ਯੂਹੰਨਾ 6
6
ਪੰਜ ਹਜ਼ਾਰ ਨੂੰ ਭੋਜਨ ਖੁਆਉਣਾ
1ਇਸ ਤੋਂ ਬਾਅਦ ਯਿਸੂ ਗਲੀਲ ਅਰਥਾਤ ਤਿਬਿਰਿਯਾਸ ਦੀ ਝੀਲ ਦੇ ਪਾਰ ਚਲਾ ਗਿਆ। 2ਇੱਕ ਵੱਡੀ ਭੀੜ ਉਹ ਦੇ ਪਿੱਛੇ ਚੱਲ ਪਈ, ਕਿਉਂਕਿ ਉਹ ਉਨ੍ਹਾਂ ਚਮਤਕਾਰਾਂ ਨੂੰ ਵੇਖਦੇ ਸਨ ਜਿਹੜੇ ਉਹ ਬਿਮਾਰਾਂ ਲਈ ਕਰਦਾ ਸੀ। 3ਫਿਰ ਯਿਸੂ ਪਹਾੜ 'ਤੇ ਚੜ੍ਹ ਕੇ ਆਪਣੇ ਚੇਲਿਆਂ ਨਾਲ ਬੈਠ ਗਿਆ। 4ਹੁਣ ਯਹੂਦੀਆਂ ਦਾ ਪਸਾਹ ਦਾ ਤਿਉਹਾਰ ਨੇੜੇ ਸੀ। 5ਯਿਸੂ ਨੇ ਆਪਣੀਆਂ ਅੱਖਾਂ ਚੁੱਕ ਕੇ ਇੱਕ ਵੱਡੀ ਭੀੜ ਆਪਣੀ ਵੱਲ ਆਉਂਦੀ ਵੇਖੀ ਅਤੇ ਫ਼ਿਲਿੱਪੁਸ ਨੂੰ ਕਿਹਾ,“ਇਨ੍ਹਾਂ ਦੇ ਖਾਣ ਲਈ ਅਸੀਂ ਰੋਟੀਆਂ ਕਿੱਥੋਂ ਖਰੀਦੀਏ?” 6ਪਰ ਉਸ ਨੇ ਇਹ ਉਸ ਨੂੰ ਪਰਖਣ ਲਈ ਕਿਹਾ ਸੀ, ਕਿਉਂਕਿ ਉਹ ਆਪ ਜਾਣਦਾ ਸੀ ਕਿ ਉਹ ਕੀ ਕਰਨ ਵਾਲਾ ਸੀ। 7ਫ਼ਿਲਿੱਪੁਸ ਨੇ ਉਸ ਨੂੰ ਉੱਤਰ ਦਿੱਤਾ, “ਦੋ ਸੌ ਦੀਨਾਰ ਦੀਆਂ ਰੋਟੀਆਂ ਵੀ ਉਨ੍ਹਾਂ ਲਈ ਕਾਫੀ ਨਹੀਂ ਹਨ ਕਿ ਹਰੇਕ ਨੂੰ ਥੋੜ੍ਹੀ-ਥੋੜ੍ਹੀ ਵੀ ਮਿਲ ਜਾਵੇ।” 8ਉਸ ਦੇ ਚੇਲਿਆਂ ਵਿੱਚੋਂ ਇੱਕ, ਸ਼ਮਊਨ ਪਤਰਸ ਦੇ ਭਰਾ ਅੰਦ੍ਰਿਯਾਸ ਨੇ ਉਸ ਨੂੰ ਕਿਹਾ, 9“ਇੱਥੇ ਇੱਕ ਛੋਟਾ ਲੜਕਾ ਹੈ ਜਿਸ ਕੋਲ ਜੌਂਆਂ ਦੀਆਂ ਪੰਜ ਰੋਟੀਆਂ ਅਤੇ ਦੋ ਮੱਛੀਆਂ ਹਨ, ਪਰ ਐਨਿਆਂ ਲੋਕਾਂ ਲਈ ਇਹ ਕੀ ਹਨ?” 10ਯਿਸੂ ਨੇ ਕਿਹਾ,“ਲੋਕਾਂ ਨੂੰ ਬਿਠਾ ਦਿਓ।” ਉਸ ਥਾਂ 'ਤੇ ਘਾਹ ਬਹੁਤ ਸੀ, ਸੋ ਆਦਮੀ ਜੋ ਗਿਣਤੀ ਵਿੱਚ ਲਗਭਗ ਪੰਜ ਹਜ਼ਾਰ ਸਨ, ਬੈਠ ਗਏ। 11ਤਦ ਯਿਸੂ ਨੇ ਰੋਟੀਆਂ ਲਈਆਂ ਅਤੇ ਧੰਨਵਾਦ ਕਰਕੇ#6:11 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਚੇਲਿਆਂ ਨੂੰ ਦਿੱਤੀਆਂ ਅਤੇ ਚੇਲਿਆਂ ਨੇ” ਲਿਖਿਆ ਹੈ। ਉਨ੍ਹਾਂ ਬੈਠਿਆਂ ਹੋਇਆਂ ਨੂੰ ਵੰਡ ਦਿੱਤੀਆਂ ਅਤੇ ਇਸੇ ਤਰ੍ਹਾਂ ਮੱਛੀਆਂ ਵਿੱਚੋਂ ਵੀ, ਜਿੰਨੀਆਂ ਉਹ ਚਾਹੁੰਦੇ ਸਨ। 12ਜਦੋਂ ਉਹ ਰੱਜ ਗਏ ਤਾਂ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ,“ਬਚੇ ਹੋਏ ਟੁਕੜਿਆਂ ਨੂੰ ਇਕੱਠੇ ਕਰ ਲਵੋ ਤਾਂਕਿ ਕੁਝ ਵੀ ਵਿਅਰਥ ਨਾ ਹੋਵੇ।” 13ਸੋ ਉਨ੍ਹਾਂ ਨੇ ਇਕੱਠੇ ਕਰ ਲਏ ਅਤੇ ਜੌਂਆਂ ਦੀਆਂ ਪੰਜ ਰੋਟੀਆਂ ਦੇ ਟੁਕੜਿਆਂ ਤੋਂ ਜਿਹੜੇ ਖਾਣ ਵਾਲਿਆਂ ਤੋਂ ਬਚ ਗਏ ਸਨ, ਬਾਰਾਂ ਟੋਕਰੀਆਂ ਭਰ ਲਈਆਂ।
14ਤਦ ਲੋਕ ਉਸ ਚਿੰਨ੍ਹ ਨੂੰ ਜੋ ਉਸ ਨੇ ਵਿਖਾਇਆ ਸੀ ਵੇਖ ਕੇ ਕਹਿਣ ਲੱਗੇ, “ਸੱਚਮੁੱਚ ਇਹੋ ਉਹ ਨਬੀ ਹੈ ਜਿਹੜਾ ਸੰਸਾਰ ਵਿੱਚ ਆਉਣ ਵਾਲਾ ਸੀ।” 15ਜਦੋਂ ਯਿਸੂ ਨੇ ਜਾਣਿਆ ਕਿ ਲੋਕ ਉਸ ਨੂੰ ਫੜ ਕੇ ਰਾਜਾ ਬਣਾਉਣ ਲਈ ਆ ਰਹੇ ਹਨ ਤਾਂ ਉਹ ਇਕੱਲਾ ਹੀ ਫਿਰ ਪਹਾੜ 'ਤੇ ਚਲਾ ਗਿਆ।
ਯਿਸੂ ਦਾ ਪਾਣੀ ਉੱਤੇ ਤੁਰਨਾ
16ਜਦੋਂ ਸ਼ਾਮ ਹੋਈ ਤਾਂ ਉਸ ਦੇ ਚੇਲੇ ਝੀਲ 'ਤੇ ਗਏ 17ਅਤੇ ਕਿਸ਼ਤੀ ਉੱਤੇ ਚੜ੍ਹ ਕੇ ਝੀਲ ਦੇ ਪਾਰ ਕਫ਼ਰਨਾਹੂਮ ਵੱਲ ਚੱਲ ਪਏ। ਉਸ ਸਮੇਂ ਹਨੇਰਾ ਹੋ ਗਿਆ ਸੀ ਅਤੇ ਯਿਸੂ ਅਜੇ ਤੱਕ ਉਨ੍ਹਾਂ ਕੋਲ ਨਹੀਂ ਆਇਆ ਸੀ; 18ਤੇਜ਼ ਹਨੇਰੀ ਚੱਲਣ ਕਰਕੇ ਝੀਲ ਠਾਠਾਂ ਮਾਰਨ ਲੱਗੀ। 19ਲਗਭਗ ਪੰਜ-ਛੇ ਕਿਲੋਮੀਟਰ#6:19 ਮੂਲ ਸ਼ਬਦ ਅਰਥ: 25 ਤੋਂ 30 ਸਟਾਡੀਆ ਚੱਪੂ ਚਲਾਉਣ ਤੋਂ ਬਾਅਦ ਉਨ੍ਹਾਂ ਨੇ ਯਿਸੂ ਨੂੰ ਝੀਲ ਉੱਤੇ ਤੁਰਦੇ ਅਤੇ ਕਿਸ਼ਤੀ ਦੇ ਨੇੜੇ ਆਉਂਦੇ ਵੇਖਿਆ ਅਤੇ ਉਹ ਡਰ ਗਏ। 20ਪਰ ਉਸ ਨੇ ਉਨ੍ਹਾਂ ਨੂੰ ਕਿਹਾ,“ਡਰੋ ਨਾ, ਮੈਂ ਹਾਂ!” 21ਤਦ ਉਨ੍ਹਾਂ ਨੇ ਉਸ ਨੂੰ ਕਿਸ਼ਤੀ ਵਿੱਚ ਚੜ੍ਹਾਉਣਾ ਚਾਹਿਆ, ਪਰ ਐਨੇ ਨੂੰ ਕਿਸ਼ਤੀ ਉਸ ਥਾਂ 'ਤੇ ਪਹੁੰਚ ਗਈ ਜਿੱਥੇ ਉਨ੍ਹਾਂ ਨੇ ਜਾਣਾ ਸੀ।
ਜੀਵਨ ਦੀ ਰੋਟੀ
22ਅਗਲੇ ਦਿਨ ਉਸ ਭੀੜ ਨੇ ਜੋ ਝੀਲ ਦੇ ਉਸ ਪਾਰ ਰਹਿ ਗਈ ਸੀ, ਵੇਖਿਆ ਕਿ ਉੱਥੇ ਇੱਕ ਕਿਸ਼ਤੀ ਤੋਂ ਬਿਨਾਂ ਹੋਰ ਕੋਈ ਕਿਸ਼ਤੀ ਨਹੀਂ ਹੈ ਅਤੇ ਯਿਸੂ ਆਪਣੇ ਚੇਲਿਆਂ ਨਾਲ ਕਿਸ਼ਤੀ ਵਿੱਚ ਨਹੀਂ ਗਿਆ, ਪਰ ਕੇਵਲ ਉਸ ਦੇ ਚੇਲੇ ਗਏ ਹਨ। 23ਤਿਬਿਰਿਯਾਸ ਵੱਲੋਂ ਹੋਰ ਕਿਸ਼ਤੀਆਂ ਉਸ ਥਾਂ ਦੇ ਨੇੜੇ ਆਈਆਂ ਜਿੱਥੇ ਪ੍ਰਭੂ ਦੁਆਰਾ ਧੰਨਵਾਦ ਦੇਣ ਤੋਂ ਬਾਅਦ ਲੋਕਾਂ ਨੇ ਰੋਟੀ ਖਾਧੀ ਸੀ। 24ਇਸ ਲਈ ਜਦੋਂ ਭੀੜ ਨੇ ਵੇਖਿਆ ਕਿ ਉੱਥੇ ਨਾ ਯਿਸੂ ਹੈ ਅਤੇ ਨਾ ਹੀ ਉਸ ਦੇ ਚੇਲੇ, ਤਾਂ ਉਹ ਕਿਸ਼ਤੀਆਂ ਉੱਤੇ ਚੜ੍ਹ ਕੇ ਯਿਸੂ ਨੂੰ ਲੱਭਦੇ ਹੋਏ ਕਫ਼ਰਨਾਹੂਮ ਨੂੰ ਆਏ।
25ਤਦ ਉਨ੍ਹਾਂ ਉਸ ਨੂੰ ਝੀਲ ਦੇ ਪਾਰ ਲੱਭ ਕੇ ਕਿਹਾ, “ਹੇ ਰੱਬੀ#6:25 ਅਰਥਾਤ ਗੁਰੂ, ਤੁਸੀਂ ਇੱਥੇ ਕਦੋਂ ਆਏ?” 26ਯਿਸੂ ਨੇ ਉਨ੍ਹਾਂ ਨੂੰ ਕਿਹਾ,“ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਜੋ ਤੁਸੀਂ ਮੈਨੂੰ ਇਸ ਲਈ ਨਹੀਂ ਲੱਭਦੇ ਕਿ ਤੁਸੀਂ ਚਿੰਨ੍ਹ ਵੇਖੇ, ਸਗੋਂ ਇਸ ਲਈ ਕਿ ਤੁਸੀਂ ਰੋਟੀਆਂ ਖਾਧੀਆਂ ਅਤੇ ਰੱਜ ਗਏ। 27ਨਾਸਵਾਨ ਭੋਜਨ ਲਈ ਮਿਹਨਤ ਨਾ ਕਰੋ, ਸਗੋਂ ਉਸ ਭੋਜਨ ਲਈ ਜਿਹੜਾ ਸਦੀਪਕ ਜੀਵਨ ਤੱਕ ਬਣਿਆ ਰਹਿੰਦਾ ਹੈ ਅਤੇ ਜੋ ਮਨੁੱਖ ਦਾ ਪੁੱਤਰ ਜਿਸ ਉੱਤੇ ਪਿਤਾ ਪਰਮੇਸ਼ਰ ਨੇ ਮੋਹਰ ਲਾਈ ਹੈ, ਤੁਹਾਨੂੰ ਦੇਵੇਗਾ।” 28ਤਦ ਉਨ੍ਹਾਂ ਉਸ ਨੂੰ ਕਿਹਾ, “ਪਰਮੇਸ਼ਰ ਦੇ ਕੰਮ ਕਰਨ ਲਈ ਅਸੀਂ ਕੀ ਕਰੀਏ?” 29ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ,“ਪਰਮੇਸ਼ਰ ਦਾ ਕੰਮ ਇਹ ਹੈ ਕਿ ਤੁਸੀਂ ਉਸ ਉੱਤੇ ਜਿਸ ਨੂੰ ਉਸ ਨੇ ਭੇਜਿਆ ਹੈ, ਵਿਸ਼ਵਾਸ ਕਰੋ।” 30ਤਦ ਉਨ੍ਹਾਂ ਉਸ ਨੂੰ ਕਿਹਾ, “ਫਿਰ ਤੂੰ ਕਿਹੜਾ ਚਿੰਨ੍ਹ ਵਿਖਾਉਂਦਾ ਹੈਂ ਕਿ ਅਸੀਂ ਵੇਖੀਏ ਅਤੇ ਤੇਰੇ ਉੱਤੇ ਵਿਸ਼ਵਾਸ ਕਰੀਏ? ਤੂੰ ਕਿਹੜਾ ਕੰਮ ਕਰਦਾ ਹੈਂ? 31ਸਾਡੇ ਪੁਰਖਿਆਂ ਨੇ ਉਜਾੜ ਵਿੱਚ ਮੰਨਾ ਖਾਧਾ, ਜਿਵੇਂ ਲਿਖਿਆ ਹੈ:
‘ਉਸ ਨੇ ਉਨ੍ਹਾਂ ਨੂੰ ਖਾਣ ਲਈ ਸਵਰਗੋਂ ਰੋਟੀ ਦਿੱਤੀ’।”#ਜ਼ਬੂਰ 78:24
32ਯਿਸੂ ਨੇ ਉਨ੍ਹਾਂ ਨੂੰ ਕਿਹਾ,“ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਮੂਸਾ ਨੇ ਤੁਹਾਨੂੰ ਸਵਰਗੋਂ ਰੋਟੀ ਨਹੀਂ ਦਿੱਤੀ, ਪਰ ਮੇਰਾ ਪਿਤਾ ਤੁਹਾਨੂੰ ਸਵਰਗੋਂ ਸੱਚੀ ਰੋਟੀ ਦਿੰਦਾ ਹੈ। 33ਕਿਉਂਕਿ ਪਰਮੇਸ਼ਰ ਦੀ ਰੋਟੀ ਉਹ ਹੈ ਜੋ ਸਵਰਗੋਂ ਉੱਤਰਦੀ ਅਤੇ ਸੰਸਾਰ ਨੂੰ ਜੀਵਨ ਦਿੰਦੀ ਹੈ।”
34ਤਦ ਉਨ੍ਹਾਂ ਉਸ ਨੂੰ ਕਿਹਾ, “ਪ੍ਰਭੂ ਜੀ, ਇਹ ਰੋਟੀ ਸਾਨੂੰ ਹਮੇਸ਼ਾ ਦਿਆ ਕਰੋ।” 35ਯਿਸੂ ਨੇ ਉਨ੍ਹਾਂ ਨੂੰ ਕਿਹਾ,“ਜੀਵਨ ਦੀ ਰੋਟੀ ਮੈਂ ਹਾਂ। ਜੋ ਮੇਰੇ ਕੋਲ ਆਉਂਦਾ ਹੈ ਉਹ ਕਦੇ ਭੁੱਖਾ ਨਾ ਹੋਵੇਗਾ ਅਤੇ ਜੋ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ ਉਹ ਫੇਰ ਕਦੇ ਪਿਆਸਾ ਨਾ ਹੋਵੇਗਾ। 36ਪਰ ਮੈਂ ਤੁਹਾਨੂੰ ਕਿਹਾ ਸੀ ਕਿ ਤੁਸੀਂ ਮੈਨੂੰ ਵੇਖ ਲਿਆ ਹੈ, ਫਿਰ ਵੀ ਵਿਸ਼ਵਾਸ ਨਹੀਂ ਕਰਦੇ। 37ਉਹ ਹਰੇਕ ਜਿਸ ਨੂੰ ਮੇਰਾ ਪਿਤਾ ਮੈਨੂੰ ਦਿੰਦਾ ਹੈ ਮੇਰੇ ਕੋਲ ਆਵੇਗਾ ਅਤੇ ਜਿਹੜਾ ਮੇਰੇ ਕੋਲ ਆਉਂਦਾ ਹੈ, ਮੈਂ ਕਦੇ ਵੀ ਉਸ ਨੂੰ ਕੱਢ ਨਾ ਦਿਆਂਗਾ, 38ਕਿਉਂਕਿ ਮੈਂ ਆਪਣੀ ਇੱਛਾ ਨਹੀਂ ਸਗੋਂ ਆਪਣੇ ਭੇਜਣ ਵਾਲੇ ਦੀ ਇੱਛਾ ਨੂੰ ਪੂਰਾ ਕਰਨ ਲਈ ਸਵਰਗ ਤੋਂ ਉੱਤਰਿਆ ਹਾਂ। 39ਅਤੇ ਮੇਰੇ ਭੇਜਣ ਵਾਲੇ#6:39 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਪਿਤਾ” ਲਿਖਿਆ ਹੈ।ਦੀ ਇੱਛਾ ਇਹ ਹੈ ਕਿ ਸਭ ਕੁਝ ਜੋ ਉਸ ਨੇ ਮੈਨੂੰ ਦਿੱਤਾ ਹੈ, ਉਸ ਵਿੱਚੋਂ ਮੈਂ ਕੁਝ ਨਾ ਗੁਆਵਾਂ, ਸਗੋਂ ਅੰਤ ਦੇ ਦਿਨ ਉਸ ਨੂੰ ਜੀਉਂਦਾ ਉਠਾਵਾਂ। 40ਕਿਉਂਕਿ ਮੇਰੇ ਪਿਤਾ#6:40 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਜਿਸ ਨੇ ਮੈਨੂੰ ਭੇਜਿਆ ਹੈ ਉਸ” ਲਿਖਿਆ ਹੈ।ਦੀ ਇੱਛਾ ਇਹ ਹੈ ਕਿ ਹਰੇਕ ਜੋ ਪੁੱਤਰ ਨੂੰ ਵੇਖੇ ਅਤੇ ਉਸ ਉੱਤੇ ਵਿਸ਼ਵਾਸ ਕਰੇ ਉਹ ਸਦੀਪਕ ਜੀਵਨ ਪ੍ਰਾਪਤ ਕਰੇ ਅਤੇ ਮੈਂ ਉਸ ਨੂੰ ਅੰਤ ਦੇ ਦਿਨ ਜਿਵਾਵਾਂਗਾ।”
41ਯਹੂਦੀ ਉਸ ਦੇ ਵਿਰੁੱਧ ਬੁੜਬੁੜਾਉਣ ਲੱਗੇ ਕਿਉਂਕਿ ਉਸ ਨੇ ਕਿਹਾ ਸੀ ਕਿ ਉਹ ਰੋਟੀ ਜਿਹੜੀ ਸਵਰਗੋਂ ਉੱਤਰੀ, ਉਹ ਮੈਂ ਹਾਂ। 42ਤਦ ਉਹ ਕਹਿਣ ਲੱਗੇ, “ਕੀ ਇਹ ਯੂਸੁਫ਼ ਦਾ ਪੁੱਤਰ ਯਿਸੂ ਨਹੀਂ, ਜਿਸ ਦੇ ਪਿਤਾ ਅਤੇ ਮਾਤਾ ਨੂੰ ਅਸੀਂ ਜਾਣਦੇ ਹਾਂ? ਹੁਣ ਇਹ ਕਿਵੇਂ ਕਹਿੰਦਾ ਹੈ ਕਿ ਮੈਂ ਸਵਰਗੋਂ ਉੱਤਰਿਆ ਹਾਂ?” 43ਯਿਸੂ ਨੇ ਉਨ੍ਹਾਂ ਨੂੰ ਕਿਹਾ,“ਆਪਸ ਵਿੱਚ ਨਾ ਬੁੜਬੁੜਾਓ। 44ਕੋਈ ਵੀ ਮੇਰੇ ਕੋਲ ਨਹੀਂ ਆ ਸਕਦਾ ਜਦੋਂ ਤੱਕ ਪਿਤਾ ਜਿਸ ਨੇ ਮੈਨੂੰ ਭੇਜਿਆ ਹੈ, ਉਸ ਨੂੰ ਨਾ ਖਿੱਚੇ ਅਤੇ ਮੈਂ ਉਸ ਨੂੰ ਅੰਤ ਦੇ ਦਿਨ ਜਿਵਾਵਾਂਗਾ। 45ਨਬੀਆਂ ਦੀਆਂ ਲਿਖਤਾਂ ਵਿੱਚ ਲਿਖਿਆ ਹੈ:
‘ਉਹ ਸਾਰੇ ਪਰਮੇਸ਼ਰ ਦੇ ਸਿਖਾਏ ਹੋਏ ਹੋਣਗੇ’। #
ਯਸਾਯਾਹ 54:13
“ਹਰੇਕ ਜਿਸ ਨੇ ਪਿਤਾ ਤੋਂ ਸੁਣਿਆ ਅਤੇ ਸਿੱਖਿਆ ਹੈ, ਉਹ ਮੇਰੇ ਕੋਲ ਆਉਂਦਾ ਹੈ। 46ਇਹ ਨਹੀਂ ਕਿ ਕਿਸੇ ਨੇ ਪਿਤਾ ਨੂੰ ਵੇਖਿਆ ਹੈ, ਸਿਵਾਏ ਉਸ ਦੇ ਜਿਹੜਾ ਪਰਮੇਸ਼ਰ ਦੀ ਵੱਲੋਂ ਹੈ ਓਸੇ ਨੇ ਪਿਤਾ ਨੂੰ ਵੇਖਿਆ ਹੈ। 47ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਜਿਹੜਾ#6:47 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਮੇਰੇ ਉੱਤੇ” ਲਿਖਿਆ ਹੈ।ਵਿਸ਼ਵਾਸ ਕਰਦਾ ਹੈ, ਸਦੀਪਕ ਜੀਵਨ ਉਸੇ ਦਾ ਹੈ। 48ਜੀਵਨ ਦੀ ਰੋਟੀ ਮੈਂ ਹਾਂ। 49ਤੁਹਾਡੇ ਪੁਰਖਿਆਂ ਨੇ ਉਜਾੜ ਵਿੱਚ ਮੰਨਾ ਖਾਧਾ ਅਤੇ ਮਰ ਗਏ। 50ਜਿਹੜੀ ਰੋਟੀ ਸਵਰਗੋਂ ਉੱਤਰੀ ਕਿ ਮਨੁੱਖ ਉਸ ਵਿੱਚੋਂ ਖਾ ਕੇ ਨਾ ਮਰੇ, ਉਹ ਇਹੋ ਹੈ। 51ਉਹ ਜੀਉਂਦੀ ਰੋਟੀ ਜਿਹੜੀ ਸਵਰਗੋਂ ਉੱਤਰੀ, ਮੈਂ ਹਾਂ। ਜੇ ਕੋਈ ਇਸ ਰੋਟੀ ਵਿੱਚੋਂ ਖਾਵੇ ਉਹ ਅਨੰਤ ਕਾਲ ਤੱਕ ਜੀਉਂਦਾ ਰਹੇਗਾ; ਉਹ ਰੋਟੀ ਜਿਹੜੀ ਮੈਂ ਦਿਆਂਗਾ ਉਹ ਮੇਰਾ ਸਰੀਰ ਹੈ ਜੋ ਸੰਸਾਰ ਨੂੰ ਜੀਵਨ ਦੇਣ ਲਈ ਹੈ।”
52ਇਸ ਲਈ ਯਹੂਦੀ ਆਪਸ ਵਿੱਚ ਇਹ ਕਹਿੰਦੇ ਹੋਏ ਬਹਿਸ ਕਰਨ ਲੱਗੇ, “ਇਹ ਸਾਨੂੰ ਖਾਣ ਲਈ ਆਪਣਾ ਮਾਸ ਕਿਵੇਂ ਦੇ ਸਕਦਾ ਹੈ?” 53ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ,“ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਜੇ ਤੁਸੀਂ ਮਨੁੱਖ ਦੇ ਪੁੱਤਰ ਦਾ ਮਾਸ ਨਾ ਖਾਓ ਅਤੇ ਉਸ ਦਾ ਲਹੂ ਨਾ ਪੀਓ ਤਾਂ ਤੁਹਾਡੇ ਵਿੱਚ ਜੀਵਨ ਨਹੀਂ ਹੈ। 54ਜੋ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ, ਸਦੀਪਕ ਜੀਵਨ ਉਸੇ ਦਾ ਹੈ ਅਤੇ ਮੈਂ ਉਸ ਨੂੰ ਅੰਤ ਦੇ ਦਿਨ ਜਿਵਾਵਾਂਗਾ। 55ਕਿਉਂਕਿ ਮੇਰਾ ਮਾਸ ਸੱਚਮੁੱਚ ਖਾਣ ਦੀ ਅਤੇ ਮੇਰਾ ਲਹੂ ਸੱਚਮੁੱਚ ਪੀਣ ਦੀ ਵਸਤੂ ਹੈ। 56ਜਿਹੜਾ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ ਉਹ ਮੇਰੇ ਵਿੱਚ ਬਣਿਆ ਰਹਿੰਦਾ ਹੈ ਅਤੇ ਮੈਂ ਉਸ ਵਿੱਚ। 57ਜਿਸ ਤਰ੍ਹਾਂ ਜੀਉਂਦੇ ਪਿਤਾ ਨੇ ਮੈਨੂੰ ਭੇਜਿਆ ਅਤੇ ਮੈਂ ਪਿਤਾ ਦੇ ਕਾਰਨ ਜੀਉਂਦਾ ਹਾਂ, ਉਸੇ ਤਰ੍ਹਾਂ ਜਿਹੜਾ ਮੈਨੂੰ ਖਾਂਦਾ ਹੈ ਉਹ ਵੀ ਮੇਰੇ ਕਾਰਨ ਜੀਉਂਦਾ ਰਹੇਗਾ। 58ਇਹ ਉਹ ਰੋਟੀ ਹੈ ਜਿਹੜੀ ਸਵਰਗੋਂ ਉੱਤਰੀ ਹੈ, ਨਾ ਕਿ ਉਹ ਜਿਹੜੀ ਪੁਰਖਿਆਂ ਨੇ ਖਾਧੀ ਅਤੇ ਮਰ ਗਏ! ਜਿਹੜਾ ਇਹ ਰੋਟੀ ਖਾਂਦਾ ਹੈ ਉਹ ਅਨੰਤ ਕਾਲ ਤੱਕ ਜੀਉਂਦਾ ਰਹੇਗਾ।” 59ਇਹ ਗੱਲਾਂ ਉਸ ਨੇ ਕਫ਼ਰਨਾਹੂਮ ਦੇ ਸਭਾ-ਘਰ ਵਿੱਚ ਉਪਦੇਸ਼ ਦਿੰਦੇ ਹੋਏ ਕਹੀਆਂ।
ਬਹੁਤ ਸਾਰੇ ਚੇਲਿਆਂ ਦਾ ਪਿੱਛੇ ਮੁੜ ਜਾਣਾ
60ਇਹ ਸੁਣ ਕੇ ਉਸ ਦੇ ਚੇਲਿਆਂ ਵਿੱਚੋਂ ਬਹੁਤਿਆਂ ਨੇ ਕਿਹਾ, “ਇਹ ਔਖੀ ਗੱਲ ਹੈ, ਇਸ ਨੂੰ ਕੌਣ ਸੁਣ ਸਕਦਾ ਹੈ?” 61ਪਰ ਯਿਸੂ ਨੇ ਆਪਣੇ ਆਪ ਵਿੱਚ ਇਹ ਜਾਣ ਕੇ ਜੋ ਉਸ ਦੇ ਚੇਲੇ ਇਸ ਗੱਲ ਉੱਤੇ ਬੁੜਬੁੜਾ ਰਹੇ ਹਨ, ਉਨ੍ਹਾਂ ਨੂੰ ਕਿਹਾ,“ਕੀ ਤੁਹਾਨੂੰ ਇਸ ਗੱਲ ਤੋਂ ਠੋਕਰ ਲੱਗਦੀ ਹੈ? 62ਫਿਰ ਜੇ ਤੁਸੀਂ ਮਨੁੱਖ ਦੇ ਪੁੱਤਰ ਨੂੰ ਉਤਾਂਹ ਜਿੱਥੇ ਉਹ ਪਹਿਲਾਂ ਸੀ, ਜਾਂਦੇ ਹੋਏ ਵੇਖੋਗੇ ਤਾਂ ਉਦੋਂ ਕੀ ਹੋਵੇਗਾ? 63ਆਤਮਾ ਹੀ ਹੈ ਜੋ ਜੀਵਨ ਦਿੰਦਾ ਹੈ। ਸਰੀਰ ਤੋਂ ਕੁਝ ਲਾਭ ਨਹੀਂ ਹੈ! ਜਿਹੜੀਆਂ ਗੱਲਾਂ ਮੈਂ ਤੁਹਾਨੂੰ ਕਹੀਆਂ ਉਹ ਆਤਮਾ ਅਤੇ ਜੀਵਨ ਹਨ। 64ਪਰ ਤੁਹਾਡੇ ਵਿੱਚੋਂ ਕੁਝ ਹਨ ਜਿਹੜੇ ਵਿਸ਼ਵਾਸ ਨਹੀਂ ਕਰਦੇ।” ਕਿਉਂਕਿ ਯਿਸੂ ਅਰੰਭ ਤੋਂ ਹੀ ਜਾਣਦਾ ਸੀ ਕਿ ਕੌਣ ਹਨ ਜਿਹੜੇ ਵਿਸ਼ਵਾਸ ਨਹੀਂ ਕਰਦੇ ਅਤੇ ਕੌਣ ਹੈ ਜਿਹੜਾ ਉਸ ਨੂੰ ਫੜਵਾਏਗਾ। 65ਫਿਰ ਉਸ ਨੇ ਕਿਹਾ,“ਇਸੇ ਕਰਕੇ ਮੈਂ ਤੁਹਾਨੂੰ ਕਿਹਾ ਸੀ ਕਿ ਕੋਈ ਵੀ ਮੇਰੇ ਕੋਲ ਨਹੀਂ ਆ ਸਕਦਾ ਜੇ ਉਸ ਨੂੰ ਇਹ ਪਿਤਾ ਵੱਲੋਂ ਨਾ ਬਖਸ਼ਿਆ ਗਿਆ ਹੋਵੇ।”
66ਇਸ ਗੱਲ ਤੋਂ ਉਸ ਦੇ ਚੇਲਿਆਂ ਵਿੱਚੋਂ ਬਹੁਤ ਸਾਰੇ ਪਿੱਛੇ ਹਟ ਗਏ ਅਤੇ ਫਿਰ ਉਸ ਦੇ ਨਾਲ ਨਾ ਚੱਲੇ। 67ਇਸ ਲਈ ਯਿਸੂ ਨੇ ਉਨ੍ਹਾਂ ਬਾਰ੍ਹਾਂ ਨੂੰ ਕਿਹਾ,“ਕੀ ਤੁਸੀਂ ਵੀ ਜਾਣਾ ਚਾਹੁੰਦੇ ਹੋ?” 68ਸ਼ਮਊਨ ਪਤਰਸ ਨੇ ਉਸ ਨੂੰ ਉੱਤਰ ਦਿੱਤਾ, “ਪ੍ਰਭੂ ਜੀ, ਅਸੀਂ ਕਿਸ ਦੇ ਕੋਲ ਜਾਈਏ? ਸਦੀਪਕ ਜੀਵਨ ਦੀਆਂ ਗੱਲਾਂ ਤਾਂ ਤੇਰੇ ਕੋਲ ਹਨ। 69ਅਸੀਂ ਵਿਸ਼ਵਾਸ ਕੀਤਾ ਅਤੇ ਜਾਣ ਲਿਆ ਹੈ ਕਿ ਤੂੰ ਪਰਮੇਸ਼ਰ ਦਾ ਪਵਿੱਤਰ ਜਨ ਹੈਂ।” 70ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ,“ਕੀ ਮੈਂ ਤੁਹਾਨੂੰ ਬਾਰ੍ਹਾਂ ਨੂੰ ਨਹੀਂ ਚੁਣਿਆ? ਪਰ ਤੁਹਾਡੇ ਵਿੱਚੋਂ ਇੱਕ ਸ਼ੈਤਾਨ ਹੈ।” 71ਇਹ ਉਸ ਨੇ ਸ਼ਮਊਨ ਇਸਕਰਿਯੋਤੀ ਦੇ ਪੁੱਤਰ ਯਹੂਦਾ ਬਾਰੇ ਕਿਹਾ ਸੀ, ਕਿਉਂਕਿ ਉਹ ਉਸ ਨੂੰ ਫੜਵਾਉਣਾ ਚਾਹੁੰਦਾ ਸੀ; ਉਹ ਬਾਰ੍ਹਾਂ ਵਿੱਚੋਂ ਇੱਕ ਸੀ।
Nu geselecteerd:
ਯੂਹੰਨਾ 6: PSB
Markering
Deel
Kopiëren
Wil je jouw markerkingen op al je apparaten opslaan? Meld je aan of log in
PUNJABI STANDARD BIBLE©
Copyright © 2023 by Global Bible Initiative