ਲੂਕਾ 13
13
ਤੋਬਾ ਜਾਂ ਨਾਸ
1ਉਸ ਸਮੇਂ ਕੁਝ ਲੋਕ ਉੱਥੇ ਸਨ ਜੋ ਯਿਸੂ ਨੂੰ ਉਨ੍ਹਾਂ ਗਲੀਲੀਆਂ ਦੇ ਬਾਰੇ ਦੱਸਣ ਲੱਗੇ ਜਿਨ੍ਹਾਂ ਦਾ ਲਹੂ ਪਿਲਾਤੁਸ ਨੇ ਉਨ੍ਹਾਂ ਦੇ ਬਲੀਦਾਨਾਂ ਵਿੱਚ ਮਿਲਾਇਆ ਸੀ। 2ਤਦ ਉਸ ਨੇ ਉਨ੍ਹਾਂ ਨੂੰ ਕਿਹਾ,“ਕੀ ਤੁਸੀਂ ਇਹ ਸੋਚਦੇ ਹੋ ਕਿ ਇਹ ਗਲੀਲੀ ਬਾਕੀ ਸਭ ਗਲੀਲੀਆਂ ਨਾਲੋਂ ਵੱਧ ਪਾਪੀ ਸਨ ਜੋ ਉਨ੍ਹਾਂ ਨੇ ਇਹ ਦੁੱਖ ਝੱਲੇ? 3ਮੈਂ ਤੁਹਾਨੂੰ ਕਹਿੰਦਾ ਹਾਂ, ਨਹੀਂ! ਪਰ ਜੇ ਤੁਸੀਂ ਤੋਬਾ ਨਾ ਕਰੋ ਤਾਂ ਤੁਸੀਂ ਸਭ ਵੀ ਇਸੇ ਤਰ੍ਹਾਂ ਨਾਸ ਹੋ ਜਾਓਗੇ। 4ਜਾਂ ਉਹ ਅਠਾਰਾਂ ਜਿਨ੍ਹਾਂ ਉੱਤੇ ਸਿਲੋਆਮ ਦਾ ਬੁਰਜ ਡਿੱਗਿਆ ਅਤੇ ਉਨ੍ਹਾਂ ਨੂੰ ਮਾਰ ਸੁੱਟਿਆ, ਤੁਸੀਂ ਕੀ ਸੋਚਦੇ ਹੋ ਕਿ ਉਹ ਯਰੂਸ਼ਲਮ ਵਿੱਚ ਰਹਿਣ ਵਾਲੇ ਸਭਨਾਂ ਲੋਕਾਂ ਨਾਲੋਂ ਵੱਧ ਪਾਪੀ ਸਨ? 5ਮੈਂ ਤੁਹਾਨੂੰ ਕਹਿੰਦਾ ਹਾਂ, ਨਹੀਂ! ਪਰ ਜੇ ਤੁਸੀਂ ਤੋਬਾ ਨਾ ਕਰੋ ਤਾਂ ਤੁਸੀਂ ਸਭ ਵੀ ਇਸੇ ਤਰ੍ਹਾਂ ਨਾਸ ਹੋ ਜਾਓਗੇ।”
ਅੰਜੀਰ ਦੇ ਫਲ ਰਹਿਤ ਦਰਖ਼ਤ ਦਾ ਦ੍ਰਿਸ਼ਟਾਂਤ
6ਫਿਰ ਯਿਸੂ ਨੇ ਇਹ ਦ੍ਰਿਸ਼ਟਾਂਤ ਦਿੱਤਾ,“ਕਿਸੇ ਮਨੁੱਖ ਨੇ ਆਪਣੇ ਅੰਗੂਰ ਦੇ ਬਾਗ ਵਿੱਚ ਇੱਕ ਅੰਜੀਰ ਦਾ ਦਰਖ਼ਤ ਲਾਇਆ ਹੋਇਆ ਸੀ ਅਤੇ ਉਹ ਉਸ ਤੋਂ ਫਲ ਲੈਣ ਆਇਆ ਪਰ ਉਸ ਨੂੰ ਨਾ ਮਿਲਿਆ। 7ਤਦ ਉਸ ਨੇ ਬਾਗ ਦੇ ਮਾਲੀ ਨੂੰ ਕਿਹਾ, ‘ਵੇਖ, ਮੈਂ ਤਿੰਨਾਂ ਸਾਲਾਂ ਤੋਂ ਇਸ ਅੰਜੀਰ ਦੇ ਦਰਖ਼ਤ ਤੋਂ ਫਲ ਲੈਣ ਆ ਰਿਹਾ ਹਾਂ, ਪਰ ਕੋਈ ਫਲ ਨਹੀਂ ਮਿਲਦਾ। ਇਸ ਲਈ ਇਸ ਨੂੰ ਵੱਢ ਸੁੱਟ, ਇਸ ਨੇ ਜਗ੍ਹਾ ਵੀ ਕਿਉਂ ਘੇਰ ਰੱਖੀ ਹੈ’? 8ਪਰ ਮਾਲੀ ਨੇ ਉਸ ਨੂੰ ਉੱਤਰ ਦਿੱਤਾ, ‘ਸੁਆਮੀ ਜੀ, ਇਸ ਸਾਲ ਵੀ ਇਸ ਨੂੰ ਰਹਿਣ ਦਿਓ। ਮੈਂ ਇਸ ਦੇ ਆਲੇ-ਦੁਆਲੇ ਗੋਡੀ ਕਰਕੇ ਖਾਦ ਪਾਵਾਂਗਾ; 9ਹੋ ਸਕਦਾ ਹੈ ਅਗਲੇ ਸਾਲ ਫਲ ਦੇਵੇ, ਨਹੀਂ ਤਾਂ ਇਸ ਨੂੰ ਵਢਾ ਦੇਣਾ’।”
ਸਬਤ ਦੇ ਦਿਨ ਕੁੱਬੀ ਔਰਤ ਦਾ ਚੰਗਾ ਹੋਣਾ
10ਸਬਤ ਦੇ ਦਿਨ ਯਿਸੂ ਇੱਕ ਸਭਾ-ਘਰ ਵਿੱਚ ਉਪਦੇਸ਼ ਦੇ ਰਿਹਾ ਸੀ 11ਅਤੇ ਵੇਖੋ, ਉੱਥੇ ਇੱਕ ਔਰਤ ਸੀ ਜਿਸ ਵਿੱਚ ਅਠਾਰਾਂ ਸਾਲਾਂ ਤੋਂ ਨਿਰਬਲ ਕਰਨ ਵਾਲਾ ਆਤਮਾ ਸੀ ਅਤੇ ਉਹ ਕੁੱਬੀ ਹੋ ਗਈ ਸੀ ਤੇ ਪੂਰੀ ਤਰ੍ਹਾਂ ਸਿੱਧੀ ਖੜ੍ਹੀ ਨਹੀਂ ਸੀ ਹੋ ਸਕਦੀ। 12ਤਦ ਯਿਸੂ ਨੇ ਉਸ ਨੂੰ ਵੇਖ ਕੇ ਆਪਣੇ ਕੋਲ ਬੁਲਾਇਆ ਅਤੇ ਕਿਹਾ,“ਹੇ ਔਰਤ, ਤੂੰ ਆਪਣੀ ਬਿਮਾਰੀ ਤੋਂ ਛੁੱਟ ਗਈ ਹੈਂ।” 13ਫਿਰ ਯਿਸੂ ਨੇ ਉਸ ਉੱਤੇ ਹੱਥ ਰੱਖੇ ਅਤੇ ਉਹ ਉਸੇ ਘੜੀ ਸਿੱਧੀ ਹੋ ਗਈ ਅਤੇ ਪਰਮੇਸ਼ਰ ਦੀ ਮਹਿਮਾ ਕਰਨ ਲੱਗੀ। 14ਪਰ ਸਭਾ-ਘਰ ਦੇ ਆਗੂ ਨੇ ਇਸ ਤੋਂ ਗੁੱਸੇ ਹੋ ਕੇ ਜੋ ਯਿਸੂ ਨੇ ਸਬਤ ਦੇ ਦਿਨ ਉਸ ਨੂੰ ਚੰਗਾ ਕੀਤਾ ਸੀ, ਲੋਕਾਂ ਨੂੰ ਕਿਹਾ, “ਛੇ ਦਿਨ ਹਨ ਜਿਨ੍ਹਾਂ ਵਿੱਚ ਕੰਮ ਕਰਨਾ ਚਾਹੀਦਾ ਹੈ, ਇਸ ਲਈ ਉਨ੍ਹਾਂ ਵਿੱਚ ਆ ਕੇ ਚੰਗੇ ਹੋਵੋ, ਨਾ ਕਿ ਸਬਤ ਦੇ ਦਿਨ।” 15ਤਦ ਪ੍ਰਭੂ ਨੇ ਉਸ ਨੂੰ ਕਿਹਾ,“ਹੇ ਪਖੰਡੀਓ, ਕੀ ਸਬਤ ਦੇ ਦਿਨ ਤੁਹਾਡੇ ਵਿੱਚੋਂ ਹਰੇਕ ਆਪਣੇ ਬਲਦ ਜਾਂ ਗਧੇ ਨੂੰ ਖੁਰਲੀ ਤੋਂ ਖੋਲ੍ਹ ਕੇ ਪਾਣੀ ਪਿਲਾਉਣ ਨਹੀਂ ਲੈ ਜਾਂਦਾ? 16ਤਾਂ ਕੀ ਇਸ ਨੂੰ ਜੋ ਅਬਰਾਹਾਮ ਦੀ ਧੀ ਹੈ ਅਤੇ ਜਿਸ ਨੂੰ ਸ਼ੈਤਾਨ ਨੇ ਅਠਾਰਾਂ ਸਾਲਾਂ ਤੋਂ ਜਕੜਿਆ ਹੋਇਆ ਸੀ, ਸਬਤ ਦੇ ਦਿਨ ਇਸ ਬੰਧਨ ਤੋਂ ਛੁਡਾਉਣਾ ਜ਼ਰੂਰੀ ਨਹੀਂ ਸੀ?” 17ਜਦੋਂ ਯਿਸੂ ਨੇ ਇਹ ਗੱਲਾਂ ਕਹੀਆਂ ਤਾਂ ਉਸ ਦੇ ਸਾਰੇ ਵਿਰੋਧੀ ਸ਼ਰਮਿੰਦੇ ਹੋ ਗਏ ਅਤੇ ਸਾਰੀ ਭੀੜ ਉਨ੍ਹਾਂ ਸਭ ਪ੍ਰਤਾਪੀ ਕੰਮਾਂ ਤੋਂ ਅਨੰਦ ਸੀ ਜੋ ਉਸ ਦੇ ਦੁਆਰਾ ਹੋ ਰਹੇ ਸਨ।
ਰਾਈ ਦੇ ਦਾਣੇ ਅਤੇ ਖ਼ਮੀਰ ਦਾ ਦ੍ਰਿਸ਼ਟਾਂਤ
18ਫਿਰ ਯਿਸੂ ਨੇ ਕਿਹਾ,“ਪਰਮੇਸ਼ਰ ਦਾ ਰਾਜ ਕਿਸ ਵਰਗਾ ਹੈ? ਅਤੇ ਮੈਂ ਇਸ ਦੀ ਤੁਲਨਾ ਕਿਸ ਨਾਲ ਕਰਾਂ? 19ਇਹ ਰਾਈ ਦੇ ਦਾਣੇ ਵਰਗਾ ਹੈ, ਜਿਸ ਨੂੰ ਕਿਸੇ ਮਨੁੱਖ ਨੇ ਲੈ ਕੇ ਆਪਣੇ ਬਾਗ ਵਿੱਚ ਬੀਜਿਆ ਅਤੇ ਇਹ ਵਧਕੇ ਇੱਕ#13:19 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਵੱਡਾ” ਲਿਖਿਆ ਹੈ।ਦਰਖ਼ਤ ਬਣ ਗਿਆ ਅਤੇ ਅਕਾਸ਼ ਦੇ ਪੰਛੀਆਂ ਨੇ ਇਸ ਦੀਆਂ ਟਹਿਣੀਆਂ ਉੱਤੇ ਬਸੇਰਾ ਕੀਤਾ।”
20ਉਸ ਨੇ ਫੇਰ ਕਿਹਾ,“ਮੈਂ ਪਰਮੇਸ਼ਰ ਦੇ ਰਾਜ ਦੀ ਤੁਲਨਾ ਕਿਸ ਨਾਲ ਕਰਾਂ? 21ਇਹ ਉਸ ਖ਼ਮੀਰ ਵਰਗਾ ਹੈ ਜਿਸ ਨੂੰ ਇੱਕ ਔਰਤ ਨੇ ਲੈ ਕੇ ਤਿੰਨ ਮਾਪ ਆਟੇ ਵਿੱਚ ਮਿਲਾਇਆ ਅਤੇ ਇਹ ਹੁੰਦਾ-ਹੁੰਦਾ ਸਾਰਾ ਖ਼ਮੀਰਾ ਹੋ ਗਿਆ।”
ਤੰਗ ਦਰਵਾਜ਼ਾ
22ਯਿਸੂ ਨਗਰ-ਨਗਰ ਅਤੇ ਪਿੰਡ-ਪਿੰਡ ਉਪਦੇਸ਼ ਦਿੰਦਾ ਹੋਇਆ ਯਰੂਸ਼ਲਮ ਨੂੰ ਜਾ ਰਿਹਾ ਸੀ। 23ਕਿਸੇ ਨੇ ਉਸ ਨੂੰ ਕਿਹਾ, “ਪ੍ਰਭੂ ਜੀ, ਕੀ ਥੋੜ੍ਹੇ ਹੀ ਲੋਕ ਮੁਕਤੀ ਪਾਉਣਗੇ?” ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, 24“ਤੰਗ ਦਰਵਾਜ਼ੇ#13:24 ਕੁਝ ਹਸਤਲੇਖਾਂ ਵਿੱਚ “ਦਰਵਾਜ਼ੇ” ਦੇ ਸਥਾਨ 'ਤੇ “ਫਾਟਕ” ਲਿਖਿਆ ਹੈ।ਰਾਹੀਂ ਪ੍ਰਵੇਸ਼ ਕਰਨ ਦਾ ਯਤਨ ਕਰੋ, ਕਿਉਂਕਿ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਬਹੁਤ ਸਾਰੇ ਪ੍ਰਵੇਸ਼ ਕਰਨਾ ਚਾਹੁਣਗੇ ਪਰ ਨਾ ਕਰ ਸਕਣਗੇ। 25ਜਦੋਂ ਘਰ ਦਾ ਮਾਲਕ ਉੱਠ ਕੇ ਦਰਵਾਜ਼ਾ ਬੰਦ ਕਰ ਦੇਵੇ ਅਤੇ ਤੁਸੀਂ ਬਾਹਰ ਖੜ੍ਹੇ ਦਰਵਾਜ਼ਾ ਖੜਕਾਉਣ ਲੱਗੋ ਅਤੇ ਕਹੋ, ‘ਹੇ ਪ੍ਰਭੂ, ਸਾਡੇ ਲਈ ਖੋਲ੍ਹੋ’ ਤਾਂ ਉਹ ਤੁਹਾਨੂੰ ਕਹੇਗਾ, ‘ਮੈਂ ਤੁਹਾਨੂੰ ਨਹੀਂ ਜਾਣਦਾ ਕਿ ਤੁਸੀਂ ਕਿੱਥੋਂ ਦੇ ਹੋ’? 26ਤਦ ਤੁਸੀਂ ਕਹਿਣ ਲੱਗੋਗੇ, ‘ਅਸੀਂ ਤੇਰੇ ਸਾਹਮਣੇ ਖਾਧਾ-ਪੀਤਾ ਅਤੇ ਤੂੰ ਸਾਡੇ ਚੌਂਕਾਂ ਵਿੱਚ ਉਪਦੇਸ਼ ਦਿੱਤਾ’। 27ਪਰ ਉਹ ਤੁਹਾਨੂੰ ਕਹੇਗਾ, ‘ਮੈਂ ਤੁਹਾਨੂੰ ਨਹੀਂ ਜਾਣਦਾ ਕਿ ਤੁਸੀਂ ਕਿੱਥੋਂ ਦੇ ਹੋ; ਹੇ ਸਭ ਕੁਧਰਮੀਓ ਮੇਰੇ ਤੋਂ ਦੂਰ ਹੋ ਜਾਓ’। 28ਤੁਸੀਂ ਅਬਰਾਹਾਮ, ਇਸਹਾਕ, ਯਾਕੂਬ ਅਤੇ ਸਾਰੇ ਨਬੀਆਂ ਨੂੰ ਪਰਮੇਸ਼ਰ ਦੇ ਰਾਜ ਵਿੱਚ, ਪਰ ਆਪਣੇ ਆਪ ਨੂੰ ਬਾਹਰ ਕੱਢਿਆ ਵੇਖੋਗੇ ਅਤੇ ਉੱਥੇ ਰੋਣਾ ਅਤੇ ਦੰਦਾਂ ਦਾ ਪੀਸਣਾ ਹੋਵੇਗਾ। 29ਤਦ ਲੋਕ ਪੂਰਬ ਅਤੇ ਪੱਛਮ, ਉੱਤਰ ਅਤੇ ਦੱਖਣ ਤੋਂ ਆਉਣਗੇ ਅਤੇ ਪਰਮੇਸ਼ਰ ਦੇ ਰਾਜ ਵਿੱਚ ਭੋਜਨ ਕਰਨ ਬੈਠਣਗੇ 30ਅਤੇ ਵੇਖੋ, ਜਿਹੜੇ ਪਿਛਲੇ ਹਨ ਉਹ ਪਹਿਲੇ ਹੋਣਗੇ ਅਤੇ ਜਿਹੜੇ ਪਹਿਲੇ ਹਨ ਉਹ ਪਿਛਲੇ ਹੋਣਗੇ।”
ਯਿਸੂ ਅਤੇ ਹੇਰੋਦੇਸ
31ਉਸੇ ਸਮੇਂ#13:31 ਕੁਝ ਹਸਤਲੇਖਾਂ ਵਿੱਚ “ਸਮੇਂ” ਦੇ ਸਥਾਨ 'ਤੇ “ਦਿਨ” ਲਿਖਿਆ ਹੈ। ਕੁਝ ਫ਼ਰੀਸੀਆਂ ਨੇ ਕੋਲ ਆ ਕੇ ਉਸ ਨੂੰ ਕਿਹਾ, “ਇੱਥੋਂ ਨਿੱਕਲ ਜਾ, ਕਿਉਂਕਿ ਹੇਰੋਦੇਸ ਤੈਨੂੰ ਮਾਰ ਸੁੱਟਣਾ ਚਾਹੁੰਦਾ ਹੈ।” 32ਤਦ ਉਸ ਨੇ ਉਨ੍ਹਾਂ ਨੂੰ ਕਿਹਾ,“ਜਾ ਕੇ ਉਸ ਲੂੰਬੜੀ ਨੂੰ ਕਹੋ, ‘ਵੇਖ, ਮੈਂ ਅੱਜ ਅਤੇ ਕੱਲ੍ਹ ਦੁਸ਼ਟ ਆਤਮਾਵਾਂ ਨੂੰ ਕੱਢਦਾ ਅਤੇ ਬਿਮਾਰਾਂ ਨੂੰ ਚੰਗਾ ਕਰਦਾ ਹਾਂ ਅਤੇ ਤੀਜੇ ਦਿਨ ਆਪਣਾ ਕੰਮ ਪੂਰਾ ਕਰਾਂਗਾ’। 33ਪਰ ਮੈਨੂੰ ਅੱਜ, ਕੱਲ੍ਹ ਅਤੇ ਪਰਸੋਂ ਚੱਲਣਾ ਜ਼ਰੂਰੀ ਹੈ, ਕਿਉਂਕਿ ਇਹ ਹੋ ਨਹੀਂ ਸਕਦਾ ਕਿ ਕੋਈ ਨਬੀ ਯਰੂਸ਼ਲਮ ਤੋਂ ਬਾਹਰ ਮਾਰਿਆ ਜਾਵੇ।
ਯਰੂਸ਼ਲਮ ਲਈ ਵਿਰਲਾਪ
34 “ਹੇ ਯਰੂਸ਼ਲਮ, ਹੇ ਯਰੂਸ਼ਲਮ! ਤੂੰ ਜੋ ਨਬੀਆਂ ਨੂੰ ਮਾਰ ਸੁੱਟਦਾ ਹੈਂ ਅਤੇ ਜਿਹੜੇ ਤੇਰੇ ਕੋਲ ਭੇਜੇ ਜਾਂਦੇ ਹਨ ਉਨ੍ਹਾਂ ਨੂੰ ਪਥਰਾਓ ਕਰਦਾ ਹੈਂ, ਮੈਂ ਕਿੰਨੀ ਵਾਰੀ ਚਾਹਿਆ ਕਿ ਜਿਵੇਂ ਮੁਰਗੀ ਆਪਣੇ ਬੱਚਿਆਂ ਨੂੰ ਆਪਣੇ ਖੰਭਾਂ ਹੇਠ ਇਕੱਠਾ ਕਰਦੀ ਹੈ, ਮੈਂ ਵੀ ਤੇਰੇ ਬੱਚਿਆਂ ਨੂੰ ਇਕੱਠੇ ਕਰਾਂ, ਪਰ ਤੂੰ ਨਾ ਚਾਹਿਆ। 35ਵੇਖੋ, ਤੁਹਾਡਾ ਘਰ ਤੁਹਾਡੇ ਲਈ ਉਜਾੜ ਛੱਡਿਆ ਜਾਂਦਾ ਹੈ। ਮੈਂ ਤੁਹਾਨੂੰ ਕਹਿੰਦਾ ਹਾਂ, ਤੁਸੀਂ ਮੈਨੂੰ ਉਦੋਂ ਤੱਕ ਨਾ ਵੇਖੋਗੇ ਜਦੋਂ ਤੱਕ ਇਹ ਨਾ ਕਹੋ, ‘ਧੰਨ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਵਿੱਚ ਆਉਂਦਾ ਹੈ’!”#ਜ਼ਬੂਰ 118:26
सध्या निवडलेले:
ਲੂਕਾ 13: PSB
ठळक
सामायिक करा
कॉपी करा

तुमचे हायलाइट तुमच्या सर्व डिव्हाइसेसवर सेव्ह करायचे आहेत? साइन अप किंवा साइन इन
PUNJABI STANDARD BIBLE©
Copyright © 2023 by Global Bible Initiative