ਯੂਹੰਨਾ ਦੀ ਇੰਜੀਲ 2
2
ਕਾਨਾ ਵਿੱਚ ਵਿਆਹ
1ਦੋ ਦਿਨਾਂ ਦੇ ਬਾਦ ਗਲੀਲ ਦੇ ਨਗਰ ਕਾਨਾ ਵਿੱਚ ਇੱਕ ਵਿਆਹ ਸੀ। ਯਿਸੂ ਦੀ ਮਾਤਾ ਉੱਥੇ ਸੀ। 2ਯਿਸੂ ਅਤੇ ਉਸ ਦੇ ਚੇਲਿਆਂ ਨੂੰ ਵੀ ਵਿਆਹ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਗਿਆ ਸੀ। 3ਉੱਥੇ ਮੈਅ ਕਾਫ਼ੀ ਨਹੀਂ ਸੀ। ਅਤੇ ਜਦੋਂ ਇਹ ਮੁੱਕ ਗਈ ਯਿਸੂ ਦੀ ਮਾਤਾ ਨੇ ਉਸ ਨੂੰ ਆਖਿਆ, “ਇਨ੍ਹਾਂ ਕੋਲ ਹੋਰ ਮੈਅ ਨਹੀਂ ਹੈ।”
4ਯਿਸੂ ਨੇ ਉੱਤਰ ਦਿੱਤਾ, “ਮੇਰਾ ਇਸ ਨਾਲ ਕੀ ਸਰੋਕਾਰ, ਮੇਰਾ ਸਮਾਂ ਅਜੇ ਨਹੀਂ ਆਇਆ।”
5ਯਿਸੂ ਦੀ ਮਾਤਾ ਨੇ ਟਹਿਲੂਆਂ ਨੂੰ ਆਖਿਆ, “ਉਵੇਂ ਹੀ ਕਰੋ ਜਿਵੇਂ ਉਹ ਤੁਹਾਨੂੰ ਕਰਨ ਲਈ ਆਖੇ।”
6ਉਸ ਥਾਂ ਤੇ ਪੱਥਰ ਦੇ ਛੇ ਵੱਡੇ ਜਲ ਦੇ ਮੱਟ ਸਨ। ਯਹੂਦੀ ਇਸ ਤਰ੍ਹਾਂ ਦੇ ਜਲ ਮੱਟ ਸ਼ੁੱਧੀਕਰਨ ਦੀਆਂ ਰੀਤਾਂ ਦੇ ਸਮੇਂ ਵਰਤਦੇ ਸਨ। ਹਰੇਕ ਜਲ ਮਟ ਵਿੱਚ 80 ਲੀਟਰ ਤੋਂ ਲੈ ਕੇ 120 ਲੀਟਰ ਤੱਕ ਜਲ ਰੱਖਿਆ ਜਾ ਸੱਕਦਾ ਹੈ।
7ਯਿਸੂ ਨੇ ਉਨ੍ਹਾਂ ਟਹਿਲੂਆਂ ਨੂੰ ਆਖਿਆ, “ਇਨ੍ਹਾਂ ਮੱਟਾਂ ਨੂੰ ਜਲ ਨਾਲ ਭਰ ਦਿਓ।” ਉਨ੍ਹਾਂ ਨੇ ਮੱਟਾਂ ਨੂੰ ਜਲ ਨਾਲ ਨੱਕੋ-ਨਕ ਭਰ ਦਿੱਤਾ।
8ਫਿਰ ਯਿਸੂ ਨੇ ਟਹਿਲੂਆਂ ਨੂੰ ਆਖਿਆ, “ਹੁਣ ਕੁਝ ਪਾਣੀ ਕੱਢੋ ਅਤੇ ਦਾਵਤ ਦੇ ਮੁਖੀ ਨੂੰ ਦੇ ਦਿਉ।”
ਸੋ ਉਨ੍ਹਾਂ ਟਹਿਲੂਆਂ ਨੇ ਪਾਣੀ ਲਿਆ ਅਤੇ ਉਸ ਨੂੰ ਦੇ ਦਿੱਤਾ। 9ਉਸ ਨੇ ਉਹ ਜਲ ਚਖ ਕੇ ਵੇਖਿਆ। ਉਹ ਮੈਅ ਬਣ ਚੁੱਕੀ ਸੀ। ਉਸ ਨੂੰ ਪਤਾ ਨਹੀਂ ਸੀ ਕਿ ਮੈਅ ਕਿੱਥੋਂ ਆਈ ਹੈ। ਪਰ ਜਿਨ੍ਹਾਂ ਟਹਿਲੂਆਂ ਨੇ ਪਾਣੀ ਲਿਆਂਦਾ ਸੀ ਉਹ ਇਸ ਬਾਰੇ ਜਾਣਦੇ ਸੀ। ਦਾਅਵਤ ਦੇ ਪਰਧਾਨ ਨੇ ਲਾੜੇ ਨੂੰ ਸੱਦਿਆ। 10ਅਤੇ ਉਸ ਨੂੰ ਆਖਿਆ, “ਹਮੇਸ਼ਾ ਲੋਕ ਪਹਿਲਾਂ ਚੰਗੀ ਮੈਅ ਦਿੰਦੇ ਹਨ, ਜਦੋਂ ਮਹਿਮਾਨ ਸ਼ਰਾਬੀ ਹੁੰਦੇ ਹਨ ਫ਼ੇਰ ਉਹ ਸਸਤੀ ਮੈਅ ਦਿੰਦੇ ਹਨ। ਪਰ ਤੁਸੀਂ ਹੁਣ ਤੱਕ ਵੱਧੀਆ ਮੈਅ ਰੱਖੀ ਹੈ।”
11ਇਹ ਪਹਿਲਾ ਕਰਿਸ਼ਮਾ ਸੀ ਜੋ ਯਿਸੂ ਨੇ ਕੀਤਾ। ਅਤੇ ਇਹ ਗਲੀਲ ਦੇ ਨਗਰ ਕਾਨਾ ਵਿੱਚ ਕੀਤਾ ਗਿਆ ਸੀ। ਇਉਂ ਯਿਸੂ ਨੇ ਆਪਣੀ ਮਹਾਨਤਾ ਪ੍ਰਗਟਾਈ। ਉਸ ਦੇ ਚੇਲਿਆਂ ਨੇ ਇਸ ਵਿੱਚ ਵਿਸ਼ਵਾਸ ਕੀਤਾ।
12ਤਾਂ ਫ਼ਿਰ ਯਿਸੂ ਕਫ਼ਰਨਾਹੂਮ ਨਗਰ ਨੂੰ ਗਿਆ ਉਸਦੀ ਮਾਤਾ, ਉਸ ਦੇ ਭਰਾ, ਅਤੇ ਉਸ ਦੇ ਚੇਲੇ ਵੀ ਉਸ ਦੇ ਨਾਲ ਸਨ। ਉਹ ਸਾਰੇ ਕੁਝ ਦਿਨ ਕਫ਼ਰਨਾਹੂਮ ਵਿੱਚ ਠਹਿਰੇ।
ਯਿਸੂ ਮੰਦਰ ਵਿੱਚ
(ਮੱਤੀ 21:12-13; ਮਰਕੁਸ 11:15-17; ਲੂਕਾ 19:45-46)
13ਯਹੂਦੀਆਂ ਦੇ ਪਸਾਹ ਦਾ ਤਿਉਹਾਰ ਨੇੜੇ ਸੀ। ਇਸ ਲਈ ਯਿਸੂ ਯਰੂਸ਼ਲਮ ਆ ਗਿਆ। ਯਰੂਸ਼ਲਮ ਵਿੱਚ ਯਿਸੂ ਮੰਦਰ ਨੂੰ ਗਿਆ। 14ਉੱਥੇ ਉਸ ਨੇ ਲੋਕਾਂ ਨੂੰ ਡੰਗਰ, ਭੇਡਾਂ ਅਤੇ ਘੁੱਗੀਆਂ ਵੇਚਦੇ ਪਾਇਆ। ਦੂਜੇ ਲੋਕ ਆਪਣੀਆਂ ਮੇਜ਼ਾਂ ਤੇ ਬੈਠੇ ਹੋਏ ਸਨ। ਉਹ ਲੋਕਾਂ ਦਾ ਪੈਸਾ ਲੈਣ-ਦੇਣ ਦਾ ਵਪਾਰ ਕਰ ਰਹੇ ਸਨ। 15ਯਿਸੂ ਨੇ ਰੱਸੀਆਂ ਦੇ ਕੁਝ ਟੋਟਿਆਂ ਦਾ ਇੱਕ ਹੰਟਰ ਬਣਾਇਆ ਅਤੇ ਉਸ ਨਾਲ ਇਨ੍ਹਾਂ ਸਾਰੇ ਬੰਦਿਆਂ, ਡੰਗਰਾਂ ਅਤੇ ਭੇਡਾਂ ਨੂੰ ਮੰਦਰ ਚੋਂ ਬਾਹਰ ਕੱਢ ਦਿੱਤਾ। ਯਿਸੂ ਨੇ ਵਪਾਰੀਆਂ ਦੇ ਮੇਜ਼ ਉਲਟਾ ਦਿੱਤੇ ਅਤੇ ਜਿਨ੍ਹਾਂ ਪੈਸਿਆਂ ਦਾ ਉਹ ਲੈਣ-ਦੇਣ ਦਾ ਵਪਾਰ ਕਰ ਰਹੇ ਸਨ, ਉਹ ਖਿੰਡਾ ਦਿੱਤੇ। 16ਫ਼ਿਰ ਯਿਸੂ ਨੇ ਘੁੱਗੀਆਂ ਵੇਚਣ ਵਾਲੇ ਨੂੰ ਆਖਿਆ, “ਇਹ ਸਭ ਕੁਝ ਐਥੋਂ ਲੈ ਜਾਓ ਮੇਰੇ ਪਿਤਾ ਦੇ ਘਰ ਨੂੰ ਮੰਡੀ ਨਾ ਬਣਾਓ।”
17ਜਦੋਂ ਇਹ ਸਭ ਕੁਝ ਵਾਪਰਿਆ ਯਿਸੂ ਦੇ ਚੇਲਿਆਂ ਨੇ ਯਾਦ ਕੀਤਾ ਕਿ ਪੋਥੀਆਂ ਵਿੱਚ ਕੀ ਲਿਖਿਆ ਹੋਇਆ ਸੀ:
“ਤੇਰੇ ਘਰ ਦੀ ਗੈਰਤ ਮੇਨੂੰ ਖਾ ਜਾਵੇਗੀ।”#ਜ਼ਬੂਰ 69:9
18ਯਹੂਦੀਆਂ ਨੇ ਯਿਸੂ ਨੂੰ ਆਖਿਆ, “ਤੁਸੀਂ ਇਹ ਸਾਬਤ ਕਰਨ ਲਈ ਇੱਕ ਕਰਿਸ਼ਮਾ ਵਿਖਾਓ, ਕਿ ਤੁਹਾਡੇ ਕੋਲ ਇਹ ਗੱਲਾਂ ਕਰਨ ਦਾ ਅਧਿਕਾਰ ਹੈ।”
19ਯਿਸੂ ਨੇ ਉੱਤਰ ਦਿੱਤਾ, “ਇਸ ਮੰਦਰ ਨੂੰ ਢਾਹ ਦਿਓ, ਅਤੇ ਮੈਂ ਇਸਦਾ ਤਿੰਨਾਂ ਦਿਨਾਂ ਵਿੱਚ ਨਿਰਮਾਣ ਕਰ ਦਿਆਂਗਾ।”
20ਯਹੂਦੀਆਂ ਨੇ ਆਖਿਆ, “ਲੋਕਾਂ ਨੇ ਇਹ ਮੰਦਰ ਬਨਾਉਣ ਲਈ 46 ਸਾਲ ਲਾਏ ਕੀ ਤੁਸੀਂ ਇਸਦਾ ਨਿਰਮਾਣ ਤਿੰਨਾਂ ਦਿਨਾਂ ਵਿੱਚ ਕਰ ਦਿਉਂਗੇ?”
21ਪਰ ਜਿਸ ਮੰਦਰ ਦਾ ਜ਼ਿਕਰ ਯਿਸੂ ਨੇ ਕੀਤਾ ਸੀ, ਉਹ ਉਸਦਾ ਆਪਣਾ ਸਰੀਰ ਸੀ। 22ਯਿਸੂ ਦੇ ਪੁਨਰ-ਉਥਾਨ ਤੋਂ ਬਾਦ ਉਸ ਦੇ ਚੇਲਿਆਂ ਨੂੰ ਬਾਦ ਵਿੱਚ ਯਾਦ ਆਇਆ ਕਿ ਯਿਸੂ ਨੇ ਇਹ ਸ਼ਬਦ ਕਹੇ ਸਨ। ਇਸ ਲਈ ਉਨ੍ਹਾਂ ਨੇ ਪੋਥੀ ਉੱਤੇ, ਅਤੇ ਜੋ ਸ਼ਬਦ ਯਿਸੂ ਨੇ ਆਖੇ, ਉਨ੍ਹਾਂ ਤੇ ਵੀ ਵਿਸ਼ਵਾਸ ਕੀਤਾ।
23ਯਿਸੂ ਪਸਾਹ ਦੇ ਤਿਓਹਾਰ ਲਈ ਯਰੂਸ਼ਲਮ ਵਿੱਚ ਸੀ। ਬਹੁਤ ਸਾਰੇ ਲੋਕਾਂ ਨੇ ਯਿਸੂ ਵਿੱਚ ਵਿਸ਼ਵਾਸ ਕੀਤਾ ਕਿਉਂਕਿ ਜੋ ਕਰਿਸ਼ਮੇ ਯਿਸੂ ਨੇ ਕੀਤੇ ਉਨ੍ਹਾਂ ਨੇ ਉਹ ਵੇਖੇ ਸਨ। 24ਪਰ ਯਿਸੂ ਨੇ ਉਨ੍ਹਾਂ ਤੇ ਯਕੀਨ ਨਾ ਕੀਤਾ ਕਿਉਂਕਿ ਉਹ ਉਨ੍ਹਾਂ ਬਾਰੇ ਜਾਣਦਾ ਸੀ। 25ਯਿਸੂ ਨੂੰ ਇਸ ਗੱਲ ਦੀ ਲੋੜ ਨਹੀਂ ਸੀ ਕਿ ਕੋਈ ਹੋਰ ਬੰਦਾ ਉਨ੍ਹਾਂ ਨੂੰ ਉਨ੍ਹਾਂ ਬਾਰੇ ਦੱਸਦਾ ਕਿਉਂਕਿ ਉਹ ਲੋਕਾਂ ਦੇ ਦਿਲਾਂ ਬਾਰੇ ਜਾਣਦਾ ਸੀ।
Pašlaik izvēlēts:
ਯੂਹੰਨਾ ਦੀ ਇੰਜੀਲ 2: PERV
Izceltais
Dalīties
Kopēt
Vai vēlies, lai tevis izceltie teksti tiktu saglabāti visās tavās ierīcēs? Reģistrējieties vai pierakstieties
Punjabi Holy Bible: Easy-to-Read Version
All rights reserved.
© 2002 Bible League International