ਯੂਹੰਨਾ 10

10
ਚਰਵਾਹੇ ਦਾ ਦ੍ਰਿਸ਼ਟਾਂਤ
1“ਮੈਂ ਤੁਹਾਨੂੰ ਸੱਚ ਸੱਚ ਦੱਸਦਾ ਹਾਂ ਕਿ ਜਿਹੜਾ ਦਰਵਾਜ਼ੇ ਦੇ ਰਾਹੀਂ ਭੇਡਾਂ ਦੇ ਵਾੜੇ ਵਿੱਚ ਨਹੀਂ ਆਉਂਦਾ ਸਗੋਂ ਹੋਰ ਪਾਸਿਓਂ ਚੜ੍ਹਦਾ ਹੈ, ਉਹ ਚੋਰ ਅਤੇ ਡਾਕੂ ਹੈ । 2ਪਰ ਉਹ ਜਿਹੜਾ ਦਰਵਾਜ਼ੇ ਦੇ ਰਾਹੀਂ ਅੰਦਰ ਆਉਂਦਾ ਹੈ, ਉਹ ਭੇਡਾਂ ਦਾ ਚਰਵਾਹਾ ਹੈ । 3ਉਸ ਦੇ ਲਈ ਦਰਬਾਨ ਦਰਵਾਜ਼ਾ ਖੋਲ੍ਹ ਦਿੰਦਾ ਹੈ । ਭੇਡਾਂ ਉਸ ਦੀ ਆਵਾਜ਼ ਸੁਣਦੀਆਂ ਹਨ ਅਤੇ ਉਹ ਆਪਣੀਆਂ ਭੇਡਾਂ ਨੂੰ ਨਾਂ ਲੈ ਲੈ ਕੇ ਪੁਕਾਰਦਾ ਅਤੇ ਉਹਨਾਂ ਨੂੰ ਬਾਹਰ ਲੈ ਜਾਂਦਾ ਹੈ । 4ਉਹ ਉਹਨਾਂ ਦੇ ਅੱਗੇ ਅੱਗੇ ਚੱਲਦਾ ਹੈ ਅਤੇ ਭੇਡਾਂ ਉਸ ਦੇ ਪਿੱਛੇ ਪਿੱਛੇ ਚੱਲਦੀਆਂ ਹਨ ਕਿਉਂਕਿ ਉਹ ਉਸ ਦੀ ਆਵਾਜ਼ ਨੂੰ ਪਛਾਣਦੀਆਂ ਹਨ । 5ਉਹ ਕਿਸੇ ਅਣਜਾਣ ਦੇ ਪਿੱਛੇ ਨਹੀਂ ਚੱਲਣਗੀਆਂ ਸਗੋਂ ਉਸ ਤੋਂ ਦੂਰ ਭੱਜਣਗੀਆਂ ਕਿਉਂਕਿ ਉਹ ਉਸ ਅਣਜਾਣ ਮਨੁੱਖ ਦੀ ਆਵਾਜ਼ ਨੂੰ ਨਹੀਂ ਪਛਾਣਦੀਆਂ ।”
6ਯਿਸੂ ਨੇ ਉਹਨਾਂ ਨੂੰ ਇਹ ਦ੍ਰਿਸ਼ਟਾਂਤ ਸੁਣਾਇਆ ਪਰ ਉਹ ਸਮਝ ਨਾ ਸਕੇ ਕਿ ਉਹ ਉਹਨਾਂ ਨੂੰ ਕੀ ਕਹਿ ਰਹੇ ਹਨ ।
ਪ੍ਰਭੂ ਯਿਸੂ ਇੱਕ ਚੰਗਾ ਚਰਵਾਹਾ
7ਇਸ ਲਈ ਯਿਸੂ ਨੇ ਉਹਨਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਭੇਡਾਂ ਦਾ ਦਰਵਾਜ਼ਾ ਮੈਂ ਹਾਂ । 8ਉਹ ਸਾਰੇ ਜਿਹੜੇ ਮੇਰੇ ਤੋਂ ਪਹਿਲਾਂ ਆਏ ਚੋਰ ਅਤੇ ਡਾਕੂ ਹਨ ਪਰ ਭੇਡਾਂ ਨੇ ਉਹਨਾਂ ਦੀ ਨਾ ਸੁਣੀ । 9ਦਰਵਾਜ਼ਾ ਮੈਂ ਹਾਂ । ਜਿਹੜਾ ਮੇਰੇ ਦੁਆਰਾ ਅੰਦਰ ਆਉਂਦਾ ਹੈ ਉਹ ਮੁਕਤੀ ਪਾਵੇਗਾ, ਉਹ ਅੰਦਰ ਬਾਹਰ ਆਇਆ ਜਾਇਆ ਕਰੇਗਾ ਅਤੇ ਚਾਰਾ ਪ੍ਰਾਪਤ ਕਰੇਗਾ । 10ਚੋਰ ਕੇਵਲ ਚੋਰੀ ਕਰਨ, ਮਾਰਨ ਅਤੇ ਨਾਸ਼ ਕਰਨ ਲਈ ਆਉਂਦਾ ਹੈ । ਮੈਂ ਇਸ ਲਈ ਆਇਆ ਹਾਂ ਕਿ ਉਹ ਜੀਵਨ ਪ੍ਰਾਪਤ ਕਰਨ ਅਤੇ ਭਰਪੂਰੀ ਨਾਲ ਪ੍ਰਾਪਤ ਕਰਨ ।
11“ਮੈਂ ਚੰਗਾ ਚਰਵਾਹਾ ਹਾਂ । ਚੰਗਾ ਚਰਵਾਹਾ ਭੇਡਾਂ ਦੇ ਲਈ ਆਪਣੀ ਜਾਨ ਦਿੰਦਾ ਹੈ । 12ਕਾਮਾ ਜਿਹੜਾ ਨਾ ਚਰਵਾਹਾ ਹੈ ਅਤੇ ਨਾ ਹੀ ਭੇਡਾਂ ਦਾ ਮਾਲਕ ਹੈ, ਉਹ ਬਘਿਆੜ ਨੂੰ ਆਉਂਦੇ ਦੇਖ ਕੇ ਭੇਡਾਂ ਨੂੰ ਛੱਡ ਕੇ ਭੱਜ ਜਾਂਦਾ ਹੈ । ਇਸ ਲਈ ਬਘਿਆੜ ਭੇਡਾਂ ਨੂੰ ਫੜਦਾ ਹੈ ਅਤੇ ਉਹਨਾਂ ਨੂੰ ਤਿੱਤਰ-ਬਿੱਤਰ ਕਰ ਦਿੰਦਾ ਹੈ । 13ਕਾਮਾ ਭੱਜ ਜਾਂਦਾ ਹੈ ਕਿਉਂਕਿ ਉਹ ਕੇਵਲ ਕਾਮਾ ਹੀ ਹੈ ਅਤੇ ਉਸ ਨੂੰ ਭੇਡਾਂ ਦੀ ਕੋਈ ਚਿੰਤਾ ਨਹੀਂ ਹੈ । 14ਮੈਂ ਚੰਗਾ ਚਰਵਾਹਾ ਹਾਂ । ਮੈਂ ਆਪਣੀਆਂ ਭੇਡਾਂ ਨੂੰ ਜਾਣਦਾ ਹਾਂ ਅਤੇ ਮੇਰੀਆਂ ਭੇਡਾਂ ਮੈਨੂੰ ਜਾਣਦੀਆਂ ਹਨ । 15#ਮੱਤੀ 11:27, ਲੂਕਾ 10:22ਜਿਵੇਂ ਪਿਤਾ ਮੈਨੂੰ ਜਾਣਦੇ ਹਨ ਅਤੇ ਮੈਂ ਪਿਤਾ ਨੂੰ ਜਾਣਦਾ ਹਾਂ । ਮੈਂ ਆਪਣੀ ਜਾਨ ਭੇਡਾਂ ਦੇ ਲਈ ਦਿੰਦਾ ਹਾਂ । 16ਮੇਰੀਆਂ ਕੁਝ ਹੋਰ ਵੀ ਭੇਡਾਂ ਹਨ ਜਿਹੜੀਆਂ ਇਸ ਵਾੜੇ ਵਿੱਚ ਨਹੀਂ ਹਨ । ਮੇਰੇ ਲਈ ਉਹਨਾਂ ਨੂੰ ਵੀ ਲਿਆਉਣਾ ਜ਼ਰੂਰੀ ਹੈ । ਉਹ ਮੇਰੀ ਆਵਾਜ਼ ਸੁਣਨਗੀਆਂ ਫਿਰ ਇੱਕ ਹੀ ਇੱਜੜ ਹੋਵੇਗਾ ਅਤੇ ਇੱਕ ਹੀ ਚਰਵਾਹਾ ।
17“ਪਿਤਾ ਮੈਨੂੰ ਇਸ ਕਾਰਨ ਪਿਆਰ ਕਰਦੇ ਹਨ ਕਿਉਂਕਿ ਮੈਂ ਆਪਣੀ ਜਾਨ ਦਿੰਦਾ ਹਾਂ ਕਿ ਉਸ ਨੂੰ ਫਿਰ ਵਾਪਸ ਲੈ ਲਵਾਂ । 18ਕੋਈ ਮੇਰੇ ਤੋਂ ਮੇਰੀ ਜਾਨ ਨਹੀਂ ਖੋਂਹਦਾ ਸਗੋਂ ਮੈਂ ਆਪ ਆਪਣੀ ਜਾਨ ਦਿੰਦਾ ਹਾਂ । ਮੈਨੂੰ ਜਾਨ ਦੇਣ ਦਾ ਅਤੇ ਵਾਪਸ ਲੈਣ ਦਾ ਅਧਿਕਾਰ ਹੈ । ਇਹ ਹੁਕਮ ਮੈਨੂੰ ਆਪਣੇ ਪਿਤਾ ਕੋਲੋਂ ਮਿਲਿਆ ਹੈ ।”
19ਇਹਨਾਂ ਸ਼ਬਦਾਂ ਦੇ ਕਾਰਨ ਯਹੂਦੀਆਂ ਵਿੱਚ ਫੁੱਟ ਪੈ ਗਈ । 20ਉਹਨਾਂ ਵਿੱਚੋਂ ਬਹੁਤ ਸਾਰੇ ਕਹਿੰਦੇ ਸਨ, “ਉਸ ਵਿੱਚ ਅਸ਼ੁੱਧ ਆਤਮਾ ਹੈ, ਉਹ ਪਾਗਲ ਹੈ, ਉਸ ਦੀ ਕਿਉਂ ਸੁਣਦੇ ਹੋ ?” 21ਪਰ ਕੁਝ ਹੋਰ ਕਹਿੰਦੇ ਸਨ, “ਇਹ ਸ਼ਬਦ ਅਸ਼ੁੱਧ ਆਤਮਾ ਵਾਲੇ ਆਦਮੀ ਦੇ ਨਹੀਂ ਹੋ ਸਕਦੇ । ਕੀ ਅਸ਼ੁੱਧ ਆਤਮਾ ਅੰਨ੍ਹਿਆਂ ਦੀਆਂ ਅੱਖਾਂ ਖੋਲ੍ਹ ਸਕਦੀ ਹੈ ?”
ਪ੍ਰਭੂ ਯਿਸੂ ਦਾ ਯਹੂਦੀਆਂ ਦੁਆਰਾ ਰੱਦੇ ਜਾਣਾ
22ਸਰਦੀ ਦੀ ਰੁੱਤ ਸੀ । ਯਰੂਸ਼ਲਮ ਵਿੱਚ ਪੁਨਰ ਅਰਪਿਤ ਕੀਤੇ ਜਾਣ ਦਾ ਤਿਉਹਾਰ ਮਨਾਇਆ ਜਾ ਰਿਹਾ ਸੀ । 23ਯਿਸੂ ਹੈਕਲ ਵਿੱਚ ਸੁਲੇਮਾਨ ਦੇ ਵਰਾਂਡੇ ਵਿੱਚ ਟਹਿਲ ਰਹੇ ਸਨ । 24ਉਹਨਾਂ ਦੇ ਚਾਰੇ ਪਾਸੇ ਯਹੂਦੀ ਇਕੱਠੇ ਹੋ ਗਏ । ਉਹ ਯਿਸੂ ਤੋਂ ਪੁੱਛਣ ਲੱਗੇ, “ਤੁਸੀਂ ਕਦੋਂ ਤੱਕ ਸਾਨੂੰ ਦੁਬਿਧਾ ਵਿੱਚ ਪਾਈ ਰੱਖੋਗੇ ? ਜੇਕਰ ਤੁਸੀਂ ਮਸੀਹ ਹੋ ਤਾਂ ਸਾਨੂੰ ਸਾਫ਼ ਸਾਫ਼ ਦੱਸੋ ।” 25ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਹਾਂ ਪਰ ਤੁਸੀਂ ਵਿਸ਼ਵਾਸ ਨਹੀਂ ਕਰਦੇ । ਉਹ ਕੰਮ ਜਿਹੜੇ ਮੈਂ ਆਪਣੇ ਪਿਤਾ ਦੇ ਨਾਮ ਵਿੱਚ ਕਰਦਾ ਹਾਂ ਮੇਰੀ ਗਵਾਹੀ ਦਿੰਦੇ ਹਨ । 26ਪਰ ਤੁਸੀਂ ਵਿਸ਼ਵਾਸ ਨਹੀਂ ਕਰਦੇ ਕਿਉਂਕਿ ਤੁਸੀਂ ਮੇਰੀਆਂ ਭੇਡਾਂ ਵਿੱਚੋਂ ਨਹੀਂ ਹੋ । 27ਮੇਰੀਆਂ ਭੇਡਾਂ ਮੇਰੀ ਆਵਾਜ਼ ਨੂੰ ਸੁਣਦੀਆਂ ਹਨ । ਮੈਂ ਉਹਨਾਂ ਨੂੰ ਜਾਣਦਾ ਹਾਂ ਅਤੇ ਉਹ ਮੇਰੇ ਪਿੱਛੇ ਪਿੱਛੇ ਚੱਲਦੀਆਂ ਹਨ । 28ਮੈਂ ਉਹਨਾਂ ਨੂੰ ਅਨੰਤ ਜੀਵਨ ਦਿੰਦਾ ਹਾਂ ਅਤੇ ਉਹ ਕਦੀ ਨਾਸ਼ ਨਹੀਂ ਹੋਣਗੀਆਂ । ਉਹਨਾਂ ਨੂੰ ਕਦੀ ਵੀ ਕੋਈ ਮੇਰੇ ਹੱਥੋਂ ਨਹੀਂ ਖੋਹ ਸਕਦਾ । 29ਮੇਰੇ ਪਿਤਾ ਜਿਹਨਾਂ ਨੇ ਮੈਨੂੰ ਸਭ ਕੁਝ ਦਿੱਤਾ ਹੈ ਉਹ ਸਭ ਤੋਂ ਮਹਾਨ ਹਨ ਅਤੇ ਕੋਈ ਵੀ ਉਹਨਾਂ ਨੂੰ ਮੇਰੇ ਪਿਤਾ ਕੋਲੋਂ ਖੋਹ ਨਹੀਂ ਸਕਦਾ । 30ਮੈਂ ਅਤੇ ਪਿਤਾ ਇੱਕ ਹਾਂ ।”
31ਯਹੂਦੀਆਂ ਨੇ ਇੱਕ ਵਾਰ ਫਿਰ ਪੱਥਰ ਚੁੱਕੇ ਕਿ ਉਹ ਯਿਸੂ ਨੂੰ ਪਥਰਾਓ ਕਰਨ । 32ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਮੈਂ ਪਿਤਾ ਵੱਲੋਂ ਤੁਹਾਨੂੰ ਬਹੁਤ ਸਾਰੇ ਚੰਗੇ ਕੰਮ ਕਰ ਕੇ ਦਿਖਾਏ ਹਨ । ਉਹਨਾਂ ਵਿੱਚੋਂ ਕਿਸ ਕੰਮ ਦੇ ਲਈ ਤੁਸੀਂ ਮੈਨੂੰ ਪਥਰਾਓ ਕਰਨਾ ਚਾਹੁੰਦੇ ਹੋ ?” 33#ਲੇਵੀ 24:16ਯਹੂਦੀਆਂ ਨੇ ਉੱਤਰ ਦਿੱਤਾ, “ਅਸੀਂ ਤੇਰੇ ਕਿਸੇ ਚੰਗੇ ਕੰਮ ਲਈ ਤੈਨੂੰ ਪਥਰਾਓ ਨਹੀਂ ਕਰਦੇ ਪਰ ਪਰਮੇਸ਼ਰ ਦੀ ਨਿੰਦਾ ਕਰਨ ਦੇ ਲਈ ਕਰਦੇ ਹਾਂ ਕਿਉਂਕਿ ਤੂੰ ਆਦਮੀ ਹੁੰਦੇ ਹੋਏ ਆਪਣੇ ਆਪ ਨੂੰ ਪਰਮੇਸ਼ਰ ਬਣਾਉਂਦਾ ਹੈਂ ।” 34#ਭਜਨ 82:6ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਕੀ ਤੁਹਾਡੀ ਵਿਵਸਥਾ ਵਿੱਚ ਨਹੀਂ ਲਿਖਿਆ, ‘ਮੈਂ ਕਿਹਾ ਕਿ ਤੁਸੀਂ ਦੇਵਤੇ ਹੋ ?’ 35ਉਹ ਲੋਕ ਜਿਹਨਾਂ ਦੇ ਕੋਲ ਪਰਮੇਸ਼ਰ ਦਾ ਸੰਦੇਸ਼ ਆਇਆ, ਪਰਮੇਸ਼ਰ ਨੇ ਉਹਨਾਂ ਨੂੰ ਦੇਵਤੇ ਕਿਹਾ, ਪਰਮੇਸ਼ਰ ਦਾ ਵਚਨ ਟਲ ਨਹੀਂ ਸਕਦਾ 36ਜਿੱਥੋਂ ਤੱਕ ਮੇਰਾ ਸੰਬੰਧ ਹੈ, ਪਿਤਾ ਨੇ ਮੈਨੂੰ ਚੁਣਿਆ ਅਤੇ ਮੈਨੂੰ ਸੰਸਾਰ ਵਿੱਚ ਭੇਜਿਆ । ਫਿਰ ਤੁਸੀਂ ਮੇਰੇ ਉੱਤੇ ਨਿੰਦਾ ਕਰਨ ਦਾ ਦੋਸ਼ ਕਿਉਂ ਲਾਉਂਦੇ ਹੋ ਕਿਉਂਕਿ ਮੈਂ ਕਿਹਾ, ‘ਮੈਂ ਪਰਮੇਸ਼ਰ ਦਾ ਪੁੱਤਰ ਹਾਂ ?’ 37ਜੇਕਰ ਮੈਂ ਆਪਣੇ ਪਿਤਾ ਦੇ ਕੰਮ ਨਹੀਂ ਕਰਦਾ ਤਾਂ ਮੇਰਾ ਵਿਸ਼ਵਾਸ ਨਾ ਕਰੋ 38ਪਰ ਜੇਕਰ ਮੈਂ ਉਹ ਕੰਮ ਕਰਦਾ ਹਾਂ, ਭਾਵੇਂ ਤੁਸੀਂ ਮੇਰਾ ਵਿਸ਼ਵਾਸ ਨਾ ਕਰੋ ਪਰ ਮੇਰੇ ਕੰਮਾਂ ਉੱਤੇ ਹੀ ਵਿਸ਼ਵਾਸ ਕਰੋ ਜਿਹੜੇ ਮੈਂ ਕਰਦਾ ਹਾਂ, ਫਿਰ ਤੁਸੀਂ ਜਾਣੋਗੇ ਅਤੇ ਸਮਝੋਗੇ ਕਿ ਪਿਤਾ ਮੇਰੇ ਵਿੱਚ ਹਨ ਅਤੇ ਮੈਂ ਪਿਤਾ ਵਿੱਚ ਹਾਂ ।”
39ਤਦ ਉਹਨਾਂ ਨੇ ਇੱਕ ਵਾਰ ਫਿਰ ਯਿਸੂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਉਹਨਾਂ ਦੇ ਹੱਥਾਂ ਵਿੱਚੋਂ ਨਿੱਕਲ ਗਏ ।
40 # ਯੂਹ 1:28 ਫਿਰ ਯਿਸੂ ਯਰਦਨ ਦੇ ਪਾਰ ਉਸ ਥਾਂ ਉੱਤੇ ਚਲੇ ਗਏ ਜਿੱਥੇ ਯੂਹੰਨਾ ਬਪਤਿਸਮਾ ਦਿੰਦਾ ਸੀ ਅਤੇ ਉੱਥੇ ਹੀ ਰਹੇ । 41ਬਹੁਤ ਸਾਰੇ ਲੋਕ ਉਹਨਾਂ ਦੇ ਕੋਲ ਆਏ ਜਿਹੜੇ ਕਹਿੰਦੇ ਸਨ, “ਭਾਵੇਂ ਯੂਹੰਨਾ ਨੇ ਕੋਈ ਚਮਤਕਾਰ ਨਹੀਂ ਦਿਖਾਇਆ ਪਰ ਸਭ ਕੁਝ ਜੋ ਉਸ ਨੇ ਇਹਨਾਂ ਦੇ ਬਾਰੇ ਕਿਹਾ ਸੀ ਉਹ ਸੱਚ ਸੀ ।” 42ਉੱਥੇ ਬਹੁਤ ਸਾਰੇ ਲੋਕਾਂ ਨੇ ਯਿਸੂ ਵਿੱਚ ਵਿਸ਼ਵਾਸ ਕੀਤਾ ।

ទើបបានជ្រើសរើសហើយ៖

ਯੂਹੰਨਾ 10: CL-NA

គំនូស​ចំណាំ

ចែក​រំលែក

ចម្លង

None

ចង់ឱ្យគំនូសពណ៌ដែលបានរក្សាទុករបស់អ្នក មាននៅលើគ្រប់ឧបករណ៍ទាំងអស់មែនទេ? ចុះឈ្មោះប្រើ ឬចុះឈ្មោះចូល