ਯੂਹੰਨਾ ਦੀ ਇੰਜੀਲ 14
14
ਯਿਸੂ ਦਾ ਆਪਣੇ ਚੇਲਿਆਂ ਨੂੰ ਦਿਲਾਸਾ ਦੇਣਾ
1ਯਿਸੂ ਨੇ ਆਖਿਆ, “ਤੁਹਾਡਾ ਦਿਲ ਨਾਂ ਘਬਰਾਏ, ਪਰਮੇਸ਼ੁਰ ਵਿੱਚ ਭਰੋਸਾ ਕਰੋ ਅਤੇ ਮੇਰੇ ਵਿੱਚ ਭਰੋਸਾ ਕਰੋ। 2ਮੇਰੇ ਪਿਤਾ ਦੇ ਘਰ ਵਿੱਚ ਬਹੁਤ ਕਮਰੇ ਹਨ। ਜੇਕਰ ਇਹ ਸੱਚ ਨਾ ਹੁੰਦਾ ਤਾਂ ਮੈਂ ਤੁਹਾਨੂੰ ਨਾ ਕਿਹਾ ਹੁੰਦਾ। ਮੈਂ ਉੱਥੇ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਲਈ ਜਾ ਰਿਹਾ ਹਾਂ। 3ਉੱਥੇ ਜਾਣ ਅਤੇ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਤੋਂ ਬਾਦ, ਮੈਂ ਵਾਪਿਸ ਆਵਾਂਗਾ ਅਤੇ ਤੁਹਾਨੂੰ ਆਪਣੇ ਨਾਲ ਰਹਿਣ ਲਈ ਲੈ ਜਾਵਾਂਗਾ। 4ਜਿੱਥੇ ਮੈਂ ਜਾ ਰਿਹਾ ਹਾਂ ਤੁਸੀਂ ਉੱਥੋਂ ਦਾ ਰਾਹ ਜਾਣਦੇ ਹੋ।”
5ਥੋਮਾ ਨੇ ਉਸ ਨੂੰ ਕਿਹਾ, “ਪ੍ਰਭੂ ਜੀ ਜੇ ਸਾਨੂੰ ਇਹ ਪਤਾ ਨਹੀਂ ਕਿ ਤੂੰ ਕਿੱਥੇ ਜਾ ਰਿਹਾ ਹੈ, ਫਿਰ ਅਸੀਂ ਰਸਤਾ ਕਿੱਥੋਂ ਜਾਣ ਸੱਕਦੇ ਹਾਂ?”
6ਯਿਸੂ ਨੇ ਆਖਿਆ, “ਮੈਂ ਹੀ ਰਸਤਾ, ਸੱਚ ਅਤੇ ਜੀਵਨ ਹਾਂ। ਮੇਰੇ ਰਾਹੀਂ ਆਉਣ ਤੋਂ ਬਿਨਾ ਕੋਈ ਪਿਤਾ ਕੋਲ ਨਹੀਂ ਆ ਸੱਕਦਾ। 7ਜੇਕਰ ਤੁਸੀਂ ਮੈਨੂੰ ਜਾਣਦੇ ਹੁੰਦੇ ਤਾਂ ਤੁਸੀਂ ਪਿਤਾ ਨੂੰ ਵੀ ਜਾਣਦੇ ਹੁੰਦੇ। ਪਰ ਹੁਣ ਤੋਂ ਤੁਸੀਂ ਪਿਤਾ ਨੂੰ ਜਾਣਦੇ ਹੋ, ਤੁਸੀਂ ਉਸ ਨੂੰ ਵੇਖਿਆ ਹੈ।”
8ਫਿਲਿਪੁੱਸ ਨੇ ਯਿਸੂ ਨੂੰ ਆਖਿਆ, “ਹੇ ਪ੍ਰਭੂ! ਸਾਨੂੰ ਪਿਤਾ ਦੇ ਦਰਸ਼ਣ ਕਰਾ ਅਤੇ ਸਾਡੇ ਲਈ ਇਹੀ ਕਾਫ਼ੀ ਹੈ।”
9ਯਿਸੂ ਨੇ ਆਖਿਆ, “ਫਿਲਿਪੁੱਸ ਮੈਂ ਲੰਬੇ ਸਮੇਂ ਲਈ ਤੇਰੇ ਨਾਲ ਸੀ। ਪਰ ਹਾਲੇ ਵੀ ਤੂੰ ਮੈਨੂੰ ਨਹੀਂ ਜਾਣਦਾ? ਜਿਸ ਮਨੁੱਖ ਨੇ ਮੈਨੂੰ ਵੇਖਿਆ ਹੈ ਪਿਤਾ ਨੂੰ ਵੀ ਵੇਖਿਆ ਹੈ। ਫਿਰ ਤੂੰ ਇਹ ਕਹਿੰਨਾ, ‘ਸਾਨੂੰ ਪਿਤਾ ਦੇ ਦਰਸ਼ਨ ਕਰਵਾ?’ 10ਕੀ ਤੂੰ ਵਿਸ਼ਵਾਸ ਨਹੀਂ ਕਰਦਾ ਕਿ ਪਿਤਾ ਮੇਰੇ ਵਿੱਚ ਹੈ ਅਤੇ ਮੈਂ ਪਿਤਾ ਵਿੱਚ? ਜਿਹੜੀਆਂ ਗੱਲਾਂ ਮੈਂ ਤੈਨੂੰ ਦੱਸ ਰਿਹਾ ਹਾਂ ਮੇਰੇ ਵੱਲੋਂ ਨਹੀਂ ਆ ਰਹੀਆਂ। ਪਿਤਾ ਜੋ ਮੇਰੇ ਅੰਦਰ ਨਿਵਾਸ ਕਰਦਾ ਆਪਣੇ ਕੰਮ ਕਰ ਰਿਹਾ ਹੈ। 11ਜਦੋਂ ਮੈਂ ਇਹ ਆਖਦਾ ਹਾਂ ਕਿ ਪਿਤਾ ਮੇਰੇ ਵਿੱਚ ਹੈ ਜਾਂ ਮੈਂ ਪਿਤਾ ਵਿੱਚ ਹਾਂ, ਨਹੀਂ ਤਾਂ ਮੇਰੀਆਂ ਕਰਾਮਾਤਾਂ ਕਾਰਣ ਮੇਰੇ ਵਿੱਚ ਵਿਸ਼ਵਾਸ ਕਰ।
12“ਮੈਂ ਤੈਨੂੰ ਸੱਚ ਆਖਦਾ ਹਾਂ ਕਿ ਜਿਹੜਾ ਮੇਰੇ ਵਿੱਚ ਨਿਹਚਾ ਰੱਖੇਗਾ ਉਹ ਵੀ ਮੇਰੇ ਜਿਹੇ ਕੰਮ ਕਰੇਗਾ। ਸਿਰਫ ਇਹੀ ਨਹੀਂ, ਉਹ ਇਨ੍ਹਾਂ ਕੰਮਾਂ ਤੋਂ ਵੀ ਵੱਧ ਮਹਾਨ ਕੰਮ ਕਰੇਗਾ, ਕਿਉਂ ਕਿ ਮੈਂ ਵਾਪਸ ਪਿਤਾ ਕੋਲ ਜਾ ਰਿਹਾ ਹਾਂ। 13ਜੇਕਰ ਤੁਸੀਂ ਮੇਰੇ ਨਾਂ ਤੇ ਕੁਝ ਮੰਗੋਗੇ, ਤਾਂ ਮੈਂ ਦੇਵਾਂਗਾ। ਫਿਰ ਪੁੱਤਰ ਰਾਹੀਂ ਪਿਤਾ ਦੀ ਮਹਿਮਾ ਹੋਵੇਗੀ। 14ਜੇਕਰ ਤੁਸੀਂ ਮੇਰੇ ਨਾਂ ਉੱਤੇ ਕੁਝ ਮੰਗੋਗੇ ਮੈਂ ਉਹੀ ਦੇਵਾਂਗਾ।
ਪਵਿੱਤਰ ਆਤਮਾ ਦਾ ਵਚਨ
15“ਜੇਕਰ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਮੇਰੇ ਹੁਕਮਾਂ ਦੀ ਪਾਲਨਾ ਕਰੋਗੇ। 16ਅਤੇ ਮੈਂ ਪਿਤਾ ਕੋਲੋਂ ਮੰਗਾਂਗਾ ਅਤੇ ਉਹ ਹਮੇਸ਼ਾ ਤੁਹਾਡੇ ਨਾਲ ਹੋਣ ਵਾਸਤੇ ਦੂਸਰਾ ਸਹਾਇਕ ਦੇਵੇਗਾ। 17ਸਹਾਇਕ ਸੱਚ ਦਾ ਆਤਮਾ ਹੈ। ਇਹ ਦੁਨੀਆਂ ਉਸ ਨੂੰ ਪ੍ਰਾਪਤ ਨਹੀਂ ਕਰ ਸੱਕਦੀ। ਕਿਉਂ ਕਿ ਜਗਤ ਨੇ ਨਾ ਉਸ ਨੂੰ ਵੇਖਿਆ ਹੈ ਤੇ ਨਾ ਹੀ ਉਸ ਨੂੰ ਜਾਣਦਾ ਹੈ। ਪਰ ਤੂੰ ਉਸ ਨੂੰ ਜਾਣਦਾ ਹੈ ਉਹ ਤੇਰੇ ਨਾਲ ਰਹਿੰਦਾ ਹੈ ਅਤੇ ਉਹ ਤੇਰੇ ਅੰਦਰ ਹੋਵੇਗਾ।
18“ਮੈਂ ਤੂਹਾਨੂੰ ਅਨਾਥ ਬਾਲਕਾਂ ਵਾਂਗ ਇੱਕਲਾ ਛੱਡ ਕੇ ਨਹੀਂ ਜਾਵਾਂਗਾ। ਮੈਂ ਵਾਪਸ ਤੁਹਾਡੇ ਕੋਲ ਮੁੜਾਂਗਾ। 19ਬਹੁਤ ਹੀ ਜਲਦੀ ਇਸ ਜਗਤ ਦੇ ਲੋਕ ਮੈਨੂੰ ਨਹੀਂ ਵੇਖਣਗੇ ਪਰ ਤੁਸੀਂ ਵੇਖੋਗੇ ਕਿਉਂ ਕਿ ਜੇ ਮੈਂ ਜਿਉਂਦਾ ਹਾਂ ਤੁਸੀਂ ਵੀ ਜਿਉਂਗੇ। 20ਉਸ ਦਿਨ ਤੁਸੀਂ ਜਾਣੋਂਗੇ ਕਿ ਮੈਂ ਪਿਤਾ ਵਿੱਚ ਹਾਂ ਤੁਸੀਂ ਜਾਣ ਜਾਵੋਂਗੇ ਕਿ ਤੁਸੀਂ ਮੇਰੇ ਵਿੱਚ ਤੇ ਮੈਂ ਤੁਹਾਡੇ ਵਿੱਚ ਹਾਂ। 21ਜੇਕਰ ਕੋਈ ਵੀ ਵਿਅਕਤੀ, ਮੇਰੇ ਹੁਕਮਾਂ ਨੂੰ ਜਾਣ ਕੇ ਉਨ੍ਹਾਂ ਦੀ ਪਾਲਨਾ ਕਰਦਾ ਹੈ, ਤਾਂ ਉਹ ਉਹੀ ਹੈ ਜੋ ਸੱਚੀਂ ਮੈਨੂੰ ਪਿਆਰ ਕਰਦਾ ਹੈ। ਮੇਰਾ ਪਿਤਾ ਵੀ ਉਸ ਵਿਅਕਤੀ ਨੂੰ ਪਿਆਰ ਕਰੇਗਾ। ਜਿਹੜਾ ਮਨੁੱਖ ਮੈਨੂੰ ਪਿਆਰ ਕਰਦਾ, ਮੈਂ ਵੀ ਉਸ ਮਨੁੱਖ ਨਾਲ ਪਿਆਰ ਕਰਦਾ ਹਾਂ ਅਤੇ ਆਪਣਾ-ਆਪ ਉਸ ਲਈ ਪ੍ਰਗਟ ਕਰਾਂਗਾ?”
22ਤਦ ਯਹੂਦਾ (ਇਹ ਯਹੂਦਾ ਇਸੱਕਰਿਯੋਤੀ ਨਹੀਂ) ਨੇ ਆਖਿਆ, “ਪ੍ਰਭੂ ਤੂੰ ਆਪਣੇ-ਆਪ ਸਾਨੂੰ ਕਿਉਂ ਦਰਸ਼ਾਉਣ ਜਾ ਰਿਹਾ ਹੈਂ ਤੇ ਜਗਤ ਨੂੰ ਕਿਉਂ ਨਹੀਂ ਦਰਸ਼ਾਉਂਦਾ?”
23ਯਿਸੂ ਨੇ ਆਖਿਆ, “ਜੇਕਰ ਕੋਈ ਵਿਅਕਤੀ ਮੈਨੂੰ ਪਿਆਰ ਕਰਦਾ ਹੈ ਤਾਂ ਉਹ ਮੇਰੇ ਉਪਦੇਸ਼ ਦਾ ਵੀ ਅਨੁਸਰਣ ਕਰੇਗਾ ਤੇ ਮੇਰਾ ਪਿਤਾ ਉਸ ਵਿਅਕਤੀ ਨੂੰ ਪਿਆਰ ਕਰੇਗਾ। ਮੈਂ ਅਤੇ ਮੇਰਾ ਪਿਤਾ ਉਸ ਕੋਲ ਆਵਾਂਗੇ ਅਤੇ ਉਸ ਦੇ ਨਾਲ ਰਹਾਂਗੇ। 24ਪਰ ਜਿਹੜਾ ਵਿਅਕਤੀ ਮੈਨੂੰ ਪਿਆਰ ਨਹੀਂ ਕਰਦਾ ਉਹ ਮੇਰੇ ਉਪਦੇਸ਼ ਨੂੰ ਵੀ ਨਹੀਂ ਮੰਨਦਾ। ਜਿਹੜੇ ਉਪਦੇਸ਼ ਮੈਂ ਤੁਹਾਨੂੰ ਦਿੰਦਾ ਹਾਂ ਉਹ ਮੇਰੇ ਆਪਣੇ ਨਹੀਂ ਹਨ ਸਗੋਂ ਇਹ ਮੇਰੇ ਪਿਤਾ ਦੇ ਹਨ, ਜਿਸਨੇ ਮੈਨੂੰ ਭੇਜਿਆ ਹੈ।
25“ਇਹ ਸੱਭ ਗੱਲਾਂ ਮੈਂ ਤੁਹਾਨੂੰ ਉਦੋਂ ਦੱਸ ਚੁੱਕਾਂ ਹਾਂ ਜਦੋਂ ਮੈਂ ਹਾਲੇ ਤੁਹਾਡੇ ਨਾਲ ਸੀ। 26ਪਰ ਸਹਾਇਕ ਪਵਿੱਤਰ ਆਤਮਾ ਹੈ, ਜਿਸ ਨੂੰ ਪਿਤਾ, ਮੇਰੇ ਨਾਂ ਵਿੱਚ ਭੇਜੇਗਾ। ਉਹ ਤੁਹਾਨੂੰ ਸਭ ਕੁਝ ਸਿੱਖਾਵੇਗਾ ਅਤੇ ਉਹ ਤੁਹਾਨੂੰ ਉਹ ਸਭ ਚੇਤੇ ਕਰਾਵੇਗਾ, ਜੋ ਕੁਝ ਮੈਂ ਤੁਹਾਨੂੰ ਕਿਹਾ ਹੈ।
27“ਮੈਂ ਤੂਹਾਨੂੰ ਸ਼ਾਂਤੀ ਦੇ ਜਾਂਦਾ ਹਾਂ। ਮੈਂ ਆਪਣੀ ਸ਼ਾਂਤੀ ਤੁਹਾਨੂੰ ਦਿੰਦਾ ਹਾਂ। ਮੈਂ ਤੁਹਾਨੂੰ ਸੰਸਾਰ ਤੋਂ ਵੱਖਰੀ ਕਿਸਮ ਦੀ ਸ਼ਾਂਤੀ ਦਿੰਦਾ ਹਾਂ, ਇਸ ਲਈ ਤੁਹਾਡੇ ਦਿਲ ਦੁੱਖੀ ਅਤੇ ਘਬਰਾਏ ਹੋਏ ਨਹੀਂ ਹੋਣੇ ਚਾਹੀਦੇ। 28ਜੋ ਮੈਂ ਤੁਹਾਨੂੰ ਕਿਹਾ ਤੁਸੀਂ ਸੁਣਿਆ, ਮੈਂ ਤੁਹਾਨੂੰ ਕਿਹਾ, ‘ਮੈਂ ਜਾ ਰਿਹਾ ਹਾਂ, ਪਰ ਮੈਂ ਤੁਹਾਡੇ ਕੋਲ ਫਿਰ ਵਾਪਸ ਆਵਾਂਗਾ।’ ਜੇਕਰ ਤੁਸੀਂ ਮੇਰੇ ਨਾਲ ਪਿਆਰ ਕਰਦੇ ਤਾਂ ਫਿਰ ਤੁਹਾਨੂੰ ਅਨੰਦਿਤ ਹੋਣਾ ਚਾਹੀਦਾ ਸੀ ਕਿ ਮੈਂ ਪਿਤਾ ਕੋਲ ਜਾ ਰਿਹਾ ਹਾਂ ਕਿਉਂ ਕਿ ਮੇਰਾ ਪਿਤਾ ਮੇਰੇ ਤੋਂ ਮਹਾਨ ਹੈ। 29ਇਹ ਵਾਪਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਿਆ ਹੈ, ਤਾਂ ਜੋ ਜਦੋਂ ਇਹ ਵਾਪਰੇ, ਤੁਸੀਂ ਵਿਸ਼ਵਾਸ ਕਰੋ।
30“ਮੈਂ ਲੰਬੇ ਸਮੇਂ ਤੱਕ ਤੁਹਾਡੇ ਨਾਲ ਨਹੀਂ ਬੋਲਾਂਗਾ। ਇਸ ਦੁਨੀਆਂ ਦਾ ਹਾਕਮ ਆ ਰਿਹਾ ਹੈ। ਉਸਦਾ ਮੇਰੇ ਉੱਪਰ ਕੋਈ ਇਖਤਿਆਰ ਨਹੀਂ ਹੈ। 31ਪਰ ਜਗਤ ਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਪਿਤਾ ਨੂੰ ਪਿਆਰ ਕਰਦਾ ਹਾਂ। ਇਸ ਲਈ ਮੈਂ ਉਵੇਂ ਹੀ ਕਰਾਂਗਾ ਜਿਵੇਂ ਪਿਤਾ ਨੇ ਮੈਨੂੰ ਹੁਕਮ ਦਿੱਤਾ ਹੈ।
“ਉੱਠੋ, ਅਸੀਂ ਹੁਣ ਇੱਥੋਂ ਚੱਲੀਏ।”
Pašlaik izvēlēts:
ਯੂਹੰਨਾ ਦੀ ਇੰਜੀਲ 14: PERV
Izceltais
Dalīties
Kopēt

Vai vēlies, lai tevis izceltie teksti tiktu saglabāti visās tavās ierīcēs? Reģistrējieties vai pierakstieties
Punjabi Holy Bible: Easy-to-Read Version
All rights reserved.
© 2002 Bible League International