Лого на YouVersion
Икона за пребарување

ਉਤਪਤ 22

22
ਅਬਰਾਹਾਮ, ਆਪਣੇ ਪੁੱਤਰ ਨੂੰ ਮਾਰ ਦੇ
1ਇਨ੍ਹਾਂ ਘਟਾਨਾਵਾਂ ਤੋਂ ਮਗਰੋਂ, ਪਰਮੇਸ਼ੁਰ ਨੇ ਅਬਰਾਹਾਮ ਨੂੰ ਪਰੱਖਣ ਦਾ ਨਿਆਂ ਕੀਤਾ। ਪਰਮੇਸ਼ੁਰ ਨੇ ਉਸ ਨੂੰ ਆਖਿਆ, “ਅਬਰਾਹਾਮ!”
ਅਤੇ ਅਬਰਾਹਾਮ ਨੇ ਆਖਿਆ, “ਹਾਂ ਯਹੋਵਾਹ!”
2ਫ਼ੇਰ ਪਰਮੇਸ਼ੁਰ ਨੇ ਆਖਿਆ, “ਆਪਣੇ ਪੁੱਤਰ ਨੂੰ ਮੋਰੀਆਹ ਦੀ ਧਰਤੀ ਉੱਤੇ ਲੈ ਜਾ। ਮੋਰੀਆਹ ਉੱਤੇ ਜਾ ਕੇ ਆਪਣੇ ਪੁੱਤਰ ਦੀ ਮੇਰੇ ਲਈ ਬਲੀ ਚੜ੍ਹਾ। ਇਹ ਤੇਰਾ ਇੱਕਲੌਤਾ ਪੁੱਤਰ, ਇਸਹਾਕ ਹੀ ਹੋਣਾ ਚਾਹੀਦਾ ਹੈ-ਉਹ ਪੁੱਤਰ ਜਿਸ ਨੂੰ ਤੂੰ ਪਿਆਰ ਕਰਦਾ ਹੈਂ। ਉਸ ਨੂੰ ਇੱਥੋਂ ਦੇ ਪਹਾੜਾਂ ਵਿੱਚੋਂ ਕਿਸੇ ਇੱਕ ਉੱਤੇ ਹੋਮ ਦੀ ਭੇਟ ਵਜੋਂ ਚੜ੍ਹਾ। ਮੈਂ ਤੈਨੂੰ ਦੱਸਾਂਗਾ ਕਿਹੜੇ ਪਰਬਤ ਉੱਤੇ।”
3ਸਵੇਰੇ ਅਬਰਾਹਾਮ ਉੱਠਿਆ ਅਤੇ ਆਪਣੇ ਖੋਤੇ ਨੂੰ ਕਾਠੀ ਪਾਈ। ਅਬਰਾਹਾਮ ਨੇ ਇਸਹਾਕ ਅਤੇ ਆਪਣੇ ਦੋ ਨੌਕਰਾਂ ਨੂੰ ਨਾਲ ਲੈ ਲਿਆ। ਅਬਰਾਹਾਮ ਨੇ ਬਲੀ ਲਈ ਲੱਕੜ ਕੱਟੀ। ਫ਼ੇਰ ਉਹ ਉਸ ਥਾਂ ਚੱਲੇ ਗਏ ਜਿੱਥੇ ਜਾਣ ਬਾਰੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਆਖਿਆ ਸੀ। 4ਤਿੰਨ ਦਿਨ ਸਫ਼ਰ ਕਰਨ ਤੋਂ ਮਗਰੋਂ, ਅਬਰਾਹਾਮ ਨੇ ਉੱਪਰ ਵੱਲ ਦੇਖਿਆ ਅਤੇ ਕੁਝ ਦੂਰੀ ਤੇ, ਉਸ ਨੇ ਉਹ ਥਾਂ ਦੇਖੀ ਜਿੱਥੇ ਉਹ ਜਾ ਰਿਹਾ ਸੀ। 5ਫ਼ੇਰ ਅਬਰਾਹਾਮ ਨੇ ਆਪਣੇ ਨੌਕਰਾਂ ਨੂੰ ਆਖਿਆ, “ਖੋਤੇ ਨਾਲ ਇੱਥੇ ਹੀ ਠਹਿਰੋ। ਮੈਂ ਆਪਣੇ ਪੁੱਤਰ ਨੂੰ ਨਾਲ ਲੈ ਕੇ ਉਸ ਉਪਾਸਨਾ ਵਾਲੀ ਥਾਂ ਉੱਤੇ ਜਾਵਾਂਗਾ। ਫ਼ੇਰ ਅਸੀਂ ਤੁਹਾਡੇ ਕੋਲ ਵਾਪਸ ਆ ਜਾਵਾਂਗੇ।”
6ਅਬਰਾਹਾਮ ਨੇ ਬਲੀ ਲਈ ਲੱਕੜਾਂ ਲਈਆਂ ਅਤੇ ਇਹ ਆਪਣੇ ਪੁੱਤਰ ਇਸਹਾਕ ਉੱਤੇ ਰੱਖ ਦਿੱਤੀਆਂ। ਅਬਰਾਹਾਮ ਨੇ ਖੁਦ ਅੱਗ ਅਤੇ ਚਾਕੂ ਨੂੰ ਚੁੱਕਿਆ। ਅਤੇ ਉਹ ਦੋਵੇਂ ਇਕੱਠੇ ਤੁਰ ਪਏ।
7ਇਸਹਾਕ ਨੇ ਆਪਣੇ ਪਿਤਾ ਅਬਰਾਹਾਮ ਨੂੰ ਆਖਿਆ, “ਪਿਤਾ ਜੀ!”
ਅਬਰਾਹਾਮ ਨੇ ਜਵਾਬ ਦਿੱਤਾ, “ਹਾਂ ਪੁੱਤਰ।”
ਇਸਹਾਕ ਨੇ ਆਖਿਆ, “ਮੈਨੂੰ ਲੱਕੜਾਂ ਅਤੇ ਅੱਗ ਤਾਂ ਨਜ਼ਰ ਆਉਂਦੀ ਹੈ। ਪਰ ਉਹ ਲੇਲਾ ਕਿੱਥੇ ਹੈ ਜਿਸ ਨੂੰ ਅਸੀਂ ਬਲੀ ਚੜ੍ਹਾਵਾਂਗੇ?”
8ਅਬਰਾਹਾਮ ਨੇ ਜਵਾਬ ਦਿੱਤਾ, “ਪਰਮੇਸ਼ੁਰ ਖੁਦ ਹੀ ਬਲੀ ਲਈ ਲੇਲਾ ਭੇਜ ਰਿਹਾ ਹੈ, ਮੇਰੇ ਪੁੱਤਰ।”
ਇਸ ਤਰ੍ਹਾਂ ਅਬਰਾਹਾਮ ਅਤੇ ਉਸ ਦਾ ਪੁੱਤਰ ਦੋਵੇਂ ਉਸ ਥਾਂ ਚੱਲੇ ਗਏ। 9ਉਹ ਉਸ ਥਾਂ ਗਏ ਜਿੱਥੇ ਉਨ੍ਹਾਂ ਨੂੰ ਪਰਮੇਸ਼ੁਰ ਨੇ ਜਾਣ ਵਾਸਤੇ ਆਖਿਆ ਸੀ। ਉੱਥੇ ਅਬਰਾਹਾਮ ਨੇ ਜਗਵੇਦੀ ਉਸਾਰੀ ਅਤੇ ਜਗਵੇਦੀ ਉੱਤੇ ਲੱਕੜਾਂ ਰੱਖ ਦਿੱਤੀਆਂ। ਫ਼ੇਰ ਅਬਰਾਹਾਮ ਨੇ ਆਪਣੇ ਪੁੱਤਰ ਇਸਹਾਕ ਨੂੰ ਬੰਨ੍ਹ ਦਿੱਤਾ। ਅਬਰਾਹਾਮ ਨੇ ਇਸਹਾਕ ਨੂੰ ਜਗਵੇਦੀ ਉੱਤੇ ਲੱਕੜਾਂ ਉੱਪਰ ਰੱਖ ਦਿੱਤਾ। 10ਫ਼ੇਰ ਅਬਰਾਹਾਮ ਨੇ ਆਪਣੀ ਛੁਰੀ ਕੱਢ ਲਈ ਅਤੇ ਆਪਣੇ ਪੁੱਤਰ ਨੂੰ ਮਾਰਨ ਲਈ ਤਿਆਰ ਹੋ ਗਿਆ।
11ਪਰ ਫ਼ੇਰ ਯਹੋਵਾਹ ਦੇ ਦੂਤ ਨੇ ਅਬਰਾਹਾਮ ਨੂੰ ਰੋਕ ਲਿਆ। ਦੂਤ ਨੇ ਆਕਾਸ਼ ਵਿੱਚੋਂ ਆਵਾਜ਼ ਦਿੱਤੀ ਅਤੇ ਆਖਿਆ, “ਅਬਰਾਹਾਮ, ਅਬਰਾਹਾਮ!”
ਅਬਰਾਹਾਮ ਨੇ ਜਵਾਬ ਦਿੱਤਾ, “ਹਾਂ ਜੀ।”
12ਦੂਤ ਨੇ ਆਖਿਆ, “ਆਪਣੇ ਪੁੱਤਰ ਨੂੰ ਨਾ ਮਾਰ ਅਤੇ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚਾ। ਹੁਣ ਮੈਂ ਦੇਖ ਸੱਕਦਾ ਹਾਂ ਕਿ ਤੂੰ ਸੱਚਮੁੱਚ ਪਰਮੇਸ਼ੁਰ ਦਾ ਆਦਰ ਕਰਦਾ ਹੈਂ ਅਤੇ ਉਸ ਦਾ ਹੁਕਮ ਮੰਨਦਾ ਹੈਂ। ਮੈਂ ਦੇਖ ਰਿਹਾ ਹਾਂ ਕਿ ਤੂੰ ਮੇਰੇ ਲਈ ਆਪਣੇ ਪੁੱਤਰ, ਆਪਣੇ ਇੱਕੋ-ਇੱਕ ਪੁੱਤਰ ਦੀ ਬਲੀ ਦੇਣ ਲਈ ਤਿਆਰ ਹੈਂ।”
13ਫ਼ੇਰ ਅਬਰਾਹਾਮ ਨੇ ਇੱਕ ਭੇਡੂ ਦੇਖਿਆ। ਭੇਡੂ ਦੇ ਸਿੰਗ ਝਾੜੀ ਵਿੱਚ ਫ਼ਸੇ ਹੋਏ ਸਨ। ਇਸ ਲਈ ਅਬਰਾਹਾਮ ਗਿਆ ਅਤੇ ਭੇਡੂ ਨੂੰ ਲੈ ਕੇ ਇਸ ਨੂੰ ਆਪਣੇ ਪੁੱਤਰ ਦੀ ਬਜਾਇ ਪਰਮੇਸ਼ੁਰ ਨੂੰ ਬਲੀ ਵਜੋਂ ਚੜ੍ਹਾ ਦਿੱਤਾ। 14ਇਸ ਲਈ ਅਬਰਾਹਾਮ ਨੇ ਉਸ ਥਾਂ ਨੂੰ ਨਾਮ ਦਿੱਤਾ, “ਯਾਹਵੇਹ ਯਿਰਹ।”#22:14 ਯਾਹਵੇਹ ਯਿਰਹ ਜਾਂ, “ਯਹੋਵਾਹ ਯਿਰਹ।” ਇਸਦਾ ਅਰਥ ਹੈ, “ਯਹੋਵਾਹ ਵੇਖਦਾ ਹੈ” ਜਾਂ “ਯਹੋਵਾਹ ਦਿੰਦਾ ਹੈ।” ਅੱਜ ਵੀ ਲੋਕ ਆਖਦੇ ਹਨ, “ਇਸ ਪਰਬਤ ਉੱਤੇ ਯਹੋਵਾਹ ਦਾ ਦਰਸ਼ਣ ਕੀਤਾ ਜਾ ਸੱਕਦਾ ਹੈ।”
15ਯਹੋਵਾਹ ਦੇ ਦੂਤ ਨੇ ਦੂਸਰੀ ਵਾਰ ਅਬਰਾਹਾਮ ਨੂੰ ਆਕਾਸ਼ੋਂ ਆਵਾਜ਼ ਦਿੱਤੀ। 16ਦੂਤ ਨੇ ਆਖਿਆ, “ਤੂੰ ਮੇਰੀ ਖਾਤਿਰ ਆਪਣੇ ਪੁੱਤਰ ਦੀ ਬਲੀ ਦੇਣ ਲਈ ਤਿਆਰ ਹੋ ਗਿਆ ਸੀ। ਇਹ ਤੇਰਾ ਇੱਕਲੌਤਾ ਪੁੱਤਰ ਸੀ। ਕਿਉਂਕਿ ਤੂੰ ਮੇਰੀ ਖਾਤਿਰ ਅਜਿਹਾ ਕੀਤਾ, ਮੈਂ ਤੈਨੂੰ ਇਹ ਬਚਨ ਦਿੰਦਾ ਹਾਂ: ਮੈਂ, ਯਹੋਵਾਹ, ਇਕਰਾਰ ਕਰਦਾ ਹਾਂ ਕਿ 17ਮੈਂ ਤੈਨੂੰ ਸੱਚਮੁੱਚ ਅਸੀਸ ਦੇਵਾਂਗਾ। ਮੈਂ ਤੈਨੂੰ ਬਹੁਤ ਸਾਰੇ ਉੱਤਰਾਧਿਕਾਰੀ ਦਿਆਂਗਾ, ਜਿੰਨੇ ਕਿ ਆਕਾਸ਼ ਵਿੱਚ ਤਾਰੇ ਹਨ। ਇੱਥੇ ਇੰਨੇ ਲੋਕ ਹੋਣਗੇ ਜਿੰਨੇ ਸਮੁੰਦਰੀ ਕੰਢੇ ਉੱਤੇ ਰੇਤ ਦੇ ਕਣ ਹਨ। ਅਤੇ ਤੇਰੇ ਲੋਕ ਉਨ੍ਹਾਂ ਸ਼ਹਿਰਾਂ ਵਿੱਚ ਰਹਿਣਗੇ ਜਿਹੜੇ ਉਹ ਆਪਣੇ ਦੁਸ਼ਮਣਾ ਤੋਂ ਜਿੱਤਣਗੇ। 18ਧਰਤੀ ਦੀਆਂ ਸਾਰੀਆਂ ਕੌਮਾਂ ਤੇਰੇ ਉੱਤਰਾਧਿਕਾਰੀਆਂ ਕਾਰਣ ਅਸੀਸਮਈ ਹੋਣਗੀਆਂ, ਕਿਉਂਕਿ ਤੂੰ ਮੇਰੇ ਆਦੇਸ਼ਾਂ ਨੂੰ ਮੰਨਿਆ।”
19ਫ਼ੇਰ ਅਬਰਾਹਾਮ ਆਪਣੇ ਨੌਕਰਾਂ ਕੋਲ ਵਾਪਸ ਚੱਲਾ ਗਿਆ। ਉਹ ਸਾਰੇ ਬਏਰਸਬਾ ਵਾਪਸ ਪਰਤ ਗਏ ਅਤੇ ਅਬਰਾਹਾਮ ਉੱਥੇ ਠਹਿਰ ਗਿਆ।
20ਇਹ ਸਭ ਗੱਲਾਂ ਵਾਪਰਨ ਤੋਂ ਬਾਦ, ਅਬਰਾਹਾਮ ਨੂੰ ਇੱਕ ਸੰਦੇਸ਼ ਭੇਜਿਆ ਗਿਆ। ਸੰਦੇਸ਼ ਵਿੱਚ ਆਖਿਆ ਗਿਆ ਸੀ, “ਤੇਰੇ ਭਰਾ ਨਾਹੋਰ ਅਤੇ ਉਸ ਦੀ ਪਤਨੀ ਮਿਲਕਾਹ ਦੇ ਹੁਣ ਬੱਚੇ ਹਨ। 21ਪਹਿਲੇ ਪੁੱਤਰ ਦਾ ਨਾਮ ਊਸ ਹੈ। ਦੂਸਰੇ ਪੁੱਤਰ ਦਾ ਨਾਮ ਬੂਜ਼ ਹੈ। ਤੀਸਰਾ ਪੁੱਤਰ ਅਰਾਮ ਦਾ ਪਿਤਾ, ਕਮੂਏਲ ਹੈ। 22ਫ਼ੇਰ ਕਸਦ, ਹਜ਼ੋ, ਪਿਲਦਾਸ਼ ਅਤੇ ਯਿਦਲਾਫ਼ ਬਥੂਏਲ ਹਨ।” 23ਬਥੂਏਲ ਰਿਬਕਾਹ ਦਾ ਪਿਤਾ ਸੀ। ਮਿਲਕਾਹ ਇਨ੍ਹਾਂ ਅੱਠਾਂ ਪੁੱਤਰਾਂ ਦੀ ਮਾਂ ਸੀ ਅਤੇ ਨਾਹੋਰ ਉਨ੍ਹਾਂ ਦਾ ਪਿਤਾ ਸੀ। ਨਾਹੋਰ ਅਬਰਾਹਾਮ ਦਾ ਭਰਾ ਸੀ। 24ਨਾਹੋਰ ਦੇ ਆਪਣੀ ਦਾਸੀ ਰੂਮਾਹ ਤੋਂ ਵੀ ਚਾਰ ਪੁੱਤਰ ਸਨ। ਇਹ ਪੁੱਤਰ ਸਨ, ਤਬਹ, ਗਹਮ, ਤਹਸ਼ ਅਤੇ ਮਾਕਾਹ।

Селектирано:

ਉਤਪਤ 22: PERV

Нагласи

Сподели

Копирај

None

Дали сакаш да ги зачуваш Нагласувањата на сите твои уреди? Пријави се или најави се