Лого на YouVersion
Икона за пребарување

ਉਤਪਤ 4

4
ਪਹਿਲਾ ਪਰਿਵਾਰ
1ਆਦਮ ਅਤੇ ਉਸ ਦੀ ਪਤਨੀ ਹੱਵਾਹ ਨੇ ਜਿਨਸੀ ਸੰਬੰਧ ਬਣਾਏ ਅਤੇ ਹੱਵਾਹ ਨੇ ਇੱਕ ਬੱਚੇ ਨੂੰ ਜਨਮ ਦਿੱਤਾ। ਇਸ ਬੱਚੇ ਦਾ ਨਾਮ ਕਇਨ ਰੱਖਿਆ ਗਿਆ। ਹੱਵਾਹ ਨੇ ਆਖਿਆ, “ਯਹੋਵਾਹ ਦੀ ਸਹਾਇਤਾ ਨਾਲ, ਮੈਂ ਇੱਕ ਆਦਮੀ ਨੂੰ ਪ੍ਰਾਪਤ ਕੀਤਾ ਹੈ।”
2ਇਸ ਤੋਂ ਮਗਰੋਂ ਹੱਵਾਹ ਨੇ ਇੱਕ ਹੋਰ ਬੱਚੇ ਨੂੰ ਜਨਮ ਦਿੱਤਾ। ਇਹ ਬੱਚਾ ਕਇਨ ਦਾ ਭਰਾ ਹਾਬਲ ਸੀ। ਹਾਬਲ ਇੱਕ ਆਜੜੀ ਬਣ ਗਿਆ। ਕਇਨ ਇੱਕ ਕਿਸਾਨ ਬਣ ਗਿਆ।
ਪਹਿਲਾ ਕਤਲ
3ਵਾਢੀ ਦੇ ਸਮੇਂ, ਕਇਨ ਯਹੋਵਾਹ ਲਈ ਸੁਗਾਤ ਵਜੋਂ ਕੁਝ ਫ਼ਲ ਅਤੇ ਸਬਜ਼ੀਆਂ ਲੈ ਕੇ ਆਇਆ। ਕਇਨ ਉਸ ਭੋਜਨ ਦਾ ਕੁਝ ਹਿੱਸਾ ਲੈ ਕੇ ਆਇਆ ਜਿਹੜਾ ਉਸ ਨੇ ਧਰਤੀ ਤੇ ਉਗਾਇਆ ਸੀ। ਪਰ ਹਾਬਲ ਆਪਣੇ ਇੱਜੜ ਵਿੱਚੋਂ ਕੁਝ ਜਾਨਵਰ ਲੈ ਕੇ ਆਇਆ। 4ਪਰ ਹਾਬਲ ਆਪਣੇ ਇੱਜੜ ਵਿੱਚੋਂ ਪਹਿਲੋਠੇ ਜਨਮੇ ਜਾਨਵਰਾਂ ਨੂੰ ਲਿਆਇਆ ਅਤੇ ਉਸ ਨੇ ਆਪਣੀਆਂ ਸਭ ਤੋਂ ਚੰਗੀਆਂ ਭੇਡਾਂ ਦਾ ਸਭ ਤੋਂ ਚੰਗਾ ਹਿੱਸਾ ਭੇਂਟ ਕੀਤਾ।#4:4 ਹਾਬਲ … ਭੇਟ ਕੀਤਾ ਮੂਲਅਰਥ, “ਹਾਬਲ ਆਪਣੀਆਂ ਕੁਝ ਪਲੋਠੀਆਂ ਭੇਡਾਂ, ਖਾਸੱਕਰ ਉਨ੍ਹਾਂ ਦੀ ਚਰਬੀ ਲਿਆਇਆ।”
ਇਸ ਲਈ ਯਹੋਵਾਹ ਨੇ ਹਾਬਲ ਅਤੇ ਉਸ ਦੀ ਸੁਗਾਤ ਤੇ ਕਿਰਪਾ ਦ੍ਰਿਸ਼ਟੀ ਨਾਲ ਵੇਖਿਆ। 5ਪਰ ਯਹੋਵਾਹ ਨੇ ਕਇਨ ਅਤੇ ਉਸ ਦੀ ਭੇਂਟ ਨੂੰ ਪ੍ਰਵਾਨ ਨਹੀਂ ਕੀਤਾ। ਇਸ ਕਾਰਣ ਕਇਨ ਉਦਾਸ ਹੋ ਗਿਆ, ਅਤੇ ਉਹ ਬਹੁਤ ਗੁੱਸੇ ਵਿੱਚ ਆ ਗਿਆ। 6ਯਹੋਵਾਹ ਨੇ ਕਇਨ ਨੂੰ ਪੁੱਛਿਆ, “ਤੂੰ ਗੁੱਸੇ ਵਿੱਚ ਕਿਉਂ ਹੈਂ? ਤੇਰੇ ਚਿਹਰੇ ਉੱਤੇ ਉਦਾਸੀ ਕਿਉਂ ਝਲਕਦੀ ਹੈ? 7ਜੇ ਤੂੰ ਚੰਗੇ ਕੰਮ ਕਰੇਂਗਾ ਤਾਂ ਮੇਰੇ ਨਾਲ ਤੇਰਾ ਸੰਬੰਧ ਠੀਕ ਹੋ ਜਾਵੇਗਾ। ਫ਼ੇਰ ਮੈਂ ਤੈਨੂੰ ਪ੍ਰਵਾਨ ਕਰ ਲਵਾਂਗਾ। ਪਰ ਜੇ ਤੂੰ ਮੰਦੇ ਕੰਮ ਕੀਤੇ ਤਾਂ ਉਹ ਪਾਪ ਤੇਰੇ ਜੀਵਨ ਵਿੱਚ ਹੈ। ਤੇਰਾ ਪਾਪ ਤੇਰੇ ਉੱਤੇ ਕਾਬੂ ਪਾਉਣਾ ਚਾਹੇਗਾ ਪਰ ਤੈਨੂੰ ਆਪਣੇ ਪਾਪ ਉੱਤੇ ਕਾਬੂ ਪਾਉਣਾ ਪਵੇਗਾ।”#4:7 ਪਰ ਜੇ ਤੂੰ … ਕਾਬੂ ਪਾਉਣਾ ਪਵੇਗਾ ਜਾਂ, “ਪਰ ਜੇਕਰ ਤੂੰ ਸਹੀ ਨਹੀਂ ਕਰੇਂਗਾ, ਤਾਂ ਪਾਪ ਤੇਰੇ ਦਰ ਉਤ੍ਤੇ ਦਬਕਾ ਰਿਹਾ ਹੈ। ਇਹ ਤੈਨੂੰ ਲੋਚਦਾ, ਪਰ ਤੈਨੂੰ ਇਸ ਉੱਤੇ ਹਕੂਮਤ ਕਰਨੀ ਚਾਹੀਦੀ ਹੈ।”
8ਕਇਨ ਨੇ ਆਪਣੇ ਭਰਾ ਹਾਬਲ ਨੂੰ ਆਖਿਆ, “ਆ, ਖੇਤ ਵਿੱਚ ਚੱਲੀਏ।” ਇਸ ਲਈ ਕਇਨ ਤੇ ਹਾਬਲ ਖੇਤ ਨੂੰ ਚੱਲੇ ਗਏ। ਫ਼ੇਰ ਕਇਨ ਨੇ ਆਪਣੇ ਭਰਾ ਹਾਬਲ ਉੱਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਮਾਰ ਦਿੱਤਾ।
9ਬਾਅਦ ਵਿੱਚ, ਯਹੋਵਾਹ ਨੇ ਕਇਨ ਨੂੰ ਪੁੱਛਿਆ, “ਤੇਰਾ ਭਰਾ, ਹਾਬਲ, ਕਿੱਥੇ ਹੈ?”
ਕਇਨ ਨੇ ਜਵਾਬ ਦਿੱਤਾ, “ਮੈਨੂੰ ਨਹੀਂ ਪਤਾ। ਕੀ ਮੇਰਾ ਕੰਮ ਆਪਣੇ ਭਰਾ ਦੀ ਦੇਖ-ਭਾਲ ਕਰਨਾ ਹੈ?”
10ਤਾਂ ਯਹੋਵਾਹ ਨੇ ਆਖਿਆ, “ਤੂੰ ਕੀ ਕਰ ਦਿੱਤਾ ਹੈ? ਤੂੰ ਆਪਣੇ ਭਰਾ ਨੂੰ ਕਤਲ ਕਰ ਦਿੱਤਾ ਹੈ! ਉਸ ਦਾ ਖੂਨ ਉਸ ਆਵਾਜ਼ ਵਰਗਾ ਹੈ ਜਿਹੜੀ ਧਰਤੀ ਤੋਂ ਮੈਨੂੰ ਪੁਕਾਰ ਰਹੀ ਹੈ। 11ਤੂੰ ਆਪਣੇ ਭਰਾ ਨੂੰ ਕਤਲ ਕਰ ਦਿੱਤਾ ਅਤੇ ਧਰਤੀ ਤੇਰੇ ਹੱਥਾਂ ਵਿੱਚੋਂ ਉਸ ਦਾ ਖੂਨ ਲੈਣ ਲਈ ਖੁਲ੍ਹ ਗਈ। ਇਸ ਲਈ ਹੁਣ, ਮੈਂ ਉਸ ਧਰਤੀ ਉੱਤੇ ਆਫ਼ਤਾਂ ਘੱਲਾਂਗਾ। 12ਅਤੀਤ ਵਿੱਚ, ਤੂੰ ਬੀਜਦਾ ਸੀ ਅਤੇ ਤੇਰੇ ਪੌਦੇ ਚੰਗੇ ਉਗਦੇ ਸਨ। ਪਰ ਹੁਣ ਜਦੋਂ ਤੂੰ ਬੀਜੇਂਗਾ ਧਰਤੀ ਤੇਰੇ ਪੌਦਿਆਂ ਨੂੰ ਉੱਗਣ ਵਿੱਚ ਸਹਾਇਤਾ ਨਹੀਂ ਕਰੇਗੀ। ਧਰਤੀ ਉੱਤੇ ਤੇਰਾ ਘਰ ਨਹੀਂ ਹੋਵੇਗਾ। ਤੂੰ ਥਾਂ-ਥਾਂ ਭਟਕੇਂਗਾ।”
13ਤਾਂ ਕਇਨ ਨੇ ਆਖਿਆ, “ਇਹ ਸਜ਼ਾ ਮੇਰੇ ਸਹਿਣ ਤੋਂ ਵੱਧੇਰੇ ਹੈ! 14ਦੇਖੋ, ਤੁਸੀਂ ਮੈਂਨੂੰ ਮੇਰੀ ਧਰਤੀ ਤੋਂ ਬਾਹਰ ਕੱਢ ਰਹੇ ਹੋਂ ਮੈਂ ਤੁਹਾਨੂੰ ਦੇਖ ਨਹੀਂ ਸੱਕਾਂਗਾ ਅਤੇ ਤੁਹਾਡੇ ਨੇੜੇ ਨਹੀਂ ਹੋ ਸੱਕਾਂਗਾ! ਮੇਰਾ ਘਰ ਨਹੀਂ ਹੋਵੇਗਾ! ਮੈਨੂੰ ਧਰਤੀ ਉੱਤੇ ਥਾਂ-ਥਾਂ ਭਟਕਣਾ ਪਵੇਗਾ ਅਤੇ ਜੋ ਕੋਈ ਵੀ ਮੈਨੂੰ ਲੱਭ ਲਵੇਗਾ, ਮੈਨੂੰ ਮਾਰ ਦੇਵੇਗਾ।”
15ਤਾਂ ਯਹੋਵਾਹ ਨੇ ਕਇਨ ਨੂੰ ਆਖਿਆ, “ਮੈਂ ਅਜਿਹਾ ਨਹੀਂ ਹੋਣ ਦੇਵਾਂਗਾ! ਕਇਨ, ਜੇ ਕੋਈ ਤੈਨੂੰ ਮਾਰੇਗਾ, ਤਾਂ ਮੈਂ ਉਸ ਬੰਦੇ ਨੂੰ ਸਖ਼ਤ ਸਜ਼ਾ ਦੇਵਾਂਗਾ।” ਤਾਂ ਯਹੋਵਾਹ ਨੇ ਕਇਨ ਉੱਤੇ ਇੱਕ ਨਿਸ਼ਾਨ ਲਾ ਦਿੱਤਾ। ਇਹ ਨਿਸ਼ਾਨ ਦਰਸਾਉਂਦਾ ਸੀ ਕਿ ਕਿਸੇ ਬੰਦੇ ਨੂੰ ਉਸ ਨੂੰ ਨਹੀਂ ਮਾਰਨਾ ਚਾਹੀਦਾ।
ਕਇਨ ਦਾ ਪਰਿਵਾਰ
16ਕਇਨ ਯਹੋਵਾਹ ਕੋਲੋਂ ਦੂਰ ਚੱਲਿਆ ਗਿਆ। ਕਇਨ ਨੋਦ ਦੀ ਧਰਤੀ ਉੱਤੇ ਰਹਿੰਦਾ ਸੀ।
17ਕਇਨ ਨੇ ਆਪਣੀ ਪਤਨੀ ਨਾਲ ਜਿਨਸੀ ਰਿਸ਼ਤਾ ਜੋੜਿਆ। ਉਹ ਗਰਭਵਤੀ ਹੋ ਗਈ ਅਤੇ ਉਸ ਨੇ ਹਨੋਕ ਨਾਮ ਦੇ ਇੱਕ ਪੁੱਤਰ ਨੂੰ ਜਨਮ ਦਿੱਤਾ। ਕਇਨ ਨੇ ਇੱਕ ਸ਼ਹਿਰ ਉਸਾਰਿਆ ਅਤੇ ਉਸ ਸ਼ਹਿਰ ਨੂੰ ਆਪਣੇ ਪੁੱਤਰ ਹਨੋਕ ਦਾ ਨਾਮ ਦਿੱਤਾ।
18ਹਨੋਕ ਦੇ ਇੱਕ ਪੁੱਤਰ ਹੋਇਆ ਜਿਸਦਾ ਨਾਮ ਈਰਾਦ ਸੀ। ਈਰਾਦ ਦੇ ਇੱਕ ਪੁੱਤਰ ਹੋਇਆ ਜਿਸਦਾ ਨਾਮ ਮਹੂਯਾਏਲ ਸੀ। ਮਹੂਯਾਏਲ ਦੇ ਇੱਕ ਪੁੱਤਰ ਹੋਇਆ ਜਿਸਦਾ ਨਾਮ ਮਥੂਸ਼ਾਏਲ ਸੀ। ਮਥੂਸ਼ਾਏਲ ਦੇ ਇੱਕ ਪੁੱਤਰ ਹੋਇਆ ਜਿਸ ਦਾ ਨਾਮ ਲਾਮਕ ਸੀ।
19ਲਾਮਕ ਨੇ ਦੋ ਔਰਤਾਂ ਨਾਲ ਸ਼ਾਦੀ ਕੀਤੀ। ਉਸ ਦੀ ਇੱਕ ਪਤਨੀ ਦਾ ਨਾਮ ਆਦਾਹ ਅਤੇ ਦੂਸਰੀ ਪਤਨੀ ਦਾ ਨਾਮ ਜ਼ਿੱਲਾਹ ਸੀ। 20ਆਦਾਹ ਨੇ ਯਾਬਲ ਨੂੰ ਜਨਮ ਦਿੱਤਾ। ਯਾਬਲ ਉਨ੍ਹਾਂ ਲੋਕਾਂ ਦਾ ਪਿਤਾ ਸੀ ਜਿਹੜੇ ਤੰਬੂਆਂ ਵਿੱਚ ਰਹਿੰਦੇ ਸਨ ਅਤੇ ਪਸ਼ੂ ਪਾਲਣ ਕਰਕੇ ਜੀਵਨ ਦਾ ਨਿਰਬਾਹ ਕਰਦੇ ਸਨ। 21ਆਦਾਹ ਦਾ ਇੱਕ ਹੋਰ ਪੁੱਤਰ ਵੀ ਸੀ ਜੂਬਲ। (ਜੂਬਲ, ਯਾਬਲ ਦਾ ਭਰਾ ਸੀ) ਜੂਬਲ ਉਨ੍ਹਾਂ ਲੋਕਾਂ ਦਾ ਪਿਤਾ ਸੀ ਜਿਹੜੇ ਸਰੰਗੀ ਤੇ ਬੰਸਰੀ ਬਜਾਉਂਦੇ ਸਨ। 22ਜ਼ਿੱਲਾਹ ਨੇ ਤੂਬਲ ਕਇਨ ਨੂੰ ਜਨਮ ਦਿੱਤਾ। ਤੂਬਲ ਕਇਨ ਉਨ੍ਹਾਂ ਲੋਕਾਂ ਦਾ ਪਿਤਾ ਸੀ। ਜਿਹੜੇ ਤਾਂਬੇ ਅਤੇ ਲੋਹੇ ਦਾ ਕੰਮ ਕਰਦੇ ਸਨ। ਤੂਬਲ ਕਇਨ ਦੀ ਭੈਣ ਦਾ ਨਾਮ ਨਾਮਾਹ ਸੀ।
23ਲਾਮਕ ਨੇ ਆਪਣੀਆਂ ਪਤਨੀਆਂ ਨੂੰ ਆਖਿਆ:
“ਆਦਾਹ ਤੇ ਜ਼ਿੱਲਾਹ, ਮੇਰੀ ਗੱਲ ਸੁਣੋ!
ਲਾਮਕ ਦੀਓ ਪਤਨੀਓ ਮੇਰੀ ਗੱਲ ਸੁਣੋ!
ਮੈਂ ਇੱਕ ਆਦਮੀ ਨੂੰ ਮਾਰ ਦਿੱਤਾ ਜਿਸਨੇ ਮੈਨੂੰ ਜ਼ਖਮੀ ਕੀਤਾ
ਅਤੇ ਇੱਕ ਜਵਾਨ ਆਦਮੀ ਨੂੰ ਜਿਸਨੇ ਮੈਨੂੰ ਕੁਟਿਆ।
24ਕਇਨ ਨੂੰ ਮਾਰਨ ਦੀ ਸਜ਼ਾ ਬਹੁਤ ਵੱਡੀ ਸੀ!
ਇਸ ਲਈ ਮੈਨੂੰ ਮਾਰਨ ਦੀ ਸਜ਼ਾ ਹੋਰ ਵੀ ਵਡੇਰੀ ਹੋਵੇਗੀ!”
ਆਦਮ ਤੇ ਹੱਵਾਹ ਦਾ ਇੱਕ ਹੋਰ ਪੁੱਤਰ
25ਆਦਮ ਨੇ ਫ਼ੇਰ ਹੱਵਾਹ ਨਾਲ ਜਿਨਸੀ ਰਿਸ਼ਤਾ ਜੋੜਿਆ। ਅਤੇ ਹੱਵਾਹ ਨੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ। ਉਨ੍ਹਾਂ ਨੇ ਇਸਦਾ ਨਾਮ ਸੇਥ ਰੱਖਿਆ। ਹੱਵਾਹ ਨੇ ਆਖਿਆ, “ਪਰਮੇਸ਼ੁਰ ਨੇ ਮੈਨੂੰ ਇੱਕ ਹੋਰ ਪੁੱਤਰ ਦਿੱਤਾ ਹੈ। ਕਇਨ ਨੇ ਹਾਬਲ ਨੂੰ ਮਾਰ ਦਿੱਤਾ ਸੀ, ਪਰ ਹੁਣ ਮੇਰੇ ਕੋਲ ਸੇਥ ਹੈ।” 26ਸੇਥ ਦੇ ਵੀ ਇੱਕ ਪੁੱਤਰ ਹੋਇਆ। ਉਸ ਨੇ ਉਸ ਦਾ ਨਾਮ ਅਨੋਸ਼ ਰੱਖਿਆ। ਉਸ ਵੇਲੇ ਤੋਂ, ਲੋਕ ਯਹੋਵਾਹ ਅੱਗੇ ਪ੍ਰਾਰਥਨਾ ਕਰਨ ਲੱਗੇ।

Селектирано:

ਉਤਪਤ 4: PERV

Нагласи

Сподели

Копирај

None

Дали сакаш да ги зачуваш Нагласувањата на сите твои уреди? Пријави се или најави се