਂ ਤੁਸੀਂ ਮੇਰੇ ਤੇ ਵਿਸ਼ਵਾਸ ਨਹੀਂ ਕਰੋਂਗੇ। 68ਅਤੇ ਜੇਕਰ ਮੈਂ ਤੁਹਾਨੂੰ ਕੁਝ ਪੁੱਛਾਂਗਾ ਤਾਂ ਤੁਸੀਂ ਜਵਾਬ ਨਹੀਂ ਦੇਵੋਂਗੇ। 69ਪਰ ਇਸਤੋਂ ਅੱਗੇ ਮਨੁੱਖ ਦਾ ਪੁੱਤਰ ਪਰਮੇਸ਼ੁਰ ਦੇ ਸਿੰਘਾਸਣ ਦੇ ਸੱਜੇ ਹੱਥ ਬਿਰਾਜਮਾਨ ਹੋਵੇਗਾ।”
70ਉਨ੍ਹਾਂ ਸਭਨਾ ਨੇ ਆਖਿਆ, “ਤਾਂ ਕੀ ਤੂੰ ਪਰਮੇਸ਼ੁਰ ਦਾ ਪੁੱਤਰ ਹੈ?” ਉਸ ਨੇ ਜਵਾਬ ਦਿੱਤਾ, “ਹਾਂ, ਤੁਸੀਂ ਆਖਣ ਵਿੱਚ ਸਹੀ ਹੋ ਮੈਂ ਹਾਂ।”
71ਤਦ ਉਨ੍ਹਾਂ ਸਭ ਨੇ ਆਖਿਆ, “ਹੁਣ ਸਾਨੂੰ ਗਵਾਹੀ ਕਿਉਂ ਲੋੜੀਦੀ ਹੈ? ਅਸੀਂ ਉਸ ਨੂੰ ਉਸ ਦੇ ਹੀ ਮੂੰਹੋਂ ਸੁਣਿਆ ਹੈ।”
Nu geselecteerd:
ਲੂਕਾ ਦੀ ਇੰਜੀਲ 22: PERV
Markering
Deel
Kopiëren
Wil je jouw markerkingen op al je apparaten opslaan? Meld je aan of log in
Punjabi Holy Bible: Easy-to-Read Version
All rights reserved.
© 2002 Bible League International