ਮੱਤੀ 14

14
ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਹੱਤਿਆ
1ਉਸ ਸਮੇਂ ਹੇਰੋਦੇਸ ਨੇ ਜੋ ਦੇਸ ਦੇ ਚੌਥਾਈ ਹਿੱਸੇ ਦਾ ਸ਼ਾਸਕ ਸੀ, ਯਿਸੂ ਦੀ ਚਰਚਾ ਸੁਣੀ। 2ਉਸ ਨੇ ਆਪਣੇ ਸੇਵਕਾਂ ਨੂੰ ਕਿਹਾ, “ਇਹ ਯੂਹੰਨਾ ਬਪਤਿਸਮਾ ਦੇਣ ਵਾਲਾ ਹੈ; ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਅਤੇ ਇਸੇ ਕਰਕੇ ਉਸ ਵਿੱਚ ਇਹ ਸ਼ਕਤੀਆਂ ਕੰਮ ਕਰ ਰਹੀਆਂ ਹਨ!” 3ਹੇਰੋਦੇਸ ਨੇ ਆਪਣੇ ਭਰਾ ਫ਼ਿਲਿੱਪੁਸ ਦੀ ਪਤਨੀ ਹੇਰੋਦਿਯਾਸ ਦੇ ਕਾਰਨ ਯੂਹੰਨਾ ਨੂੰ ਫੜ ਕੇ ਬੰਨ੍ਹਿਆ ਅਤੇ ਕੈਦਖ਼ਾਨੇ ਵਿੱਚ ਪਾ ਦਿੱਤਾ ਸੀ, 4ਕਿਉਂਕਿ ਯੂਹੰਨਾ ਨੇ ਉਸ ਨੂੰ ਕਿਹਾ ਸੀ, “ਉਸ ਨੂੰ ਰੱਖਣਾ ਤੇਰੇ ਲਈ ਯੋਗ ਨਹੀਂ ਹੈ।” 5ਸੋ ਹੇਰੋਦੇਸ ਉਸ ਨੂੰ ਮਾਰ ਸੁੱਟਣਾ ਚਾਹੁੰਦਾ ਸੀ ਪਰ ਲੋਕਾਂ ਕੋਲੋਂ ਡਰਦਾ ਸੀ, ਕਿਉਂਕਿ ਉਹ ਉਸ ਨੂੰ ਨਬੀ ਮੰਨਦੇ ਸਨ। 6ਜਦੋਂ ਹੇਰੋਦੇਸ ਦਾ ਜਨਮ ਦਿਨ ਆਇਆ ਤਾਂ ਹੇਰੋਦਿਯਾਸ ਦੀ ਬੇਟੀ ਨੇ ਲੋਕਾਂ ਸਾਹਮਣੇ ਨੱਚ ਕੇ ਹੇਰੋਦੇਸ ਨੂੰ ਖੁਸ਼ ਕੀਤਾ। 7ਸੋ ਉਸ ਨੇ ਸੌਂਹ ਖਾ ਕੇ ਉਸ ਨਾਲ ਵਾਇਦਾ ਕੀਤਾ ਕਿ ਜੋ ਕੁਝ ਤੂੰ ਮੰਗੇ, ਮੈਂ ਤੈਨੂੰ ਦਿਆਂਗਾ। 8ਤਦ ਆਪਣੀ ਮਾਂ ਦੁਆਰਾ ਉਕਸਾਏ ਜਾਣ 'ਤੇ ਉਸ ਨੇ ਕਿਹਾ, “ਮੈਨੂੰ ਇੱਥੇ ਇੱਕ ਥਾਲ ਵਿੱਚ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਦੇ ਦਿਓ।” 9ਰਾਜਾ ਦੁਖੀ ਹੋਇਆ, ਪਰ ਆਪਣੀ ਸੌਂਹ ਅਤੇ ਨਾਲ ਬੈਠੇ ਲੋਕਾਂ ਦੇ ਕਾਰਨ ਉਸ ਨੇ ਹੁਕਮ ਦਿੱਤਾ ਕਿ ਲਿਆ ਦਿੱਤਾ ਜਾਵੇ। 10ਉਸ ਨੇ ਸਿਪਾਹੀ ਭੇਜ ਕੇ ਕੈਦਖ਼ਾਨੇ ਵਿੱਚ ਯੂਹੰਨਾ ਦਾ ਸਿਰ ਵਢਵਾ ਦਿੱਤਾ 11ਅਤੇ ਉਸ ਦਾ ਸਿਰ ਇੱਕ ਥਾਲ ਵਿੱਚ ਲਿਆ ਕੇ ਲੜਕੀ ਨੂੰ ਦਿੱਤਾ ਗਿਆ ਅਤੇ ਉਹ ਉਸ ਨੂੰ ਆਪਣੀ ਮਾਂ ਕੋਲ ਲੈ ਗਈ। 12ਤਦ ਯੂਹੰਨਾ ਦੇ ਚੇਲੇ ਆ ਕੇ ਲਾਸ਼ ਨੂੰ ਲੈ ਗਏ ਅਤੇ ਉਸ ਨੂੰ ਦਫ਼ਨਾ ਦਿੱਤਾ ਤੇ ਜਾ ਕੇ ਯਿਸੂ ਨੂੰ ਇਸ ਦੀ ਖ਼ਬਰ ਦਿੱਤੀ।
ਪੰਜ ਹਜ਼ਾਰ ਨੂੰ ਭੋਜਨ ਖੁਆਉਣਾ
13ਇਹ ਸੁਣ ਕੇ ਯਿਸੂ ਉੱਥੋਂ ਇਕੱਲਾ ਹੀ ਕਿਸ਼ਤੀ ਉੱਤੇ ਚੜ੍ਹ ਕੇ ਇਕਾਂਤ ਥਾਂ ਵੱਲ ਚਲਾ ਗਿਆ ਅਤੇ ਜਦੋਂ ਲੋਕਾਂ ਨੇ ਇਹ ਸੁਣਿਆ ਤਾਂ ਨਗਰਾਂ ਵਿੱਚੋਂ ਪੈਦਲ ਹੀ ਉਸ ਦੇ ਪਿੱਛੇ ਗਏ। 14ਜਦੋਂ ਯਿਸੂ ਨੇ ਕਿਸ਼ਤੀ ਵਿੱਚੋਂ ਉੱਤਰ ਕੇ ਇੱਕ ਵੱਡੀ ਭੀੜ ਨੂੰ ਵੇਖਿਆ ਤਾਂ ਉਸ ਨੂੰ ਉਨ੍ਹਾਂ 'ਤੇ ਤਰਸ ਆਇਆ ਅਤੇ ਉਸ ਨੇ ਉਨ੍ਹਾਂ ਦੇ ਬਿਮਾਰਾਂ ਨੂੰ ਚੰਗਾ ਕੀਤਾ। 15ਸ਼ਾਮ ਹੋਣ 'ਤੇ ਚੇਲੇ ਕੋਲ ਆ ਕੇ ਉਸ ਨੂੰ ਕਹਿਣ ਲੱਗੇ, “ਇਹ ਉਜਾੜ ਥਾਂ ਹੈ ਅਤੇ ਸਮਾਂ ਵੀ ਬਹੁਤ ਹੋ ਗਿਆ ਹੈ, ਲੋਕਾਂ ਨੂੰ ਵਿਦਾ ਕਰ ਤਾਂਕਿ ਉਹ ਪਿੰਡਾਂ ਵਿੱਚ ਜਾ ਕੇ ਆਪਣੇ ਲਈ ਭੋਜਨ ਖਰੀਦ ਸਕਣ।” 16ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ,“ਉਨ੍ਹਾਂ ਨੂੰ ਜਾਣ ਦੀ ਜ਼ਰੂਰਤ ਨਹੀਂ; ਤੁਸੀਂ ਹੀ ਉਨ੍ਹਾਂ ਨੂੰ ਖਾਣ ਲਈ ਦਿਓ।” 17ਉਨ੍ਹਾਂ ਉਸ ਨੂੰ ਕਿਹਾ, “ਸਾਡੇ ਕੋਲ ਇੱਥੇ ਪੰਜ ਰੋਟੀਆਂ ਅਤੇ ਦੋ ਮੱਛੀਆਂ ਤੋਂ ਇਲਾਵਾ ਹੋਰ ਕੁਝ ਨਹੀਂ ਹੈ।” 18ਯਿਸੂ ਨੇ ਕਿਹਾ,“ਉਨ੍ਹਾਂ ਨੂੰ ਇੱਥੇ ਮੇਰੇ ਕੋਲ ਲਿਆਓ।” 19ਫਿਰ ਲੋਕਾਂ ਨੂੰ ਘਾਹ ਉੱਤੇ ਬੈਠਣ ਦਾ ਹੁਕਮ ਦੇ ਕੇ ਉਸ ਨੇ ਪੰਜ ਰੋਟੀਆਂ ਅਤੇ ਦੋ ਮੱਛੀਆਂ ਲਈਆਂ ਅਤੇ ਅਕਾਸ਼ ਵੱਲ ਵੇਖ ਕੇ ਬਰਕਤ ਮੰਗੀ ਅਤੇ ਰੋਟੀਆਂ ਤੋੜ ਕੇ ਚੇਲਿਆਂ ਨੂੰ ਦਿੱਤੀਆਂ ਅਤੇ ਚੇਲਿਆਂ ਨੇ ਲੋਕਾਂ ਨੂੰ ਦਿੱਤੀਆਂ। 20ਤਦ ਸਾਰੇ ਖਾ ਕੇ ਰੱਜ ਗਏ ਅਤੇ ਉਨ੍ਹਾਂ ਨੇ ਬਚੇ ਹੋਏ ਟੁਕੜਿਆਂ ਨਾਲ ਭਰੀਆਂ ਬਾਰਾਂ ਟੋਕਰੀਆਂ ਚੁੱਕੀਆਂ। 21ਖਾਣ ਵਾਲਿਆਂ ਵਿੱਚ ਔਰਤਾਂ ਅਤੇ ਬੱਚਿਆਂ ਤੋਂ ਇਲਾਵਾ ਲਗਭਗ ਪੰਜ ਹਜ਼ਾਰ ਆਦਮੀ ਸਨ।
ਯਿਸੂ ਦਾ ਪਾਣੀ ਉੱਤੇ ਤੁਰਨਾ
22ਫਿਰ ਤੁਰੰਤ ਉਸ ਨੇ ਚੇਲਿਆਂ ਨੂੰ ਜ਼ੋਰ ਪਾਇਆ ਕਿ ਜਦੋਂ ਤੱਕ ਮੈਂ ਭੀੜ ਨੂੰ ਵਿਦਾ ਨਾ ਕਰ ਲਵਾਂ, ਤੁਸੀਂ ਕਿਸ਼ਤੀ ਉੱਤੇ ਚੜ੍ਹ ਕੇ ਮੇਰੇ ਤੋਂ ਪਹਿਲਾਂ ਪਾਰ ਚਲੇ ਜਾਓ। 23ਤਦ ਲੋਕਾਂ ਨੂੰ ਵਿਦਾ ਕਰਕੇ ਉਹ ਇਕਾਂਤ ਵਿੱਚ ਪ੍ਰਾਰਥਨਾ ਕਰਨ ਲਈ ਪਹਾੜ ਉੱਤੇ ਚਲਾ ਗਿਆ ਅਤੇ ਜਦੋਂ ਸ਼ਾਮ ਹੋਈ ਤਾਂ ਉਹ ਉੱਥੇ ਇਕੱਲਾ ਸੀ। 24ਪਰ ਉਸ ਸਮੇਂ ਕਿਸ਼ਤੀ ਕਿਨਾਰੇ ਤੋਂ ਕਈ ਕਿਲੋਮੀਟਰ ਦੂਰ#14:24 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਝੀਲ ਵਿੱਚ” ਲਿਖਿਆ ਹੈ। ਲਹਿਰਾਂ ਵਿੱਚ ਡੋਲਦੀ ਸੀ, ਕਿਉਂਕਿ ਹਵਾ ਸਾਹਮਣੀ ਸੀ। 25ਰਾਤ ਦੇ ਲਗਭਗ ਤਿੰਨ ਵਜੇ ਯਿਸੂ ਝੀਲ ਉੱਤੇ ਤੁਰਦਾ ਹੋਇਆ ਉਨ੍ਹਾਂ ਵੱਲ ਆਇਆ। 26ਪਰ ਚੇਲੇ ਉਸ ਨੂੰ ਝੀਲ ਉੱਤੇ ਤੁਰਦਿਆਂ ਵੇਖ ਕੇ ਘਬਰਾ ਗਏ ਅਤੇ ਕਹਿਣ ਲੱਗੇ, “ਇਹ ਤਾਂ ਕੋਈ ਭੂਤ ਹੈ!” ਅਤੇ ਡਰ ਦੇ ਮਾਰੇ ਚੀਕ ਉੱਠੇ। 27ਪਰ ਉਸ ਨੇ ਤੁਰੰਤ ਉਨ੍ਹਾਂ ਨੂੰ ਕਿਹਾ,“ਹੌਸਲਾ ਰੱਖੋ! ਮੈਂ ਹਾਂ, ਡਰੋ ਨਾ।” 28ਤਦ ਪਤਰਸ ਨੇ ਉਸ ਨੂੰ ਕਿਹਾ, “ਹੇ ਪ੍ਰਭੂ, ਜੇ ਤੂੰ ਹੈਂ ਤਾਂ ਮੈਨੂੰ ਪਾਣੀ ਉੱਤੇ ਤੁਰ ਕੇ ਆਪਣੇ ਕੋਲ ਆਉਣ ਦੀ ਆਗਿਆ ਦੇ।” 29ਉਸ ਨੇ ਕਿਹਾ,“ਆ।” ਤਦ ਪਤਰਸ ਕਿਸ਼ਤੀ ਤੋਂ ਉੱਤਰਿਆ ਅਤੇ ਪਾਣੀ ਉੱਤੇ ਤੁਰਦਾ ਹੋਇਆ ਯਿਸੂ ਵੱਲ ਆਇਆ, 30ਪਰ ਤੇਜ਼ ਹਵਾ ਨੂੰ ਵੇਖ ਕੇ ਡਰ ਗਿਆ ਅਤੇ ਜਦੋਂ ਡੁੱਬਣ ਲੱਗਾ ਤਾਂ ਚੀਕ ਕੇ ਬੋਲਿਆ, “ਹੇ ਪ੍ਰਭੂ, ਮੈਨੂੰ ਬਚਾ!” 31ਯਿਸੂ ਨੇ ਤੁਰੰਤ ਹੱਥ ਵਧਾ ਕੇ ਉਸ ਨੂੰ ਫੜ ਲਿਆ ਅਤੇ ਉਸ ਨੂੰ ਕਿਹਾ,“ਹੇ ਥੋੜ੍ਹੇ ਵਿਸ਼ਵਾਸ ਵਾਲਿਆ, ਤੂੰ ਸ਼ੱਕ ਕਿਉਂ ਕੀਤਾ?” 32ਜਦੋਂ ਉਹ ਕਿਸ਼ਤੀ ਉੱਤੇ ਚੜ੍ਹ ਗਏ ਤਾਂ ਹਵਾ ਥੰਮ੍ਹ ਗਈ 33ਅਤੇ ਜਿਹੜੇ ਕਿਸ਼ਤੀ ਵਿੱਚ ਸਨ ਉਨ੍ਹਾਂ ਨੇ ਉਸ ਨੂੰ ਮੱਥਾ ਟੇਕ ਕੇ ਕਿਹਾ, “ਤੂੰ ਸੱਚਮੁੱਚ ਪਰਮੇਸ਼ਰ ਦਾ ਪੁੱਤਰ ਹੈਂ।”
ਗੰਨੇਸਰਤ ਵਿੱਚ ਬਹੁਤ ਸਾਰੇ ਲੋਕਾਂ ਦਾ ਚੰਗਾ ਹੋਣਾ
34ਫਿਰ ਉਹ ਪਾਰ ਲੰਘ ਕੇ ਗੰਨੇਸਰਤ ਦੀ ਧਰਤੀ ਉੱਤੇ ਆਏ। 35ਉੱਥੋਂ ਦੇ ਲੋਕਾਂ ਨੇ ਉਸ ਨੂੰ ਪਛਾਣ ਕੇ ਆਲੇ-ਦੁਆਲੇ ਦੇ ਸਾਰੇ ਇਲਾਕੇ ਵਿੱਚ ਖ਼ਬਰ ਭੇਜੀ ਅਤੇ ਲੋਕ ਸਭ ਰੋਗੀਆਂ ਨੂੰ ਉਸ ਕੋਲ ਲਿਆਏ। 36ਉਹ ਉਸ ਦੀ ਮਿੰਨਤ ਕਰਨ ਲੱਗੇ ਕਿ ਉਨ੍ਹਾਂ ਨੂੰ ਆਪਣੇ ਵਸਤਰ ਦਾ ਪੱਲਾ ਹੀ ਛੂਹ ਲੈਣ ਦੇਵੇ ਅਤੇ ਜਿੰਨਿਆਂ ਨੇ ਛੂਹਿਆ ਉਹ ਚੰਗੇ ਹੋ ਗਏ।

Nu geselecteerd:

ਮੱਤੀ 14: PSB

Markering

Deel

Kopiëren

None

Wil je jouw markerkingen op al je apparaten opslaan? Meld je aan of log in